ਐੱਨਸੀਬੀ ਅਧਿਕਾਰੀ ਸਮੀਰ ਵਾਨਖੇੜੇ: ਆਰਿਅਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਜਾਅਲੀ ਪਛਾਣ ਦੇ ਇਲਜ਼ਾਮਾਂ ਤੱਕ

ਦੋ ਅਕਤੂਬਰ ਨੂੰ ਕਰੂਜ਼ ਡਰੱਗਜ਼ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਮੀਰ ਵਾਨਖੇੜੇ ਦੇ ਇੱਕ ਸਖ਼ਤ ਮਿਜਾਜ਼ ਅਫ਼ਸਰ ਹੋਣ ਦੀਆਂ ਸਰਗੋਸ਼ੀਆਂ ਸਨ ਤਾਂ ਹੁਣ ਵਾਨਖੇੜੇ ਹਿੰਦੂ ਹਨ ਜਾਂ ਮੁਸਲਮਾਨ ਇਸ ਵਿੱਚ ਬਦਲ ਗਈਆਂ ਹਨ।

ਅਸਲ ਵਿੱਚ ਵਾਨਖੇੜੇ ਨੂੰ ਚਰਚਾ ਵਿੱਚ ਲੈ ਕੇ ਆਉਣ ਵਾਲੇ ਹਨ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ, ਜੋ ਲਗਾਤਾਰ ਕਰੂਜ਼ ਡਰੱਗਜ਼ ਮਾਮਲੇ ਵਿੱਚ ਘਪਲੇ ਦੇ ਇਲਜ਼ਾਮ ਲਗਾ ਰਹੇ ਹਨ।

ਉਹ ਹਰ ਰੋਜ਼ ਕਦੇ ਪ੍ਰੈੱਸ ਕਾਨਫ਼ਰੰਸ ਰਾਹੀਂ ਅਤੇ ਕਦੇ ਕੁਝ ਨਾ ਕੁਝ ਟਵੀਟ ਕਰਕੇ ਵੱਖੋ-ਵੱਖ ਦਾਅਵੇ ਕਰ ਰਹੇ ਹਨ।

ਨਵਾਬ ਮਲਿਕ ਦੇ ਸਿਲਸਿਲੇਵਾਰ ਇਲਜ਼ਾਮ

ਡਰੱਗਜ਼ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਛੇ ਅਕਤੂਬਰ ਨੂੰ ਮਲਿਕ ਨੇ ਪਹਿਲੀ ਵਾਰ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਐੱਨਸੀਬੀ ਉੱਪਰ ਜਾਣਬੁੱਝ ਕੇ ਬਾਲੀਵੁੱਡ ਅਤੇ ਮਹਾਰਾਸ਼ਟਰ ਸਰਕਾਰ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ।

ਮੁੰਬਈ ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿੱਚ ਜਿੱਥੇ ਇੱਕ ਪਾਸੇ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਦੀ ਚਰਚਾ ਹੋ ਰਹੀ ਹੈ ਤਾਂ ਦੂਜੇ ਪਾਸੇ ਸੁਰਖੀਆਂ ਵਿੱਚ ਹਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਮੁੰਬਈ ਡਿਵੀਜ਼ਨ ਦੇ ਨਿਰਦੇਸ਼ਕ ਸਮੀਰ ਵਾਨਖੇੜੇ।

ਸ਼ੁਰੂ ਵਿੱਚ ਉਨ੍ਹਾਂ ਨੇ ਐੱਨਸੀਬੀ ਦੀ ਛਾਪੇਮਾਰੀ ਉੱਪਰ ਇਤਰਾਜ਼ ਚੁੱਕੇ।

ਉਨ੍ਹਾਂ ਨੇ ਸਵਾਲ ਚੁੱਕਿਆ ਕਿ ਇਸ ਛਾਪੇਮਾਰੀ ਵਿੱਚ ਨਿੱਜੀ ਜਾਸੂਸ ਅਤੇ ਭਾਜਪਾ ਆਗੂ ਮਨੀਸ਼ ਕਿਉਂ ਸ਼ਾਮਲ ਸਨ।

ਉਨ੍ਹਾਂ ਨੇ ਦੋ ਅਕਤੂਬਰ ਦੀ ਰਾਤ ਨੂੰ ਵੀਡੀਓ ਟਵੀਟ ਕੀਤਾ ਜਿਸ ਵਿੱਚ ਐੱਨਸੀਬੀ ਦਫ਼ਤਰ ਅਤੇ ਗੋਸਵਾਮੀ ਅਤੇ ਭਾਨੂਸ਼ਾਲੀ ਦਿਖਾਈ ਦੇ ਰਹੇ ਹਨ।

ਮਗਰੋਂ ਐੱਨਸੀਬੀ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਗੋਸਵਾਮੀ ਅਤੇ ਭਾਨੂਸ਼ਾਲੀ ਇਸ ਮਾਮਲੇ ਵਿੱਚ ਗਵਾਹ ਹਨ।

ਪਰ ਬਾਅਦ ਵਿੱਚ ਇਸ ਗੱਲ ਬਾਰੇ ਵੀ ਸਵਾਲ ਖੜ੍ਹੇ ਕੀਤੇ ਗਏ ਕਿ ਕੀ ਕੋਈ ਗਵਾਹ ਮੁਲਜ਼ਮਾਂ ਨੂੰ ਫੜ ਕੇ ਲੈ ਕੇ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਵਾ ਸਕਦਾ ਹੈ ਕਿਉਂਕਿ ਗੋਸਵਾਮੀ ਦੀ ਆਰਿਅਨ ਖ਼ਾਨ ਨਾਲ ਇੱਕ ਤਸਵੀਰ ਵੀ ਸਾਹਮਣੇ ਆਈ ਸੀ।

ਨਵਾਬ ਮਲਿਕ ਵੱਲੋਂ ਇਲਜ਼ਾਮਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਤੋਂ ਬਾਅਦ ਅਗਲੇ ਹੀ ਦਿਨ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦਾ ਵੀਡੀਓ ਟਵੀਟ ਕਰਦੇ ਹੋਏ ਸਵਾਲ ਚੁੱਕੇ ਸਨ।

ਵਾਨਖੇੜੇ ਨੇ ਕਿਹਾ ਸੀ ਕਿ ਅੱਠ ਤੋਂ 10 ਲੋਕ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ ਕੀ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਕਿੰਨੇ ਲੋਕ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ ਜਾਂ ਫਿਰ ਉਹ ਦੋ ਹੋਰ ਲੋਕਾਂ ਉੱਪਰ ਮਾਮਲਾ ਦਰਜ ਕਰਨ ਵਾਲੇ ਸਨ।

ਇਸ ਤੋਂ ਬਾਅਦ ਫਿਰ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਡਰੱਗਜ਼ ਮਾਮਲੇ ਵਿੱਚ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਰ ਤਿੰਨ ਜਣਿਆਂ ਨੂੰ ਇਸ ਲਈ ਛੱਡ ਦਿੱਤਾ ਗਿਆ ਕਿਉਂਕਿ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਭਾਜਪਾ ਦੇ ਸੀਨੀਅਰ ਆਗੂ ਦਾ ਰਿਸ਼ਤੇਦਾਰ ਸੀ।

ਉੱਥੇ ਹੀ ਨਵਾਬ ਮਲਿਕ ਉੱਪਰ ਇਲਜ਼ਾਮ ਲੱਗੇ ਕਿ ਉਨ੍ਹਾਂ ਦੇ ਜਵਾਈ ਸਮੀਰ ਖ਼ਾਨ ਨੂੰ ਐੱਨਸੀਬੀ ਨੇ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਸੇ ਕਾਰਨ ਉਹ ਨਿੱਜੀ ਰੂਪ ਵਿੱਚ ਐੱਨਸੀਬੀ ਉੱਪਰ ਹਮਲੇ ਕਰ ਰਹੇ ਹਨ।

ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਮਲਿਕ ਇੱਕ ਵਾਰ ਫਿਰ ਟਵਿੱਟਰ ਉੱਪਰ ਆਏ ਅਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਕੋਰਟ ਨੇ ਉਨ੍ਹਾਂ ਦੇ ਜਵਾਈ ਨੂੰ ਇਹ ਕਹਿੰਦਿਆਂ ਜ਼ਮਾਨਤ ਦਿੱਤੀ ਕਿ ਉਨ੍ਹਾਂ ਕੋਲ ਡਰੱਗਜ਼ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਸਨ।

ਨਵਾਬ ਮਲਿਕ ਖੁੱਲ੍ਹ ਕੇ ਵਾਨਖੇੜੇ ਉੱਪਰ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਵਾਨਖੇੜੇ ਦੇ ਪਹਿਲੇ ਵਿਆਹ ਸਮੇਤ ਕਈ ਨਿੱਜੀ ਤਸਵੀਰਾਂ ਟਵੀਟ ਕੀਤੀਆਂ।

ਇਹ ਵੀ ਪੜ੍ਹੋ-

ਐੱਨਸੀਬੀ ਦੀ ਕਾਰਵਾਈ ਤੋਂ ਬਾਅਦ ਵਾਨਖੇੜੇ ਉੱਪਰ ਸਵਾਲ

ਨਵਾਬ ਮਲਿਕ ਐੱਨਸੀਬੀ 'ਤੇ ਉਸ ਦੀ ਕਾਰਵਾਈ ਉੱਪਰ ਇਲਜ਼ਾਮ ਲਗਾਉਂਦੇ-ਲਗਾਉਂਦੇ ਹੁਣ ਉਸ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਉੱਪਰ ਕਈ ਇਲਜ਼ਾਮ ਲਗਾ ਰਹੇ ਹਨ।

ਸ਼ੁਰੂਆਤ ਵਿੱਚ ਇਸ ਮਾਮਲੇ ਵਿੱਚ ਗਵਾਹ ਦੱਸੇ ਗਏ ਫਲੈਚਰ ਪਟੇਲ ਨੂੰ ਵਾਨਖੇੜੇ ਦਾ ਪਰਿਵਾਰਕ ਦੋਸਤ ਦੱਸਿਆ ਅਤੇ ਸਵਾਲ ਚੁੱਕੇ ਕਿ ਕੀ ਕੋਈ ਪਰਿਵਾਰਕ ਦੋਸਤ ਅਜਿਹੇ ਮਾਮਲੇ ਵਿੱਚ ਗਵਾਹ ਕਿਵੇਂ ਹੋ ਸਕਦਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਵਾਨਖੇੜੇ ਨੂੰ ਸਾਜਿਸ਼ ਦੇ ਤਹਿਤ ਐੱਨਸੀਬੀ ਵਿੱਚ ਲਿਆਂਦਾ ਗਿਆ ਤਾਂ ਕਿ ਬਾਲੀਵੁੱਡ ਨੂੰ ਬਦਨਾਮ ਕੀਤਾ ਜਾ ਸਕੇ।

ਉਨ੍ਹਾਂ ਨੇ ਵਾਨਖੇੜੇ ਉੱਪਰ ਕੋਰੋਨਾ ਲੌਕਡਾਊਨ ਦੌਰਾਨ ਸਾਲ 2020 ਵਿੱਚ ਦੁਬਈ ਅਤੇ ਮਾਲਦੀਵ ਜਾ ਕੇ 'ਫ਼ਿਲਮ ਇੰਡਸਟਰੀ ਦੇ ਲੋਕਾਂ ਤੋਂ ਉਗਰਾਹੀ' ਕਰਨ ਦਾ ਇਲਜ਼ਾਮ ਵੀ ਲਾਇਆ।

ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣ ਦੇ ਲਈ ਵਾਨਖੇੜੇ ਖ਼ੁਦ ਸਾਹਮਣੇ ਆਏ ਅਤੇ ਕਿਹਾ ਕਿ ਮਲਿਕ ਦੇ ਦਾਅਵੇ ਬੇਬੁਨਿਆਦ ਹਨ।

ਉਹ ਮਾਲਦੀਵ ਜ਼ਰੂਰ ਗਏ ਸਨ ਪਰ ਦੁਬਈ ਕਦੇ ਨਹੀਂ ਗਏ ਅਤੇ ਇਸ ਬਾਰੇ ਪਾਸਪੋਰਟ ਅਥਾਰਟੀ ਜਾਂ ਏਅਰਪੋਰਟ ਅਥਾਰਟੀ ਤੋਂ ਵੀ ਪੁਸ਼ਟੀ ਕੀਤੀ ਜਾ ਸਕਦੀ ਹੈ।

ਵਾਨਖੇੜੇ ਨੇ ਕਿਹਾ ਕਿ ਇਨ੍ਹਾਂ ਇਲਜ਼ਾਮਾਂ ਨਾਲ ਉਹ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਣਗੇ।

ਮਲਿਕ ਨੇ ਗੋਸਵਾਮੀ ਨੇ ਬਾਡੀਗਾਰਡ ਪ੍ਰਭਾਕਰ ਸੈਲ ਦੇ ਹਵਾਲੇ ਨਾਲ ਵੀ ਇਲਜ਼ਾਮ ਲਾਇਆ ਗਿਆ ਕਿ ਐੱਨਸੀਬੀ ਅਤੇ ਗੋਸਵਾਮੀ ਨੇ ਆਰਿਅਨ ਖ਼ਾਨ ਨੂੰ ਛੱਡਣ ਲਈ 25 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਵਾਨਖੇੜੇ ਨੇ ਇੱਕ ਸਾਦੇ ਕਾਗਜ਼ ਉੱਪਰ ਦਸਤਖ਼ਤ ਕਰਕੇ ਗੋਸਵਾਮੀ ਨੂੰ ਇਸ ਮਾਮਲੇ ਵਿੱਚ ਗਵਾਹ ਬਣਾਇਆ ਗਿਆ ਸੀ।

ਵਾਨਖੇੜੇ ਦੇ ਹਿੰਦੂ-ਮੁਸਲਮਾਨ ਹੋਣ 'ਤੇ ਵੀ ਸਵਾਲ

ਤਾਜ਼ਾ ਇਲਜ਼ਾਮ ਨਵਾਬ ਮਲਿਕ ਨੇ ਸੋਮਵਾਰ ਨੂੰ ਲਾਇਆ। ਉਨ੍ਹਾਂ ਨੇ ਇੱਕ ਜਨਮ ਸਰਟੀਫਿਕੇਟ ਟਵੀਟ ਕਰਦਿਆਂ ਕਿਹਾ ਕਿ ਵਾਨਖੇੜੇ ਦਾ ਅਸਲੀ ