You’re viewing a text-only version of this website that uses less data. View the main version of the website including all images and videos.
ਛਠ ਪੂਜਾ ਕੀ ਹੈ, ਜਿਸ ਵਿੱਚ ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ
ਅੱਜ ਪੂਰੇ ਦੇਸ਼ ਵਿੱਚ ਛਠ ਪੂਜਾ ਮਨਾਈ ਜਾ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਕਿਹਾ, "ਇਹ ਤਿਓਹਾਰ ਖ਼ਾਸ ਕਰਕੇ ਸੂਰਜ ਅਤੇ ਜਲ 'ਤੇ ਸਾਡੀ ਨਿਰਭਰਤਾ ਨੂੰ ਸਵੀਕਾਰਨ ਦਾ ਵੀ ਮੌਕਾ ਹੈ। "
"ਮੇਰੀ ਕਾਮਨਾ ਹੈ ਕਿ ਇਹ ਤਿਓਹਾਰ ਸਾਡੇ ਸੱਭਿਆਚਾਰ, ਸਾਡੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸਾਂਭ-ਸੰਭਾਲ ਦੇ ਸਾਡੇ ਯਤਨਾਂ ਨੂੰ ਵੀ ਦ੍ਰਿੜ ਬਣਾਵੇ।"
ਉਨ੍ਹਾਂ ਨੇ ਕਿਹਾ, "ਇਸ ਦਾ ਮਹੱਤਵ ਡੁੱਬਦੇ ਸੂਰਜ ਨੂੰ ਅਰਘ ਦੇਣ ਵਿੱਚ ਹੈ। ਸ਼ਰਧਾਲੂ ਦਿਨ ਵੇਲੇ ਸਖ਼ਤ ਵਰਤ ਰੱਖਣ ਤੋਂ ਬਾਅਦ ਤਿਓਹਾਰ ਦੀ ਸਮਾਪਤੀ 'ਤੇ ਨਦੀਆਂ ਅਤੇ ਤਾਲਾਬਾਂ ਦੇ ਪਾਣੀ ਵਿੱਚ ਪਵਿੱਤਰ ਇਸ਼ਨਾਨ ਕਰਦੇ ਹਨ।"
ਰਾਸ਼ਟਰਪਤੀ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਦੇਸ਼ਵਾਸੀਆਂ ਨੂੰ ਛਠ ਪੂਜਾ ਦੀ ਵਧਾਈ ਵੀ ਦਿੱਤੀ।
ਇਹ ਤਿਓਹਾਰ ਮੁੱਖ ਤੌਰ 'ਤੇ ਬਿਹਾਰ, ਝਾਰਖੰਡ ਅਤੇ ਪੂਰਵੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮਨਾਇਆ ਜਾਂਦਾ ਹੈ। ਇਸ ਇਲਾਕੇ ਦੇ ਲੋਕ ਭਾਰਤ ਵਿੱਚ ਜਿੱਥੇ ਵੀ ਵਸੇ ਹਨ, ਉੱਥੇ ਛਠ ਦਾ ਤਿਓਹਾਰ ਵੀ ਪਹੁੰਚ ਗਿਆ ਹੈ।
ਛਠ ਉਹ ਤਿਓਹਾਰ ਹੈ, ਜਿਸ ਵਿੱਚ ਡੁੱਬਦੇ ਅਤੇ ਚੜ੍ਹਦੇ ਸੂਰਜ ਦੋਵੇਂ ਹੀ ਵੇਲੇ ਦਾ ਹੀ ਬਰਾਬਰ ਮਹੱਤਵ ਹੈ।
ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਤਿਓਹਾਰ ਨੂੰ ਛਠ ਪੂਜਾ, ਡਾਲਾ ਛਠ, ਛਠੀ ਮਾਈ ਪੂਜਾ, ਸੂਰਜ ਸ਼ਸ਼ਠੀ ਪੂਜਾ ਆਦਿ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ।
ਸ਼ਰਧਾਲੂਆਂ ਦੀ ਮਾਨਤਾ ਹੈ ਕਿ ਛਠ ਵਾਲੇ ਦਿਨ ਸੂਰਜ ਦੀ ਪੂਜਾ ਨਾਲ ਛਠੀ ਮਾਈ ਖੁਸ਼ ਹੁੰਦੀ ਹੈ। ਨੇਪਾਲ ਦੇ ਤਰਾਈ ਇਲਾਕੇ ਵਿੱਚ ਵੀ ਇਹ ਤਿਓਹਾਰ ਮਨਾਇਆ ਜਾਂਦਾ ਹੈ।
