ਓਮੀਕਰੋਨ ਦਾ ਇੱਕ ਪੱਕਾ ਲੱਛਣ ਕੀ ਹੈ ਤੇ ਕਿਹੜੀ ਨਵੀਂ ਵੈਕਸੀਨ ਨੂੰ ਮਿਲੀ WHO ਤੋਂ ਮਾਨਤਾ - ਪ੍ਰੈੱਸ ਰਿਵੀਊ

ਕੋਵਿਡ-19 ਦੇ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਗੱਲਾਂ ਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਲੰਦਨ ਵਿੱਚ ਆਏ ਇਸ ਲਾਗ ਦੇ ਮਾਮਲਿਆਂ ਦੀ ਸ਼ੁਰੂਆਤੀ ਜਾਂਚ 'ਚ ਓਮੀਕਰੋਨ ਦੇ ਇੱਕ ਲੱਛਣ ਦੀ ਪੁਸ਼ਟੀ ਹੋਈ ਹੈ।

ਦਿ ਮਿਰਰ ਦੀ ਇੱਕ ਖ਼ਬਰ ਦੇ ਅਨੁਸਾਰ, ZOE ਕੋਵਿਡ ਅਧਿਐਨ ਵਿੱਚ ਪਾਇਆ ਗਿਆ ਕਿ 'ਵਗਦਾ ਨੱਕ' ਓਮੀਕਰੋਨ ਦਾ ਇੱਕ ਪ੍ਰਮੁੱਖ ਲੱਛਣ ਹੈ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਗਦੇ ਨੱਕ ਦੇ ਨਾਲ-ਨਾਲ ਸਿਰ ਦਰਦ ਅਤੇ ਗਲਾ ਦਰਦ, ਆਦਿ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ।

ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੀ ਨਵੀਂ ਵੈਕਸੀਨ ਕੋਵੋਵੈਕਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਕੋਵਿਡ ਲਈ ਮਾਨਤਾ ਪ੍ਰਾਪਤ ਟੀਕਿਆਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ।

ਇਸ ਨਵੀਂ ਵੈਕਸੀਨ ਦਾ ਨਾਮ ਕੋਵੋਵੈਕਸ ਟੀਐਮ ਹੈ ਅਤੇ ਇਸਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਬਣਾਇਆ ਗਿਆ ਹੈ। ਕੋਵੋਵੈਕਸ ਨੂੰ ਮਾਨਤਾ ਦੇਣ ਨਾਲ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਵਧੇਰੇ ਲੋਕਾਂ ਦੀਆਂ ਵੈਕਸੀਨ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਡਬਲਯੂ.ਐੱਚ.ਓ. ਵੱਲੋਂ ਕਿਹਾ ਗਿਆ ਕਿ, "ਇਸ ਲਿਸਟਿੰਗ ਦਾ ਉਦੇਸ਼ ਖਾਸ ਕਰਕੇ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਵੈਕਸੀਨ ਦੀ ਪਹੁੰਚ ਨੂੰ ਵਧਾਉਣਾ ਹੈ, ਜਿਨ੍ਹਾਂ ਵਿੱਚੋਂ 41 ਦੇਸ਼ਾਂ ਨੇ ਹੁਣ ਤੱਕ 10 ਫੀਸਦੀ ਤੋਂ ਵੀ ਘੱਟ ਆਬਾਦੀ ਨੂੰ ਟੀਕਾ ਲਗਾਇਆ ਹੈ, ਜਦਕਿ 98 ਹੋਰ ਦੇਸ਼ਾਂ ਵਿੱਚ ਟੀਕਾ ਲਗਾਉਣ ਦੀ ਦਰ 40 ਫੀਸਦੀ ਤੱਕ ਵੀ ਨਹੀਂ ਪਹੁੰਚੀ ਹੈ।''

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ WHO ਤੋਂ ਮਿਲੀ ਮਾਨਤਾ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਅਤੇ ਲਿਖਿਆ, "ਕੋਵਿਡ-19 ਦੇ ਖਿਲਾਫ ਸਾਡੀ ਲੜਾਈ ਵਿੱਚ ਇੱਕ ਹੋਰ ਮੀਲ ਦਾ ਪੱਥਰ। ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ।"

ਇਹ ਵੀ ਪੜ੍ਹੋ:

