ਯੂਪੀ ਲਿੰਚਿੰਗ: ਕਈ ਸਾਲਾਂ ਤੋਂ ਇਨਸਾਫ਼ ਦੀ ਭਾਲ ਕਰਦੇ ਹਜੂਮੀ ਹਿੰਸਾ ਸ਼ਿਕਾਰ ਇਹ ਟੱਬਰ

ਅਨਵਰ ਅਲੀ
ਤਸਵੀਰ ਕੈਪਸ਼ਨ, ਅਨਵਰ ਅਲੀ ਤੇਜ਼ਧਾਰ ਹਥਿਆਰਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਸੀ
    • ਲੇਖਕ, ਕੀਰਤੀ ਦੂਬੇ
    • ਰੋਲ, ਬੀਬੀਸੀ ਪੱਤਰਕਾਰ

"ਉਹ ਆਪਣੇ ਮੋਢੇ 'ਤੇ ਗਮਛਾ (ਇੱਕ ਪਤਲਾ ਮੋਟਾ ਸੂਤੀ ਤੌਲੀਆ) ਰੱਖਦਾ ਸੀ। ਉਨ੍ਹਾਂ ਨੇ ਉਹੀ ਗਮਛਾ ਉਸ ਦੇ ਮੂੰਹ ਵਿੱਚ ਤੁੰਨ ਦਿੱਤਾ।''

48 ਸਾਲਾਂ ਦੀ ਕਾਮਰੂਨ ਬੀਬੀਸੀ ਨੂੰ ਉਸ ਰਾਤ ਨੂੰ ਯਾਦ ਕਰਦੀ ਹੋਈ ਦੱਸਦੀ ਹੈ ਜਦੋਂ ਉਸ ਦੇ ਪਤੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਹ ਦੱਸਦੀ ਹੈ ਕਿ ਅਲੀ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਬੇਲਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਿਆ ਗਿਆ ਸੀ।

ਤਿੰਨ ਸਾਲ ਬੀਤਣ ਤੋਂ ਬਾਅਦ ਵੀ ਉਸ ਦਾ ਬੇਟਾ ਇਨਸਾਫ਼ ਲੈਣ ਲਈ ਅਦਾਲਤਾਂ ਅਤੇ ਪੁਲਿਸ ਥਾਣੇ ਦੇ ਲਗਾਤਾਰ ਚੱਕਰ ਕੱਟ ਰਿਹਾ ਹੈ।

ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ, ਪਰ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ।

ਲਿੰਚਿੰਗ

ਦੋ ਸਾਲਾਂ ਬਾਅਦ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ, ਪਰ ਬਹਿਸ ਅਜੇ ਸ਼ੁਰੂ ਨਹੀਂ ਹੋਈ ਹੈ।

ਫਿਲਹਾਲ ਅਦਾਲਤ ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ। ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ 'ਤੇ ਬਾਹਰ ਆ ਗਏ ਹਨ।

ਵੀਡੀਓ ਕੈਪਸ਼ਨ, ਉੱਤਰ ਪ੍ਰਦੇਸ਼ ਦੇ ਉਹ ਪਰਿਵਾਰ ਜੋ ਕਰ ਰਹੇ ਹਨ ਇਨਸਾਫ ਦੀ ਉਡੀਕ

ਕਾਮਰੂਨ ਅਤੇ ਉਸ ਦਾ ਬੇਟਾ ਇਕੱਲਾ ਨਹੀਂ

ਭਾਰਤ ਵਿੱਚ ਪਿਛਲੇ ਛੇ ਸਾਲਾਂ ਵਿੱਚ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਜਿੱਥੇ ਪੀੜਤ ਦੀ ਧਾਰਮਿਕ ਪਛਾਣ ਉਸ ਦੇ ਕਤਲ ਦਾ ਇੱਕ ਕਾਰਨ ਬਣਦੀ ਹੈ।

ਕਈ ਦੇਸ਼ਾਂ ਵਿੱਚ ਅਜਿਹੀਆਂ ਹੱਤਿਆਵਾਂ ਨੂੰ ਅਕਸਰ 'ਨਫ਼ਰਤੀ ਅਪਰਾਧ' ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਭਾਰਤ ਵਿੱਚ ਅਪਰਾਧ ਦੇ ਅੰਕੜੇ 'ਨਫ਼ਰਤੀ ਅਪਰਾਧ' ਸ਼੍ਰੇਣੀ ਤਹਿਤ ਦਰਜ ਨਹੀਂ ਕੀਤੇ ਜਾਂਦੇ।

2019 ਵਿੱਚ ਐਮਨੈਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ 'ਨਫ਼ਰਤੀ ਅਪਰਾਧ' ਦੀਆਂ ਘਟਨਾਵਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਵਿੱਚ ਉੱਤਰ ਪ੍ਰਦੇਸ਼ (ਯੂਪੀ) ਸਭ ਤੋਂ ਅੱਗੇ ਹੈ।

ਕਿਉਂ ਕਿ ਦੇਸ ਵਿਚ ਹੇਟ ਕਰਾਇਮ ਦੇ ਸਰਾਕਰੀ ਅੰਕੜੇ ਉਪਲੱਬਧ ਨਹੀਂ ਹਨ, ਇਸ ਲਈ ਬੀਬੀਸੀ ਨੇ ਸਾਲ 2016 ਅਤੇ ਸਾਲ 2021 ਵਿਚ ਉੱਤਰ ਪ੍ਰਦੇਸ਼ ਵਿਚ ਹਜ਼ੂਮੀ ਹਿੰਸਾ ਦੇ ਅੰਕੜਿਆਂ ਦਾ ਅਧਿਐਨ ਕੀਤਾ।

ਜਿਸ ਤਹਿਤ ਪਤਾ ਲੱਗਿਆ ਕਿ 2016 ਦੇ ਜਨਵਰੀ ਤੋਂ ਲੈਕੇ ਅਗਸਤ ਤੱਕ ਮੁਸਲਮਾਨਾਂ ਖ਼ਿਲਾਫ਼ ਹੇਟ ਕਰਾਇਮ ਦੇ 11 ਗੰਭੀਰ ਮਾਮਲੇ ਸਾਹਮਣੇ ਆਏ, ਜਦਕਿ ਸਾਲ 2021 ਵਿਚ ਜਨਵਰੀ ਤੋਂ ਅਗਸਤ ਤੱਕ ਇਹ ਗਿਣਤੀ 24 ਸਨ।

ਸਾਲ 2016 ਦੇ ਪਹਿਲੇ 8 ਮਹੀਨੇ ਅਖ਼ਿਲੇਸ਼ ਯਾਦਵ ਦੀ ਸਰਕਾਰ ਦਾ ਦੌਰ ਸੀ ਜਦਕਿ ਸਾਲ 2021 ਦੇ ਪਹਿਲੇ ਅੱਠ ਮਹੀਨੇ ਦਾ ਅੰਕੜਾ ਯੋਗੀ ਸਰਕਾਰ ਦਾ ਕਾਰਜਕਾਲ ਹੈ।

ਸੂਬਾ ਸਰਕਾਰ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਹਨ ਅਤੇ ਦੋਸ਼ੀਆਂ ਨੂੰ ਫੜਨ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ।

ਅਖ਼ਬਾਰ

ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਡੀਜੀਪੀ ਦਫ਼ਤਰ ਨੇ ਕਈ ਸਰਕੂਲਰ ਜਾਰੀ ਕੀਤੇ ਹਨ।"

"ਸਮੇਂ-ਸਮੇਂ 'ਤੇ ਇਹ ਸਰਕੂਲਰ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਇਸ ਗੱਲ ਨੂੰ ਦੁਹਰਾਇਆ ਜਾ ਸਕੇ ਕਿ ਅਜਿਹੀ ਲਿੰਚਿੰਗ ਕਿਸੇ ਵੀ ਸਥਿਤੀ ਵਿੱਚ ਨਹੀਂ ਹੋਣੀ ਚਾਹੀਦੀ।"

"ਜੇਕਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਕਿਸੇ ਨੂੰ ਉਸ ਵਿਅਕਤੀ ਨਾਲ ਹੱਥੋਪਾਈ ਕਰਨ ਦਾ ਅਧਿਕਾਰ ਨਹੀਂ ਹੈ।"

"ਜੇਕਰ ਕੋਈ ਹਿੰਸਾ ਕਰਦਾ ਹੈ ਤਾਂ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ, ਚਾਹੇ ਉਹ ਕੋਈ ਵੀ ਵਿਅਕਤੀ ਹੋਵੇ।"

ਹਾਲਾਂਕਿ, ਆਏ ਦਿਨ ਫਿਰਕੂ ਹਿੰਸਾ ਅਤੇ ਹੱਤਿਆਵਾਂ ਬਾਰੇ ਖ਼ਬਰਾਂ ਜਾਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਸਟੂਡੀਓਜ਼ ਵਿੱਚ ਟੀਵੀ ਨਿਊਜ਼ ਐਂਕਰ ਓਪੀਨੀਅਨ ਮੇਕਰਜ਼ ਅਤੇ ਸਿਆਸਤਦਾਨਾਂ ਵਿਚਕਾਰ ਰੌਲੇ-ਰੱਪੇ ਵਾਲੇ ਵਿਚਾਰ ਵਟਾਂਦਰੇ ਕਰਾਉਂਦੇ ਰਹਿੰਦੇ ਹਨ।

ਰਿਪੋਰਟਰ ਅਕਸਰ ਖ਼ਬਰਾਂ ਬਰੇਕ ਕਰਨ ਦੀ ਜਲਦੀ ਵਿੱਚ ਅਜਿਹੇ ਸਵਾਲਾਂ ਨਾਲ ਮਾਮਲੇ ਨੂੰ ਇਸ ਤਰ੍ਹਾਂ ਉਲਝਾ ਦਿੰਦੇ ਹਨ ਜੋ ਹਾਸੋਹੀਣੇ ਜਾਂ ਢੁਕਵੇਂ ਲੱਗ ਸਕਦੇ ਹਨ।

ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਔਸਤ ਦਰਸ਼ਕ ਧਰੁਵੀਕਰਨ ਦੇ ਕਿਸੇ ਪਾਸੇ ਹਨ।

ਵੀਡੀਓ ਕੈਪਸ਼ਨ, ਇਹ 8 ਤਰੀਕੇ ਤੁਹਾਨੂੰ ਮੌਬ ਲੀਚਿੰਗ ਤੋਂ ਬਚਾ ਸਕਦੇ ਹਨ

ਪਰ ਪੀੜਤ ਪਰਿਵਾਰ, ਜੋ ਅਕਸਰ ਗਰੀਬ ਅਤੇ ਸਮਾਜ ਦੇ ਪੱਛੜੇ ਵਰਗਾਂ ਜਾਂ ਘੱਟ ਗਿਣਤੀ ਵਰਗਾਂ ਦੇ ਹੁੰਦੇ ਹਨ, ਅਰਬਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ ਵਿੱਚ ਇਨ੍ਹਾਂ ਨੂੰ ਜਲਦੀ ਹੀ ਭੁੱਲ ਜਾਂਦੇ ਹਨ।

ਲਿੰਚਿੰਗ ਅਤੇ ਹਿੰਸਾ ਦੇ ਇਨ੍ਹਾਂ ਮਾਮਲਿਆਂ ਦਾ ਕੀ ਅੰਜਾਮ ਹੈ? ਖਾਸ ਤੌਰ 'ਤੇ, ਯੂਪੀ ਪੁਲਿਸ ਅਜਿਹੇ ਮਾਮਲੇ ਦੀ ਜਾਂਚ ਕਿਵੇਂ ਕਰਦੀ ਹੈ?

