You’re viewing a text-only version of this website that uses less data. View the main version of the website including all images and videos.
ਸਨੀ ਲਿਓਨੀ ਦੇ ਇਸ ਗਾਣੇ ’ਤੇ ਹੋਇਆ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
ਮਿਊਜ਼ਿਕ ਲੇਬਲ ਸਾਰੇਗਾਮਾ ਨੇ ਸਨੀ ਲਿਓਨੀ ਵਾਲੇ ਆਪਣੇ ਮਿਊਜ਼ਿਕ ਵੀਡੀਓ 'ਮਧੁਬਨ' ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ।
ਇਹ ਕਦਮ ਇਸ ਗਾਣੇ ਬਾਰੇ ਉਠੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਾਰੇਗਾਮਾ ਦਾ ਕਹਿਣਾ ਹੈ, "ਪ੍ਰਤਿਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਦੇਸ਼ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ, ਅਸੀਂ ਮਧੁਬਨ ਗੀਤ ਦਾ ਨਾਮ ਅਤੇ ਬੋਲ ਦੋਵੇਂ ਬਦਲ ਦਿਆਂਗੇ।"
ਸਾਰੇਗਾਮਾ ਨੇ ਕਿਹਾ, "ਤਿੰਨ ਦਿਨਾਂ ਦੇ ਅੰਦਰ ਸਾਰੇ ਪਲੇਟਫਾਰਮਸ 'ਤੇ ਪੁਰਾਣੇ ਗਾਣੇ ਦੀ ਥਾਂ ਨਵਾਂ ਗਾਣਾ ਹੋਵੇਗਾ।"
ਦਰਅਸਲ 4 ਦਿਨਾਂ ਪਹਿਲਾਂ ਸਾਰੇਗਾਮਾ ਮਿਊਜ਼ਿਕ ਲੇਬਲ ਨੇ ‘ਮਧੁਬਨ’ ਗਾਣਾ ਰਿਲੀਜ਼ ਕੀਤਾ ਸੀ। ਇਸ ਗਾਣੇ ਵਿੱਚ 1960 ਵਿੱਚ ਆਈ ਫਿਲਮ ਕੋਹਿਨੂਰ ਵਿੱਚ ਮੁਹੰਮਦ ਰਫ਼ੀ ਵੱਲੋਂ ਗਾਏ ਗਾਣੇ 'ਮਧੁਬਨ ਮੇਂ ਰਾਧਿਕਾ ਨਾਚੇ ਰੇ' ਦੇ ਕੁਝ ਬੋਲ ਸਨ।
ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨਰੋਤਮ ਮਿਸ਼ਰਾ ਨੇ ਅਦਾਕਾਰਾ ਸਨੀ ਲਿਓਨੀ ਅਤੇ ਗਾਣੇ ਦੇ ਗਾਇਕ ਨੂੰ ਚਿਤਾਵਨੀ ਦਿੰਦਿਆਂ ਹੋਇਆ ਕਿਹਾ ਸੀ ਉਹ ਵੀਡੀਓ ਲਈ ਮੁਆਫ਼ੀ ਮੰਗਣ ਅਤੇ ਤਿੰਨ ਦਿਨਾਂ ਦੇ ਅੰਦਰ ਵੀਡੀਓ ਹਟਾਉਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ।
ਮਿਸ਼ਰਾ ਨੇ ਕਿਹਾ, "ਕੁਝ ਗ਼ੈਰ-ਧਰਮੀ ਲਗਾਤਾਰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਅਜਿਹਾ ਹੀ ਇੱਕ ਵੀਡੀਓ 'ਮਧੁਬਨ ਮੇਂ ਰਾਧਿਕਾ ਨਾਚੇ' ਨਿੰਦਣਯੋਗ ਯਤਨ ਹੈ।"
"ਮੈਂ ਸਨੀ ਲਿਓਨੀ, ਸ਼ਾਰਿਬ ਅਤੇ ਤੋਸ਼ੀ ਜੀ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਸਮਝ ਜਾਣ। ਜੇ ਉਨ੍ਹਾਂ ਨੇ ਤਿੰਨ ਦਿਨਾਂ ਅੰਦਰ ਗਾਣਾ ਹਟਾ ਕੇ ਮੁਆਫ਼ੀ ਨਹੀਂ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।"
ਇਸ ਤੋਂ ਪਹਿਲਾਂ ਨਰੋਤਮ ਮਿਸ਼ਰਾ ਦੀ ਚਿਤਾਵਨੀ ਤੋਂ ਬਾਅਦ ਡਿਜ਼ਾਈਨਰ ਸਭਿਆਸਾਚੀ ਮੁਖਰਜੀ ਨੇ ਆਪਣਾ ਮੰਗਲਸੂਤਰ ਵਾਲਾ ਇਸ਼ਤਿਹਾਰ ਵਾਪਸ ਲੈ ਲਿਆ ਸੀ।
ਪੁਤਲੇ ਸਾੜਨ ਦੀ ਕੀਤੀ ਕੋਸ਼ਿਸ਼
ਖ਼ਬਰ ਏਜੰਸੀ ਮੁਤਾਬਕ, ਦੋ ਹਿੰਦੂ ਸੱਜੇਪੱਖੀ ਸਮੂਹਾਂ ਨੇ ਸਨੀ ਲਿਓਨੀ ਦੇ ਪੁਤਲੇ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ 'ਇਤਰਾਜ਼ਯੋਗ ਡਾਂਸ' ਹੈ ਅਤੇ ਉਨ੍ਹਾਂ ਦੀਆਂ ਧਾਰਮਿਕ ਭਵਾਨਾਵਾਂ ਨੂੰ ਠੇਸ ਪਹੁੰਚੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ 'ਸ਼੍ਰੀਕ੍ਰਿਸ਼ਨ ਸੈਨਾ ਸੰਗਠਨ' ਅਤੇ 'ਯੁਵਾ ਬ੍ਰਾਹਮਣ ਮਹਾਸਭਾ' ਨਾਲ ਸਬੰਧਤ ਕਾਰਕੁਨਾਂ ਨੂੰ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਆਪਣੀ ਕਾਰਵਾਈ ਰੋਕ ਦਿੱਤੀ ਹੈ।
ਵਰਿੰਦਾਵਨ ਦੇ ਐੱਸਐੱਚਓ ਅਜੈ ਕੌਸ਼ਲ ਨੇ ਕਿਹਾ, "ਸਰਵੇਲੈਂਸ ਸੈੱਲ ਨੂੰ ਗੀਤ ਵਿੱਚ ਅਸ਼ਲੀਲ ਡਾਂਸ ਸੀਨ ਨੂੰ ਰੋਕਣ ਲਈ ਬੇਨਤੀ ਕੀਤੀ ਗਈ ਹੈ।"
ਹਾਲਾਂਕਿ, ਪੁਲਿਸ ਮੁਤਾਬਕ ਐਤਵਾਰ ਸ਼ਾਮ ਤੱਕ ਇਸ ਸਬੰਧੀ ਕੋਈ ਐੱਫਆਈਆਰ ਦਰਜ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: