ਯੂਪੀ ਵਿੱਚ ਪੁਲਿਸ ਹਿਰਾਸਤ ਵਿੱਚ ਮੁਸਲਮਾਨ ਨੌਜਵਾਨ ਦੀ ਮੌਤ ਦਾ ਕੀ ਹੈ ਮਾਮਲਾ

ਤਸਵੀਰ ਸਰੋਤ, FAISAL AKHTAR
- ਲੇਖਕ, ਦਿਲਨਾਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਇੱਕ ਪੁਲਿਸ ਥਾਣੇ ਵਿੱਚ 22 ਸਾਲਾ ਮੁਸਲਮਾਨ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਮਿਲੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਨਾਬਾਲਿਗ ਕੁੜੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਸੱਦੇ ਗਏ ਨੌਜਵਾਨ ਅਲਤਾਫ਼ ਨੇ ਥਾਣੇ ਵਿੱਚ ਹੀ ਬਣੇ ਪਖਾਨੇ ਵਿੱਚ ਖ਼ੁਦਕੁਸ਼ੀ ਕਰ ਲਈ ਹੈ।
ਜਦਕਿ ਮਰਹੂਮ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਉੱਪਰ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।
ਕਾਸਗੰਜ ਪੁਲਿਸ ਸੁਪਰੀਟੈਂਡੈਂਟ ਰੋਹਨ ਪ੍ਰਮੋਦ ਬੋਤ੍ਰੇ ਨੇ ਬੀਬੀਸੀ ਨੂੰ ਦੱਸਿਆ, ''ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਹੈਂਗਿੰਗ ਜਾਣੀ ਕਿ ਲਟਕਣਾ ਦੱਸੀ ਗਈ ਹੈ। ਨੌਜਵਾਨ ਨੇ ਆਪਣੀ ਜੈਕਟ ਵਿੱਚ ਲੱਗੀ ਡੋਰੀ ਨਾਲ ਬਾਥਰੂਮ ਵਿੱਚ ਗਲਾ ਘੁੱਟ ਕੇ ਖ਼ੁਦਕੁਸ਼ੀ ਕੀਤੀ ਹੈ।''
ਪੁਲਿਸ ਸੁਪਰੀਟੈਂਡੈਂਟ ਦੇ ਮੁਤਾਬਕ ਇੱਕ ਨਾਬਾਲਗ ਕੁੜੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਅਲਤਾਫ਼ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਮੰਗਲਵਾਰ ਨੂੰ ਸਵੇਰੇ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਲਾਪ੍ਰਵਾਹੀ ਦੇ ਇਲਜ਼ਾਮ ਵਿੱਚ ਸਦਰ ਕੋਤਵਾਲੀ ਦੇ ਐਸਐਚਓ ਵੀਰੇਂਦਰ ਸਿੰਘ ਸਮੇਤ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, KASGANJ POLICE
ਅਲਤਾਫ਼ ਘਰਾਂ ਵਿੱਚ ਟਾਇਲਾਂ ਲਗਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਚਾਂਦ ਮੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸੋਮਵਾਰ ਸ਼ਾਮ ਨੂੰ ਪੁਲਿਸ ਨੂੰ ਸੌਂਪਿਆ ਸੀ।
ਚਾਂਦ ਮੀਆਂ ਕਹਿੰਦੇ ਹਨ,'' ਪੁਲਿਸ ਨੇ ਮੈਨੂੰ ਦੱਸਿਆ ਸੀ ਕਿ ਇੱਕ ਮਾਮਲੇ ਦੇ ਸੰਬੰਧ ਵਿੱਚ ਮੇਰਾ ਪੁੱਤਰ ਲੋੜੀਂਦਾ ਹੈ ਅਤੇ ਉਸ ਤੋਂ ਪੁੱਛਗਿੱਛ ਕਰਨੀ ਹੈ। ਮੈਂ ਆਪਣੇ ਘਰੋਂ ਆਪਣੇ ਬੱਚੇ ਨੂੰ ਆਪ ਆਪਣੇ ਹੱਥਾਂ ਨਾਲ ਪੁਲਿਸ ਦੇ ਹਵਾਲੇ ਕੀਤਾ ਹੈ।"
"ਜਦੋਂ ਮੈਂ ਥਾਣੇ ਗਿਆ ਤਾਂ ਮੈਨੂੰ ਉੱਥੋਂ ਭਜਾ ਦਿੱਤਾ ਗਿਆ। ਇਸ ਤੋਂ 24 ਘੰਟਿਆਂ ਬਾਅਦ ਪੁਲਿਸ ਨੇ ਮੈਨੂੰ ਦੱਸਿਆ ਕਿ ਮੇਰੇ ਪੁੱਤਰ ਨੇ ਫ਼ਾਂਸੀ ਲਗਾ ਲਈ ਹੈ। ਮੈਂ ਆਪਣਾ ਬੇਟਾ ਪੁਲਿਸ ਨੂੰ ਦਿੱਤਾ ਸੀ, ਮੈਨੂੰ ਲਗਦਾ ਹੈ ਕਿ ਉਸ ਨੂੰ ਪੁਲਿਸ ਨੇ ਹੀ ਮਾਰਿਆ ਹੈ।''
ਇਹ ਵੀ ਪੜ੍ਹੋ:
ਪੁਲਿਸ ਅਤੇ ਮਰਹੂਮ ਅਲਤਾਫ਼ ਦੇ ਪਿਤਾ ਦੇ ਬਿਆਨ ਵਿੱਚ ਫ਼ਰਕ ਹੈ। ਪੁਲਿਸ ਸੁਪਰੀਟੈਂਡੈਂਟ ਦਾ ਕਹਿਣਾ ਹੈ ਕਿ ਅਲਤਾਫ਼ ਨੂੰ ਪੁੱਛਗਿੱਛ ਲਈ ਮੰਗਲਵਾਰ ਸਵੇਰੇ ਬੁਲਾਇਆ ਗਿਆ ਤੇ ਕੁਝ ਦੇਰ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ। ਜਦਕਿ ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸੋਮਵਾਰ ਸ਼ਾਮ ਨੂੰ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ।
ਕੀ ਪੁਲਿਸ ਨੇ ਅਲਤਾਫ਼ ਨਾਲ ਕੁੱਟਮਾਰ ਕੀਤੀ ਸੀ ਜਾਂ ਉਸ ਨੂੰ ਟਾਰਚਰ ਕੀਤਾ ਗਿਆ?
ਇਸ ਸਵਾਲ ਬਾਰੇ ਪੁਲਿਸ ਸੁਪਰੀਟੈਂਡੈਂਟ ਪ੍ਰਮੋਦ ਬੋਤ੍ਰੇ ਦਾ ਕਹਿਣਾ ਸੀ, "ਅਲਤਾਫ਼ ਨੂੰ ਹਵਾਲਾਤ ਵਿੱਚ ਵੀ ਨਹੀਂ ਰੱਖਿਆ ਗਿਆ ਸੀ। ਉਸ ਨੂੰ ਥਾਣੇ ਦੇ ਬਾਹਰ ਹੀ ਬਿਠਾਇਆ ਗਿਆ ਸੀ।"
"ਪੁੱਛਗਿੱਤ ਲਈ ਬੁਲਾਏ ਜਾਣ ਤੋਂ 15-20 ਮਿੰਟ ਦੇ ਅੰਦਰ ਹੀ ਉਹ ਪਖਾਨੇ ਗਿਆ ਅਤੇ ਉੱਥੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਉੱਪਰ ਕੁੱਟਮਾਰ ਦੇ ਇਲਜ਼ਾਮ ਬਿਲਕੁਲ ਗ਼ਲਤ ਹਨ। ਮੁੰਡੇ ਨੂੰ ਕਿਸੇ ਤਰ੍ਹਾਂ ਟਾਰਚਰ ਨਹੀਂ ਕੀਤਾ ਗਿਆ।"

ਤਸਵੀਰ ਸਰੋਤ, FAISAL AKHTAR
ਜੈਕਟ ਦੇ ਨਾਲੇ ਨਾਲ ਕਿਵੇਂ ਕੀਤੀ ਖ਼ੁਦਕੁਸ਼ੀ?
ਪੁਲਿਸ ਦਾ ਦਾਆਵਾ ਹੈ ਕਿ ਅਲਤਾਫ਼ ਨੇ ਜੈਕਟ ਦੀ ਹੁਡੀ ਦੇ ਨਾਲੇ ਨਾਲ ਖ਼ੁਦਕੁਸ਼ੀ ਕੀਤੀ।
ਹਾਲਾਤ ਦਾ ਵੇਰਵਾ ਦਿੰਦੇ ਹੋਏ ਪੁਲਿਸ ਸੁਪਰੀਟੈਂਡੈਂਟ ਕਹਿੰਦੇ ਹਨ, "ਜੈਕਟ ਦੀ ਹੁਡੀ ਦਾ ਨਾਲਾ ਬਹੁਤ ਵੱਡਾ ਸੀ, ਜੋ ਉਸ ਨੇ ਕੱਢ ਲਿਆ ਸੀ। ਜਦੋਂ ਉਸ ਨੇ ਥਾਣੇ ਵਿੱਚ ਸ਼ੌਚ ਜਾਣ ਲਈ ਕਿਹਾ ਤਾਂ ਮੁਨਸ਼ੀ ਨੇ ਉਸ ਨੂੰ ਥਾਣੇ ਦੇ ਪਖਾਨੇ ਵਿੱਚ ਹੀ ਭੇਜ ਦਿੱਤਾ ਸੀ।"
ਉਸ ਨੇ ਨਾਲੇ ਨੂੰ ਗਲ਼ੇ ਦੁਆਲੇ ਕਸ ਲਿਆ ਅਤੇ ਟੂਟੀ ਨਾਲ ਬੰਨ੍ਹ ਕੇ ਖ਼ੁਦ ਨੂੰ ਜ਼ੋਰ ਨਾਲ ਖਿੱਚ ਲਿਆ। ਉਹ ਪੂਰੀ ਤਰ੍ਹਾਂ ਬਾਥਰੂਮ ਵਿੱਚ ਲੰਮਾ ਪੈ ਗਿਆ।''
ਪੁਲਿਸ ਸੁਪਰੀਟੈਂਡੈਂਟ ਕਹਿੰਦੇ ਹਨ, ''ਜਦੋਂ ਪੁਲਿਸ ਨੇ ਉਸ ਨੂੰ ਬਾਥਰੂਮ ਵਿੱਚ ਪਿਆ ਦੇਖਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।''
ਪੁਲਿਸ ਦੇ ਦਾਅਵੇ ਦੇ ਮੁਤਾਬਕ ਇਹ ਘਟਨਾਕ੍ਰਮ ਮੰਗਲਵਾਰ ਸਵੇਰ ਦਾ ਹੈ। ਸਵੇਰ ਦੇ ਸਮੇਂ ਥਾਣੇ ਵਿੱਚ ਪੁਲਿਸ ਤੋਂ ਇਲਾਵਾ ਵੀ ਕਈ ਲੋਕ ਹੁੰਦੇ ਹਨ।
ਇਸ ਘਟਨਾ ਦਾ ਪੁਲਿਸ ਤੋਂ ਸਿਵਾ ਕੋਈ ਹੋਰ ਚਸ਼ਮਦੀਦ ਗਵਾਹ ਨਹੀਂ ਹੈ, ਇਸ ਬਾਰੇ ਪੁਲਿਸ ਸੁਪਰੀਟੈਂਡੈਂਟ ਕਹਿੰਦੇ ਹਨ, ''112 ਦੀ ਕਾਲ ਉੱਪਰ ਥਾਣੇ ਲਿਆਂਦਾ ਗਿਆ ਇੱਕ ਨੌਜਵਾਨ ਇਸ ਪੁਰੀ ਘਟਨਾ ਦਾ ਚਸ਼ਮਦੀਦ ਹੈ।''
ਪ੍ਰਮੋਦ ਬੋਤ੍ਰੇ ਕਹਿੰਦੇ ਹਨ, ''ਥਾਣੇ ਵਿੱਚ ਹੀ ਬੈਠੇ ਇਸ ਨੌਜਵਾਨ ਨੇ ਪੁਲਿਸ ਨੂੰ ਕਿਹਾ ਸੀ ਕਿ ਉਸ ਮੁੰਡੇ ਨੂੰ ਬਾਥਰੂਮ ਗਏ ਨੂੰ 15 ਮਿੰਟ ਤੋਂ ਜ਼ਿਆਦਾ ਹੋ ਗਏ ਹਨ। ਜਦੋਂ ਮੁਨਸ਼ੀ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਅਲਤਾਫ਼ ਉੱਥੇ ਪਿਆ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ।''

ਤਸਵੀਰ ਸਰੋਤ, FAISAL AKHTAR
ਕੀ ਅਲਤਾਫ਼ ਤੇ ਲਾਪਤਾ ਕੁੜੀ ਦਾ ਕੋਈ ਰਿਸ਼ਤਾ ਸੀ?
ਜੋ ਕੁੜੀ ਲਾਪਤਾ ਹੋਈ ਹੈ ਉਹ ਪੁਲਿਸ ਨੂੰ ਅਜੇ ਤੱਕ ਨਹੀਂ ਮਿਲੀ ਹੈ। ਕੀ ਪੁਲਿਸ ਦੀ ਜਾਂਚ ਵਿੱਚ ਮਰਹੂਮ ਅਤੇ ਕੁੜੀ ਦਾ ਕੋਈ ਰਿਸ਼ਤਾ ਸਾਹਮਣੇ ਆਇਆ ਹੈ?
ਇਸ ਬਾਰੇ ਪੁਲਿਸ ਸੁਪਰੀਟੈਂਡੈਂਟ ਨੇ ਦੱਸਿਆ,''ਇੱਕ ਵੀਡੀਓ ਸਾਨੂੰ ਮਿਲਿਆ ਹੈ ਜਿਸ ਵਿੱਚ ਮੁੰਡਾ ਆਪ ਕਹਿ ਰਿਹਾ ਹੈ ਕਿ ਇਸ ਕੁੜੀ ਨਾਲ ਮੇਰੇ ਸੰਬੰਧ ਹਨ। ਪੁਲਿਸ ਪੁੱਛਗਿੱਛ ਵਿੱਚ ਮੁੰਡੇ ਨੇ ਦੱਸਿਆ ਸੀ ਕਿ ਹੋ ਸਕਦਾ ਹੈ ਉਹ ਕੁੜੀ ਕਿਸੇ ਹੋਰ ਨਾਲ ਵੀ ਗੱਲ ਕਰਦੀ ਹੋਵੇ। ''
ਪੁਲਿਸ ਦੇ ਮੁਤਾਬਕ ਕੁੜੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੂੰ ਇਸ ਵੀਡੀਓ ਦੇ ਅਧਾਰ 'ਤੇ ਅਲਤਾਫ਼ ਉੱਪਰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਆਪਣੇ ਬੇਟੀ ਦੇ ਅਗਵਾ ਹੋਣ ਦਾ ਮੁਕੱਦਮਾ ਦਰਜ ਕਰਵਾਇਆ।
ਪੁਲਿਸ ਅਜੇ ਤੱਕ ਉਸ ਕੁੜੀ ਦਾ ਥਹੁਪਤਾ ਨਹੀਂ ਲਗਾ ਸਕੀ ਹੈ।
ਕੀ ਅਲਤਾਫ਼ ਦੀ ਮੌਤ ਦਾ ਮੁਕੱਦਮਾ ਦਰਜ ਹੋਵੇਗਾ?
ਪੁਲਿਸ ਸੁਪਰੀਟੈਂਡੈਂਟ ਦਾ ਕਹਿਣਾ ਹੈ ਕਿ ਅਜੇ ਤੱਕ ਹੋਈ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਲਤਾਫ਼ ਨੇ ਖ਼ੁਦਕੁਸ਼ੀ ਕੀਤੀ ਹੈ, ਪਰ ਜੇ ਮਰਹੂਮ ਦੇ ਪਰਿਵਾਰ ਵਾਲੇ ਸ਼ਿਕਾਇਤ ਦੇਣਗੇ ਤਾਂ ਕੇਸ ਦਰਜ ਕੀਤਾ ਜਾਵੇਗਾ।
ਬੋਤ੍ਰੇ ਕਹਿੰਦੇ ਹਨ, ''ਅਸੀਂ ਪੀੜਤ ਪਰਿਵਾਰ ਨਾਲ ਗੱਲ ਕੀਤੀ ਹੈ, ਉਨ੍ਹਾਂ ਨੂੰ ਘਟਨਾਕ੍ਰਮ ਸਪਸ਼ਟ ਕੀਤਾ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਲਗਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੈ ਤਾਂ ਜੋ ਵੀ ਬਿਆਨ ਦੇਣਗੇ ਉਸ ਦੇ ਅਧਾਰ 'ਤੇ ਮੁਕੱਦਮਾ ਦਰਜ ਕਰਾਂਗੇ ਅਤੇ ਅੱਗੇ ਦੀ ਕਾਰਵਾਈ ਕਰਾਂਗੇ।''
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਗਈ, ਵੀਰਵਾਰ ਦੁਪਹਿਰ ਨੂੰ ਭਾਰੀ ਸੁਰੱਖਿਆ ਇੰਤਜ਼ਾਮਾਂ ਦੇ ਵਿੱਚ ਅਲਤਾਫ਼ ਨੂੰ ਦਫ਼ਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