ਕੀ ਕਸੂਰਵਾਰਾਂ ਨੂੰ ਸਜ਼ਾ ਮਿਲਦੀ ਹੈ ਜਾਂ ਉਹ ਰਿਹਾਅ ਹੋ ਜਾਂਦੇ ਹਨ? ਪੀੜਤਾਂ ਬਾਰੇ ਕੀ ਸਥਿਤੀ ਹੈ?

ਜਾਂਚ ਅਤੇ ਨਿਆਂਇਕ ਪ੍ਰਕਿਰਿਆ ਵਿੱਚ ਕੋਈ ਪੈਟਰਨ ਹੈ ਜਾਂ ਨਹੀਂ, ਅਸੀਂ ਇਹ ਪੜਤਾਲ ਕਰਨ ਲਈ ਯੂਪੀ ਵਿੱਚ ਕੁਝ ਮਾਮਲਿਆਂ ਨੂੰ ਵਿਸਥਾਰ ਵਿੱਚ ਦੇਖਿਆ।

ਕੇਸ ਨੰਬਰ 1 ਸੋਨਭੱਦਰ: ਅਨਵਰ ਅਲੀ ਦਾ ਕਤਲ

ਜਦੋਂ ਦੇਸ਼ ਭਰ ਵਿੱਚ ਲੋਕ 20 ਮਾਰਚ, 2019 ਨੂੰ ਹੋਲੀ ਮਨਾ ਰਹੇ ਸਨ, ਰਾਤ ਨੂੰ ਲਗਭਗ 9:30 ਵਜੇ ਇੱਕ ਭੀੜ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਪਰਸੋਈ ਪਿੰਡ ਵਿੱਚ ਕਥਿਤ ਤੌਰ 'ਤੇ 50 ਸਾਲਾ ਅਨਵਰ ਅਲੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਅਨਵਰ ਅਲੀ ਦੀ ਪਤਨੀ ਕਾਮਰੂਨ ਨੇ ਦੱਸਿਆ, "ਰਾਤ ਦੇ 9.30 ਸਨ, ਅਚਾਨਕ ਸਾਨੂੰ ਆਪਣੇ ਘਰ ਦੇ ਬਾਹਰੋਂ ਕੁਝ ਆਵਾਜ਼ਾਂ ਸੁਣੀਆਂ।"

ਕਾਮਰੂਨ
ਤਸਵੀਰ ਕੈਪਸ਼ਨ, ਅਨਵਰ ਅਲੀ ਦੀ ਪਤਨੀ ਕਾਮਰੂਨ ਨੇ ਦੱਸਿਆ ਕਿ ਅਜੇ ਤੱਕ ਨਿਆਂ ਲਈ ਧੱਕੇ ਥਾ ਰਹੇ ਹਾਂ

"ਉਸ ਨੇ ਬਾਹਰ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਕੁਝ ਲੋਕ ਇਮਾਮ ਚੌਕ ਨੂੰ ਦੁਬਾਰਾ ਤੋੜ ਰਹੇ ਹਨ। ਉਹ ਬਾਹਰ ਨਿਕਲਿਆ ਅਤੇ ਦੇਖਿਆ ਕਿ ਕੁਝ ਲੋਕ ਇਮਾਮ ਚੌਕ ਨੂੰ ਤੋੜ ਰਹੇ ਹਨ।"

"ਉਹ ਸਿਰਫ਼ ਇੰਨਾ ਹੀ ਕਹਿ ਸਕਿਆ, 'ਤੁਸੀਂ ਕੀ ਕਰ ਰਹੇ ਹੋ?' ਅਤੇ ਉਨ੍ਹਾਂ ਨੇ ਉਸ 'ਤੇ ਬੇਲਚੇ ਅਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ।"

"ਭੀੜ ਨੂੰ ਇਹ ਯਕੀਨ ਹੋ ਗਿਆ ਸੀ ਕਿ ਤਿਉਹਾਰ ਦੇ ਢੋਲ ਅਤੇ ਹੋਰ ਲੋਕ ਸਾਜ਼ਾਂ ਦੀ ਆਵਾਜ਼ ਉਸ ਦੀਆਂ ਚੀਕਾਂ ਨੂੰ ਦਬਾਉਣ ਲਈ ਕਾਫ਼ੀ ਉੱਚੀ ਸੀ।"

"ਜਦੋਂ ਉਹ ਵਾਪਸ ਨਾ ਆਇਆ, ਮੈਂ ਬਾਹਰ ਗਈ, ਉਹ ਅਜੇ ਵੀ ਸਾਹ ਲੈ ਰਿਹਾ ਸੀ, ਪਰ ਜਦੋਂ ਮੈਂ ਉਸ ਨੂੰ ਵਿਹੜੇ ਵਿੱਚ ਲਿਆਈ, ਸਭ ਕੁਝ ਖ਼ਤਮ ਹੋ ਚੁੱਕਾ ਸੀ।''

ਦੋ ਸਾਲ ਬੀਤ ਜਾਣ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ, ਪਰ ਅਜੇ ਤੱਕ ਬਹਿਸ ਦੇ ਪੜਾਅ ਤੱਕ ਨਹੀਂ ਪਹੁੰਚਿਆ ਹੈ।

ਫਿਲਹਾਲ ਅਦਾਲਤ ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ।

ਅਨਵਰ ਅਲੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਸੱਤ ਸੱਟਾਂ ਲੱਗੀਆਂ ਸਨ ਅਤੇ ਤੇਜ਼ਧਾਰ ਹਥਿਆਰ ਨਾਲ ਲੱਗੀ ਸੱਟ ਕਾਰਨ ਉਸ ਦੀ ਮੌਤ ਹੋ ਗਈ ਸੀ।

ਅਨਵਰ ਅਲੀ ਦੀ ਲਿੰਚਿੰਗ ਇਮਾਮ ਚੌਕ ਦੇ ਵਿਵਾਦ ਵਿੱਚ ਇਸ ਦੀ ਪਰੰਪਰਾ ਨਾਲ ਸਬੰਧਿਤ ਹੈ।

ਅਨਵਰ ਅਲੀ ਕੇਸ

ਇਮਾਮ ਚੌਕ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ 'ਤਾਜੀਆ' ਨਾਮਕ ਪਵਿੱਤਰ ਇਸਲਾਮੀ ਪਰੰਪਰਾ ਨਿਭਾਈ ਜਾਂਦੀ ਹੈ।

ਤਾਜੀਆ, ਹਸਨ ਅਤੇ ਹੁਸੈਨ (ਪੈਗੰਬਰ ਮੁਹੰਮਦ ਦੇ ਪੋਤੇ) ਦੀਆਂ ਕਬਰਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਆਸ਼ੂਰਾ ਦੇ ਦੌਰਾਨ ਜਲੂਸਾਂ ਵਿੱਚ ਕੀਤਾ ਜਾਂਦਾ ਹੈ।

ਇਹ ਖ਼ਾਸ ਇਮਾਮ ਚੌਕ ਪਿੰਡ ਦੇ ਮੁਖੀ ਦੀ ਮਨਜ਼ੂਰੀ ਨਾਲ ਸਰਕਾਰੀ ਜ਼ਮੀਨ 'ਤੇ ਬਣਾਇਆ ਗਿਆ ਸੀ।

ਅਨਵਰ ਅਲੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕਤਲ ਤੋਂ ਛੇ ਮਹੀਨੇ ਪਹਿਲਾਂ ਪੁਲਿਸ ਬਲ ਦੀ ਮੌਜੂਦਗੀ ਵਿੱਚ ਪਲੇਟਫਾਰਮ ਨੂੰ ਢਾਹ ਕੇ ਦੁਬਾਰਾ ਬਣਾਇਆ ਗਿਆ ਸੀ।

ਅਨਵਰ ਦੀ ਲਿੰਚਿੰਗ ਤੋਂ ਡੇਢ ਮਹੀਨਾ ਪਹਿਲਾਂ ਕੁਝ ਵਿਅਕਤੀਆਂ ਨੇ ਇਮਾਮ ਚੌਕ ਦੀ ਫਿਰ ਭੰਨ-ਤੋੜ ਕੀਤੀ ਸੀ ਅਤੇ ਇਸ ਵਾਰ ਵੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸੁਲਝਾਉਣ ਲਈ ਮਨਾ ਲਿਆ ਸੀ।

ਅਨਵਰ ਦੇ ਵੱਡੇ ਬੇਟੇ ਦਾ ਕਹਿਣਾ ਹੈ, ''ਜਦੋਂ ਪਹਿਲੀ ਵਾਰ ਇਮਾਮ ਚੌਕ ਟੁੱਟਿਆ ਸੀ ਤਾਂ ਪੁਲਿਸ ਨੇ ਮੌਕੇ ਦਾ ਦੌਰਾ ਕੀਤਾ ਸੀ।"

"ਇੰਸਪੈਕਟਰ ਪਲੇਟਫਾਰਮ ਨੂੰ ਤੋੜਨ ਵਾਲੇ ਲੋਕਾਂ ਨਾਲ ਮੇਲ-ਜੋਲ ਰੱਖਦਾ ਸੀ। ਕੀ ਇਹੋ ਜਿਹੀਆਂ ਕਾਰਵਾਈਆਂ ਦੂਜੇ ਪੱਖ ਦਾ ਵਿਸ਼ਵਾਸ ਵਧਾਉਣ ਵਿੱਚ ਸਹਾਇਤਾ ਨਹੀਂ ਕਰਨਗੀਆਂ?"

ਅਨਵਰ ਦਾ ਸਭ ਤੋਂ ਵੱਡਾ ਪੁੱਤਰ, ਏਨ ਉਲ ਹੱਕ, ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਰਵਿੰਦਰ ਖਰਵਾਰ ਨੂੰ ਆਪਣੇ ਪਿਤਾ ਦੀ ਲਿੰਚਿੰਗ ਦਾ 'ਮਾਸਟਰਮਾਈਂਡ' ਦੱਸਦਾ ਹੈ।

ਪੁਲਿਸ ਇਸ ਨਾਲ ਸਹਿਮਤ ਨਹੀਂ ਹੈ ਅਤੇ ਖਰਵਾਰ ਵੀ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰਦਾ ਹੈ।

ਅਨਵਰ ਦਾ ਬੇਟਾ
ਤਸਵੀਰ ਕੈਪਸ਼ਨ, ਅਨਵਰ ਦੇ ਵੱਡੇ ਬੇਟੇ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਵਾਰ ਇਮਾਮ ਚੌਕ ਟੁੱਟਿਆ ਸੀ ਤਾਂ ਪੁਲਿਸ ਨੇ ਮੌਕੇ ਦਾ ਦੌਰਾ ਕੀਤਾ ਸੀ

ਅਨਵਰ ਦੇ ਪਰਿਵਾਰ ਦਾ ਦਾਅਵਾ ਹੈ ਕਿ ਜਦੋਂ ਤੋਂ ਖਰਵਾਰ ਨੇ ਪਿੰਡ ਵਿੱਚ ਪੈਰ ਰੱਖਿਆ ਹੈ, ਉਦੋਂ ਤੋਂ ਪਿੰਡ ਵਿੱਚ ਹਿੰਦੂ ਬਨਾਮ ਮੁਸਲਿਮ ਪਛਾਣ ਦੀਆਂ ਗੱਲਾਂ ਆਮ ਹੋ ਗਈਆਂ ਹਨ।

ਅਨਵਰ ਦੇ ਛੋਟੇ ਬੇਟੇ ਸਿਕੰਦਰ ਦਾ ਕਹਿਣਾ ਹੈ, ''ਰਵਿੰਦਰ ਖਰਵਾਰ ਪਰਸੋਈ ਪਿੰਡ ਦੇ ਸਰਕਾਰੀ ਸਕੂਲ 'ਚ ਅਧਿਆਪਕ ਵਜੋਂ ਤੈਨਾਤ ਸੀ।"

"ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ, ਉਹ ਇੱਕ ਸ਼ਾਖਾ (ਆਰਐੱਸਐੱਸ ਦਾ ਗੈਰ ਸਰਕਾਰੀ ਸਕੂਲ) ਚਲਾਉਂਦੇ ਸਨ। ਕੁਝ ਦਿਨਾਂ ਬਾਅਦ ਇਹ ਸ਼ਾਖਾ ਸਾਡੇ ਘਰ ਦੇ ਬਿਲਕੁਲ ਸਾਹਮਣੇ ਇਮਾਮ ਚੌਂਕ ਵਾਲੀ ਜ਼ਮੀਨ 'ਤੇ ਲੱਗਣ ਲੱਗੀ।"

"ਉਹ ਭੜਕਾਊ ਨਾਅਰੇ ਲਾਉਂਦੇ ਜਿਵੇਂ, 'ਪਰਸੋਈ ਕੇ ਵੀਰ ਆਏਂਗੇ, ਇਮਾਮ ਚੌਕ ਕੋ ਗਿਰਾਏਂਗੇ' (ਪਰਸੋਈ ਦੇ ਬਹਾਦਰ ਆ ਕੇ ਇਮਾਮ ਚੌਕ ਨੂੰ ਢਾਹ ਦੇਣਗੇ)।''

ਇਹ ਵੀ ਪੜ੍ਹੋ-

20 ਮਾਰਚ 2019 ਦੀ ਰਾਤ ਨੂੰ ਜਦੋਂ ਪਿੰਡ ਦੇ ਹਿੰਦੂ ਨੌਜਵਾਨ ਇੱਕ ਵਾਰ ਫਿਰ ਇਮਾਮ ਚੌਕ ਵਿੱਚ ਭੰਨਤੋੜ ਕਰ ਰਹੇ ਸਨ ਤਾਂ ਅਨਵਰ ਉਨ੍ਹਾਂ ਨੂੰ ਰੋਕਣ ਲਈ ਘਰੋਂ ਬਾਹਰ ਨਿਕਲਿਆ, ਉਹ ਇਹ ਨਹੀਂ ਜਾਣਦਾ ਸੀ ਕਿ ਉਹ ਦੁਬਾਰਾ ਘਰ ਨਹੀਂ ਆਵੇਗਾ।

ਏਨ ਉਲ ਹੱਕ ਦਾ ਕਹਿਣਾ ਹੈ, ''ਅੱਜ ਤੱਕ ਇਸ ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ, ਪਰ ਘੱਟੋ-ਘੱਟ ਗ੍ਰਿਫ਼ਤਾਰੀਆਂ ਤਾਂ ਹੋਈਆਂ, ਪਰ ਲੋਕਾਂ ਨੂੰ ਭੜਕਾਉਣ ਵਾਲੇ, ਲੋਕਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਦੇ ਗ੍ਰਿਫ਼ਤਾਰ ਨਹੀਂ ਕੀਤਾ।"

ਅਨਵਰ ਦਾ ਬੇਟਾ
ਤਸਵੀਰ ਕੈਪਸ਼ਨ, ਅਨਵਰ ਦੇ ਛੋਟੇ ਬੇਟੇ ਸਿਕੰਦਰ ਦਾ ਕਹਿਣਾ ਹੈ ਕਿ ਰਵਿੰਦਰ ਖਰਵਾਰ ਪਰਸੋਈ ਪਿੰਡ ਦੇ ਸਰਕਾਰੀ ਸਕੂਲ 'ਚ ਅਧਿਆਪਕ ਵਜੋਂ ਤਾਇਨਾਤ ਸੀ

"ਮੈਂ ਇੱਕ ਵਾਰ ਥਾਣੇ ਜਾ ਕੇ ਵੀ ਪੁੱਛਿਆ ਕਿ ਅਧਿਆਪਕ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ? ਜਾਂਚ ਅਧਿਕਾਰੀ ਨੇ ਮੈਨੂੰ ਡਾਂਟ ਕੇ ਉੱਥੋਂ ਭਜਾ ਦਿੱਤਾ।"

"ਉਹ ਆਰਐੱਸਐੱਸ ਦਾ ਇੱਕ ਕਾਰਕੁਨ ਹੈ, ਉਸ ਦੇ ਵੱਡੇ ਲੋਕਾਂ ਨਾਲ ਸੰਪਰਕ ਹਨ, ਇਸ ਲਈ ਉਸ ਨੂੰ ਆਸਾਨੀ ਨਾਲ ਕਿਸੇ ਹੋਰ ਸਕੂਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਅਤੇ ਉਹ ਅਜੇ ਵੀ ਆਜ਼ਾਦੀ ਨਾਲ ਘੁੰਮ ਰਿਹਾ ਹੈ।''

ਪਰਸੋਈ ਪਿੰਡ ਵਿੱਚ ਅਸੀਂ ਇਸ ਮਾਮਲੇ ਦੇ ਕੁਝ ਮੁਲਜ਼ਮਾਂ ਰਾਜੇਸ਼ ਪ੍ਰਜਾਪਤੀ, ਰਾਜੇਸ਼ ਖਰਵਾਰ ਅਤੇ ਅਕਸ਼ੈ ਨੂੰ ਮਿਲੇ।

ਰਾਜੇਸ਼ ਖਰਵਾਰ ਕਹਿੰਦੇ ਹਨ, "ਮਾਸਟਰ ਜੀ (ਅਧਿਆਪਕ) ਸ਼ਾਖਾ ਵਿੱਚ ਕਲਾਸ ਲਗਾਉਂਦੇ ਸਨ। ਉਹ ਸਾਨੂੰ ਦੱਸਦੇ ਸਨ ਕਿ ਚੀਜ਼ਾਂ ਬਾਰੇ ਕਿਵੇਂ ਜਾਣਿਆ ਜਾਣਾ ਹੈ, ਕੀ ਕਰਨਾ ਚਾਹੀਦਾ ਹੈ ਅਤੇ ਕਿਵੇਂ ਕਰਨਾ ਚਾਹੀਦਾ ਹੈ।"

"ਅਸੀਂ ਇੱਕ ਗਹਿਰੇ ਸੰਕਟ ਵਿੱਚ ਹਾਂ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਾਂ, ਪਰ ਉਹ ਬਚ ਗਿਆ ਸੀ, ਹਾਲਾਂਕਿ ਉਹ ਉਹੀ ਸੀ, ਜਿਸ ਨੇ ਸਭ ਕੁਝ ਦੇਖਿਆ।"

ਦਸਤਾਵੇਜ਼ ਕੀ ਕਹਿੰਦੇ ਹਨ

ਬੀਬੀਸੀ ਨੇ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ।

17 ਜੂਨ 2019 ਨੂੰ ਪੁਲਿਸ ਕੇਸ ਡਾਇਰੀ ਨੰਬਰ 18 ਵਿੱਚ ਲਿਖਿਆ ਹੈ, "ਬਲੀਆ ਵਿੱਚ ਰਵਿੰਦਰ ਖਰਵਾਰ ਦੇ ਘਰ ਛਾਪਾ ਮਾਰਿਆ ਗਿਆ, ਪਰ ਉਹ ਨਹੀਂ ਮਿਲਿਆ, ਪੁਲਿਸ ਕੋਲ ਜੁਡੀਸ਼ੀਅਲ ਵਾਰੰਟ ਹੈ, ਪਰ ਰਵਿੰਦਰ ਖਰਵਾਰ ਫਰਾਰ ਹੈ।"

ਪਰ ਜਦੋਂ ਚਾਰਜਸ਼ੀਟ ਦਾਇਰ ਕੀਤੀ ਗਈ ਤਾਂ ਰਵਿੰਦਰ ਖਰਵਾਰ ਦਾ ਨਾਂ ਕੇਸ ਵਿੱਚੋਂ ਕੱਢ ਦਿੱਤਾ ਗਿਆ।

ਅਨਵਰ ਅਲੀ
ਤਸਵੀਰ ਕੈਪਸ਼ਨ, ਅਨਵਰ ਅਲੀ ਕੇਸ ਨਾਲ ਸਬੰਧਿਤ ਪੁਲਿਸ ਦਸਤਾਵੇਜ਼

ਬੀਬੀਸੀ ਨੇ ਜਦੋਂ ਰਵਿੰਦਰ ਖਰਵਾਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ ਅਤੇ ਪਿਛਲੇ 20 ਸਾਲਾਂ ਤੋਂ ਹਿੰਦੂਤਵੀ ਸੰਗਠਨ ਆਰਐੱਸਐੱਸ ਨਾਲ ਜੁੜਿਆ ਹੋਇਆ ਹੈ।

ਲਿੰਚਿੰਗ ਤੋਂ ਬਾਅਦ ਉਸ ਨੂੰ ਪਰਸੋਈ ਪਿੰਡ ਤੋਂ ਟਰਾਂਸਫਰ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਚੋਪਨ ਬਲਾਕ ਦੇ ਇੱਕ ਸਕੂਲ ਵਿੱਚ ਪੜ੍ਹਾਉਂਦਾ ਹੈ।

ਬੀਬੀਸੀ ਰਵਿੰਦਰ ਖਰਵਾਰ ਨੂੰ ਮਿਲੀ ਅਤੇ ਉਸ ਨੇ ਮੰਨਿਆ ਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜਿਆ ਹੋਇਆ ਹੈ ਅਤੇ ਵਰਤਮਾਨ ਵਿੱਚ ਸੋਨਭੱਦਰ ਦਾ ਸਹਿ-ਜ਼ਿਲ੍ਹਾ ਕਾਰਵਾਹਕ ਹੈ।

ਜਦੋਂ ਅਸੀਂ ਰਵਿੰਦਰ ਖਰਵਾਰ ਨੂੰ ਅਨਵਰ ਦੇ ਕਤਲ ਬਾਰੇ ਪੁੱਛਿਆ ਤਾਂ ਉਸ ਦਾ ਰਵੱਈਆ ਬਦਲ ਗਿਆ।

ਉਸ ਨੇ ਕਿਹਾ, "ਲੋਕਾਂ ਨੇ ਆਰਐੱਸਐੱਸ ਨੂੰ ਬਦਨਾਮ ਕਰਨ ਲਈ ਕੇਸ ਵਿੱਚ ਮੇਰਾ ਨਾਮ ਘਸੀਟਿਆ, ਮੈਂ ਆਪਣੇ ਘਰ ਸੀ ਅਤੇ ਮੈਂ ਉਸ ਕਿਸੇ ਨੂੰ ਨਹੀਂ ਜਾਣਦਾ ਜਿਸ ਨੇ ਇਸ ਕੇਸ ਵਿੱਚ ਮੈਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।"

ਰਵਿੰਦਰ ਖਰਵਾਰ
ਤਸਵੀਰ ਕੈਪਸ਼ਨ, ਰਵਿੰਦਰ ਖਰਵਾਰ ਨੂੰ ਮਿਲੀ ਅਤੇ ਉਸ ਨੇ ਮੰਨਿਆ ਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜਿਆ ਹੋਇਆ ਹੈ

ਜਦੋਂ ਬੀਬੀਸੀ ਨੇ ਸੋਨਭੱਦਰ ਦੇ ਪੁਲਿਸ ਸੁਪਰਡੈਂਟ ਅਮਰੇਂਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਸ਼ਿਕਾਇਤ ਵਿੱਚ ਇੱਕ ਦੋਸ਼ੀ ਦਾ ਨਾਮ ਲੈਣਾ ਕਾਫ਼ੀ ਨਹੀਂ ਹੈ, ਸਾਡੀ ਜਾਂਚ ਦੌਰਾਨ ਸਾਨੂੰ ਰਵਿੰਦਰ ਖਰਵਾਰ ਦੇ ਖਿਲਾਫ਼ ਕੁਝ ਨਹੀਂ ਮਿਲਿਆ।"

ਐੱਸਪੀ ਅਮਰੇਂਦਰ ਸਿੰਘ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਪੁਲਿਸ ਇਸ ਨਤੀਜੇ 'ਤੇ ਕਿਵੇਂ ਪਹੁੰਚੀ ਕਿ ਖਰਵਾਰ ਨੂੰ ਮੁਲਜ਼ਮ ਨਹੀਂ ਕਿਹਾ ਜਾ ਸਕਦਾ।

ਬੀਬੀਸੀ ਨੇ ਖਰਵਾਰ ਅਤੇ ਇਸ ਕੇਸ ਬਾਰੇ ਪੁੱਛਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਪ੍ਰਚਾਰ ਦੇ ਮੁਖੀ ਡਾ. ਸੁਨੀਲ ਅੰਬੇਕਰ ਨਾਲ ਵੀ ਐੱਸਐੱਮਐੱਸ ਅਤੇ ਟੈਲੀਫੋਨ ਰਾਹੀਂ ਸੰਪਰਕ ਕੀਤਾ, ਪਰ ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।

ਕੇਸ ਨੰਬਰ 2- ਗੁਲਾਮ ਅਹਿਮਦ, 'ਲਵ ਜਿਹਾਦ' ਦਾ ਬਦਲਾ

ਸਾਲ 2020 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਆਰਡੀਨੈਂਸ ਲਿਆਂਦਾ- ਉੱਤਰ ਪ੍ਰਦੇਸ਼ ਗੈਰਕਾਨੂੰਨੀ ਧਰਮ ਪਰਿਵਰਤਨ ਆਰਡੀਨੈਂਸ, 2020- ਅੰਤਰ-ਧਾਰਮਿਕ ਵਿਆਹਾਂ ਦੇ ਵਿਰੁੱਧ, ਹਿੰਦੂਤਵੀ ਸੰਗਠਨ ਅਜਿਹੇ ਸਬੰਧਾਂ ਨੂੰ 'ਲਵ-ਜਿਹਾਦ' ਕਹਿੰਦੇ ਹਨ।

2 ਮਈ 2017 ਨੂੰ ਬੁਲੰਦਸ਼ਹਿਰ ਦੇ ਸੋਹੀ ਪਿੰਡ 'ਚ 60 ਸਾਲਾ ਗੁਲਾਮ ਅਹਿਮਦ ਦੀ ਹੱਤਿਆ ਕਰ ਦਿੱਤੀ ਗਈ ਸੀ।

ਕਥਿਤ ਤੌਰ 'ਤੇ ਇਹ ਲਿੰਚਿੰਗ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਗੁਆਂਢੀ, ਯੂਸਫ਼ ਨਾਮਕ ਮੁਸਲਿਮ ਲੜਕੇ ਨੂੰ ਨੇੜਲੇ ਪਿੰਡ ਦੀ ਇੱਕ ਹਿੰਦੂ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਦੋਵੇਂ ਘਰੋਂ ਭੱਜ ਗਏ ਸਨ।

ਠਾਕੁਰਾਂ ਦੀ ਬਹੁਲਤਾ ਵਾਲੇ ਇਸ ਪਿੰਡ ਵਿੱਚ ਬਹੁਤ ਘੱਟ ਮੁਸਲਿਮ ਪਰਿਵਾਰ ਹਨ ਅਤੇ ਜ਼ਿਆਦਾਤਰ ਪੇਸ਼ੇ ਤੋਂ ਮਜ਼ਦੂਰ ਹਨ।

ਗੁਲਾਮ ਅਹਿਮਦ
ਤਸਵੀਰ ਕੈਪਸ਼ਨ, 2 ਮਈ 2017 ਨੂੰ ਬੁਲੰਦਸ਼ਹਿਰ ਦੇ ਸੋਹੀ ਪਿੰਡ 'ਚ 60 ਸਾਲਾ ਗੁਲਾਮ ਅਹਿਮਦ ਦੀ ਹੱਤਿਆ ਕਰ ਦਿੱਤੀ ਗਈ ਸੀ

ਪਿੰਡ ਵਾਸੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਭੀੜ ਨੇ ਗੁਲਾਮ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਸ ਵਿੱਚ ਪਿੰਡ ਦੇ ਕੁਝ ਲੋਕ ਸ਼ਾਮਲ ਸਨ ਅਤੇ ਬਾਕੀ ਬਾਹਰਲੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਅਤੇ ਧਮਕੀਆਂ ਦਿੱਤੀਆਂ।

2 ਮਈ 2017 ਨੂੰ ਗ਼ੁਲਾਮ ਅਹਿਮਦ ਦਾ ਬੇਟਾ ਵਕੀਲ ਅਹਿਮਦ ਪੁਲਿਸ ਵੱਲੋਂ ਬੁਲਾਏ ਜਾਣ 'ਤੇ ਥਾਣੇ ਗਿਆ ਸੀ।

ਵਕੀਲ ਦੇ ਅਨੁਸਾਰ, "ਸਵੇਰੇ 9.30 ਵਜੇ, ਗੁਲਾਮ ਅਹਿਮਦ ਅੰਬਾਂ ਦੇ ਬਾਗ ਦੀ ਰਾਖੀ ਕਰ ਰਿਹਾ ਸੀ ਜਦੋਂ 6-7 ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਭਗਵੇਂ ਰੰਗ ਦੇ ਕੱਪੜੇ ਨਾਲ ਢਕੇ ਹੋਏ ਸਨ, ਹੱਥਾਂ ਵਿੱਚ ਡੰਡੇ ਲੈ ਕੇ ਆਏ।

ਉਹ ਗੁਲਾਮ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਦਮ ਤੋੜ ਗਿਆ।

ਗੁਲਾਮ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਡੂੰਘੀਆਂ ਅੰਦਰੂਨੀ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਗੁਲਾਮ ਅਹਿਮਦ
ਤਸਵੀਰ ਕੈਪਸ਼ਨ, ਗੁਲਾਮ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਡੂੰਘੀਆਂ ਅੰਦਰੂਨੀ ਸੱਟਾਂ ਕਾਰਨ ਮੌਤ ਹੋਈ

ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਗੁਲਾਮ ਅਹਿਮਦ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਗਵਿੰਦਰ ਸਮੇਤ 9 ਲੋਕ 'ਹਿੰਦੂ ਯੁਵਾ ਵਾਹਿਨੀ' ਨਾਲ ਜੁੜੇ ਹੋਏ ਸਨ।

ਇਹ ਸਮੂਹ ਜੋ ਆਪਣੇ ਆਪ ਨੂੰ "ਹਿੰਦੂਤਵ ਅਤੇ ਰਾਸ਼ਟਰਵਾਦ ਨੂੰ ਸਮਰਪਿਤ ਇੱਕ ਕੱਟੜ ਸੱਭਿਆਚਾਰਕ ਅਤੇ ਸਮਾਜਿਕ ਸੰਗਠਨ" ਵਜੋਂ ਦਰਸਾਉਂਦਾ ਹੈ, ਦੀ ਸਥਾਪਨਾ ਯੂਪੀ ਦੇ ਮੌਜੂਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 2002 ਵਿੱਚ ਕੀਤੀ ਸੀ।

ਹਿੰਦੂ ਯੁਵਾ ਵਾਹਿਨੀ ਦੇ ਬੁਲੰਦਸ਼ਹਿਰ ਦੇ ਪ੍ਰਧਾਨ ਸੁਨੀਲ ਸਿੰਘ ਰਾਘਵ ਨੇ ਬੀਬੀਸੀ ਨੂੰ ਦੱਸਿਆ ਕਿ "ਇਨ੍ਹਾਂ ਲੋਕਾਂ ਨੂੰ ਝੂਠਾ ਫਸਾਇਆ ਗਿਆ ਹੈ।"

ਲਿੰਚਿੰਗ ਤੋਂ ਬਾਅਦ ਵਕੀਲ ਦਾ ਪਰਿਵਾਰ ਸੋਹੀ ਪਿੰਡ ਛੱਡ ਕੇ ਅਲੀਗੜ੍ਹ ਚਲਾ ਗਿਆ। ਹਾਲਾਂਕਿ, ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬੁਲੰਦਸ਼ਹਿਰ ਜਾਣਾ ਪੈਂਦਾ ਹੈ।

ਇਸ ਲਿੰਚਿੰਗ ਦੇ ਪੰਜ ਸਾਲ ਬਾਅਦ ਜਦੋਂ ਬੀਬੀਸੀ ਵਕੀਲ ਅਹਿਮਦ ਨੂੰ ਮਿਲਣ ਬੁਲੰਦਸ਼ਹਿਰ ਪਹੁੰਚੀ ਤਾਂ ਉਸ ਨੇ ਸਾਨੂੰ ਦੱਸਿਆ ਕਿ ਇਸ ਕੇਸ ਵਿੱਚ ਸੁਲ੍ਹਾ ਸਬੰਧੀ ਸਮਝੌਤਾ ਹੋ ਚੁੱਕਿਆ ਹੈ ਅਤੇ ਹੁਣ ਇਸ ਨੂੰ ਅਦਾਲਤ ਵਿੱਚ 'ਹੋਸਟਾਇਲ ਕੇਸ' ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਗਵਿੰਦਰ
ਤਸਵੀਰ ਕੈਪਸ਼ਨ, ਮੁੱਖ ਮੁਲਜ਼ਮ ਗਵਿੰਦਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਉਸ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ

ਵਕੀਲ ਪੇਸ਼ੇ ਤੋਂ ਕਾਰਪੈਂਟਰ ਹੈ, ਉਸ ਨੇ ਦੱਬੀ ਆਵਾਜ਼ ਵਿੱਚ ਦੱਸਿਆ ਕਿ ਉਸ ਨੂੰ ਇਸ ਸਮਝੌਤੇ ਦੀਆਂ ਸ਼ਰਤਾਂ ਮੰਨਣ ਲਈ ਪੰਜ ਲੱਖ ਰੁਪਏ ਦਿੱਤੇ ਗਏ ਹਨ। ਉਸ ਵੱਲੋਂ ਇਸ ਤਰ੍ਹਾਂ ਦੀਆਂ ਸ਼ਰਤਾਂ ਮੰਨਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਕੇਸ ਦਾ ਚਸ਼ਮਦੀਦ ਗਵਾਹ ਵੀ ਅਦਾਲਤ ਵਿੱਚ ਗਵਾਹੀ ਦੇਣ ਲਈ ਤਿਆਰ ਨਹੀਂ ਸੀ।

ਵਕੀਲ ਕਹਿੰਦੇ ਹਨ, "ਸਾਡੇ ਪਿਤਾ ਜੀ ਦੀ ਉਮਰ ਸਿਰਫ਼ ਚਾਰ ਸਾਲ ਦੀ ਸੀ ਜਦੋਂ ਉਹ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਹਮੇਸ਼ਾਂ ਇਸ ਪਿੰਡ ਨੂੰ ਆਪਣਾ ਮੰਨਿਆ ਸੀ, ਪਰ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ।"

"ਜੇਕਰ ਜੰਗ ਦਾ ਮੈਦਾਨ ਪੱਧਰਾ ਹੁੰਦਾ, ਤਾਂ ਅਸੀਂ ਸਖ਼ਤ ਸੰਘਰਸ਼ ਕਰਨਾ ਸੀ। ਸਾਡੀ ਹਾਲਤ ਇੰਨੀ ਤਰਸਯੋਗ ਹੈ ਕਿ ਜੇਕਰ ਅਸੀਂ ਪਿੰਡ ਦੇ ਲੋਕਾਂ ਦੇ ਭਾਰੂ ਧੜੇ ਦੇ ਖਿਲਾਫ਼ ਥੋੜ੍ਹਾ ਜਿਹਾ ਵੀ ਬੋਲਣ ਦੀ ਹਿੰਮਤ ਕਰ ਲਈਏ ਤਾਂ ਸਾਨੂੰ ਕਈ ਦਿਨ ਬਿਨਾਂ ਰੋਟੀ ਤੋਂ ਗੁਜ਼ਾਰਨੇ ਪੈਣਗੇ, ਸਾਡੀ ਦਿਨ ਦੀ ਦੋ ਵਕਤ ਦੀ ਰੋਟੀ ਉਨ੍ਹਾਂ 'ਤੇ ਨਿਰਭਰ ਕਰਦੀ ਹੈ।"

"ਮੇਰੇ ਪਰਿਵਾਰ ਦੇ ਮੈਂਬਰਾਂ ਲਈ ਅਦਾਲਤ ਵਿੱਚ ਦੋਸ਼ੀਆਂ ਵਿਰੁੱਧ ਗਵਾਹੀ ਦੇਣੀ ਵੀ ਕਿਵੇਂ ਸੰਭਵ ਹੈ?, ਜਦੋਂ ਉਹ ਉਨ੍ਹਾਂ ਦੇ ਖੇਤਾਂ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ।''

ਇਸ ਮਾਮਲੇ 'ਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਦੇ 6 ਮਹੀਨਿਆਂ ਦੇ ਅੰਦਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਜਦੋਂ ਮੁੱਖ ਮੁਲਜ਼ਮ ਗਵਿੰਦਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਉਸ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਕੁਝ ਮੁੰਡਿਆਂ ਨੇ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਡੀਜੇ ਵੀ ਲਗਾਇਆ ਸੀ।

ਵਕੀਲ ਦਾ ਕਹਿਣਾ ਹੈ, "ਸਾਡੇ ਪਿਤਾ ਨੂੰ ਮਾਰਨ ਵਾਲੇ ਵਿਅਕਤੀ 'ਤੇ ਜੇਲ੍ਹ ਤੋਂ ਰਿਹਾਈ ਹੋਣ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਜੇਕਰ ਉਸ ਦੇ ਸਨਮਾਨ ਵਿੱਚ ਕੋਈ ਜਸ਼ਨ ਮਨਾਏ ਜਾਣ ਤਾਂ ਅਸੀਂ ਇਸ ਪਿੰਡ ਵਿੱਚ ਕਿਵੇਂ ਰਹਿ ਸਕਦੇ ਹਾਂ।"

ਪੱਪੂ
ਤਸਵੀਰ ਕੈਪਸ਼ਨ, ਗੁਲਾਮ ਦੇ 46 ਸਾਲਾ ਭਰਾ ਪੱਪੂ ਨੇ ਭਗਵੇਂ ਰੰਗ ਦੇ ਗਮਛੇ ਪਹਿਨੇ ਲੋਕਾਂ ਨੂੰ ਉਸ ਦੇ ਭਰਾ ਨੂੰ ਲੈ ਕੇ ਜਾਂਦੇ ਹੋਏ ਦੇਖਿਆ ਸੀ

ਗੁਲਾਮ ਦੇ 46 ਸਾਲਾ ਭਰਾ ਪੱਪੂ ਨੇ ਭਗਵੇਂ ਰੰਗ ਦੇ ਗਮਛੇ ਪਹਿਨੇ ਲੋਕਾਂ ਨੂੰ ਉਸ ਦੇ ਭਰਾ ਨੂੰ ਲੈ ਕੇ ਜਾਂਦੇ ਹੋਏ ਦੇਖਿਆ ਸੀ, ਪਰ ਉਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਅਸੀਂ ਉਸ ਨੂੰ ਮਿਲਣ ਸੋਹੀ ਪਿੰਡ ਪਹੁੰਚੇ ਤਾਂ ਉਸ ਨੇ ਕਿਹਾ, "ਹਾਂ, ਮੈਂ ਉਨ੍ਹਾਂ ਨੂੰ ਦੇਖਿਆ ਸੀ, ਪਰ ਮੈਂ ਗਵਾਹ ਨਹੀਂ ਹਾਂ।"

ਜਦੋਂ ਅਸੀਂ ਮੁੱਖ ਮੁਲਜ਼ਮ ਗਵਿੰਦਰ ਨੂੰ ਮਿਲਣ ਗਏ ਤਾਂ ਅਸੀਂ ਉਸ ਦੇ ਭਰਾ ਨੂੰ ਮਿਲੇ, ਜਿਸ ਨੇ ਸੰਨਿਆਸੀ ਦਾ ਰੂਪ ਧਾਰਿਆ ਹੋਇਆ ਸੀ। ਉਹ ਆਪਣੇ ਆਪ ਨੂੰ ਜੂਨਾ ਅਖਾੜੇ ਦਾ ਸੰਨਿਆਸੀ ਦੱਸਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਜ਼ਿਲ੍ਹੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨਾਲ ਚੰਗੇ ਸਬੰਧ ਹਨ।

ਜਦੋਂ ਅਸੀਂ ਉਸ ਨੂੰ ਕਿਹਾ ਕਿ ਅਸੀਂ ਲਿੰਚਿੰਗ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਤਾਂ ਉਸ ਨੇ ਮੇਰਾ ਨਾਮ ਅਤੇ ਪਛਾਣ ਪੱਤਰ ਮੰਗਿਆ ਅਤੇ ਜਦੋਂ ਉਹ ਸੰਤੁਸ਼ਟ ਹੋ ਗਿਆ ਕਿ ਮੈਂ ਹਿੰਦੂ ਹਾਂ ਤਾਂ ਉਹ ਮੇਰੇ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਿਆ।

ਗਵਿੰਦਰ ਨੇ ਕਿਹਾ ਕਿ "ਮੈਂ ਹਿੰਦੂ ਯੁਵਾ ਵਾਹਿਨੀ ਵਿੱਚ ਸੀ, ਪਰ ਮੈਂ ਅਧਿਕਾਰਤ ਮੈਂਬਰਸ਼ਿਪ ਨਹੀਂ ਲਈ ਹੋਈ ਸੀ। ਮੈਂ ਉਨ੍ਹਾਂ ਨਾਲ ਮਿਲਦਾ ਜੁਲਦਾ ਸੀ, ਇਸ ਲਈ ਮੈਨੂੰ ਫਸਾਇਆ ਜਾ ਰਿਹਾ ਹੈ।"

ਗਵਿੰਦਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਵਕੀਲ ਅਹਿਮਦ ਦੇ ਪਰਿਵਾਰ ਨੂੰ ਪੈਸੇ ਦਿੱਤੇ ਗਏ ਸਨ।

ਇਸ ਸਭ ਦੌਰਾਨ ਗਵਿੰਦਰ ਆਪਣੇ ਭਰਾ ਨਾਲ ਇਸ ਤਰ੍ਹਾਂ ਨਜ਼ਰਾਂ ਮਿਲਾਉਂਦਾ ਰਹਿੰਦਾ ਹੈ-ਜਿਵੇਂ ਉਹ ਆਪਣੇ ਬੋਲੇ ਜਾ ਰਹੇ ਹਰ ਵਾਕ ਲਈ ਉਸ ਤੋਂ ਸਹਿਮਤੀ ਮੰਗ ਰਿਹਾ ਹੋਵੇ।

