ਓਮੀਕਰੋਨ ਦੀ ਇੱਕ ਹੋਰ ਲਹਿਰ ਕੀ ਆਉਣ ਵਾਲੀ ਹੈ, ਨਵੇਂ ਵੇਰੀਐਂਟ ਬਾਰੇ ਕੀ ਬੋਲਿਆ ਡਬਲਯੂਐੱਚਓ - ਪ੍ਰੈੱਸ ਰਿਵੀਊ

ਓਮੀਕਰੋਨ ਦੇ ਸਬ-ਵੇਰੀਐਂਟ BA.2 ਦੇ ਵਧ ਰਹੇ ਮਾਮਲਿਆਂ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅਧਿਕਾਰੀਆਂ ਨੇ ਕਿਹਾ, ਇਹ ਦੇਖਦੇ ਹੋਏ ਕਿ ਵੇਰੀਐਂਟ ਕਿੰਨੀ ਤੇਜ਼ੀ ਨਾਲ ਸਿਖਰ 'ਤੇ ਪਹੁੰਚਿਆ ਅਤੇ ਫਿਰ ਘਟਿਆ, ਹੁਣ ਸਾਨੂੰ ਇਹ ਦੇਖਣਾ ਪਏਗਾ ਕਿ ਕੀ ਗਿਰਾਵਟ ਹੌਲੀ ਹੁੰਦੀ ਹੈ ਜਾਂ ਅਸੀਂ ਦੁਬਾਰਾ ਵਾਧਾ ਦੇਖਣਾ ਸ਼ੁਰੂ ਕਰਦੇ ਹਾਂ।

ਲਾਈਵ ਮਿੰਟ ਦੀ ਖ਼ਬਰ ਮੁਤਾਬਕ, ਡਬਲਯੂਐੱਚਓ ਦੀ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਇਹ ਸਬ-ਵੇਰੀਐਂਟ "ਲਗਾਤਾਰ ਵੱਧਦਾ'' ਪ੍ਰਤੀਤ ਹੋ ਰਿਹਾ ਹੈ ਅਤੇ ਦੱਖਣੀ ਅਫਰੀਕਾ, ਡੈਨਮਾਰਕ, ਯੂਕੇ ਅਤੇ ਹੋਰ ਦੇਸ਼ਾਂ ਵਿੱਚ ਇਸਦਾ ਪ੍ਰਸਾਰ ਵਧਿਆ ਹੈ।

"ਹੁਣ ਸਾਰੇ ਸਬ-ਵੇਰੀਐਂਟਾਂ ਵਿੱਚੋਂ BA.2, BA.1 ਨਾਲੋਂ ਵਧੇਰੇ ਸੰਚਾਰਿਤ ਹੋਣ ਵਾਲਾ ਹੈ। ਹਾਲਾਂਕਿ, ਇਸਦੀ ਗੰਭੀਰਤਾ ਦੇ ਮਾਮਲੇ ਵਿੱਚ ਕੋਈ ਫਰਕ ਨਹੀਂ ਹੈ।"

ਡਬਲਯੂਐੱਚਓ ਨੇ ਇਹ ਵੀ ਦੱਸਿਆ ਕਿ ਪਿਛਲੇ ਹਫਤੇ ਦੁਨੀਆ ਦੇ ਸਭ ਤੋਂ ਵੱਡੇ ਵਾਇਰਸ ਡੇਟਾਬੇਸ 'ਤੇ ਅੱਪਲੋਡ ਕੀਤੇ ਗਏ 4 ਲੱਖ ਤੋਂ ਵੱਧ ਕੋਵਿਡ-19 ਵਾਇਰਸ ਕ੍ਰਮਾਂ (ਸਿਕੁਏਂਸੇਜ਼) ਵਿੱਚੋਂ, 98% ਤੋਂ ਵੱਧ ਓਮੀਕਰੋਨ ਦੇ ਸਨ।

ਹਾਲਾਂਕਿ ਡਬਲਯੂਐੱਚਓ ਅਧਿਕਾਰੀਆਂ ਦਾ ਕਹਿੰਣਾ ਹੈ ਕਿ ਟੀਕੇ ਕੋਵਿਡ ਦੀ ਲਾਗ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਈ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੇਂ ਵਾਇਰਸ ਦੇ ਫੈਲਣ ਨੂੰ ਨਹੀਂ ਰੋਕਿਆ ਜਾ ਸਕਦਾ, ਪਰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਕੋਈ ਵੀ ਮਹਿਲਾ ਆਪਣੀ ਪਸੰਦ ਨਾਲ ਹਿਜਾਬ ਨਹੀਂ ਪਾਉਂਦੀ: ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹਿਜਾਬ ਮੁਸਲਮਾਨ ਔਰਤਾਂ 'ਤੇ ਥੋਪਿਆ ਗਿਆ ਹੈ ਅਤੇ ਕੋਈ ਵੀ ਆਪਣੀ ਮਰਜ਼ੀ ਨਾਲ ਹਿਜਾਬ ਨਹੀਂ ਪਹਿਨਦਾ ਹੈ।

ਇੰਡੀਆ ਟੂਡੇ ਦੀ ਖ਼ਬਰ ਮੁਤਾਬਕ, ਇੱਕ ਇੰਟਰਵਿਊ ਵਿੱਚ ਯੋਗੀ ਆਦਿੱਤਿਆਨਾਥ ਨੇ ਕਿਹਾ, "ਕੋਈ ਵੀ ਮਹਿਲਾ ਆਪਣੀ ਪਸੰਦ ਨਾਲ ਹਿਜਾਬ ਨਹੀਂ ਪਹਿਨਦੀ ਹੈ। ਕੀ ਔਰਤਾਂ ਨੇ ਕਦੇ ਆਪਣੀ ਪਸੰਦ ਨਾਲ ਤਿੰਨ ਤਲਾਕ ਨੂੰ ਸਵੀਕਾਰ ਕੀਤਾ ਹੈ? ਉਨ੍ਹਾਂ ਧੀਆਂ-ਭੈਣਾਂ ਤੋਂ ਪੁੱਛੋ।"

ਉਨ੍ਹਾਂ ਕਿਹਾ, "ਮੈਂ ਉਨ੍ਹਾਂ ਦੇ ਹੰਝੂ ਵੇਖੇ ਹਨ...ਜਦੋਂ ਉਨ੍ਹਾਂ ਨੇ ਆਪਣੇ ਕੌੜੇ ਅਨੁਭਵਾਂ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਰੋ ਪਏ ਸਨ।"

ਯੋਗੀ ਨੇ ਕਿਹਾ, "ਜੌਨਪੁਰ ਦੀ ਇੱਕ ਔਰਤ ਨੇ ਤਿੰਨ ਤਲਾਕ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।"

ਉਨ੍ਹਾਂ ਕਿਹਾ ਕਿ ਨਿੱਜੀ ਕੱਪੜੇ ਕਿਸੇ ਵਿਅਕਤੀ ਦੀ ਪਸੰਦ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਕੀ ਮੈਂ ਆਪਣੇ ਦਫ਼ਤਰ, ਆਪਣੀ ਪਾਰਟੀ 'ਚ ਸਾਰਿਆਂ ਨੂੰ ਭਗਵਾਂ ਪਾਉਣ ਲਈ ਕਹਿ ਸਕਦਾ ਹਾਂ, ਨਹੀਂ।

''ਹਰੇਕ ਦੀ ਆਪਣੀ ਆਜ਼ਾਦੀ ਹੈ ਅਤੇ ਜੇਕਰ ਕੋਈ ਸੰਸਥਾਨ ਹੈ ਤਾਂ ਉਸ ਵਿੱਚ ਅਨੁਸ਼ਾਸਨ ਹੋਣਾ ਚਾਹੀਦਾ ਹੈ।''

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਭਾਰਤੀ ਸੰਸਦ ਮੈਂਬਰਾਂ 'ਤੇ ਟਿੱਪਣੀ: ਵਿਦੇਸ਼ ਮੰਤਰਾਲੇ ਨੇ ਰਾਜਦੂਤ ਨੂੰ ਕੀਤਾ ਤਲਬ

ਕੁਝ ਦਿਨ ਪਹਿਲਾਂ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਕਿਹਾ ਸੀ ਕਿ ਭਾਰਤ ਦੀ ਲੋਕ ਸਭਾ ਦੇ ਲਗਭਗ ਅੱਧੇ ਮੈਂਬਰਾਂ 'ਤੇ ਅਪਰਾਧਿਕ ਮਾਮਲੇ ਲੰਬਿਤ ਪਏ ਹਨ ਅਤੇ ਸੰਕੇਤ ਦਿੱਤੇ ਸਨ ਕਿ "ਨਹਿਰੂ ਦੇ ਭਾਰਤ" ਦੀ ਲੋਕਤੰਤਰੀ ਰਾਜਨੀਤੀ ਵਿੱਚ ਗਿਰਾਵਟ ਆਈ ਹੈ।

ਇਸ ਮਾਮਲੇ ਵਿੱਚ, ਭਾਰਤ ਨੇ ਵੀਰਵਾਰ ਨੂੰ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੂੰ ਤਲਬ ਕੀਤਾ ਹੈ ਅਤੇ ਆਪਣੀ ਨਾਰਾਜ਼ਗੀ ਜਤਾਈ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਸਿੰਗਾਪੁਰ ਦੇ ਰਾਜਦੂਤ ਨੂੰ ਸੂਚਿਤ ਕੀਤਾ ਹੈ ਕਿ "ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ ਗੈਰ-ਜ਼ਰੂਰੀ ਸੀ।"

ਸਿੰਗਾਪੁਰ ਭਾਰਤ ਦਾ ਇੱਕ ਪ੍ਰਮੁੱਖ ਰਣਨੀਤਕ ਭਾਈਵਾਲ ਹੈ ਅਤੇ ਦੋਵੇਂ ਦੇਸ਼ਾਂ ਦੀ ਰਾਜਨੀਤਿਕ ਲੀਡਰਸ਼ਿੱਪ ਵਿਚਕਾਰ ਨਜ਼ਦੀਕੀ ਸਬੰਧ ਰਹੇ ਹਨ। ਹਾਲਾਂਕਿ ਭਾਰਤ ਦੁਆਰਾ ਨਜ਼ਦੀਕੀ ਰਣਨੀਤਕ ਭਾਈਵਾਲਾਂ ਨੂੰ ਤਲਬ ਕਰਨਾ ਸਾਧਾਰਨ ਗੱਲ ਨਹੀਂ ਹੈ, ਪਰ ਭਾਰਤ ਆਪਣੇ ਅੰਦਰੂਨੀ ਮਾਮਲਿਆਂ ਬਾਰੇ ਟਿੱਪਣੀਆਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ: