ਪਾਕਿਸਤਾਨ ਤੋਂ VLOG: 1971 ਭਾਰਤ ਪਾਕਿਸਤਾਨ ਯੁੱਧ ਬਾਰੇ ਪਾਕਿਸਤਾਨ ਵਿੱਚ ਕੀ ਨਹੀਂ ਪੜ੍ਹਾਇਆ ਜਾਂਦਾ ਤੇ ਪੰਜਾਬੀਆਂ ਨੇ ਕੀ ਕੀਤਾ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ

ਕਈ ਗੱਲਾਂ ਸੁਣੀਆਂ ਬਚਪਨ ਵਿੱਚ ਸੀ ਪਰ ਉਨ੍ਹਾਂ ਦੇ ਮਤਲਬ ਵੱਡੇ ਹੋ ਕੇ ਸਮਝ ਆਏ।

ਸਾਡੀ ਬੈਠਕ ਵਿੱਚ ਕਿਸੇ ਨਿਕੰਮੇ ਬੰਦੇ ਨੇ ਆਉਣਾ ਤਾਂ ਕਿਸੇ ਨੇ ਨਾਅਰਾ ਲਗਾ ਛੱਡਣਾ "ਉਹ ਆਏ ਜਿੰਨ੍ਹਾਂ ਢਾਕੇ ਬੰਬ ਚਲਾਏ"।

ਅਸੀਂ ਬੱਚਿਆਂ ਨੇ ਸੋਚਣਾ ਕਿ ਇਹ ਬੰਦਾ ਤਾਂ ਪਿੰਡ ਵਿੱਚ ਹੀ ਵਿਹਲਾ ਫਿਰਦਾ ਰਹਿੰਦਾ ਹੈ ਇਹ ਢਾਕੇ ਕਿੱਥੋਂ ਗਿਆ ਤੇ ਇਹਨੇ ਬੰਬ ਕਿਵੇਂ ਚਲਾ ਦਿੱਤੇ?

ਥੋੜ੍ਹੇ ਵੱਡੇ ਹੋਏ ਤਾਂ ਪਤਾ ਲੱਗਾ ਕਿ ਢਾਕਾ ਪਾਕਿਸਤਾਨ ਵਿੱਚ ਹੀ ਹੁੰਦਾ ਸੀ। ਫਿਰ ਸਾਡੇ ਵੈਰੀਆਂ ਨੇ ਸਕੂਤੇ ਢਾਕਾ ਕਰ ਛੱਡਿਆ।

ਫਿਰ ਸਕੂਲੇ ਪੜ੍ਹਨੇ ਪਾਏ ਗਏ। ਉੱਥੇ ਪੜ੍ਹਾਇਆ ਗਿਆ ਕਿ ਸਾਡੇ ਨਾਲ ਇੱਕ ਸਾਹਨਿਆਏ ਪਾਕਿਸਤਾਨ ਹੁੰਦਾ ਸੀ।

ਫਿਰ ਹੋਰ ਵੱਡੇ ਹੋਏ ਮੁਲਕੋਂ ਬਾਹਰ ਗਏ ਅਤੇ ਪਹਿਲੀ ਦਫ਼ਾ ਬੰਗਲਾਦੇਸ਼ੀ ਭੈਣ-ਭਰਾਵਾਂ ਨਾਲ ਗੱਲਬਾਤ ਹੋਈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਤਬੀਅਤ ਸਾਫ਼ ਕਰ ਛੱਡੀ। ਉਨ੍ਹਾਂ ਨੇ ਕਿਹਾ ਕਿਹੜਾ ਸਕੂਤ ਤੇ ਕਿਹੜਾ ਸਾਹਨਿਆਏ।

ਅਸੀਂ ਤਾਂ ਤੁਹਾਡੇ ਨਾਲ ਲੜ ਕੇ ਤੁਹਾਡੇ ਤੋਂ ਜਾਨ ਛੁਡਾਈ ਸੀ ਅਤੇ ਆਪਣੀ ਅਜ਼ਾਦੀ ਲਈ ਸੀ।

ਇਹ ਵੀ ਦੱਸਿਆ ਕਿ ਅਸੀਂ ਆਪਣੇ ਬੱਚੇ ਵੀ ਕੁਹਾਏ, ਤੁਸੀਂ ਸਾਡੇ ਲਿਖਾਰੀਆਂ ਅਤੇ ਉਸਤਾਦਾਂ ਨੂੰ ਚੁਣ-ਚੁਣ ਕੇ ਮਾਰਿਆ।

ਬੰਗਾਲੀਆਂ ਦੀ ਨਸਲ ਬਦਲਣ ਦਾ ਨਾਅਰਾ ਮਾਰ ਕੇ ਲੱਖਾਂ ਔਰਤਾਂ ਦਾ ਰੇਪ ਵੀ ਹੋਇਆ।

ਹੁਣ ਬੰਗਲਾਦੇਸ਼ ਪੰਜਾਹ ਵਰ੍ਹਿਆਂ ਦਾ ਹੋ ਗਿਆ ਹੈ। ਸਾਡੇ ਪਾਕਿਸਤਾਨੀ ਸੇਠਾਂ ਨੇ ਉੱਥੇ ਟੈਕਸ ਫਰੀ ਜ਼ੋਨਾਂ ਵਿੱਚ ਆਪਣੇ ਕਾਰਖਾਨੇ ਵੀ ਲਗਾ ਲਏ ਹਨ।

ਅਸੀਂ ਪਾਕਿਸਤਾਨ ਵਿੱਚ ਪਹਿਲਾਂ ਬੰਗਾਲਦੇਸ਼ ਨਾਮਨਜ਼ੂਰ-ਨਾਮਨਜ਼ੂਰ ਕਹਿੰਦੇ ਹੁੰਦੇ ਸਾਂ। ਹੁਣ ਅਸੀਂ ਉਸ ਨੂੰ ਆਪਣਾ ਬਰਾਦਰ ਇਸਲਾਮੀ ਮੁਲਕ ਮੰਨ ਲਿਆ ਹੈ।

ਲੇਕਿਨ ਇਹ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ ਕਿ ਢਾਕੇ ਬੰਬ ਕੀਹਨੇ ਚਲਾਏ ਸਨ ਤੇ ਕਿਉਂ ਚਲਾਏ ਸਨ।

ਅੱਜ ਤੱਕ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ ਇਹੀ ਪੜ੍ਹਾਈ ਜਾਨੇ ਹਾਂ ਕਿ ਹਿੰਦੁਸਤਾਨੀਆਂ ਨੇ ਸਾਜਿਸ਼ ਕੀਤੀ। ਬੰਗਾਲੀ ਵੀ ਕੁਝ ਕੱਚੇ ਪੱਕੇ ਮੁਸਲਮਾਨ ਸਨ। ਅੰਦਰੋਂ ਗ਼ਦਾਰ ਸਨ। ਅਸੀਂ ਰੱਜੇ ਸਾਂ ਅਤੇ ਉਹ ਭੁੱਖੇ ਸਨ।

'ਭੂਖਾ ਬੰਗਾਲੀ' ਅੱਜ ਵੀ ਉਰਦੂ ਵਿੱਚ ਮੁਹਾਵਰੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

ਕਦੇ ਕਿਸੇ ਨੇ ਇਹ ਨਹੀਂ ਦੱਸਿਆ ਕਿ ਕਮਾਉਂਦੇ ਉਹ ਸਨ ਤੇ ਖਾਂਦੇ ਅਸੀਂ ਸਾਂ।

ਨਾ ਕੋਈ ਉਸਤਾਦ ਜਾਂ ਟੀਵੀ ਚੈਨਲ ਇਹ ਦੱਸਦਾ ਹੈ ਕਿ ਸਾਡਾ ਉੱਥੇ ਬੰਬ ਚਲਾਉਣ ਵਾਲਾ ਇੱਕ ਜਰਨੈਲ ਨਿਆਜ਼ੀ ਸੀ।