ਛਠ ਦਾ ਪਹਿਲਾ ਦਿਨ 'ਨਹਾਏ ਖਾਏ' ਵਜੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਘਰ ਦੀ ਸਫ਼ਾਈ, ਫਿਰ ਇਸ਼ਨਾਨ ਅਤੇ ਸ਼ਾਕਾਹਾਰੀ ਭੋਜਨ ਨਾਲ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
ਦੂਜੇ ਦਿਨ ਵਰਤਧਾਰੀ ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਭੋਜਨ ਕਰਦੇ ਹਨ, ਇਸ ਨੂੰ ਖਰਨਾ ਕਿਹਾ ਜਾਂਦਾ ਹੈ।
ਤੀਜੇ ਦਿਨ ਛਠ ਦਾ ਪ੍ਰਸਾਦ ਬਣਾਇਆ ਜਾਂਦਾ ਹੈ। ਪ੍ਰਸਾਦ ਵਜੋਂ ਠੇਕੂਆ (ਆਟੇ, ਗੁੜ ਜਾਂ ਖੰਡ ਨਾਲ ਬਣਿਆ), ਚਾਵਲ ਦੇ ਲੱਡੂ ਅਤੇ ਚੜਾਵੇ ਵਜੋਂ ਫਲ ਆਦਿ ਵੀ ਸ਼ਾਮਿਲ ਹੁੰਦੇ ਹਨ।
ਸ਼ਾਮ ਨੂੰ ਬਾਂਸ ਦੀ ਟੋਕਰੀ ਵਿੱਚ ਅਰਘ ਦਾ ਸੂਪ ਸਜਾਇਆ ਜਾਂਦਾ ਹੈ ਅਤੇ ਤਾਲਾਬ ਜਾਂ ਨਦੀ ਕੰਢੇ ਸਾਮੂਹਿਕ ਤੌਰ 'ਤੇ ਸੂਰਜ ਨੂੰ ਅਰਘ ਦਾਨ ਕੀਤਾ ਜਾਂਦਾ ਹੈ।
ਚੌਥੇ ਦਿਨ ਕਾਰਤਿਕ ਸ਼ੁਕਲ ਸਪਤਮੀ ਨੂੰ ਉਗਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਵਰਤਧਾਰੀ ਦੁਬਾਰਾ ਉੱਥੇ ਹੀ ਇਕੱਠੇ ਹੁੰਦੇ ਹਨ, ਜਿੱਥੇ ਪਿਛਲੀ ਸ਼ਾਮ ਨੂੰ ਅਰਘ ਦਿੱਤਾ ਸੀ।
ਅਰਘ ਦੇਣ ਵੇਲੇ ਛਠ ਦੇ ਪ੍ਰਸਾਦ ਨੂੰ ਸੂਪ ਵਿੱਚ ਰੱਖਿਆ ਜਾਂਦਾ ਹੈ। ਦੁਬਾਰਾ ਪਿਛਲੀ ਸ਼ਾਮ ਦੀ ਪ੍ਰਕਿਰਿਆ ਨੂੰ ਮੁੜ ਦੁਹਰਾਇਆ ਜਾਦਾ ਹੈ।
ਛਠ ਵਰਤ ਕਠਿਨ ਤਪੱਸਿਆ ਵਾਂਗ ਮੰਨਿਆ ਜਾਂਦਾ ਹੈ। ਇਹ ਛਠ ਵਰਤ ਜ਼ਿਆਦਾਤਰ ਔਰਤਾਂ ਕਰਦੀਆਂ ਹਨ, ਕੁਝ ਪੁਰਸ਼ ਵੀ ਵਰਤ ਰੱਖਦੇ ਹਨ।
ਅਜਿਹਾ ਜ਼ਰੂਰੀ ਨਹੀਂ ਹੈ ਕਿ ਛਠ ਪੂਜਾ 'ਤੇ ਔਰਤਾਂ ਸਿਰਫ਼ ਨਦੀ ਜਾਂ ਨਹਿਰ ਕੰਢੇ ਹੀ ਸੂਰਜ ਨੂੰ ਅਰਧ ਦਿੰਦੀਆਂ ਹਨ।
ਜਿਨ੍ਹਾਂ ਥਾਵਾਂ 'ਤੇ ਇਹ ਵਿਵਸਥਾ ਨਹੀਂ ਹੁੰਦੀ ਹੈ, ਉੱਥੇ ਹੁਣ ਔਰਤਾਂ ਛੋਟੇ ਤਾਲਾਬ, ਸਵੀਮਿੰਗ ਪੂਲ, ਰਬੜ ਦੇ ਬਣੇ ਬਾਥਟਬ, ਛੋਟੇ ਗੱਡੇ ਜਿਨ੍ਹਾਂ ਵਿੱਚ ਪਾਣੀ ਭਰਿਆ ਹੁੰਦਾ ਹੈ, ਨਾਲ ਵੀ ਅਰਘ ਦਿੰਦੀਆਂ ਹਨ।
ਇਸ ਤਿਓਹਾਰ ਬਾਰੇ ਹਿੰਦੂ ਧਰਮ ਦੇ ਜਾਣਕਾਰ ਪੰਡਿਤ ਰਾਮਦੇਵ ਪਾਂਡਿਆ ਨੇ ਦੱਸਿਆ, "ਛਠ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਰਤ ਨੂੰ ਪਹਿਲੀ ਵਾਰ ਸਤਯੁਗ ਵਿੱਚ ਰਾਜਾ ਸ਼ਰਿਆਤੀ ਦੀ ਬੇਟੀ ਸੁਕੰਨਿਆ ਨੇ ਰੱਖਿਆ ਸੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: