You’re viewing a text-only version of this website that uses less data. View the main version of the website including all images and videos.
ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਇਹ ਮਕਸਦ ਦੱਸਿਆ
ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੁਣ ਦਾ ਮਕਸਦ ਰਵਾਇਤੀ ਹਿੰਦੂ-ਸਿੱਖ ਏਕਤਾ ਨੂੰ ਮੁੜ ਬਹਾਲ ਕਰਾਉਣਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਨ੍ਹਾਂ ਨੇ ਇਸ ਫ਼ੈਸਲੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ।
ਉਸ ਅਸਤੀਫ਼ੇ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਨਵੀਂ ਬਣ ਰਹੀ ਕਮੇਟੀ ਵਿੱਚ ਕਿਸੇ ਵੀ ਅਹੁਦੇ ਉੱਪਰ ਕੰਮ ਨਹੀਂ ਕਰਨਗੇ।
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਸਤੀਫ਼ੇ ਦੀ ਕਾਪੀ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ।
ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ ਡੀਐਸਜੀਐਮਸੀ ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ।”
ਉਨ੍ਹਾਂ ਨੇ ਕਿਹਾ, “ਆਪਣੇ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਮੇਰੀ ਵਚਨਬਧਤਾ ਜਿਉਂਦੀ ਤਿਉਂ ਕਾਇਮ ਰਹੇਗੀ।”
ਦੇਸ਼ ਦੇ ਸਿੱਖਾਂ ਦੇ ਮੁੱਦੇ ਹੱਲ ਹੋਣ ਨੂੰ ਪਏ - ਸਿਰਸਾ
ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ, “ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਜਿੱਥੇ ਵੀ ਦੇਸ਼, ਮਨੁੱਖਤਾ ਭਾਈਚਾਰੇ ਨੂੰ ਲੋੜ ਪਈ ਸੇਵਾ ਕੀਤੀ।ਜਿੱਥੇ ਵੀ ਲੋੜ ਪਈ ਆਪਣੇ ਲੋਕਾਂ ਦੀ ਅਵਾਜ਼ ਚੁੱਕੀ।”
“ਲੋਕਾਂ ਨੇ ਮੈਨੂੰ ਦੋ ਵਾਰ ਦਿੱਲੀ ਦਾ ਵਿਧਾਨ ਸਭਾ ਮੈਂਬਰ ਅਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਾਇਆ। ਕੋਰੋਨਾ ਦੌਰਾਨ ਕਮੇਟੀ ਦੇ ਕੰਮ ਦੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪ੍ਰਸ਼ੰਸਾ ਕੀਤੀ ਸੀ।”
“ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖਾਂ ਦੇ ਮੁੱਦੇ ਹੱਲ ਹੋਣ ਵਾਲੇ ਪਏ ਹਨ। ਇਸ ਵਿੱਚ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਉਸ ਸਰਕਾਰ ਦੀ ਜੋ ਇਹ ਮਸਲੇ ਹੱਲ ਕਰੇ।”
ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਮੈਨੂੰ ਸਿੱਖ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਸ਼ਿਲਾਂਗ ਦੇ ਡਾਂਗ ਮਾਰ ਗੁਰਦੁਆਰੇ ਦਾ ਸਮਲਾ, ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਦਾ ਸਮਲਿਆਂ ਸਮੇਤ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਾਂਗਾ। ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ।”
ਇਹ ਵੀ ਪੜ੍ਹੋ:
ਮਨਜਿੰਦਰ ਸਿੰਘ ਸਿਰਸਾ ਦਾ ਸਿਆਸੀ ਜੀਵਨ
- ਮਨਜਿੰਦਰ ਸਿੰਘ ਸਿਰਸਾ ਦਾ ਜਨਮ ਫਰਵਰੀ 1972 ਨੂੰ ਹਰਿਆਣਾ ਦੇ ਸਿਰਸਾ ਵਿੱਚ ਜਸਬੀਰ ਸਿੰਘ ਦੇ ਘਰ ਵਿੱਚ ਹੋਇਆ।
- ਉਨ੍ਹਾਂ ਨੇ ਬੀਏ (ਆਨਰ) ਦੂਜੇ ਸਾਲ ਤੱਕ ਕਾਲਜ ਦੀ ਪੜ੍ਹਾਈ ਕੀਤੀ ਹੈ।
- ਦਿੱਲੀ ਵਿਧਾਨ ਸਭਾ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਨੇ ਆਪਣਾ ਪੇਸ਼ਾ ਇੱਕ ਕਾਰੋਬਾਰੀ ਹੋਣਾ ਦੱਸਿਆ ਹੈ।
- ਪਹਿਲੀ ਚੋਣਾਂ ਸਾਲ 2007 ਵਿੱਚ ਉਨ੍ਹਾਂ ਨੇ ਐਮਸੀਡੀ ਲਈ ਲੜੀਆਂ ਅਤੇ ਕਾਊਂਸਲਰ ਚੁਣੇ ਗਏ।
- ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਵਿੱਚ ਰਹਿੰਦਿਆਂ ਭਾਜਪਾ ਦੇ ਚੋਣ ਨਿਸ਼ਾਨ 'ਤੇ ਸਾਲ 2017 ਵਿੱਚ ਚੋਣ ਲੜ ਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ।
- ਮੌਜੂਦਾ ਸਮੇਂ ਵਿੱਚ ਵੀ ਉਹ ਰਾਜੌਰੀ ਗਾਰਡਨ ਤੋਂ ਹੀ ਦਿੱਲੀ ਵਿਧਾਨ ਸਭਾ ਦੇ ਮੈਂਬਰ ਹਨ।
- ਬੁੱਧਵਾਰ ਨੂੰ ਅਸਤੀਫ਼ਾ ਦੇਣ ਤੋਂ ਪਹਿਲਾਂ ਪਹਿਲੀ ਵਾਰ 2013 ਵਿੱਚ ਅਤੇ ਫਿਰ 2017 ਤੋਂ ਹੁਣ ਤੱਕ ਉਹ ਦਿੱਲੀ ਕਮੇਟੀ ਦੇ ਦੋ ਵਾਰ ਪ੍ਰਧਾਨ ਰਹੇ ਹਨ।
- ਪ੍ਰਧਾਨ ਬਣਨ ਤੋਂ ਪਹਿਲਾਂ ਉਹ ਇਸੇ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਉੱਪਰ ਵੀ ਰਹੇ।
- 22 ਅਗਸਤ, 2021 ਨੂੰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਉਹ ਹਾਰ ਗਏ।
- ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸ਼੍ਰਮੋਣੀ ਕਮੇਟੀ ਦੇ ਨਾਮਜ਼ਦ ਉਮੀਦਵਾਰ ਵਜੋਂ ਦਿੱਲੀ ਕਮੇਟੀ ਦੇ ਮੈਂਬਰ ਹੋਣਗੇ
- ਹਾਲਾਂਕਿ ਗੁਰਦੁਆਰਾ ਚੋਣਾਂ ਦੇ ਨਿਰਦੇਸ਼ਕ ਦੇ ਫ਼ੈਸਲੇ ਮੁਤਾਬਕ ਉਨ੍ਹਾਂ ਨੂੰ ਪੰਜਾਬੀ ਅਤੇ ਗੁਰਬਾਣੀ ਨਾ ਪੜ੍ਹ ਸਕਣ ਕਾਰਨ ਡੀਐੱਸਜੀਐੱਮਸੀ ਦੀ ਮੈਂਬਰੀ ਲਈ ਅਯੋਗ ਕਰਾਰ ਦੇ ਦਿੱਤਾ ਗਿਆ।
- ਸਿਰਸਾ ਨੇ ਚੋਣ ਨਿਰਦੇਸ਼ਕ ਦੇ ਉਪਰੋਕਤ ਫ਼ੈਸਲੇ ਖ਼ਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ।
- ਹਾਲਾਂਕਿ ਬੁੱਧਵਾਰ ਨੂੰ ਦਿੱਤੇ ਡੀਐੱਸਜੀਐੱਮਸੀ ਦੀ ਮੈਂਬਰੀ ਤੋਂ ਦਿੱਤੇ ਅਸਤੀਫ਼ੇ ਵਿੱਚ ਉਹ ਕਹਿ ਚੁੱਕੇ ਹਨ ਕਿ ਉਹ ਨਵੀਂ ਕਮੇਟੀ ਵਿੱਚ ਕਿਸੇ ਵੀ ਹੈਸੀਅਤ ਵਿੱਚ ਸ਼ਾਮਲ ਨਹੀਂ ਹੋਣਗੇ।
- ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਹ ਕਈ ਸਿੱਖ ਮਸਲਿਆਂ ਬਾਰੇ ਬੋਲਣ ਕਰਕੇ ਸੁਰਖੀਆਂ ਵਿੱਚ ਰਹੇ ਹਨ।
'ਕੇਂਦਰ ਇੰਦਰਾ ਗਾਂਧੀ ਦੀ ਨੀਤੀ ਨਾਲ ਸਫ਼ਲ ਨਹੀਂ ਹੋ ਸਕਦਾ'
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ਼ ਦਲਜੀਤ ਸਿੰਘ ਚੀਮਾ ਨੇ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ
"ਕੇਂਦਰ ਦੀ ਭਾਜਪਾ ਸਰਕਾਰ ਨੇ ਘਟੀਆ ਰਾਜਨੀਤੀ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਉੱਪਰ ਦਬਾਅ ਪਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੈ।"
ਉਨ੍ਹਾਂ ਨੇ ਕਿਹਾ ਕਿ ਇਹ "ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਹੈ ਅਤੇ ਖ਼ਾਲਸਾ ਪੰਥ ਉੱਪਰ ਵੱਡਾ ਹਮਲਾ ਹੈ"।
ਉਨ੍ਹਾਂ ਨੇ ਭਾਜਪਾ ਦੇ ਇਸ ਕਦਮ ਨੂੰ "ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਕੰਟਰੋਲ ਕਰਨ ਦੀ ਕੇਂਦਰ ਦੀ ਪੁਰਾਣੀ ਨੀਤੀ ਦਾ ਹਿੱਸਾ" ਵੀ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇੱਕ ਸਾਜਿਸ਼ ਤਹਿਤ ਦਿੱਲੀ ਕਮੇਟੀ ਦੇ ਗਿਆਰਾਂ ਮੈਂਬਰਾ ਉੱਪਰ ਅਤੇ ਸਿਰਸਾ ਅਤੇ ਕਾਲਕਾ ਜੀ ਉੱਪਰ ਕੇਸ ਦਰਜ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ "ਅਫ਼ਸੋਸ ਹੈ ਕਿ ਸਿਰਸਾ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਲੜਨ ਦੀ ਥਾਵੇਂ ਦਬਾਅ ਮੰਨਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਦ ਕਿ ਹਰਮੀਤ ਸਿੰਘ ਕਾਲਕਾ ਅਜੇ ਵੀ ਚਟਾਨ ਵਾਂਗ ਖੜ੍ਹੇ ਹਨ"।
ਉਨ੍ਹਾਂ ਨੇ ਕਿਹਾ,"ਕੇਂਦਰ ਸਰਕਾਰ ਇੰਦਰਾ ਗਾਂਧੀ ਦੀ ਨੀਤੀ ਨਾਲ ਕਾਮਯਾਬ ਨਹੀਂ ਹੋ ਸਕਦੀ ਅਤੇ ਇਹ ਗੈਰ-ਲੋਕਤੰਤਰੀ ਹੈ"।
ਇਹ ਵੀ ਪੜ੍ਹੋ:
ਇਹ ਵੀ ਦੇਖੋ: