You’re viewing a text-only version of this website that uses less data. View the main version of the website including all images and videos.
ਪੰਜਾਬ ਚੋਣਾਂ 2022: ਸਾਫ-ਸ਼ਬਦਾਂ ਵਿੱਚ ਯੂਪੀ-ਬਿਹਾਰ ਦੇ ਲੋਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਚੰਨੀ ਦੀ ਸਫ਼ਾਈ, ‘ਪਰਵਾਸੀ ਤਾਂ ਵਿਕਾਸ ਕਰਦੇ ਹਨ’
ਮੁੱਖ ਮੰਤਰੀ ਚਰਨਜੀਤ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਿਹਾਰ - ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਚੋਣਾਂ ਲਈ ਸੂਬੇ 'ਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਯੂਪੀ, ਬਿਹਾਰ ਦੇ ਲੋਕਾਂ ਬਾਰੇ ਦਿੱਤੇ ਬਿਆਨ ਦੀ ਕੜੀ ਨਿੰਦਾ ਹੋ ਰਹੀ ਹੈ।
ਦਰਅਸਲ, ਚੰਨੀ ਨੇ ਲੰਘੇ ਦਿਨੀਂ ਇੱਕ ਰੈਲੀ ਦੇ ਦੌਰਾਨ ਯੂਪੀ, ਬਿਹਾਰ ਅਤੇ ਦਿੱਲੀ ਦੇ ਗੈਰ ਪੰਜਾਬੀ ਲੋਕਾਂ ਲਈ ਕਿਹਾ ਸੀ, ''ਇਹ ਜਿਹੜੇ ਯੂਪੀ ਦੇ, ਬਿਹਾਰ ਦੇ, ਦਿੱਲੀ ਦੇ ਭੱਈਏ ਆ ਕੇ ਇੱਥੇ ਰਾਜ ਕਰਨਾ ਚਾਹੁੰਦੇ ਨੇ...ਵੜਨ ਨੀ ਦੇਣੇ।''
ਉਨ੍ਹਾਂ ਦਾ ਇਹ ਬਿਆਨ ਦਿੰਦਿਆਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਚੰਨੀ ਜਦੋਂ ਇਹ ਬਿਆਨ ਦੇ ਰਹੇ ਸਨ, ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਨਾਲ ਮੌਜੂਦ ਸਨ।
ਚੰਨੀ ਦੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ।
ਚਰਨਜੀਤ ਚੰਨੀ ਨੇ ਸਫ਼ਾਈ ’ਚ ਕੀ ਕਿਹਾ
ਚਰਨਜੀਤ ਚੰਨੀ ਨੇ ਕਿਹਾ, "ਜਿੰਨੇ ਪਰਵਾਸੀ ਲੋਕ ਪੰਜਾਬ ਵਿੱਚ ਆਏ ਹਨ ਉਨ੍ਹਾਂ ਨੇ ਆਪਣਾ ਖੂਨ ਪਸੀਨਾ ਲਗਾ ਕੇ ਪੰਜਾਬ ਨੂੰ ਵਿਕਾਸ ਦੇ ਰਸਤ ਉੱਤੇ ਤੋਰਿਆ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਵਿਕਾਸ ਲਈ ਕੰਮ ਕੀਤਾ ਹੈ।"
"ਸਾਡਾ ਪਰਵਾਸੀਆਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਦਿਲ ਹੈ ਤੇ ਉਸ ਨੂੰ ਉਹ ਕੱਢ ਨਹੀਂ ਸਕਦਾ।"
"ਪਰ ਕੁਝ ਲੋਕਾਂ ਨੇ ਮੇਰੇ ਬਿਆਨ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ। ਜੋ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਲੋਕ ਬਾਹਰ ਤੋਂ ਆ ਕੇ ਖਲਲ ਪਾਉਂਦੇ ਹਨ ਮੈਂ ਉਨ੍ਹਾਂ ਬਾਰੇ ਗੱਲ ਕੀਤੀ ਸੀ।"
"ਜੋ ਲੋਕ ਪੰਜਾਬ ਵਿੱਚ ਯੂਪੀ-ਬਿਹਾਰ ਤੋਂ ਆ ਕੇ ਇੱਥੇ ਕੰਮ ਕਰਦੇ ਹਨ, ਪੰਜਾਬ ਓਨਾ ਹੀ ਉਨ੍ਹਾਂ ਦਾ ਵੀ ਹੈ ਜਿੰਨਾ ਸਾਡਾ ਹੈ। ਇਸ ਲਈ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਸਹੀ ਨਹੀਂ ਹੈ।"
"ਅਸੀਂ ਵੀ ਕਈ ਦੇਸਾਂ ਵਿੱਚ ਪਰਵਾਸੀ ਹਾਂ। ਪੰਜਾਬੀ ਕਈ ਦੇਸਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ।"
"ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਖੁਦ ਨੂੰ ਕੇਜਰੀਵਾਲ ਵਰਗੇ ਲੋਕਾਂ ਨਾਲ ਜੋੜ ਕੇ ਨਾ ਵੇਖੋ। ਉਹ ਕੇਵਲ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਆਏ ਹਨ ਤੇ ਪਰਵਾਸੀ ਪੰਜਾਬ ਵਿੱਚ ਵਿਕਾਸ ਕਰਨ ਆਉਂਦਾ ਹੈ।"
ਚਰਨਜੀਤ ਚੰਨੀ ਦੇ ਬਚਾਅ ਵਿੱਚ ਆਏ ਪ੍ਰਿਅੰਕਾ ਗਾਂਧੀ
ਆਪਣੇ ਚੋਣ ਪ੍ਰਚਾਰ ਤੋਂ ਬਾਅਦ ਪੰਜਾਬ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਦਾ ਸਿੱਧੇ ਤੌਰ 'ਤੇ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹ ਗੱਲ ਕਰ ਰਹੇ ਸਨ।
ਪ੍ਰਿਯੰਕਾ ਗਾਂਧੀ ਨੇ ਆਖਿਆ," ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ ਕਿ ਪੰਜਾਬ ਵਿੱਚ ਬਾਹਰ ਤੋਂ ਕਿਸੇ ਦਾ ਰਾਜ ਨਹੀਂ ਹੋਵੇਗਾ। ਇਸ ਵਿਚ ਕੀ ਗ਼ਲਤ ਹੈ?ਇਸ ਵਿੱਚ ਕੁਝ ਗਲਤ ਨਹੀਂ।"
ਕਾਂਗਰਸ 'ਤੇ ਪੀਐੱਮ ਮੋਦੀ ਦਾ ਵਾਰ
ਪਰਵਾਸੀਆਂ ਬਾਰੇ ਚਰਨਜੀਤ ਸਿੰਘ ਚੰਨੀ ਨੇ ਬਿਆਨ ਬਾਰੇ ਨਰਿੰਦਰ ਮੋਦੀ ਨੇ ਕਿਹਾ, "ਜਿਹੜਾ ਕਾਂਗਰਸ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਅਤੇ ਦਿੱਲੀ ਦੇ ਪਰਿਵਾਰ ਦੇ ਮਾਲਕ ਉਨ੍ਹਾਂ ਦੇ ਕੋਲ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ।"
"ਇਹ ਕਿਸ ਦਾ ਅਪਮਾਨ ਕਰ ਰਹੇ ਹੋ? ਯੂਪੀ ਬਿਹਾਰ ਦੇ ਭਰਾਵਾਂ ਨੂੰ ਆਉਣ ਨਹੀਂ ਦੇਵੋਗੇ? ਕੀ ਤੁਸੀਂ ਸੰਤ ਰਵੀਦਾਸ ਜੀ ਨੂੰ ਕੱਢ ਦੇਵੋਗੇ? ਗੁਰੂ ਗੋਬਿੰਦ ਸਿੰਘ ਦਾ ਜਨਮ ਕਿੱਥੇ ਹੋਇਆ ਸੀ? ਤੁਸੀਂ ਬਿਹਾਰ ਦੇ ਲੋਕਾਂ ਨੂੰ ਵੜਨ ਨਹੀਂ ਦੇਵੋਗੇ। ਕੀ ਗੁਰੂ ਜੀ ਦਾ ਵੀ ਅਪਮਾਨ ਕਰੋਗੇ?"
ਮੋਦੀ ਨੇ ਕਿਹਾ, "ਕਾਂਗਰਸ ਪੰਜਾਬ ਨੂੰ ਅਸਥਿਰਤਾ ਵੱਲ ਲੈ ਜਾਣ ਦਾ ਕੰਮ ਕਰ ਰਹੀ ਹੈ। ਕਾਂਗਰਸ ਦੇ ਪਾਟਨਰ-ਇਨ-ਕ੍ਰਾਈਮ ਜੋ ਲੋਕ ਦਿੱਲੀ ਸਰਕਾਰ 'ਚ ਹਨ, ਇਹ ਲੋਕ ਸਿੱਖਾਂ ਅਤੇ ਪੰਜਾਬੀਆਂ ਨੂੰ ਕਿੰਨਾ ਅਪਮਾਨਿਤ ਕਰਦੇ ਹਨ ਦਿੱਲੀ ਜਾ ਕੇ ਪਤਾ ਚੱਲੇਗਾ। ਇਨ੍ਹਾਂ ਨੇ ਇੱਕ ਵੀ ਸਿੱਖ ਨੂੰ ਮੰਤਰੀ ਬਣਾਇਆ?"
"ਜਿਹੜੇ ਲੋਕ ਵੱਖਵਾਦੀਆਂ ਨਾਲ ਮਿਲੇ ਹੋਏ ਹਨ, ਜੇਕਰ ਇਨ੍ਹਾਂ ਨੂੰ ਵੱਖਵਾਦੀਆਂ ਨਾਲ ਹੱਥ ਮਿਲਾਉਣਾ ਪੈ ਜਾਵੇ ਤਾਂ ਉਹ ਪਿੱਛੇ ਨਹੀਂ ਹੱਟਣਗੇ। ਅਰਾਜਕਤਾ ਅਤੇ ਵੱਖਵਾਦ 'ਚ ਡੁੱਬੇ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਮੇਰਾ ਪੰਜਾਬ ਹੈ। ਇਹ ਪੰਜਾਬ ਇਨ੍ਹਾਂ ਤੋਂ ਟੁੱਟਣ ਵਾਲਾ ਨਹੀਂ ਹੈ। 20 ਤਾਰੀਖ਼ ਨੂੰ ਪੰਜਾਬ ਦੇ ਲੋਕ ਇਨ੍ਹਾਂ ਦੇ ਜ਼ੁਲਮਾਂ ਦਾ ਹਿਸਾਬ ਕਰਨਗੇ।"
'ਮੈਨੂੰ ਵੀ ਉਹ ਕਾਲਾ-ਕਾਲਾ ਕਹਿੰਦੇ ਰਹਿੰਦੇ ਹਨ'
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ 'ਸ਼ਰਮ ਦੀ ਗੱਲ ਹੈ''।
ਉਨ੍ਹਾਂ ਕਿਹਾ ਕਿ, ''ਮੈਨੂੰ ਵੀ ਉਹ ਕਾਲਾ-ਕਾਲਾ ਕਹਿੰਦੇ ਰਹਿੰਦੇ ਹਨ।''
ਕੇਜਰੀਵਾਲ ਨੇ ਕਿਹਾ, ''ਸਾਡਾ ਪੂਰਾ ਦੇਸ਼ ਇੱਕ ਹੈ। ਕਿਸੇ ਵੀ ਵਿਅਕਤੀ ਬਾਰੇ, ਕਿਸੇ ਵੀ ਵਰਗ ਵਿਸ਼ੇਸ਼ ਬਾਰੇ ਗਲਤ ਟਿੱਪਣੀ ਕਰਨਾ, ਅਸੀਂ ਇਸਦੀ ਕੜੀ ਨਿੰਦਾ ਕਰਦੇ ਹਾਂ।''
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ''ਪ੍ਰਿਅੰਕਾ ਗਾਂਧੀ ਵੀ ਤਾਂ ਯੂਪੀ ਤੋਂ ਹਨ ਤਾਂ..'' ਕੇਜਰੀਵਾਲ ਨੇ ਕਿਹਾ ਕਿ ''ਉਹ ਵੀ ਤਾਂ ਭੱਈਆ ਹੋ ਗਏ।''
ਇਸ ਤੋਂ ਇਲਾਵਾ ਹੋਰ ਸਿਆਸੀ ਆਗੂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਚੰਨੀ ਅਤੇ ਪ੍ਰਿਅੰਕਾ ਗਾਂਧੀ ਦੀ ਆਲੋਚਨਾ ਕਰ ਰਹੇ ਹਨ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਨਿੰਦਾ ਕਰ ਰਹੇ ਸਿਆਸੀ ਆਗੂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸਦੀ ਨਿੰਦਾ ਕੀਤੀ ਹੈ। ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ, ''ਪੰਜਾਬੀ ਸਰਬੱਤ ਦਾ ਭਲਾ ਮੰਨਦੇ ਹਨ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਚੰਨੀ ਦੀਆਂ ਵੰਡੀਆਂ ਪਾਉਣ ਵਾਲੀਆਂ ਟਿੱਪਣੀਆਂ ਦਾ ਜਵਾਬ ਦੇਣਾ ਚਾਹੀਦਾ ਹੈ।''
ਉਨ੍ਹਾਂ ਲਿਖਿਆ, ''ਕੇਜਰੀਵਾਲ ਅਮਨ ਸ਼ਾਂਤੀ ਭੰਗ ਕਰਨਾ ਚਾਉਂਦਾ ਹੈ, ਭਰਾਵਾਂ-ਭਰਾਵਾਂ ਨੂੰ ਲੜਵਾਉਣਾ ਚਾਹੁੰਦਾ ਹੈ। ਅਸੀਂ ਅਜਿਹੀਆਂ ਤਾਕਤਾਂ ਨੂੰ ਪੰਜਾਬ 'ਚ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਕਰਨ ਦੇਵਾਂਗੇ।''
ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਨੇ ਉੱਚ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਯੂਪੀ ਅਤੇ ਬਿਹਾਰ ਦੇ ਲੋਕਾਂ ਦਾ ਜਿਸ ਤਰ੍ਹਾਂ ਨਾਲ ਅਪਮਾਨ ਕੀਤਾ ਹੈ, ਉਹ ਬਹੁਤ ਸ਼ਰਮਨਾਕ ਹੈ।''
''ਅਜਿਹੇ 'ਚ ਇਨ੍ਹਾਂ ਦੋਵਾਂ ਸੂਬਿਆਂ ਦੇ ਲੋਕ ਕਾਂਗਰਸ ਨੂੰ ਪੰਜਾਬ ਅਤੇ ਯੂਪੀ 'ਚ ਵੀ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਸਬਕ ਜ਼ਰੂਰ ਸਿਖਾਉਣ। ਬਿਹਾਰ ਦੇ ਲੋਕਾਂ ਨੂੰ ਵੀ ਇਸ ਦਾ ਉਚਿਤ ਨੋਟਿਸ ਲੈਣਾ ਚਾਹੀਦਾ ਹੈ।''
ਅਸਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਨੇ ਟਵੀਟ ਕਰਕੇ ਇਸਦੀ ਆਲੋਚਨਾ ਕੀਤੀ ਤੇ ਲਿਖਿਆ, ''ਆਪਣੇ ਭਰਾ ਦੁਆਰਾ ਸਾਨੂੰ ਵਿਭਿੰਨਤਾ ਅਤੇ 'ਭਾਰਤ ਦੀ ਭਾਵਨਾ' ਬਾਰੇ ਉਪਦੇਸ਼ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ, ਭਾਵੇਂ ਬੇਸ਼ਰਮੀ ਨਾਲ ਉੱਤਰ ਪੂਰਬ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਸ੍ਰੀਮਤੀ ਪ੍ਰਿਅੰਕਾ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀਆਂ ਬਿਹਾਰ ਅਤੇ ਯੂਪੀ ਦੇ ਲੋਕਾਂ ਵਿਰੁੱਧ ਘਿਣਾਉਣੀਆਂ ਟਿੱਪਣੀਆਂ 'ਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਦਿਖਾਈ ਦੇ ਰਹੇ ਹਨ!"
'ਪੰਜਾਬ ਦੇ ਲੋਕ ਵੀ ਇਸਦੀ ਨਿੰਦਾ ਕਰਨਗੇ'
ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਮਨੋਜ ਤਿਵਾਰੀ ਨੇ ਇੱਕ ਵੀਡੀਓ ਟਵੀਟ ਰਾਹੀਂ ਕਿਹਾ ਕਿ ਚੰਨੀ ਜੀ ਨੇ ਯੂਪੀ ਬਿਹਾਰ ਅਤੇ ਦਿੱਲੀ ਦੇ ਲੋਕਾਂ ਲਈ ਜੋ ਘਨੌਣੀ ਭਾਸ਼ਾ ਪ੍ਰਯੋਗ ਕੀਤੀ ਹੈ, ਉਹ ਉਸਦੀ ਨਿੰਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ''ਪੰਜਾਬ ਦੇ ਲੋਕ ਵੀ ਇਸਦੀ ਨਿੰਦਾ ਕਰਨਗੇ। ਪੂਰੇ ਦੇਸ਼ ਦੇ ਲੋਕ ਕਰਨਗੇ।''
ਮਨੋਜ ਤਿਵਾਰੀ ਨੇ ਕਿਹਾ, ''ਬਿਹਾਰ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਥਲੀ ਹੈ ਚੰਨੀ ਜੀ ਅਤੇ ਹਰੇਕ ਪੂਰਵਾਂਚਲੀ ਪੰਜਾਬ ਨੂੰ ਆਪਣੇ ਦਿਲ 'ਚ ਵਸਾ ਕੇ ਰੱਖਦਾ ਹੈ, ਪਿਆਰ ਕਰਦਾ ਹੈ।''
ਤਿਵਾਰੀ ਨੇ ਸਵਾਲ ਕੀਤਾ ਕਿ ''ਇਸਤੋਂ ਬਾਅਦ ਪ੍ਰਿਅੰਕਾ ਦੀਦੀ ਉੱਤਰ ਪ੍ਰਦੇਸ਼ 'ਚ ਕਿਵੇਂ ਪ੍ਰਚਾਰ ਕਰਨਗੇ, ਕਿਵੇਂ ਵੋਟ ਮੰਗਣਗੇ?''