ਅਮਰੀਕੀ ਰਿਪੋਰਟ ਅਨੁਸਾਰ ISIS 'ਚ ਭਾਰਤੀ ਮੂਲ ਦੇ 66 ਜਾਣੇ-ਪਛਾਣੇ ਲੜਾਕੇ ਹਨ ਸ਼ਾਮਲ

ਅਮਰੀਕਾ ਦੀ ਇੱਕ ਰਿਪੋਰਟ ਵਿੱਚ ਆਈਐੱਸਆਈਐੱਸ ਲੜਾਕਿਆਂ ਬਾਰੇ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਸ ਅੱਤਵਾਦੀ ਸਮੂਹ ਵਿੱਚ 66 ਲੜਾਕੇ ਭਾਰਤੀ ਮੂਲ ਦੇ ਹਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਿਪੋਰਟ ਵਿੱਚ ਭਾਰਤ ਦੇ ਅੱਤਵਾਦੀ ਵਿਰੋਧੀ ਬਲਾਂ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਤਾਕਤਾਂ ਦਾ ਸਰਗਰਮੀ ਨਾਲ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਜਾਰੀ ਕੀਤੀਆਂ 2020 ਕੰਟਰੀ ਰਿਪੋਰਟਾਂ ਵਿੱਚ ਅੱਤਵਾਦ 'ਤੇ ਕਿਹਾ ਕਿ ਭਾਰਤ ਯੂਐੱਸ ਸਿਕਿਓਰਿਟੀ ਕਾਊਂਸਿਲ ਰੈਜ਼ੋਲਿਓਸ਼ਨ 2309 ਨੂੰ ਲਾਗੂ ਕਰਨ ਲਈ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਕਰਦਾ ਹੈ ਅਤੇ ਕਾਰਗੋ ਸਕ੍ਰੀਨਿੰਗ ਲਈ ਹਵਾਈ ਅੱਡਿਆ 'ਤੇ ਦੋਹਰੀ-ਸਕ੍ਰੀਨ ਐਕਸ-ਰੇ ਵਾਲੇ ਆਦੇਸ਼ ਦੀ ਪਾਲਣਾ ਨੂੰ ਲਾਗੂ ਕਰ ਰਿਹਾ ਹੈ।

UNSCR 2309, ਸਰਕਾਰਾਂ ਨੂੰ ਹਵਾਈ ਯਾਤਰਾ ਦੌਰਾਨ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਭਾਰਤ ਅੱਤਵਾਦ ਦੀ ਜਾਂਚ ਨਾਲ ਸਬੰਧਤ ਜਾਣਕਾਰੀ ਲਈ ਅਮਰੀਕੀ ਬੇਨਤੀਆਂ ਦਾ ਸਮੇਂ ਸਿਰ ਜਵਾਬ ਦਿੰਦਾ ਹੈ ਅਤੇ ਅਮਰੀਕੀ ਜਾਣਕਾਰੀ ਦੇ ਜਵਾਬ ਵਿੱਚ ਖਤਰਿਆਂ ਨੂੰ ਘੱਟ ਕਰਨ ਲਈ ਯਤਨ ਕਰਦਾ ਹੈ।''

ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਅਧਿਕਾਰੀ ਅੱਤਵਾਦੀ ਭਰਤੀ, ਕੱਟੜਪੰਥੀ ਹਿੰਸਾ ਦੇ ਨਾਲ-ਨਾਲ ਧਾਰਮਿਕ ਤਣਾਅ ਨੂੰ ਭੜਕਾਉਣ ਲਈ ਇੰਟਰਨੈਟ ਦੀ ਵਰਤੋਂ ਬਾਰੇ ਸਾਵਧਾਨ ਰਹਿੰਦੇ ਹਨ।

ਔਰਬਿਟ ਏਵੀਏਸ਼ਨ ਬੱਸ ਪਰਮਿਟਾਂ 'ਤੇ ਸੁਪਰੀਮ ਕੋਰਟ ਨੇ ਕੀ ਕਿਹਾ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਬੱਸ ਪਰਮਿਟ ਰੱਦ ਕਰਨ 'ਤੇ ਰੋਕ ਲਗਾਉਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਲਕੀਅਤ ਵਾਲੀ ਮੰਨਿਆ।

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਅਦਾਲਤਾਂ ਵਿੱਚ ਸਿਆਸੀ ਲੜਾਈਆਂ ਨਾ ਲੜੋ।''

ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਬੱਸ ਪਰਮਿਟ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਸੀ।

ਹਾਈ ਕੋਰਟ ਨੇ ਪੰਜਾਬ, ਸੂਬੇ ਦੇ ਟਰਾਂਸਪੋਰਟ ਕਮਿਸ਼ਨਰ ਅਤੇ ਖੇਤਰੀ ਟਰਾਂਸਪੋਰਟ ਅਥਾਰਟੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਔਰਬਿਟ ਐਵੀਏਸ਼ਨ ਦੀਆਂ ਬੱਸਾਂ ਨੂੰ ਤੁਰੰਤ ਚਾਲੂ ਕਰਨ।

ਪੰਜਾਬ ਸਰਕਾਰ ਵੱਲੋਂ, ਐਡਵੋਕੇਟ ਜਨਰਲ ਡੀ.ਐਸ. ਪਟਵਾਲੀਆ ਨੇ ਦਲੀਲ ਦਿੱਤੀ ਸੀ ਕਿ ਸੂਬੇ ਕੋਲ ਕਈ ਨੋਟਿਸਾਂ ਦੇ ਬਾਵਜੂਦ ਰੋਡ ਟੈਕਸ ਦੇ ਬਕਾਏ ਦਾ ਭੁਗਤਾਨ ਨਾ ਕਰਨ 'ਤੇ ਬੱਸ ਪਰਮਿਟ ਰੱਦ ਕਰਨ ਦਾ ਅਧਿਕਾਰ ਹੈ।

ਬੈਂਚ ਨੇ ਸਰਕਾਰ ਨੂੰ ਪੁੱਛਿਆ ਕਿ "ਹੁਣ ਜਦੋਂ ਉਨ੍ਹਾਂ ਨੇ ਭੁਗਤਾਨ ਕਰ ਦਿੱਤਾ ਹੈ... ਤੁਸੀਂ ਪਰਮਿਟ ਰੱਦ ਕਿਉਂ ਕਰਨਾ ਚਾਹੁੰਦੇ ਹੋ?"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)