ਪੰਜਾਬ ਚੋਣਾਂ 2022: ਕਿਸ ਪਾਰਟੀ ਦਾ ਕਿਸ ਉੱਤੇ ਨਿਸ਼ਾਨਾ ਤੇ ਕੀ ਹੈ ਚੋਣ ਵਾਅਦਾ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ ਚੋਣਾਂ ਦਾ ਚੋਣ ਪ੍ਰਚਾਰ ਸਿਖ਼ਰਾਂ ਉੱਤੇ ਹੈ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਕੌਮੀ ਆਗੂ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।

ਪੰਜਾਬ ਵਿੱਚ ਕਿਹੜੀ ਪਾਰਟੀ ਕਿਸ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਅਤੇ ਕਿਹੜੇ ਮੁੱਦੇ ਉਭਾਰ ਕੇ ਵੋਟਾਂ ਮੰਗ ਰਹੀ ਹੈ।

ਇਸ ਰਿਪੋਰਟ ਰਾਹੀ ਸਮਝਣ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਚੋਣ ਵਾਅਦਿਆਂ ਉੱਤੇ ਵੀ ਨਜ਼ਰ ਪਾਉਂਦੇ ਹਾਂ।

ਕਾਂਗਰਸ ਦੀ 'ਗਰੀਬਾਂ ਹੱਥ ਕਮਾਂਡ'

ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਪਿਅੰਕਾ ਗਾਂਧੀ ਦਾ ਸਭ ਤੋਂ ਵੱਧ ਨਿਸ਼ਾਨਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ 'ਤੇ ਹੈ। ਉਹ ਆਮ ਆਦਮੀ ਪਾਰਟੀ ਨੂੰ ਆਰਐੱਸਐੱਸ ਵਿੱਚੋਂ ਨਿਕਲੀ ਪਾਰਟੀ ਦੱਸ ਰਹੇ ਹਨ।

ਪਿਅੰਕਾ ਗਾਂਧੀ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਖੁਦ ਕਹਿੰਦੇ ਹਨ ਕਿ ਉਹ ਭਾਜਪਾ ਤੋਂ ਵੱਡੇ ਭਾਜਪਾਈ ਹਨ, ਤਾਂ ਰਾਹੁਲ ਗਾਂਧੀ ਕਹਿੰਦੇ ਹਨ ਕਿ ਆਮ ਆਦਮੀ ਕੋਲ ਪੰਜਾਬ ਨੂੰ ਚਲਾਉਣ ਦੀ ਸਮਰੱਥਾ ਨਹੀਂ ਹੈ।

ਰਾਹੁਲ ਗਾਂਧੀ ਨਰਿੰਦਰ ਮੋਦੀ ਸਰਕਾਰ ਦੇ ਨੋਟਬੰਦੀ, ਜੀਐੱਸਟੀ ਅਤੇ ਖੇਤੀ ਕਾਨੂੰਨਾਂ ਵਰਗੇ ਕੰਮਾਂ ਨੂੰ ਗਿਣਵਾ ਕੇ ਉਨ੍ਹਾਂ ਨੂੰ ਅਰਬਪਤੀਆਂ ਦੇ ਨੁੰਮਾਇਦੇ ਕਹਿ ਰਹੇ ਹਨ।

ਉੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਘਰ ਦੇ ਮੁੰਡੇ ਵਜੋਂ ਪੇਸ਼ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਗਰੀਬ ਤੇ ਕਿਸਾਨ ਪੱਖਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਰਾਹੁਲ ਗਾਂਧੀ ਕਹਿੰਦੇ ਹਨ ਕਿ ਪੰਜਾਬ ਕੋਲ ਤਜ਼ਰਬੇ ਕਰਨ ਦਾ ਸਮਾਂ ਨਹੀਂ ਹੈ, ਪੰਜਾਬ ਨੂੰ ਪ੍ਰਜੋਗਸ਼ਾਲਾ ਨਹੀਂ ਬਣਨ ਦਿੱਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ 'ਤੇ ਭਾਜਪਾ ਦੇ ਇਸ਼ਾਰਿਆਂ ਉੱਤੇ ਕੰਮ ਕਰਨ ਦੇ ਇਲਜ਼ਾਮ ਲਾ ਕੇ ਕਾਂਗਰਸ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਨੂੰ ਨਵੇਂ ਬਦਲ ਵਜੋਂ ਪੇਸ਼ ਕਰ ਰਹੀ ਹੈ।