''ਇਹ ਕਾਂਗਰਸ ਦੀ ਉਹੀ ਪੁਰਾਣੀ ਮੁਗ਼ਲਾਂ ਵਾਲੀ ਸੋਚ ਹੈ ਕਿ ਫੁੱਟ ਪਾਓ ਤੇ ਰਾਜ ਕਰੋ।''
ਉਨ੍ਹਾਂ ਕਿਹਾ, ''ਚੰਨੀ ਜੀ, ਇਹ ਤੁਹਾਡੀ ਮਾੜੀ ਭਾਸ਼ਾ ਪੰਜਾਬ ਦੀ ਨਹੀਂ ਹੋ ਸਕਦੀ। ਪੰਜਾਬ ਤਾਂ ਹਮੇਸ਼ਾ ਕਹਿੰਦਾ ਹੈ 'ਜੀ ਆਇਆਂ ਨੂੰ'।''
ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰਿਆ ਨੇ ਇੱਕ ਟਵੀਟ ਕਰਕੇ ਲਿਖਿਆ, ''ਪ੍ਰਿਅੰਕਾ ਵਾਡਰਾ ਜੀ ਉੱਤਰ ਪ੍ਰਦੇਸ਼ ਵਿੱਚ ਆ ਕੇ ਆਪਣੇ ਆਪ ਨੂੰ ਯੂਪੀ ਦੀ ਧੀ ਦੱਸਦੀ ਹੈ ਅਤੇ ਪੰਜਾਬ ਵਿੱਚ ਉੱਤਰ ਪ੍ਰਦੇਸ਼-ਬਿਹਾਰ ਦੇ ਲੋਕਾਂ ਦੀ ਬੇਇੱਜ਼ਤੀ 'ਤੇ ਤਾੜੀ ਵਜਾਉਂਦੀ ਹੈ, ਇਹੀ ਉਨ੍ਹਾਂ ਦਾ ਦੋਹਰਾ ਕਿਰਦਾਰ ਅਤੇ ਚਿਹਰਾ ਵੀ।''
ਕਾਨੂੰਨ ਮੰਤਰੀ ਅਤੇ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਲਿਖਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਇਸ ਤਰ੍ਹਾਂ ਬੋਲ ਸਕਦੇ ਹਨ ਤੇ ਪ੍ਰਿਅੰਕਾ ਵਾਡਰਾ ਤਾੜੀਆਂ ਵਜਾ ਰਹੇ ਹਨ।
ਉਨ੍ਹਾਂ ਅੱਗੇ ਲਿਖਿਆ, ''ਚੰਨੀ ਜੀ ਕਹਿੰਦੇ ਹਨ, ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਪ੍ਰਿਅੰਕਾ ਗਾਂਧੀ ਉਤਸਾਹ ਨਾਲ ਸਮਰਥ ਕਰ ਰਹੇ ਹਨ।''
ਭਾਜਪਾ ਦੇ ਰਾਸ਼ਟਰੀ ਸੂਚਨਾ ਅਤੇ ਤਕਨੀਕੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਵੀ ਇਸਦੀ ਕੜੀ ਨਿਦਾ ਕੀਤੀ ਅਤੇ ਲਿਖਿਆ, ''ਮੰਚ ਤੋਂ ਪੰਜਾਬ ਦਾ ਮੁੱਖ ਮੰਤਰੀ ਯੂਪੀ, ਬਿਹਾਰ ਦੇ ਲੋਕਾਂ ਨੂੰ ਅਪਮਾਨਿਤ ਕਰਦੇ ਹਨ ਤੇ ਪ੍ਰਿਅੰਕਾ ਵਾਡਰਾ ਕੋਲ ਖੜ੍ਹ ਕੇ ਹੱਸ ਰਹੇ ਹਨ, ਤਾੜੀਆਂ ਵਜਾ ਰਹੇ ਹਨ...
ਇਸ ਤਰ੍ਹਾਂ ਕਰੇਗੀ ਕਾਂਗਰਸ ਯੂਪੀ ਅਤੇ ਦੇਸ਼ ਦਾ ਵਿਕਾਸ? ਲੋਕਾਂ ਨੂੰ ਆਪਸ ਵਿੱਚ ਲੜਾ ਕੇ?"
ਇਹ ਵੀ ਪੜ੍ਹੋ:
ਇਹ ਵੀ ਦੇਖੋ: