ਐਲਨਾਬਾਦ ਜ਼ਿਮਨੀ ਚੋਣ: ਖੱਟਰ ਲਈ ਕਿਸਾਨ ਅੰਦੋਲਨ ਦੌਰਾਨ ਪਰਖ ਦੀ ਘੜੀ, ਅਭੈ ਚੌਟਾਲਾ ਦਾ ਵੱਕਾਰ ਦਾਅ 'ਤੇ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਸਹਿਯੋਗੀ

ਤਿੰਨ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਇੰਡੀਅਨ ਨੈਸ਼ਨਲ ਲੋਕਦਲ ਦੇ ਹਰਿਆਣਾ ਵਿਧਾਨ ਸਭਾ 'ਚ ਇੱਕੋ ਇਕ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਖਾਲੀ ਹੋਈ ਐਲਨਾਬਾਦ ਦੀ ਸੀਟ 'ਤੇ ਸ਼ਨਿੱਚਰਵਾਰ 30 ਅਕਤੂਬਰ ਨੂੰ ਮੁੜ ਤੋਂ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ।

ਇੰਡੀਅਨ ਨੈਸ਼ਨਲ ਲੋਕਦਲ ਨੇ ਮੁੜ ਤੋਂ ਅਭੈ ਸਿੰਘ ਚੌਟਾਲਾ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਭਾਜਪਾ-ਜਜਪਾ ਨੇ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਗੋਬਿੰਦ ਕਾਂਡਾ ਹਰਿਆਣਾ ਲੋਕਹਿਤ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਸਨ ਤੇ ਉਹ ਜ਼ਿਮਨੀ ਚੋਣ ਦਾ ਐਲਾਨ ਹੋਣ ਮਗਰੋਂ ਹਲੋਪਾ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਕਾਂਗਰਸ ਨੇ ਪਵਨ ਬੈਨੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਪਵਨ ਬੈਨੀਵਾਲ ਦੋ ਵਾਰ ਐਲਨਾਬਾਦ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਜਿਤਾ ਨਹੀਂ ਸਕੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਲੋਂ ਵੀ ਪਵਨ ਬੈਨੀਵਾਲ ਦੇ ਲਈ ਚੋਣ ਰੈਲੀਆਂ ਕੀਤੀਆਂ ਗਈਆਂ ਸਨ।

ਭਾਜਪਾ-ਜਜਪਾ ਤੋਂ ਇਲਵਾ ਇਨੈਲੋ ਤੇ ਕਾਂਗਰਸ ਸਮੇਤ ਐਲਨਾਬਾਦ ਦੀ ਜ਼ਿਮਨੀ ਚੋਣ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ:

ਸਿਆਸੀ ਪਾਰਟੀਆਂ ਦਾ ਕਿਹੋ ਜਿਹਾ ਚੋਣ ਪ੍ਰਚਾਰ?

ਭਾਜਪਾ-ਜਜਪਾ

ਭਾਜਪਾ-ਜਜਪਾ ਆਗੂ ਨੇ ਜਿੱਥੇ ਜ਼ਿਮਨੀ ਚੋਣ ਲੋਕਾਂ 'ਤੇ ਥੋਪੇ ਜਾਣ ਨੂੰ ਮੁੱਦਾ ਬਣਾ ਕੇ ਚੋਣ ਪ੍ਰਚਾਰ ਕੀਤਾ ਹੈ ਉੱਥੇ ਹੀ ਆਉਣ ਵਾਲੇ ਅਗਲੇ ਤਿੰਨ ਸਾਲਾਂ ਵਿੱਚ ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣ ਦਾ ਵਾਅਦਾ ਵੀ ਕੀਤਾ ਹੈ।

ਭਾਜਪਾ ਤੇ ਜਜਪਾ ਆਗੂਆਂ ਨੇ ਇਲਾਕੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸੇਮ ਦੀ ਸਮੱਸਿਆ ਨੂੰ ਦੂਰ ਕਰਨ, ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ, ਸੜਕਾਂ ਬਣਵਾਉਣ ਦੇ ਨਾਲ ਨਾਲ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਵਾਅਦੇ ਕੀਤੇ ਹਨ।

ਭਾਜਪਾ-ਜਜਪਾ ਆਗੂਆਂ ਨੇ ਆਪਣੇ ਉਮੀਦਵਾਰ ਗੋਬਿੰਦ ਕਾਂਡਾ ਨੂੰ ਇੱਕ ਸਮਾਜ ਸੇਵਕ ਵੱਲੋਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਸਮੇਤ ਅਨੇਕ ਮੰਤਰੀ ਤੇ ਭਾਜਪਾ-ਜਜਪਾ ਦੇ ਸੀਨੀਅਰ ਨੇਤਾ ਚੋਣ ਪ੍ਰਚਾਰ ਲਈ ਡਟੇ ਰਹੇ।

ਹਾਲਾਂਕਿ ਬਹੁਤ ਥਾਵਾਂ 'ਤੇ ਕਿਸਾਨਾਂ ਨੇ ਭਾਜਪਾ-ਜਜਪਾ ਨੇਤਾਵਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਕਾਲੇ ਝੰਡੇ ਵੀ ਵੇਖਣ ਪਏ।

ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਦਿਗਵਿਜੈ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਦੇਵੀ ਲਾਲ ਚੌਟਾਲਾ ਨੇ ਆਪਣੇ ਹੀ ਪਰਿਵਾਰ ਦੇ ਖ਼ਿਲਾਫ਼ ਚੋਣ ਪ੍ਰਚਾਰ ਕੀਤਾ।

ਇਨੈਲੋ

ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਜਿੱਥੇ ਖੁਦ ਚੋਣ ਕਮਾਨ ਸੰਭਾਲੀ ਹੋਈ ਸੀ।

ਉੱਥੇ ਹੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਕਈ ਚੋਣ ਰੈਲੀਆਂ ਕੀਤੀਆਂ ਤੇ ਭਾਜਪਾ-ਜਜਪਾ ਸਰਕਾਰ ਤੇ ਕੇਂਦਰ ਸਰਕਾਰ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ।

ਚੋਣ ਪ੍ਰਚਾਰ ਦੌਰਾਨ ਕਈ ਵਾਰ ਕਿਸਾਨੀ ਤੇ ਵਿਕਾਸ ਦੇ ਮੁੱਦਿਆਂ 'ਤੇ ਸ਼ਰੀਕੇਬਾਜ਼ੀ ਹਾਵੀ ਰਹੀ।

ਕਾਂਗਰਸ

ਕਾਂਗਰਸ ਨੇ ਪਵਨ ਬੈਨੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਪਵਨ ਬੈਨੀਵਾਲ ਕੁਝ ਸਮਾਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤੇ ਉਹ ਕਾਂਗਰਸ ਦੀ ਟਿਕਟ ਲੈਣ ਵਿੱਚ ਸਫਲ ਵੀ ਹੋ ਗਏ।

ਪਵਨ ਬੈਨੀਵਾਲ ਪਹਿਲਾਂ ਦੋ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਲੋਂ ਪਵਨ ਬੈਨੀਵਾਲ ਲਈ ਹਲਕੇ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ ਪਰ ਉਹ ਪਵਨ ਬੈਨੀਵਾਲ ਨੂੰ ਜਿੱਤਾ ਨਾ ਸਕੇ।

ਕਾਂਗਰਸ ਦੀ ਪਵਨ ਬੈਨੀਵਾਲ ਨੂੰ ਟਿਕਟ ਮਿਲਣ ਮਗਰੋਂ ਪਾਰਟੀ ਵਿੱਚ ਇਕ ਵਾਰ ਫਿਰ ਤੋਂ ਗੁੱਟਬਾਜ਼ੀ ਵੀ ਵੇਖਣ ਨੂੰ ਮਿਲੀ।

ਐਲਨਾਬਾਦ ਵਿਧਾਨ ਸਭਾ ਹਲਕੇ ਤੋਂ ਪਿਛਲੀ ਚੋਣ ਲੜ ਚੁੱਕੇ ਭਰਤ ਬੈਨੀਵਾਲ ਇਸ ਚੋਣ ਵਿੱਚ ਜ਼ਿਆਦਾ ਸਰਗਰਮ ਨਹੀਂ ਹੋਏ।

ਕਾਂਗਰਸੀ ਆਗੂਆਂ ਵੱਲੋਂ ਕਈ ਵਾਰ ਉਨ੍ਹਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਚੋਣ ਪ੍ਰਚਾਰ ਲਈ ਨਹੀਂ ਨਿਕਲੇ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ, ਹਰਿਆਣਾ ਕਾਂਗਰਸ ਪਾਰਟੀ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਸਮੇਤ ਕਈ ਸੀਨੀਅਰ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ।

ਇਨ੍ਹਾਂ ਆਗੂਆਂ ਨੇ ਮਹਿੰਗਾਈ, ਡੀਏਪੀ ਖਾਦ ਦੀ ਕਮੀ ਤੋਂ ਇਲਾਵਾ ਕਈ ਹੋਰ ਕਿਸਾਨੀਂ ਮੁੱਦਿਆਂ ਨੂੰ ਉਭਾਰ ਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ।

ਖੇਤੀ ਕਾਨੂੰਨ ਤੇ ਕਿਸਾਨੀ ਅੰਦੋਲਨ

ਐਲਨਾਬਾਦ ਜ਼ਿਮਨੀ ਚੋਣ ਦੌਰਾਨ ਖੇਤੀ ਕਾਨੂੰਨ ਤੇ ਕਿਸਾਨੀਂ ਅੰਦੋਲਨ ਸੁਰਖੀਆਂ ਵਿੱਚ ਰਿਹਾ।

ਜ਼ਿਮਨੀ ਚੋਣ ਦਾ ਐਲਾਨ ਹੁੰਦੇ ਹੀ ਭਾਜਪਾ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਮੀਟਿੰਗ ਕੀਤੀ ਗਈ।

ਬੈਠਕ ਦੀ ਭਿਣਕ ਜਿਵੇਂ ਹੀ ਕਿਸਾਨਾਂ ਨੂੰ ਲੱਗੀ ਤਾਂ ਉਹ ਭਾਜਪਾ ਆਗੂਆਂ ਦਾ ਵਿਰੋਧ ਕਰਨ ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਲਈ ਪਹੁੰਚ ਗਏ।

ਪੁਲਿਸ ਦੇ ਪਹਿਰੇ ਹੇਠ ਭਾਜਪਾ ਆਗੂਆਂ ਨੂੰ ਹੋਟਲ ਚੋਂ ਬਾਹਰ ਕੱਢਿਆ ਗਿਆ।

ਗੋਬਿੰਦ ਕਾਂਡਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਕਿਸਾਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਵਿਰੋਧ ਕੀਤਾ ਗਿਆ ਤੇ ਭਾਜਪਾ-ਜਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਗਏ।

ਪੁਲਿਸ ਦੀ ਛੱਤਰੀ ਹੇਠ ਹੋਇਆ ਚੋਣ ਪ੍ਰਚਾਰ

ਕਿਸਾਨਾਂ ਵੱਲੋਂ ਭਾਜਪਾ-ਜਜਪਾ ਆਗੂਆਂ ਦਾ ਐਲਨਾਬਾਦ ਦੀ ਜ਼ਿਮਨੀ ਚੋਣ ਦੌਰਾਨ ਵਿਰੋਧ ਕੀਤੇ ਜਾਣ ਦੇ ਮੱਦੇਨਜ਼ਰ ਪੂਰੇ ਹਲਕੇ 'ਚ ਨੀਮ ਫ਼ੌਜੀ ਦਸਤੇ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੀ।