ਜਿਹਨੇ ਇੱਕ ਦਿਨ ਕਿਹਾ ਕਿ ਹਿੰਦੁਸਤਾਨੀ ਟੈਂਕ ਮੇਰੇ ਜੁੱਸੇ ਤੋਂ ਲੰਘ ਕੇ ਢਾਕੇ ਵੜੇਗਾ। ਫਿਰ ਅਗਲੇ ਦਿਨ ਹੀ ਪਿਸਤੌਲ ਲਾਹ ਕੇ ਹਿੰਦੁਸਤਾਨੀ ਫ਼ੌਜ ਦੇ ਅੱਗੇ ਲੰਮਾ ਪੈ ਗਿਆ। ਉਹਦੇ ਪਿੱਛੇ ਸਾਡੀ ਵਿਚਾਰੀ ਬਾਕੀ ਫ਼ੌਜ ਦਾ ਵੀ ਇਹੀ ਹਾਲ ਹੋਇਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਸੀਂ ਅਜੇ ਤੱਕ ਇਹੀ ਰੌਲਾ ਪਾਈ ਜਾ ਰਹੇ ਹਾਂ ਕਿ ਸਾਡੀ ਅਵੱਲ ਤੇ ਬੇਜ਼ਤੀ ਹੋਈ ਨਹੀਂ, ਜੇ ਹੋਈ ਤੇ ਥੋੜ੍ਹੀ ਜਿਹੀ ਹੋਈ।

(ਕਿਉਂਕਿ) ਸਾਜਿਸ਼ ਵੱਡੀ ਸੀ। ਹਥਿਆਰ ਸੁੱਟਣ ਵਾਲੇ ਫ਼ੌਜੀ ਨੱਬੇ ਹਜ਼ਾਰ ਨਹੀਂ ਬਸ ਕੋਈ ਵੀਹ-ਤੀਹ ਹਜ਼ਾਰ ਸਨ।

ਰੇਪ ਵੀ ਲੱਖਾਂ ਦੇ ਨਹੀਂ ਹੋਏ। ਬਸ ਐਵੇਂ ਉਹ ਵੀ ਵੀਹ-ਤੀਹ ਹਜ਼ਾਰ ਸਨ।

ਉਸਤਾਦ ਲੋਕ ਮਾਰੇ ਗਏ। ਦਾਨਿਸ਼ਵਰ ਮਾਰੇ ਗਏ। ਉਹਦੇ ਬਾਰੇ ਵੀ ਸਾਡਾ ਰਵੀਆ ਕੁਝ ਇੰਝ ਹੀ ਹੈ ਕਿ 'ਇਸ ਤਰ੍ਹਾਂ ਤੋਂ ਹੋਤਾ ਹੈ। ਇਸ ਤਰ੍ਹਾਂ ਕੇ ਕਾਮੋ ਮੇਂ'।

ਸਾਡੇ ਪੰਜਾਬ ਵਿੱਚ ਬੰਗਲਾਦੇਸ਼ ਦੀ ਅਜ਼ਾਦੀ ਦੀ ਖ਼ਬਰ ਕਾਫ਼ੀ ਪਛੜ ਕੇ ਪਹੁੰਚੀ ਸਗੋਂ ਕਈ ਵਾਰ ਤਾਂ ਲਗਦਾ ਹੈ ਕਿ ਅਜੇ ਵੀ ਨਹੀਂ ਪਹੁੰਚੀ।

ਸਾਨੂੰ ਇਹ ਵੀ ਕੋਈ ਨਹੀਂ ਸਮਝਾਉਂਦਾ ਕਿ ਢਾਕੇ ਵਿੱਚ ਦੋਵਾਂ ਪਾਸਿਓਂ ਪੰਜਾਬੀ ਫ਼ੌਜੀ ਹੀ ਲੜ ਰਹੇ ਸਨ, ਕਮਸਕਮ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ।

ਪਾਕਿਸਤਾਨੀ ਪੰਜਾਬੀ ਬੰਗਲਾਦੇਸ਼ੀਆਂ ਨੂੰ ਹਿੰਦੁਸਤਾਨ ਤੋਂ ਬਚਾਉਣ ਲਈ ਆਏ ਸਨ ਅਤੇ ਹਿੰਦੁਸਤਾਨੀ ਪੰਜਾਬੀ ਉਨ੍ਹਾਂ ਨੂੰ ਸਾਡੇ ਤੋਂ ਬਚਾਉਣ ਲਈ।

ਬੰਗਲਾਦੇਸ਼ੀ ਸਿਆਣੇ ਨਿਕਲੇ। ਉਨ੍ਹਾਂ ਨੇ ਦੋਵਾਂ ਕੋਲੋਂ ਹੀ ਜਾਨ ਛੁਡਾਅ ਲਈ।

ਜਿਹੜੇ ਬੰਬ ਸਾਡੇ ਕੋਲੋਂ ਢਾਕੇ ਨਾ ਚੱਲੇ, ਉਹ ਅਸੀਂ ਲੈਕੇ ਘਰੋ-ਘਰੀਂ ਵਾਪਸ ਆ ਗਏ। ਫਿਰ ਕਦੀ ਕਸ਼ਮੀਰ, ਕਦੇ ਬਲੋਚਿਸਤਾਨ, ਕਦੇ ਫ਼ਾਟਾ, ਜਿੱਥੇ ਦਿਲ ਕਰੇ ਉੱਥੇ ਚਲਾਈ ਰੱਖਦੇ ਹਾਂ।

ਇੱਕ ਪਾਕਿਸਤਾਨੀ ਬਜ਼ੁਰਗ ਨੇ ਸਮਝਾਇਆ ਸੀ ਕਿ ਤੁਹਾਨੂੰ ਪਾਕਿਸਤਾਨੀਆਂ ਅਤੇ ਹਿੰਦੁਸਤਾਨੀਆਂ ਨੂੰ ਅਜ਼ਾਦੀ ਦੀ ਕੋਈ ਕਦਰ ਨਹੀਂ।

(ਕਿਉਂਕਿ) ਤੁਹਾਨੂੰ ਅਜ਼ਾਦੀ ਘਰ ਬੈਠਿਆਂ ਮਿਲ ਗਈਐ ਤੇ ਅਸੀਂ ਇਸ ਲਈ ਕਦਰ ਕਰਦੇ ਹਾਂ ਕਿ ਅਸੀਂ ਲੜ ਕੇ ਲਈ ਹੈ।

ਮੁਹੰਮਦ ਹਨੀਫ਼ ਦੇ ਹੋਰ ਵਲੌਗ ਵੀ ਦੇਖੋ:

ਫਿਰ ਇੱਕ ਬੰਗਲਾਦੇਸ਼ੀ ਮੁੰਡਾ ਵੀ ਸੀ ਜੋ ਮੇਰੇ ਖਹਿੜੇ ਪੈ ਗਿਆ। ਕਹਿਣ ਲੱਗਿਆ ਕਿ ਭਾਈ ਜੇ ਤੁਸੀਂ ਇੱਕ ਵਾਰ ਮਾਫ਼ੀ ਮੰਗ ਲਓਂ ਤਾਂ ਅਸੀਂ ਦੋਵੇਂ ਖ਼ੁਸ਼ੀ-ਖ਼ੁਸ਼ੀ ਰਹਿ ਸਕਦੇ ਹਾਂ।

ਮੈਂ ਹੱਥ ਬੰਨ੍ਹ ਕੇ ਕਿਹਾ ਚੱਲ ਮੁੰਡਿਆ ਮੈਂ ਤਾਂ ਮਾਫ਼ੀ ਮੰਗ ਲੈਂਦਾ ਹਾਂ, ਲੇਕਿਨ ਤੁਸੀਂ ਵੀ ਸਾਡੇ ਕੋਲੋਂ ਥੋੜ੍ਹੀ ਜਿਹੀ ਮਾਫ਼ੀ ਮੰਗੋ।

ਬਈ ਅਜ਼ਾਦੀ ਲੈਣ ਲਈ ਲੜੇ ਸਓ ਤੇ ਫਿਰ ਆਪਣੀ ਅਜ਼ਾਦੀ ਲਈ ਐ ਪਰ ਸਾਨੂੰ ਭਰਾਵਾਂ ਨੂੰ ਪਿੱਛੇ ਕਿਉਂ ਛੱਡ ਗਏ। (ਕਿਉਂਕਿ) ਅਸੀਂ ਤਾਂ ਅੱਜ ਵੀ ਉੱਥੇ ਹੀ ਬੈਠੇ ਹਾਂ ਤੇ ਉਹੀ ਨਾਅਰੇ ਮਾਰ ਰਹੇ ਹਾਂ ਕਿ ਉਹ ਆਏ ਜਿਨ੍ਹਾਂ ਢਾਕੇ ਬੰਬ ਚਲਾਏ।

ਬੰਗਲਾਦੇਸ਼ ਨੂੰ ਅਜ਼ਾਦੀ ਮੁਬਾਰਕ ਅੱਲ੍ਹਾ ਸਾਡੇ ਨਸੀਬ ਵਿੱਚ ਵੀ ਕਰੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)