WHO ਦੀ ਚੇਤਾਵਨੀ- ਕੋਰੋਨਾ ਦੀ ਸੁਨਾਮੀ ਆ ਸਕਦੀ ਹੈ, ਪੰਜਾਬ 'ਚ ਮਿਲਿਆ ਓਮੀਕਰੋਨ ਦਾ ਪਹਿਲਾ ਕੇਸ - ਪ੍ਰੈੱਸ ਰਿਵੀਊ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਵਾਇਰਸ ਦੇ ਓਮੀਕਰੋਨ ਅਤੇ ਡੈਲਟਾ ਰੂਪ ਕੋਵਿਡ-19 ਮਾਮਲਿਆਂ ਦੀ "ਸੁਨਾਮੀ" ਪੈਦਾ ਕਰ ਸਕਦੇ ਹਨ।

ਅਲ ਜਜ਼ੀਰਾ ਦੀ ਖ਼ਬਰ ਮੁਤਾਬਕ, ਡਬਲਿਊਐੱਚਓ ਮੁਖੀ ਨੇ ਕਿਹਾ ਕਿ ਇਸ ਨਾਲ ਪਹਿਲਾਂ ਤੋਂ ਥੱਕੇ ਹੋਏ ਸਿਹਤ ਕਰਮਚਾਰੀਆਂ ਅਤੇ ਸਿਹਤ ਸੰਭਾਲ ਪ੍ਰਣਾਲੀਆਂ 'ਤੇ "ਬਹੁਤ ਜ਼ਿਆਦਾ ਦਬਾਅ" ਪਏਗਾ।

ਪੰਜਾਬ ਵਿੱਚ ਬੁੱਧਵਾਰ ਨੂੰ ਦਸ ਹਫ਼ਤਿਆਂ ਵਿੱਚ ਪਹਿਲੀ ਵਾਰ 100 ਕੋਵਿਡ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਸੂਬੇ ਵਿੱਚ ਓਮੀਕਰੋਨ ਨੇ ਵੀ ਦਸਤਕ ਦੇ ਦਿੱਤੀ ਹੈ।

ਰਿਪੋਰਟਾਂ ਦੇ ਅਨੁਸਾਰ, ਇੱਕ 36 ਸਾਲਾ ਵਿਅਕਤੀ 4 ਦਸੰਬਰ ਨੂੰ ਸਪੇਨ ਤੋਂ ਪੰਜਾਬ ਆਇਆ ਸੀ, 28 ਦਸੰਬਰ ਨੂੰ ਆਏ ਜੀਨੋਮ ਸਿਕਵੇਨਸਿੰਗ ਦੇ ਨਤੀਜੇ ਵਿੱਚ ਉਸਨੂੰ ਵਾਇਰਸ ਦੇ ਓਮੀਕਰੋਨ ਰੂਪ ਨਾਲ ਸੰਕਰਮਿਤ ਪਾਇਆ ਗਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਸਦੇ ਨਾਲ ਹੀ ਸੂਬੇ ਵਿੱਚ ਟੈਸਟਿੰਗ ਵਧਾਉਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਵਿੱਚ ਕੋਵਿਡ-19 ਕੇਸਾਂ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ, "ਅਸੀਂ ਦਿੱਲੀ ਵਿੱਚ ਪੀਲੇ ਅਲਰਟ ਦੇ ਮੱਦੇਨਜ਼ਰ ਸਾਰੀਆਂ ਸਿਹਤ ਸੰਸਥਾਵਾਂ ਨੂੰ ਦੁਬਾਰਾ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਵਿੱਚ ਹੁਣ ਤੱਕ ਇੱਕ ਓਮੀਕਰੋਨ ਕੇਸ ਸਾਹਮਣੇ ਆਇਆ ਹੈ। ਸਾਡਾ ਇੱਥੇ ਪ੍ਰਤੀ ਦਿਨ 40,000 ਟੈਸਟ ਕਰਵਾਉਣ ਦਾ ਟੀਚਾ ਹੈ।"

ਇਹ ਵੀ ਪੜ੍ਹੋ:

ਪੰਜਾਬ ਕਾਂਗਰਸ ਪੈਨਲ ਨੇ 50 ਚੋਣ ਉਮੀਦਵਾਰਾਂ ਦੀ ਸੂਚੀ 'ਕੀਤੀ ਤਿਆਰ'

ਪੰਜਾਬ ਦੀਆਂ ਘੱਟੋ-ਘੱਟ 50 ਸੀਟਾਂ 'ਤੇ ਉਮੀਦਵਾਰਾਂ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ, ਕਾਂਗਰਸ ਹੁਣ ਇੱਕ ਤੋਂ ਵੱਧ ਮਜ਼ਬੂਤ ਦਾਅਵੇਦਾਰਾਂ ਵਾਲੀਆਂ ਸੀਟਾਂ 'ਤੇ ਇਕ ਹੋਰ ਸਰਵੇਖਣ ਕਰੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਸਬੰਧ ਵਿੱਚ ਬੁੱਧਵਾਰ ਦੇਰ ਸ਼ਾਮ ਦਿੱਲੀ ਵਿਖੇ ਏ.ਆਈ.ਸੀ.ਸੀ. ਦੁਆਰਾ ਨਿਯੁਕਤ ਸਕਰੀਨਿੰਗ ਕਮੇਟੀ ਦੁਆਰਾ ਪੰਜਾਬ ਚੋਣਾਂ ਲਈ ਬੈਠਕ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ।

ਅੰਤਿਮ ਸੂਚੀ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਕਮੇਟੀ (ਸੀਈਸੀ) ਵੱਲੋਂ ਜਾਰੀ ਕੀਤੀ ਜਾਵੇਗੀ।

ਇਹ ਬੈਠਕ ਅਜੈ ਮਾਕਨ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਮੌਜੂਦ ਰਹੇ।

ਕਾਂਗਰਸ ਚੋਣ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨਾ ਚਾਹੁੰਦੀ ਹੈ ਤਾਂ ਜੋ ਭਾਜਪਾ ਵੱਲੋਂ ਉਨ੍ਹਾਂ ਦੇ ਪਾਰਟੀ ਆਗੂਆਂ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ।

ਅਕਾਲੀਆਂ ਦੇ ਗੜ੍ਹ ਫਿਰੋਜ਼ਪੁਰ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਫਿਰੋਜ਼ਪੁਰ ਤੋਂ ਸੂਬੇ ਵਿੱਚ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਵਿੱਚ ਇਸ ਸੀਟ ਦੀ ਨੁਮਾਇੰਦਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਦੇ ਨਾਲ ਹੀ ਭਾਜਪਾ ਅਤੇ ਇਸ ਦੇ ਨਵੇਂ ਭਾਈਵਾਲ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਰਾਸ਼ਟਰੀ ਸੁਰੱਖਿਆ ਨੂੰ ਮੁੱਖ ਚੋਣ ਮੁੱਦਾ ਬਣਾ ਸਕਦੇ ਹਨ।

ਇਹੀ ਕਾਰਨ ਹੈ ਕਿ ਚੋਣ ਪ੍ਰਚਾਰ ਦੀ ਸ਼ੁਰੁਆਤ ਲਈ ਭਾਰਤ-ਪਾਕਿਸਤਾਨ ਸਰਹੱਦ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਫਿਰੋਜ਼ਪੁਰ ਨੂੰ ਚੁਣਿਆ ਗਿਆ ਹੈ।

ਸੂਤਰਾਂ ਅਨੁਸਾਰ, ਉਮੀਦ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਵੋਟਰਾਂ ਅਤੇ ਖਾਸ ਤੌਰ 'ਤੇ ਕਿਸਾਨਾਂ ਨੂੰ ਲੁਭਾਉਣ ਲਈ ਮਹੱਤਵਪੂਰਨ ਘੋਸ਼ਣਾਵਾਂ ਵੀ ਕਰਨ।

ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੇ ਕਿਹਾ ਕਿ ''ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕੀਤਾ ਜਾਵੇਗਾ।''

ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)