ਗੁਲਾਮ ਅਹਿਮਦ
ਤਸਵੀਰ ਕੈਪਸ਼ਨ, ਲਿੰਚਿੰਗ ਤੋਂ ਬਾਅਦ ਪਰਿਵਾਰ ਸੋਹੀ ਪਿੰਡ ਛੱਡ ਕੇ ਅਲੀਗੜ੍ਹ ਚਲਾ ਗਿਆ

ਵਕੀਲ ਦੇ ਐਡਵੋਕੇਟ ਨਈਮ ਸ਼ਹਾਬ ਨੇ ਸਾਨੂੰ ਦੱਸਿਆ, "ਨੱਬੇ ਫੀਸਦੀ ਸਮਝੌਤੇ ਡਰ ਕਾਰਨ ਹੁੰਦੇ ਹਨ ਜਦੋਂ ਕਿ ਇਸ ਦਾ 10 ਫੀਸਦੀ ਗਰੀਬੀ ਤੋਂ ਪ੍ਰੇਰਿਤ ਹੁੰਦਾ ਹੈ।"

"ਵਕੀਲ ਅਹਿਮਦ ਦਾ ਪਰਿਵਾਰ ਬਹੁਤ ਗਰੀਬ ਹੈ, ਇਹ ਲੋਕ ਆਪਣੀ ਜ਼ਿੰਦਗੀ ਦੇ ਹਰ ਛੋਟੇ ਪਹਿਲੂ ਲਈ ਪਿੰਡ 'ਤੇ ਨਿਰਭਰ ਹਨ। ਉਹ ਅਲੀਗੜ੍ਹ ਵਿੱਚ ਵਸ ਜ਼ਰੂਰ ਗਏ ਹਨ, ਪਰ ਪਿੰਡ ਨਾਲ ਆਪਣੀ ਸਾਂਝ ਖਤਮ ਨਹੀਂ ਕਰ ਸਕੇ।"

"ਇਨ੍ਹਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਦੋਸ਼ੀ ਤਾਂ ਰਿਹਾਅ ਹੋ ਜਾਣਗੇ, ਪਰ ਤੁਹਾਨੂੰ ਹਰ ਪੇਸ਼ੀ 'ਤੇ ਹਾਜ਼ਰ ਹੋਣ ਲਈ ਪੈਸੇ ਖਰਚਣੇ ਪੈਣਗੇ। ਇਸ ਲਈ ਸਿਆਣੇ ਬਣੋ ਅਤੇ ਸਾਡੇ ਕੋਲੋਂ ਪੈਸੇ ਲੈ ਲਵੋ।"

"ਪਿੰਡ ਵਿੱਚ ਉਨ੍ਹਾਂ ਦੀ ਪਹੁੰਚ ਇਸ ਗੱਲ 'ਤੇ ਵੀ ਨਿਰਭਰ ਕਰਦੀ ਸੀ ਕਿ ਕੀ ਉਹ ਸਮਝੌਤਾ ਕਰਨ ਲਈ ਸਹਿਮਤ ਹੋਣਗੇ- ਸਮਝੌਤੇ ਦਾ ਇਹ ਇੱਕੋ ਇੱਕ ਕਾਰਨ ਹੈ। ਲਿੰਚਿੰਗ ਦੇ ਜ਼ਿਆਦਾਤਰ ਮਾਮਲਿਆਂ ਦਾ ਹਸ਼ਰ ਅਜਿਹੇ ਹੀ ਸਮਝੌਤੇ ਹੁੰਦੇ ਹਨ।"

ਸ਼ੇਰਾ ਨੂੰ ਕਿਸ ਨੇ ਮਾਰਿਆ?

4 ਜੂਨ 2021 ਨੂੰ, ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ 50 ਸਾਲਾ ਸ਼ੇਰ ਖਾਨ ਉਰਫ ਸ਼ੇਰਾ ਦੀ ਮਥੁਰਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ 'ਤੇ ਗਊਆਂ ਦੇ ਮਾਸ ਲਈ ਤਸਕਰੀ ਕਰਨ ਦਾ ਸ਼ੱਕ ਸੀ।

ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਗਊ ਹੱਤਿਆ ਅਤੇ ਇਸ ਦੇ ਵਪਾਰ 'ਤੇ ਪਾਬੰਦੀ ਹੈ। ਬਹੁਤ ਸਾਰੇ ਹਿੰਦੂ ਗਾਂ ਨੂੰ ਪਵਿੱਤਰ ਜਾਨਵਰ ਮੰਨਦੇ ਹਨ।

ਹਿੰਦੂਆਂ ਦੇ ਪਵਿੱਤਰ ਸ਼ਹਿਰ ਮਥੁਰਾ ਦੇ ਇੱਕ ਪਿੰਡ ਤੋਂ ਇੱਕ ਪਿਕਅੱਪ ਟਰੱਕ 'ਤੇ ਸੱਤ ਲੋਕ ਯਾਤਰਾ ਕਰ ਰਹੇ ਸਨ। ਸ਼ੇਰਾ ਉਨ੍ਹਾਂ ਵਿੱਚੋਂ ਇੱਕ ਸੀ। ਪੁਲਿਸ ਦਾ ਕਹਿਣਾ ਹੈ ਕਿ ਗੱਡੀ ਵਿੱਚ ਗਾਵਾਂ ਅਤੇ ਬਲਦ ਲਿਜਾਏ ਜਾ ਰਹੇ ਸਨ।

ਸ਼ੇਰਾ
ਤਸਵੀਰ ਕੈਪਸ਼ਨ, ਬੁਲੰਦਸ਼ਹਿਰ ਦੇ ਰਹਿਣ ਵਾਲੇ 50 ਸਾਲਾ ਸ਼ੇਰ ਖਾਨ ਉਰਫ ਸ਼ੇਰਾ ਦੀ ਮਥੁਰਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ

ਇਸ ਮਾਮਲੇ ਵਿੱਚ ਮਥੁਰਾ ਦੇ ਕੋਸੀਕਲਨ ਪੁਲਿਸ ਸਟੇਸ਼ਨ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ: 410/2021 ਅਤੇ 411/2021।

ਐੱਫਆਈਆਰ 410 ਪਸ਼ੂਆਂ ਦੀ ਤਸਕਰੀ ਨਾਲ ਸਬੰਧਤ ਹੈ ਅਤੇ ਇਹ ਸ਼ੇਰਾ ਦੇ ਨਾਲ ਯਾਤਰਾ ਕਰ ਰਹੇ ਛੇ ਲੋਕਾਂ ਵਿਰੁੱਧ ਦਰਜ ਕੀਤੀ ਗਈ ਸੀ। ਇਹ ਪੁਲਿਸ ਰਿਪੋਰਟ ਚੰਦਰਸ਼ੇਖਰ ਬਾਬਾ ਨੇ ਦਰਜ ਕਰਵਾਈ ਹੈ, ਜੋ ਮਥੁਰਾ ਵਿੱਚ ਗਊਸ਼ਾਲਾ ਚਲਾਉਂਦਾ ਹੈ।

ਦੂਜੀ ਐੱਫਆਈਆਰ ਨੰਬਰ 411 ਸ਼ੇਰਾ ਦੇ ਕਤਲ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਨਾ ਤਾਂ ਕੋਈ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਕੋਈ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਚੰਦਰਸ਼ੇਖਰ ਦੁਆਰਾ ਦਰਜ ਕਰਵਾਈ ਗਈ ਐੱਫਆਈਆਰ ਦੇ ਅਨੁਸਾਰ, 4 ਜੂਨ 2021 ਨੂੰ ਸਵੇਰੇ 3.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਥਿਤ ਪਸ਼ੂ ਤਸਕਰਾਂ ਨੂੰ ਤੁਮੁਲਾ ਪਿੰਡ ਦੇ ਨੇੜੇ ਫੜਿਆ ਗਿਆ ਹੈ। ਇਨ੍ਹਾਂ ਕੋਲੋਂ ਛੇ ਪਸ਼ੂ ਬਰਾਮਦ ਕੀਤੇ ਗਏ ਹਨ। ਤਸਕਰਾਂ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ।

ਚੰਦਰਸ਼ੇਖਰ
ਤਸਵੀਰ ਕੈਪਸ਼ਨ, ਚੰਦਰਸ਼ੇਖਰ ਨੇ ਦਰਜ ਕਰਵਾਈ ਸੀ ਪਸ਼ੂ ਤਸਕਰ ਨਾਲ ਜੁੜੀ ਰਿਪੋਰਟ

ਸ਼ੇਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਪਰ ਉਸ ਦੇ ਪੁੱਤਰ ਸ਼ਾਹਰੁਖ ਸਮੇਤ ਉਸ ਦੇ ਛੇ ਸਾਥੀਆਂ ਨੂੰ ਰਾਜ ਦੇ ਗਊ ਹੱਤਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਕੁਝ ਦਿਨ ਹਸਪਤਾਲ ਵਿੱਚ ਇਲਾਜ ਅਧੀਨ ਰਹੇ ਅਤੇ ਫਿਰ ਉਨ੍ਹਾਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਅਗਸਤ 2021 ਵਿੱਚ ਗਊ ਹੱਤਿਆ ਕਾਂਡ ਦੇ ਸਾਰੇ ਛੇ ਮੁਲਜ਼ਮ ਜ਼ਮਾਨਤ 'ਤੇ ਰਿਹਾਅ ਹੋ ਗਏ ਸਨ।

ਪੁਲਿਸ ਸਟੇਸ਼ਨ 'ਚ ਹੀ ਸ਼ਾਹਰੁਖ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਿਆ।

ਉਸ ਦਿਨ ਵਾਪਰੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਸ਼ਾਹਰੁਖ ਕਹਿੰਦੇ ਹਨ, "ਚੰਦਰਸ਼ੇਖਰ ਬਾਬਾ ਨੇ ਮੇਰੇ ਪਿਤਾ ਨੂੰ ਗੋਲੀ ਮਾਰ ਦਿੱਤੀ। ਮੈਂ ਇਸ ਦਾ ਗਵਾਹ ਹਾਂ, ਅਸੀਂ ਮੇਵਾਤ ਜਾ ਰਹੇ ਸੀ, ਜਦੋਂ ਬਾਬਾ ਅਤੇ ਉਸਦੇ ਲੋਕਾਂ ਨੇ ਸਾਡੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।"

ਸ਼ਾਹਰੁਖ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਿਕਾਇਤ ਲਿਖ ਰਿਹਾ ਸੀ, ਜੋ ਉਸ ਦੇ ਪਿਤਾ ਦੇ ਕਤਲ ਕੇਸ ਦਾ ਆਧਾਰ ਬਣੀ ਸੀ, ਤਾਂ ਉਸ ਨੇ ਚੰਦਰਸ਼ੇਖਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਪਰ ਇੱਕ ਪੁਲਿਸ ਅਧਿਕਾਰੀ ਨੇ ਹੱਥ ਲਿਖਤ ਸ਼ਿਕਾਇਤ ਨੂੰ ਪਾੜ ਦਿੱਤਾ।

ਸ਼ਾਹਰੁਖ
ਤਸਵੀਰ ਕੈਪਸ਼ਨ, ਪੁਲਿਸ ਸਟੇਸ਼ਨ 'ਚ ਹੀ ਸ਼ਾਹਰੁਖ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਿਆ

ਸ਼ੇਰਾ ਦੀ ਪਤਨੀ ਸਿਤਾਰਾ ਦਾ ਕਹਿਣਾ ਹੈ, "ਸਾਡੇ ਬੱਚਿਆਂ ਅਤੇ ਪਤੀ ਨੂੰ ਤਸਕਰ ਐਲਾਨ ਦਿੱਤਾ ਗਿਆ ਸੀ। ਜੇਕਰ ਉਹ (ਮੁਲਜ਼ਮ) ਮੰਨਦੇ ਸਨ ਕਿ ਉਹ ਤਸਕਰ ਸਨ, ਤਾਂ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਉਨ੍ਹਾਂ 'ਤੇ ਗੋਲੀ ਕਿਉਂ ਚਲਾਈ?''