ਕਾਂਗਰਸ ਲੀਡਰਸ਼ਿਪ ਪੰਜਾਬ ਵਿੱਚ ਰੇਤ, ਟਰਾਂਸਪਰੋਟ ਅਤੇ ਸ਼ਰਾਬ ਮਾਫ਼ੀਆ ਖ਼ਤਮ ਕਰਕੇ ਕਾਰਪੋਰੇਸ਼ਨਾਂ ਬਣਾਉਣ, ਆਮਦਨ ਦੇ ਸਰੋਤ ਪੈਦਾ ਕਰਨ ਅਤੇ ਕਿਸਾਨਾਂ ਨੂੰ ਸੂਬਾਈ ਪੱਧਰ ਉੱਤੇ ਹੀ ਕਣਕ ਝੋਨੇ ਸਣੇ ਦਾਲਾਂ ਵਰਗੀਆਂ ਫ਼ਸਲਾਂ ਉੱਤੇ ਕਾਨੂੰਨੀ ਐੱਮਐੱਸਪੀ ਦੇਣ ਦਾ ਵਾਅਦਾ ਕਰ ਰਹੀ ਹੈ।

ਵੀਡੀਓ:ਔਰਤਾਂ ਬਾਰੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਕੀ ਕਹਿੰਦੀਆਂ

'ਨਵਾਂ ਪੰਜਾਬ ਭਾਜਪਾ ਨਾਲ'

ਭਾਰਤੀ ਜਨਤਾ ਪਾਰਟੀ ਨੇ 'ਨਵਾਂ ਪੰਜਾਬ ਭਾਜਪਾ ਨਾਲ' ਦਾ ਨਾਅਰਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣਾਂ ਦਾ ਮੁੱਖ ਏਜੰਡਾ ਤਿੰਨ ਨੁਕਾਤੀ ਦਿਖਦਾ ਹੈ।

ਦੋਵੇਂ ਆਗੂ ਆਪਣੀਆਂ ਰੈਲੀਆਂ ਦੌਰਾਨ ਕਾਂਗਰਸ ਨੂੰ ਪਰਿਵਾਰਵਾਦ ਦੇ ਨਾਂ ਉੱਤੇ ਘੇਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਰਿਸ਼ਤੇ ਨੂੰ ਖਾਸ ਦਿਖਾਉਣ ਅਤੇ ਮੋਦੀ ਸਰਕਾਰ ਦੇ ਸਿੱਖਾਂ ਲਈ ਕੀਤੇ ਕੰਮਾਂ ਨੂੰ ਗਿਣਾ ਰਹੇ ਹਨ।

ਕਾਂਗਰਸ ਉੱਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਦਾ ਇਲਜ਼ਾਮ ਲਗਾਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਹਿ ਰਹੇ ਹਨ।

ਇਸ ਤੋਂ ਇਲਾਵਾ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਅਤੇ ਸੁਰੱਖਿਆ ਦੇ ਮਸਲੇ ਨੂੰ ਵਾਰ-ਵਾਰ ਉਭਾਰ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਇਹ ਸ਼ਬਦ ਜ਼ਿਕਰਯੋਗ ਹਨ, ''ਕਲਪਨਾ ਕਰੋ ਤੁਹਾਡੇ ਕੋਲ ਬੰਗਲਾ ਹੈ, ਕਾਰ ਹੈ, ਖੇਤ ਹਨ, ਇੱਕ ਚੰਗੀ ਜ਼ਿੰਦਗੀ ਹੈ, ਗੁਰੂ ਸਾਹਿਬਾਨ ਦਾ ਦਿੱਤਾ ਸਭ ਕੁਝ ਹੈ, ਪਰ ਜੇ ਤੁਹਾਡਾ ਪੁੱਤ ਨਸ਼ੇ ਵਿੱਚ ਡੁੱਬ ਗਿਆ ਤਾਂ ਇਹ ਸਭ ਕੁਝ ਕਿਸ ਕੰਮ ਦਾ ਹੈ।''

ਗੁਰਦਾਸਪੁਰ ਵਿੱਚ ਬੋਲਦਿਆਂ ਰਾਜਨਾਥ ਸਿੰਘ ਕਹਿੰਦੇ ਹਨ, ''ਭਾਜਪਾ ਦੀ ਸਰਕਾਰ ਬਣਾ ਦਿਓ, ਫੇਰ ਦੇਖਦੇ ਹਾਂ ਕਿਸ ਦੀ ਨਸ਼ਾ ਤਸਕਰੀ ਕਰਨ ਅਤੇ ਬੇਅਦੀਆਂ ਕਰਨ ਦੀ ਹਿੰਮਤ ਪੈਂਦੀ ਹੈ।''

ਭਾਜਪਾ ਡਬਲ ਇੰਜਨ ਸਰਕਾਰ ਬਣਾਉਣ ਦੇ ਹੋਕੇ ਨਾਲ ਪੰਜਾਬ ਨੂੰ ਉਸਦਾ ਤਰੱਕੀ ਤੇ ਖ਼ੁਸ਼ਹਾਲੀ ਵਾਲਾ ਰੁਤਬਾ ਬਹਾਲ ਕਰਨ ਦਾ ਵਾਅਦਾ ਕਰ ਰਹੀ ਹੈ।

ਭਾਰਤੀ ਜਨਤਾ ਪਾਰਟੀ ਪੰਜਾਬ ਲਈ ਅਗਲੇ ਪੰਜ ਸਾਲ ਵਿੱਚ 1 ਲੱਖ ਕਰੋੜ ਢਾਂਚਾਗਤ ਸਹੂਲਤਾਂ ਉੱਤੇ ਖਰਚਣ, 300 ਯੂਨਿਟ ਬਿਜਲੀ ਮੁਫ਼ਤ ਦੇਣ, ਸੂਬੇ ਦੇ ਕੋਨੇ-ਕੋਨੇ ਵਿੱਚ ਗੈਸ ਸਪਲਾਈ ਦੇਣ ਵਰਗੇ ਵਾਅਦੇ ਕਰ ਰਹੀ ਹੈ।

ਇਸ ਤੋਂ ਇਲਾਵਾ ਨਸ਼ਿਆਂ ਨੂੰ ਰੋਕਣ ਲਈ ਕਮਿਸ਼ਨ ਦੇ ਗਠਨ, ਸਮਾਰਟ ਸਕੂਲ, ਕੌਮਾਂਤਰੀ ਪੱਧਰ ਦੇ ਸਟੇਡੀਅਮ ਅਤੇ ਅੱਤਵਾਦ ਪੀੜਤਾਂ ਦੀ ਮਦਦ ਲਈ ਕਮਿਸ਼ਨ ਦਾ ਵਾਅਦਾ ਕੀਤਾ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੇਜਰੀਵਾਲ ਨੂੰ ਇੱਕ ਮੌਕਾ

ਰਵਾਇਤੀ ਪਾਰਟੀਆਂ ਨਾਲੋਂ ਨਵੇਂ ਸਿਆਸੀ ਖਿਡਾਰੀ ਵਜੋਂ ਆਮ ਆਦਮੀ ਪਾਰਟੀ 'ਕੇਰਜੀਵਾਲ ਨੂੰ ਇੱਕ ਮੌਕਾ' ਦੇ ਨਾਂ ਉੱਤੇ ਵੋਟਾਂ ਮੰਗ ਰਹੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਪੂਰੀ ਚੋਣ ਮੁਹਿੰਮ ਦਾ ਕੇਂਦਰ ਹਨ। ਉਨ੍ਹਾਂ ਨੂੰ ਹੀ ਮੌਕਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

18 ਜਨਵਰੀ ਨੂੰ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਉਦੋਂ ਤੋਂ ਕੇਜਰੀਵਾਲ ਦੇ ਨਾਲ ਭਗਵੰਤ ਦਾ ਨਾਂ ਜੋੜਿਆ ਗਿਆ।

ਕੇਜਰੀਵਾਲ ਕਰੀਬ ਹਰ ਭਾਸ਼ਣ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਰਾਜ ਵਿੱਚ ਰੇਤ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਚੱਲਣ ਦੇ ਇਲਜ਼ਾਮ ਲਾਉਂਦੇ ਹਨ।

ਉਹ ਦੋਵਾਂ ਪਾਰਟੀਆਂ ਦੀ ਪੰਜਾਬ ਵਿੱਚ ਸੱਤਾ ਦੇ ਸਾਲ ਗਿਣਾਉਂਦਿਆ ਇਲਜ਼ਾਮ ਲਾਉਂਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਹ ਸਾਰੀਆਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ।

ਕੇਜਰੀਵਾਲ ਦੀ ਆਮ ਆਦਮੀ ਪਾਰਟੀ ਚਰਨਜੀਤ ਸਿੰਘ ਚੰਨੀ ਦੀ ਆਮ ਆਦਮੀ ਵਾਲੀ ਦਿੱਖ ਉੱਤੇ ਸਭ ਤੋਂ ਵੱਧ ਨਿਸ਼ਾਨਾ ਸਾਧ ਰਹੀ ਹੈ। ਚੰਨੀ ਉੱਤੇ ਰੇਤ ਮਾਫ਼ੀਆ ਦਾ ਹਿੱਸਾ ਹੋਣ ਦੇ ਇਲਜ਼ਾਮ ਲਾ ਰਹੀ ਹੈ, ਉਨ੍ਹਾਂ ਦੇ ਦੋਵਾਂ ਸੀਟਾਂ ਉੱਤੇ ਹਾਰਨ ਦਾ ਦਾਅਵਾ ਕਰ ਰਹੀ ਹੈ।

ਚੋਣ ਪ੍ਰਚਾਰ ਦੇ ਸ਼ੁਰੂ ਤੋਂ ਹੀ ਕੇਜਰੀਵਾਲ ਆਪਣੀ ਸਰਾਕਰ ਦੇ ਦਿੱਲੀ ਵਿਚਲੇ ਕੰਮਾਂ ('ਦਿੱਲੀ ਮਾਡਲ') ਦੇ ਅਧਾਰ ਉੱਤੇ ਵੋਟਾਂ ਮੰਗ ਰਹੇ ਹਨ।

ਉਹ ਸੰਖ਼ੇਪ ਜਿਹੀ ਕਾਨਫ਼ਰੰਸ ਕਰਦੇ ਹਨ ਅਤੇ ''ਕੇਜਰੀਵਾਲ ਦੀਆਂ ਗਾਰੰਟੀਆਂ'' ਦੇ ਨਾਂ ਹੇਠ ਕੁਝ ਚੰਗੇ ਸਕੂਲਾਂ, ਚੰਗੇ ਹਸਪਤਾਲਾਂ ਦੇ ਨਾਲ ਨਾਲ ਭ੍ਰਿਸ਼ਟਾਚਾਰ ਖ਼ਤਮ ਕਰਕੇ ਸਸਤੀ ਬਿਜਲੀ ਵਰਗੇ ਵਾਅਦਿਆਂ ਦੇ ਨਾਂ ਉੱਤੇ ਵੋਟਾਂ ਮੰਗ ਰਹੇ ਹਨ।

ਵੀਡੀਓ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਦੋ ਪਿੰਡਾਂ ਵਿੱਚ ਵਿਕਾਸ ਦੀ ਤਸਵੀਰ

ਅਕਾਲੀ ਦਲ ਦਾ ਖੇਤਰੀ ਨਾਅਰਾ

ਅਕਾਲੀ ਦਲ ਦੀ ਚੋਣ ਮੁਹਿੰਮ ਦਾ ਮੁੱਖ ਬਿੰਦੂ ਬਾਹਰੀ ਤੇ ਖੇਤਰੀ ਸ਼ਕਤੀ ਉੱਤੇ ਕੇਂਦਰਿਤ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਦਲ ਕਹਿੰਦੇ ਹਨ, ''ਕੇਜਰੀਵਾਲ ਨਾ ਚੋਣਾਂ ਤੋਂ ਪਹਿਲਾਂ ਪੰਜਾਬ ਆਇਆ ਅਤੇ ਨਾ ਉਨ੍ਹਾਂ ਬਾਅਦ ਵਿੱਚ ਆਉਣਾ, ਅਕਾਲੀ ਦਲ ਪੰਜਾਬ ਦਾ ਇੱਕੋ ਇੱਕ ਖੇਤਰੀ ਦਲ ਹੈ, ਵੋਟਾਂ ਪੈਣ ਜਾਂ ਨਾ ਪੈਣ ਅਕਾਲੀਆਂ ਨੇ ਪੰਜਾਬੀਆਂ ਵਿੱਚ ਹੀ ਰਹਿਣਾ ਹੈ।''

ਸੁਖਬੀਰ ਬਾਦਲ ਨੇ ਬੀਬੀਸੀ ਪੰਜਾਬੀ ਨਾਲ ਇੰਟਰਵਿਊ ਵਿੱਚ ਕਿਹਾ ਸੀ, ''ਪੰਜਾਬ ਵਿੱਚ ਅਕਾਲੀ ਦਲ ਤਿੰਨ ਕੌਮੀ ਪੱਧਰ ਦੀਆਂ ਪਾਰਟੀਆਂ ਨਾਲ ਟੱਕਰ ਲੈ ਰਿਹਾ ਹੈ।''

ਅਕਾਲੀ ਦਲ ਆਮ ਆਦਮੀ ਨੂੰ ਘੇਰਨ ਲਈ ਪ੍ਰੋ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ, ਕੇਜਰੀਵਾਲ ਦੇ ਮੰਤਰੀ ਮੰਡਲ ਵਿੱਚ ਇੱਕ ਵੀ ਸਿੱਖ ਮੰਤਰੀ ਨਾ ਹੋਣ ਅਤੇ ਦਿੱਲੀ ਵਿੱਚ ਪੰਜਾਬੀ ਨੂੰ ਬਣਦੀ ਥਾਂ ਨਾ ਦੇਣ ਵਰਗੇ ਮਸਲੇ ਚੁੱਕ ਰਿਹਾ ਹੈ।

ਜਦਕਿ ਕਾਂਗਰਸ ਖ਼ਿਲਾਫ਼ 1984 ਦੇ ਸਿੱਖ ਕਤਲੇਆਮ, ਦੋਸ਼ੀਆਂ ਨੂੰ ਸਜ਼ਾਵਾਂ ਨਾ ਦੁਆਉਣ, ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਵਰਗੇ ਰਵਾਇਤੀ ਮੁੱਦੇ ਚੁੱਕ ਰਿਹਾ ਹੈ।

ਰੋਚਕ ਗੱਲ ਹੈ ਕਿ ਅਕਾਲੀ ਦਲ ਲੀਡਰਸ਼ਿਪ ਨੇ ਭਾਰਤੀ ਜਨਤਾ ਪਾਰਟੀ ਜਾਂ ਉਨ੍ਹਾਂ ਦੇ ਭਾਈਵਾਲਾਂ ਕੈਪਟਨ ਅਮਰਿੰਦਰ ਤੇ ਢੀਂਡਸਾ ਬਾਰੇ ਕੁਝ ਖਾਸ ਨਹੀਂ ਬੋਲਿਆ।

ਸੁਖਬੀਰ ਬਾਦਲ ਸਰਕਾਰ ਬਣਨ ਉੱਤੇ ਦੋ ਪ੍ਰਮੁੱਖਤਾਵਾਂ ਸਕੂਲ ਅਤੇ ਹਸਪਤਾਲਾਂ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਵਾਅਦਾ ਕੀਤਾ ਹੈ।

ਇਸ ਦੇ ਨਾਲ ਨਾਲ 5 ਸਾਲ ਵਿੱਚ 5 ਲੱਖ ਗਰੀਬਾਂ ਲਈ ਮਕਾਨ ਬਣਾਕੇ ਦੇਣ, ਉੱਚ ਪੜ੍ਹਾਈ ਲਈ 10 ਲੱਖ ਤੱਕ ਸਟੂਡੈਂਟ ਕਾਰਡ, ਭਾਈ ਘਨੱਈਆ ਬੀਮਾ ਸਕੀਮ ਤਹਿਤ 10 ਪਰਿਵਾਰਾਂ ਨੂੰ ਬੀਮਾ ਅਤੇ ਪੈਨਸ਼ਨ ਦੀ ਰਕਮ ਵਧਾਉਣ, ਸ਼ਗਨ ਸਕੀਮ ਦੇ ਪੈਸੇ ਵਧਾ ਕੇ ਮੁੜ ਸ਼ੁਰੂ ਕਰਨ ਵਰਗੇ ਵਾਅਦੇ ਕਰ ਰਹੇ ਹਨ।

ਸਿਆਸੀ ਬਦਲਾਅ ਦਾ ਨਾਅਰਾ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਫੈਸਲਾਕੁੰਨ ਲੜਾਈ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਵਿੱਚੋਂ 22 ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਚੋਣ ਮੈਦਾਨ ਵਿੱਚ ਹਨ।