ਭਾਰੀ ਪੁਲੀਸ ਬਲ ਹੋਣ ਦੇ ਬਾਵਜੂਦ ਕਿਸਾਨ ਕਈ ਥਾਵਾਂ 'ਤੇ ਭਾਜਪਾ ਤੇ ਜਜਪਾ ਆਗੂਆਂ ਦਾ ਵਿਰੋਧ ਕਰਨ ਵਿੱਚ ਸਫਲ ਵੀ ਰਹੇ।

ਕਈ ਥਾਵਾਂ 'ਤੇ ਕਿਸਾਨਾਂ ਨੇ ਭਾਜਪਾ-ਜਜਪਾ ਆਗੂਆਂ ਨੂੰ ਕਾਲੇ ਝੰਡੇ ਵੀ ਵਿਖਾਏ ਅਤੇ ਕਈ ਪਿੰਡਾਂ ਵਿੱਚ ਉਨ੍ਹਾਂ ਦੇ ਦਾਖ਼ਲ ਨਾ ਹੋਣ ਦੇ ਬੋਰਡ ਲਾਏ ਗਏ।

ਇਸ ਤੋਂ ਇਲਾਵਾ ਅਨੇਕਾਂ ਪਿੰਡਾਂ ਵਿੱਚ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਆਗੂਆਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਸ਼ਾਮਲ ਹਨ।

ਹਲਾਂਕਿ ਭਾਜਪਾ-ਜਜਪਾ ਆਗੂ ਇਨ੍ਹਾਂ ਨੂੰ ਕਿਸਾਨ ਨਾ ਦਸ ਕੇ ਵਿਰੋਧੀ ਧਿਰ ਦੇ ਕਾਰਕੁਨ ਆਖ ਰਹੀਆਂ ਹਨ।

ਸੰਯੁਕਤ ਕਿਸਾਨ ਮੋਰਚਾ ਦੀਆਂ ਰੈਲੀਆਂ

ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਨਾਬਾਦ ਵਿਧਾਨ ਸਭਾ ਹਲਕੇ ਦੇ ਨਾਥੂਸਰੀ ਚੌਪਟਾ ਤੇ ਐਲਨਾਬਾਦ ਕਸਬੇ 'ਚ ਦੋ ਭਰਵੀਆਂ ਰੈਲੀਆਂ ਕੀਤੀਆਂ ਗਈਆਂ।

ਇਨ੍ਹਾਂ ਰੈਲੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨ ਆਪਣੇ ਟਰੈਕਟਰਾਂ ਦੇ ਲੰਮੇ ਕਾਫਲਿਆਂ ਨਾਲ ਰੈਲੀਆਂ ਵਿੱਚ ਪੁੱਜੇ ਸਨ।

ਇਨ੍ਹਾਂ ਰੈਲੀਆਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਤੋਂ ਇਲਾਵਾ ਕੁਲਵੰਤ ਸਿੰਘ ਸੰਧੂ, ਡਾ. ਸਵੈਮਾਨ ਸਿੰਘ, ਬਲਦੇਵ ਸਿੰਘ, ਸੋਨੀਆ ਮਾਨ, ਰਵੀ ਆਜ਼ਾਦ ਆਦਿ ਆਗੂਆਂ ਤੋਂ ਇਲਾਵਾ ਸਥਾਨਕ ਕਿਸਾਨ ਨੇਤਾ ਸਵਰਨ ਸਿੰਘ ਵਿਰਕ, ਡਾ. ਸੁਖਦੇਵ ਜੰਮੂ, ਤਿਲਕ ਰਾਜ ਵਿਨਾਇਕ, ਲੱਖਵਿੰਦਰ ਸਿੰਘ ਲੱਖਾ, ਪ੍ਰਹਿਲਾਦ ਸਿੰਘ ਭਾਰੂਖੇੜਾ ਆਦਿ ਨੇ ਵੀ ਸੰਬੋਧਨ ਕੀਤਾ।

ਰੈਲੀਆਂ ਦੌਰਾਨ ਭਾਜਪਾ ਨੂੰ ਹਰਾਉਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)