ਸਿਤਾਰਾ ਨੇ ਆਪਣੇ ਪਤੀ ਸ਼ੇਰਾ ਦੀ ਮੌਤ ਲਈ ਇਨਸਾਫ਼ ਦੀ ਮੰਗ ਕਰਦਿਆਂ ਇੱਕ ਨਵੀਂ ਅਰਜ਼ੀ ਲਿਖੀ ਹੈ। ਉਸ ਨੇ ਚੰਦਰਸ਼ੇਖਰ ਬਾਬਾ ਅਤੇ ਉਸ ਦੇ ਸਹਿਯੋਗੀਆਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਪਰ ਸਿਤਾਰਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੀ ਅਰਜ਼ੀ 'ਤੇ ਧਿਆਨ ਨਹੀਂ ਦਿੱਤਾ ਅਤੇ 'ਅਣਪਛਾਤੇ ਪਿੰਡ ਵਾਸੀਆਂ' ਨੂੰ ਉਸ ਦੇ ਕਤਲ ਲਈ ਐੱਫਆਈਆਰ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਮਥੁਰਾ ਦੇ ਇੱਕ ਪਿੰਡ ਵਿੱਚ ਚੰਦਰਸ਼ੇਖਰ ਦੀ ਗਊਸ਼ਾਲਾ ਦੇ ਸਾਹਮਣੇ ਇੱਕ ਪਿਕ-ਅੱਪ ਟਰੱਕ ਖੜ੍ਹਾ ਹੈ। ਇਸ ਵਿੱਚ ਵੱਡੇ ਅਤੇ ਮੋਟੇ ਅੱਖਰਾਂ ਵਿੱਚ ਇੱਕ ਹਿੰਦੀ ਚਿੰਨ੍ਹ ਹੈ - ਗਊ ਰਕਸ਼ਾ ਦਲ ਜਾਂ ਗਊ ਸੁਰੱਖਿਆ ਯੂਨਿਟ।

ਚੰਦਰਸ਼ੇਖਰ ਬਾਬਾ ਬੀਬੀਸੀ ਨੂੰ ਦੱਸਦੇ ਹਨ, "ਮੈਂ ਰਾਤ ਨੂੰ ਕੁਹਾੜਾ ਲੈ ਕੇ ਘੁੰਮਦਾ ਹਾਂ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸਾਡੀਆਂ ਗਾਵਾਂ ਨੂੰ ਕੋਈ ਨੁਕਸਾਨ ਨਾ ਹੋਵੇ। ਮੈਂ ਉਸ ਦਿਨ ਨਜ਼ਦੀਕ ਦੇ ਪਿੰਡ ਵਿੱਚ ਸੀ।"

ਸਿਤਾਰਾ
ਤਸਵੀਰ ਕੈਪਸ਼ਨ, ਸ਼ੇਰਾ ਦੀ ਪਤਨੀ ਸਿਤਾਰਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੀ ਅਰਜ਼ੀ 'ਤੇ ਧਿਆਨ ਨਹੀਂ ਦਿੱਤਾ

"ਜਦੋਂ ਮੈਨੂੰ ਸੂਚਨਾ ਮਿਲੀ ਤਾਂ ਮੈਂ ਪਿੰਡ ਵਾਸੀਆਂ ਨੂੰ ਇਹ ਝੜਪ ਰੋਕਣ ਲਈ ਕਿਹਾ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ, ਪਰ ਇਹ ਲੋਕ ਮੇਰਾ ਨਾਂ ਘਸੀਟ ਰਹੇ ਹਨ ਅਤੇ ਮੇਰੇ 'ਤੇ ਦੋਸ਼ ਲਗਾ ਰਹੇ ਹਨ।"

ਪਿੰਡ ਦੇ ਕਈ ਲੋਕਾਂ ਨੇ ਦੱਸਿਆ ਕਿ ਗਊ ਰੱਖਿਅਕਾਂ ਅਤੇ ਤਸਕਰਾਂ ਵਿਚਕਾਰ ਗੋਲੀਬਾਰੀ ਹੋਈ।

"ਅਸੀਂ ਆਪਣੇ ਸਵਾਲਾਂ ਦੇ ਨਾਲ ਮਥੁਰਾ ਦੇ ਐੱਸਪੀ (ਦਿਹਾਤੀ) ਸ਼੍ਰੀਸ਼ ਚੰਦਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਚਾਰ ਮਹੀਨੇ ਬਾਅਦ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਅਤੇ ਐੱਫਆਈਆਰ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ।"

ਅਧਿਕਾਰੀ ਨੇ ਕਿਹਾ ਕਿ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਅਧਿਕਾਰਤ ਨਹੀਂ ਹੈ।

ਕੁੱਟਮਾਰ ਦੀ ਵਾਇਰਲ ਹੋਈ ਵੀਡੀਓ

ਦਿੱਲੀ ਤੋਂ 190 ਕਿਲੋਮੀਟਰ ਦੂਰ ਮੁਰਾਦਾਬਾਦ ਸ਼ਹਿਰ ਦਾ ਇੱਕ ਵੀਡੀਓ ਮਈ ਵਿੱਚ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਕੁਝ ਲੋਕ ਦਰੱਖਤ ਕੋਲ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਜਿਸ ਕਾਲੇ ਅਤੇ ਨੀਲੇ ਰੰਗ ਦੇ ਰੱਪੜਿਆਂ ਵਾਲੇ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਹੈ, ਉਹ ਮੁਰਾਦਾਬਾਦ ਦਾ ਰਹਿਣ ਵਾਲਾ ਸ਼ਾਕਿਰ ਕੁਰੈਸ਼ੀ ਹੈ।

ਸ਼ਾਕਿਰ
ਤਸਵੀਰ ਕੈਪਸ਼ਨ, ਸ਼ਾਕਿਰ ਦਾ ਕਹਿਣਾ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵਾਇਰਲ ਹੋਇਆ ਤਾਂ ਉਹ ਪੁਲਿਸ ਕੋਲ ਗਿਆ

ਸ਼ਾਕਿਰ ਅਤੇ ਉਸ ਦੇ ਪਰਿਵਾਰ ਦਾ ਡਰ ਵਧ ਗਿਆ ਹੈ। ਸਾਨੂੰ ਆਪਣੇ ਘਰ ਦੇ ਬਾਹਰ ਦੇਖ ਕੇ, ਉਸ ਦੀ ਮਾਂ ਰੋਣ ਲੱਗ ਪੈਂਦੀ ਹੈ, ਅਤੇ ਬੁੜਬੁੜਾਉਂਦੀ ਹੈ, "ਅਸੀਂ ਇਸ ਕੰਮ ਵਿੱਚ ਨਹੀਂ ਹਾਂ, (ਮੇਰਾ) ਪੁੱਤਰ ਘਰ ਨਹੀਂ ਹੈ।"

ਪਰ ਸ਼ਾਕਿਰ ਅੰਦਰ ਸੀ, ਬਾਹਰ ਬੋਲਣ ਤੋਂ ਡਰਦਾ ਸੀ। ਆਖਰਕਾਰ ਉਹ ਘਟਨਾ ਦੇ ਵੇਰਵੇ ਸਾਂਝੇ ਕਰਨ ਲਈ ਸਹਿਮਤ ਹੋ ਗਿਆ।

"ਅਸੀਂ ਕੁਰੈਸ਼ੀ ਭਾਈਚਾਰੇ ਦੇ ਮੈਂਬਰ ਹਾਂ। ਅਸੀਂ ਮੀਟ ਸਪਲਾਈ ਕਰਨ ਦਾ ਕਾਰੋਬਾਰ ਕਰਦੇ ਹਾਂ। ਮੈਂ ਸ਼ਹਿਰ ਵਿੱਚ ਇੱਕ ਗਾਹਕ ਨੂੰ 40 ਕਿਲੋ ਮੱਝ ਦਾ ਮੀਟ ਸਪਲਾਈ ਕਰਨਾ ਸੀ।"

"ਮੈਂ ਆਪਣੇ ਸਕੂਟਰ 'ਤੇ ਸਮਾਨ ਦੇਣ ਲਈ ਨਿਕਲਿਆ ਸੀ ਕਿ ਨੇੜੇ ਦੇ ਪਿੰਡ ਦੇ ਕੁਝ ਲੋਕਾਂ ਨੇ ਮੈਨੂੰ ਫੜ ਲਿਆ ਅਤੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ, ਮੈਂ ਰੋਂਦੇ ਹੋਏ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਮੈਂ ਬੀਫ (ਗਾਂ ਦਾ ਮਾਸ) ਨਹੀਂ ਲੈ ਕੇ ਜਾ ਰਿਹਾ, ਪਰ ਉਹ ਮੈਨੂੰ ਕੁੱਟਦੇ ਰਹੇ।''

ਸ਼ਾਕਿਰ ਦਾ ਕਹਿਣਾ ਹੈ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵਾਇਰਲ ਹੋਇਆ ਤਾਂ ਉਹ ਪੁਲਿਸ ਕੋਲ ਗਿਆ।

ਵੀਡੀਓ ਵਾਇਰਲ ਹੋਣ ਤੋਂ ਪਹਿਲਾਂ, ਉਹ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਲਈ ਪੁਲਿਸ ਕੋਲ ਜਾਣ ਤੋਂ ਡਰਦਾ ਸੀ।

ਮਨੋਜ
ਤਸਵੀਰ ਕੈਪਸ਼ਨ, ਮਨੋਜ ਆਪਣੇ ਆਪ ਨੂੰ ਗਊ ਰਕਸ਼ਾ ਯੁਵਾ ਵਾਹਿਨੀ ਜਾਂ ਗਊ ਰੱਖਿਆ ਯੁਵਾ ਸੈਨਾ ਦਾ ਸਾਬਕਾ ਉਪ-ਪ੍ਰਧਾਨ ਦੱਸਦਾ ਹੈ

ਹਾਲਾਂਕਿ ਵੀਡੀਓ ਸਾਹਮਣੇ ਆਉਣ 'ਤੇ ਮਾਮਲਾ ਸਨਸਨੀਖੇਜ਼ ਹੋ ਗਿਆ।

ਮੁੱਖ ਮੁਲਜ਼ਮ ਮਨੋਜ ਠਾਕੁਰ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੋਜ ਠਾਕੁਰ ਨੂੰ ਦੋ ਮਹੀਨੇ ਦੀ ਜੇਲ੍ਹ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਮਨੋਜ ਆਪਣੇ ਆਪ ਨੂੰ ਗਊ ਰਕਸ਼ਾ ਯੁਵਾ ਵਾਹਿਨੀ ਜਾਂ ਗਊ ਰੱਖਿਆ ਯੁਵਾ ਸੈਨਾ ਦਾ ਸਾਬਕਾ ਉਪ-ਪ੍ਰਧਾਨ ਦੱਸਦਾ ਹੈ ਜੋ ਦਿੱਲੀ ਵਿੱਚ ਰਜਿਸਟਰਡ ਇੱਕ ਸੰਗਠਨ ਹੈ।

ਹਾਲਾਂਕਿ ਵੀਡੀਓ ਵਾਇਰਲ ਹੋਣ 'ਤੇ ਮਨੋਜ ਠਾਕੁਰ ਨੂੰ ਸੰਗਠਨ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਦੇ ਖਿਲਾਫ਼ ਕੋਈ ਸ਼ਿਕਾਇਤ ਕੀਤੀ ਗਈ ਹੈ। ਉਸ ਵਿਰੁੱਧ ਗਊ ਰੱਖਿਆ ਦੇ ਬਹਾਨੇ ਜ਼ਬਰਦਸਤੀ ਵਸੂਲੀ, ਡਰਾਉਣ-ਧਮਕਾਉਣ ਸਮੇਤ ਹੋਰ ਅਪਰਾਧਾਂ ਦੀਆਂ ਕਈ ਸ਼ਿਕਾਇਤਾਂ ਦਰਜ ਹਨ।

ਮਨੋਜ
ਤਸਵੀਰ ਕੈਪਸ਼ਨ, ਹਾਲਾਂਕਿ ਵੀਡੀਓ ਵਾਇਰਲ ਹੋਣ 'ਤੇ ਮਨੋਜ ਠਾਕੁਰ ਨੂੰ ਸੰਗਠਨ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ

ਮੁਰਾਦਾਬਾਦ ਦੇ ਸਥਾਨਕ ਅਖਬਾਰਾਂ ਦੀਆਂ ਖਬਰਾਂ ਮੁਤਾਬਕ- ਦਸੰਬਰ 2020 'ਚ ਠਾਕੁਰ ਖਿਲਾਫ਼ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਐੱਸਪੀ ਰੈਂਕ ਦੇ ਅਧਿਕਾਰੀ ਦੇ ਅਧੀਨ ਜਾਂਚ ਦੇ ਹੁਕਮ ਦਿੱਤੇ ਗਏ ਸਨ। ਹਾਲਾਂਕਿ ਜਾਂਚ ਦਾ ਨਤੀਜਾ ਕੀ ਨਿਕਲਿਆ, ਇਸ ਬਾਰੇ ਕੋਈ ਨਹੀਂ ਜਾਣਦਾ।

ਠਾਕੁਰ ਖੁਦ ਮੰਨਦੇ ਹਨ ਕਿ ਜੇਕਰ ਇਸ ਵਾਰ ਘਟਨਾ ਦੀ ਵੀਡੀਓ ਵਾਇਰਲ ਨਾ ਹੋਈ ਹੁੰਦੀ ਤਾਂ ਉਸ ਨੂੰ ਕਿਸੇ ਵੀ ਹਾਲਤ 'ਚ ਜੇਲ੍ਹ ਵਿੱਚ ਨਾ ਜਾਣਾ ਪੈਂਦਾ।

ਬੀਬੀਸੀ ਨੇ ਮੁਰਾਦਾਬਾਦ ਦੇ ਐੱਸਐੱਸਪੀ ਬਬਲੂ ਕੁਮਾਰ ਨੂੰ ਸਵਾਲਾਂ ਦੀ ਸੂਚੀ ਭੇਜੀ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਕੀ ਅਜਿਹੇ ਮਾਮਲਿਆਂ ਦਾ ਕੋਈ ਖਾਸ ਪੈਟਰਨ ਹੈ?

ਬੀਬੀਸੀ ਨੇ ਜਿਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ, ਉਨ੍ਹਾਂ ਨੇ ਕੁਝ ਪੈਟਰਨ ਸਾਹਮਣੇ ਲਿਆਂਦੇ ਹਨ, ਆਮ ਤੌਰ 'ਤੇ ਹਿੰਸਾ ਜਾਂ ਲਿੰਚਿੰਗ ਦੀਆਂ ਘਟਨਾਵਾਂ ਤੋਂ ਬਾਅਦ ਪੀੜਤ ਪਰਿਵਾਰ ਜਾਂ ਤਾਂ ਹਿਜਰਤ ਕਰ ਗਏ ਸਨ ਜਾਂ ਆਪਣੀ ਸੁਰੱਖਿਆ ਦੇ ਡਰੋਂ ਅਤੇ ਸਦਮੇ ਕਾਰਨ ਜੋ ਉਨ੍ਹਾਂ ਨੂੰ ਸਹਿਣਾ ਪਿਆ ਸੀ।

ਇਸ 'ਤੇ ਉਹ ਅਸਥਾਈ ਤੌਰ 'ਤੇ ਆਪਣੇ ਘਰ ਛੱਡ ਕੇ ਭੱਜ ਗਏ ਸਨ।

ਜਿਨ੍ਹਾਂ ਪੀੜਤ ਪਰਿਵਾਰਾਂ ਨਾਲ ਅਸੀਂ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਕੇਸਾਂ ਵਿੱਚ ਪੁਲਿਸ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਜਾਪਦਾ। ਹਾਲਾਂਕਿ ਪੁਲਿਸ ਅਤੇ ਅਧਿਕਾਰੀਆਂ ਨੇ ਜਾਂ ਤਾਂ ਕੀਤੀ ਗਈ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ ਜਾਂ ਖਾਸ ਮਾਮਲਿਆਂ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਬੀਸੀ ਦੁਆਰਾ ਦੇਖੇ ਗਏ ਮਾਮਲਿਆਂ ਵਿੱਚ ਜਾਂ ਤਾਂ ਮੁਲਜ਼ਮਾਂ ਦਾ ਨਾਮ ਨਹੀਂ ਲਿਆ ਗਿਆ ਹੈ ਜਾਂ ਉਨ੍ਹਾਂ ਨੂੰ ਸਥਾਨਕ ਅਦਾਲਤਾਂ ਦੁਆਰਾ ਜ਼ਮਾਨਤ ਦਿੱਤੀ ਗਈ ਸੀ।

ਸੁਪਰੀਮ ਕੋਰਟ ਨੇ ਜੁਲਾਈ 2018 ਵਿੱਚ ਇੱਕ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਲਿੰਚਿੰਗ ਦੇ ਮਾਮਲਿਆਂ ਦੀ ਜਾਂਚ ਲਈ ਇੱਕ ਅਲੱਗ ਰੂਪਰੇਖਾ ਤਿਆਰ ਕਰਨ ਦੀ ਲੋੜ ਹੈ।

ਅਦਾਲਤ ਨੇ ਰਾਜਾਂ ਨੂੰ ਲਿੰਚਿੰਗ ਦੇ ਕੇਸਾਂ ਦੀ ਸੁਣਵਾਈ ਲਈ ਹਰ ਜ਼ਿਲ੍ਹੇ ਵਿੱਚ ਫਾਸਟ ਟਰੈਕ ਅਦਾਲਤਾਂ ਸਥਾਪਤ ਕਰਨ ਲਈ ਕਿਹਾ ਸੀ।

ਭਾਰਤ ਵਿੱਚ ਹੁਣ ਤੱਕ ਸਿਰਫ਼ ਤਿੰਨ ਰਾਜਾਂ: ਮਣੀਪੁਰ, ਪੱਛਮੀ ਬੰਗਾਲ ਅਤੇ ਰਾਜਸਥਾਨ ਨੇ ਹੀ ਲਿੰਚਿੰਗ ਵਿਰੁੱਧ ਕਾਨੂੰਨ ਬਣਾਏ ਹਨ।

ਜੁਲਾਈ 2019 ਵਿੱਚ ਉੱਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ ਨੇ ਇੱਕ ਐਂਟੀ-ਲਿੰਚਿੰਗ ਬਿੱਲ ਦਾ ਡਰਾਫਟ ਤਿਆਰ ਕੀਤਾ ਸੀ ਅਤੇ ਇਸ ਨੂੰ ਰਾਜ ਸਰਕਾਰ ਨੂੰ ਸੌਂਪ ਦਿੱਤਾ ਸੀ।

ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਮੌਜੂਦਾ ਕਾਨੂੰਨ ਲਿੰਚਿੰਗ ਦੇ ਮਾਮਲਿਆਂ ਵਿੱਚ ਸਾਹਮਣੇ ਆਉਣ ਵਾਲੀਆਂ ਬਾਰੀਕੀਆਂ ਨਾਲ ਨਾਕਾਫੀ ਸਾਬਤ ਹੋ ਰਹੇ ਹਨ।

ਪਰ, ਯੋਗੀ ਸਰਕਾਰ ਨੇ ਅਜੇ ਤੱਕ ਇਸ ਡਰਾਫਟ ਨੂੰ ਕਾਨੂੰਨ ਵਿੱਚ ਨਹੀਂ ਬਦਲਿਆ ਹੈ। ਬੀਬੀਸੀ ਨੇ ਯੂਪੀ ਸਰਕਾਰ ਦੇ ਵਧੀਕ ਮੁੱਖ ਸਕੱਤਰ (ਸੂਚਨਾ) ਨਵਨੀਤ ਸਹਿਗਲ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਤਾਂ ਜੋ ਇਸ ਡਰਾਫਟ ਦੀ ਸਥਿਤੀ ਦੇ ਨਾਲ-ਨਾਲ ਉਸ ਪੈਟਰਨ ਬਾਰੇ ਵੀ ਪੁੱਛਿਆ ਜਾ ਸਕੇ ਜੋ ਅਸੀਂ ਕੁਝ ਮਾਮਲਿਆਂ ਵਿੱਚ ਦੇਖ ਸਕਦੇ ਹਾਂ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)