ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ਵਿਚ ਪੰਜਾਬ ਸਰਕਾਰ ਦੀ ਰਿਪੋਰਟ ਦਾ ਕੀ ਹੈ ਦਾਅਵਾ -ਪ੍ਰੈਸ ਰੀਵਿਊ

ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਦੀ ਉਲੰਘਣਾ ਬਾਰੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪ ਦਿੱਤੀ ਹੈ।

ਇਸ ਰਿਪੋਰਟ ਵਿੱਚ, ਬਠਿੰਡਾ ਦੇ ਸੀਨੀਅਰ ਪੁਲਿਸ ਸੁਪਰਿਟੇਂਡੇਂਟ (ਐੱਸਐੱਸਪੀ) ਨੇ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਫਿਰੋਜ਼ਪੁਰ ਐੱਸਐੱਸਪੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਬਠਿੰਡਾ ਦੇ ਐੱਸਐੱਸਪੀ ਅਜੈ ਮਲੂਜਾ ਅਤੇ ਪੰਜ ਹੋਰ ਅਧਿਕਾਰੀ, 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਲਈ ਜ਼ਿੰਮੇਵਾਰ ਸਨ। ਮਲੂਜਾ ਨੂੰ ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਐੱਮਐੱਚਏ ਨੂੰ ਭੇਜੀ ਗਈ ਪੰਜਾਬ ਸਰਕਾਰ ਦੀ ਰਿਪੋਰਟ ਵਿੱਚ ਮਲੂਜਾ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਤੱਕ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕੀਤਾ ਅਤੇ ਸੁਰੱਖਿਆ ਵਿੱਚ ਕੁਤਾਹੀ ਲਈ ਫਿਰੋਜ਼ਪੁਰ ਦੇ ਐੱਸਐੱਸਪੀ ਹਰਮਨ ਹੰਸ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਰਿਪੋਰਟ ਵਿੱਚ, ਘਟਨਾ ਸਬੰਧੀ ਹੋਰ ਘਟਨਾਵਾਂ ਦਾ ਸਿਲਸਿਲਾ ਵੀ ਸਾਂਝਾ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਕਿ ਕਿਸਾਨਾਂ ਦਾ ਵਿਰੋਧ 'ਅਚਾਨਕ' ਹੋਇਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਦੋ ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਤੋਂ ਸ਼ੇਅਰ ਹੋਈਆਂ 46 ਵੀਡੀਓ

ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਅਤੇ ਸਟ੍ਰੇਟੇਜਿਕ ਆਪ੍ਰੇਸ਼ਨ ਯੂਨਿਟ ਨੇ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਬੈਠਕ ਨੂੰ ਦਿਖਾਉਣ ਦਾ ਦਾਅਵਾ ਕਰਨ ਵਾਲੇ ਇੱਕ ਫਰਜ਼ੀ ਵੀਡੀਓ ਨੂੰ ਪਾਕਿਸਤਾਨ ਤੋਂ ਸੰਚਾਲਿਤ 46 ਟਵਿੱਟਰ ਹੈਂਡਲਾਂ ਦੁਆਰਾ ਪ੍ਰਚਾਰਿਤ ਕੀਤਾ ਗਿਆ ਸੀ।

ਹੈਰਾਨ ਕਰਨ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਭਾਰਤ ਸਰਕਾਰ ਭਾਰਤੀ ਫੌਜ ਵਿਚ ਸੇਵਾ ਕਰ ਰਹੇ ਸਾਰੇ ਸਿੱਖ ਸੈਨਿਕਾਂ ਨੂੰ ਹਟਾਉਣ ਦੀ ਯੋਜਨਾ ਬਣਾ ਰਹੀ ਹੈ।

7 ਜਨਵਰੀ ਨੂੰ, ਭਾਰਤ ਸਰਕਾਰ ਦੀ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਇਸ ਵੀਡੀਓ ਨੂੰ ਪੂਰੇ ਤਰੀਕੇ ਨਾਲ ਝੂਠਾ ਕਰਾਰ ਦਿੱਤਾ ਅਤੇ ਇਸ ਸਬੰਧੀ ਟਵੀਟ ਵੀ ਜਾਰੀ ਕੀਤਾ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਦਿੱਲੀ ਪੁਲਿਸ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਵੀਡੀਓ ਨੂੰ ਫੈਲਾਉਣ ਵਾਲੇ ਰੈਕੇਟ ਨੇ ਮਲਟੀਲੌਗਿਨ ਨਾਮ ਦੀ ਇੱਕ ਐਪਲੀਕੇਸ਼ਨ ਦੀ ਮਦਦ ਨਾਲ ਇਹ ਸਾਰੇ 46 ਹੈਂਡਲ ਚਲਾਏ ਸਨ। ਇਹ ਐਪਲੀਕੇਸ਼ਨ ਉਪਭੋਗਤਾਵਾਂ ਨੂੰ ਇੱਕੋ ਸਮੇਂ ਇੱਕ ਤੋਂ ਵੱਧ ਖਾਤੇ ਚਲਾਉਣ ਦੀ ਆਗਿਆ ਦਿੰਦੀ ਹੈ।

ਦਿੱਲੀ ਪੁਲਿਸ ਨੇ ਤਕਨੀਕੀ ਵਿਸ਼ਲੇਸ਼ਣ ਦੁਆਰਾ ਪਤਾ ਲਗਾਇਆ ਕਿ ਮੋਰਫਡ ਵੀਡੀਓ ਦਾ ਪ੍ਰਚਾਰ ਕਰਨ ਵਾਲੇ ਟਵਿੱਟਰ ਖਾਤੇ ਮਲਟੀਲੌਗਿਨ ਡਾਟ ਕਾਮ ਦੁਆਰਾ ਵਿਕਸਤ ਕੀਤੇ ਇੱਕ ਸਿੰਗਲ ਬ੍ਰਾਊਜ਼ਰ ਤੋਂ ਸੰਚਾਲਿਤ ਕੀਤੇ ਜਾ ਰਹੇ ਸਨ, ਜਿਸ ਵਿੱਚ ਮਲਟੀ ਸੈਸ਼ਨਾਂ ਅਤੇ ਪ੍ਰਾਈਵੇਟ ਸੈਸ਼ਨਾਂ ਦੀਆਂ ਵਿਸ਼ੇਸ਼ਤਾਵਾਂ ਹਨ।

ਇਨ੍ਹਾਂ ਸਾਰੇ ਖਾਤਿਆਂ ਨੂੰ ਬਲਾਕ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਕੀ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਬੱਸ ਆਉਣ ਹੀ ਵਾਲੀ ਹੈ

ਇੱਕ ਵਾਰ ਫਿਰ, ਦੇਸ਼ ਵਿੱਚ ਰੋਜ਼ਾਨਾ ਨਵੇਂ ਕੋਵਿਡ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਿਸਦਾ ਮੁੱਖ ਕਾਰਨ ਓਮੀਕਰੋਨ ਵੇਰੀਐਂਟ ਨੂੰ ਸਮਝਿਆ ਜਾ ਰਿਹਾ ਹੈ।

ਪਿਛਲੇ ਲਗਾਤਾਰ ਦੋ ਦਿਨਾਂ 'ਚ ਆਉਣ ਵਾਲੇ ਕੇਸਾਂ ਦੀ ਗਿਣਤੀ 1,00,000 ਤੋਂ ਉੱਪਰ ਰਹੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਪੀਟੀਆਈ ਦੀ ਇੱਕ ਰਿਪੋਰਟ ਅਨੁਸਾਰ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ), ਮਦਰਾਸ ਨੇ ਅਨੁਮਾਨ ਲਗਾਇਆ ਹੈ ਕਿ 1 ਤੋਂ 15 ਫਰਵਰੀ ਦੇ ਵਿਚਕਾਰ ਵਾਇਰਸ ਦੀ ਤੀਜੀ ਲਹਿਰ ਆਪਣੇ ਸਿਖਰ 'ਤੇ ਪਹੁੰਚ ਸਕਦੀ ਹੈ।

ਆਈਆਈਟੀ ਮਦਰਾਸ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਜੈਅੰਤ ਝਾਅ ਨੇ ਪੀਟੀਆਈ ਨੂੰ ਦੱਸਿਆ, "ਅਧਿਐਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਅਸੀਂ ਜੋ ਉਮੀਦ ਕਰਦੇ ਹਾਂ ਉਹ ਇਹ ਹੈ ਕਿ ਸਿਖਰ 1-15 ਫਰਵਰੀ ਦੇ ਵਿਚਕਾਰ ਹੋਵੇਗਾ ਅਤੇ ਸਾਡਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਪਿਛਲੀਆਂ ਲਹਿਰਾਂ ਦੇ ਮੁਕਾਬਲੇ, ਸਿਖਰ ਵਿੱਚ ਕਾਫੀ ਵਾਧਾ ਹੋਵੇਗਾ।''

ਰਾਸ਼ਟਰੀ ਰਾਜਧਾਨੀ ਵਿੱਚ, ਸ਼ਨੀਵਾਰ ਨੂੰ ਵਾਇਰਸ ਦੀ ਲਾਗ ਲਈ 20,181 ਲੋਕਾਂ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਅਤੇ ਰੋਜ਼ਾਨਾ ਸਕਾਰਾਤਮਕ ਦਰ 19.60 ਫ਼ੀਸਦ ਦਰਜ ਕੀਤੀ ਗਈ।

ਇਸੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਇਕ ਹੋਰ ਸ਼ਹਿਰ ਹੈ ਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਕੇਸ 20,000 ਤੋਂ ਵੱਧ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)