ਐੱਸਐੱਸਐੱਮ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਚੋਣ ਮੈਦਾਨ ਵਿੱਚ ਰਸਮੀ ਤੌਰ ਉੱਤੇ ਕੁੱਦਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ ਦਿੱਤਾ ਸੀ।

ਉਨ੍ਹਾਂ ਦੀ ਚੋਣ ਮੁਹਿੰਮ ਦਾ ਨਿਸ਼ਾਨਾਂ ਆਪ ਸਣੇ ਸਾਰੀਆਂ ਰਵਾਇਤੀ ਪਾਰਟੀਆਂ ਹਨ।

ਕਿਸਾਨ ਆਗੂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਮਾਰੇ ਗਏ 750 ਦੇ ਕਰੀਬ ਕਿਸਾਨਾਂ ਦੇ ਨਾਂ ਉੱਤੇ ਭਾਜਪਾ ਤੇ ਉਨ੍ਹਾਂ ਦੇ ਭਾਈਵਾਲਾਂ ਉੱਤੇ ਹਮਲੇ ਬੋਲ ਰਹੇ ਹਨ।

ਜਦਕਿ ਪੰਜਾਬ ਵਿੱਚ ਕਿਸਾਨਾਂ ਨਾਲ ਵਾਅਦੇ ਪੂਰੇ ਨਾ ਕਰ ਸਕਣ ਲਈ ਕਿਸਾਨਾਂ ਨੂੰ ਲੰਮੇ ਹੱਥੀ ਲੈ ਰਹੇ ਹਨ।

ਕੇਂਦਰੀ ਪਾਰਟੀਆਂ ਸਣੇ ਅਕਾਲੀ ਦਲ ਨੂੰ ਕਿਸਾਨਾਂ ਦੇ ਹਿੱਤਾਂ ਵਿੱਚ ਨਾ ਭੁਗਣਤ ਦਾ ਇਲਜ਼ਾਮ ਲਗਾ ਕੇ ਸਿਆਸੀ ਬਦਲਾਅ ਉੱਤੇ ਵੋਟਾਂ ਮੰਗ ਰਹੇ ਹਨ।

ਐੱਸਐੱਸਐੱਮ ਦੇ ਇਕਰਾਰਨਾਮੇ (ਚੋਣ ਮਨੋਰਥ ਪੱਤਰ) ਵਿੱਚ ਲਿਖਿਆ ਗਿਆ ਹੈ, ''ਨਫ਼ਰਤ ਦੀ ਖੇਤੀ'' ਅਤੇ ''ਵੋਟ ਰਾਜਨੀਤੀ'' ਕਰਨ ਵਾਲਿਆਂ ਖ਼ਿਲਾਫ਼ ਵੋਟ ਦੀ ਚੋਟ ਰਾਹੀ ਕਰਾਰੀ ਹਾਰ ਦੇ ਕੇ ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਕਰੀਏ।

ਆਪਣੀ ਕਿਸਮਤ ਦੇ ਖੁਦ ਵਾਰਿਸ ਬਣਨ ਲ਼ਈ ਸੰਯੁਕਤ ਸਮਾਜ ਮੋਰਚੇ ਨੂੰ ਜਿਤਾਉਣ ਅਤੇ ਕਿਸਾਨ ਅੰਦੋਨਲ ਨਾਲ ਸ਼ੁਰੂ ਹੋਈ ਸਰਬੱਤ ਦੇ ਭਲੇ ਦੀ ਮਸ਼ਾਲ ਬਲਦੀ ਰੱਖਣ ਦਾ ਨਾਅਰਾ ਦਿੱਤਾ ਰਿਹਾ ਹੈ।

ਕਿਸਾਨ ਮੋਰਚਾ ਕਿਸਾਨ ਪਰਿਵਾਰ ਦੀ ਆਮਦਨ 25000 ਰੁਪਏ ਪ੍ਰਤੀ ਮਹੀਨਾ ਯਕੀਨੀ ਬਣਾਉਣ, ਪ੍ਰਦੂਸ਼ਣ ਰਹਿਤ ਉਦਯੋਗ ਲਈ ਵਿਸ਼ੇਸ਼ ਰਾਹਤ ਦੇਣ, ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕੋਈ ਵੀ ਨੌਕਰੀ ਖਾਲੀ ਨਾ ਰਹਿਣ ਦੇਣ ਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਵਰਗੇ ਵਾਅਦੇ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ: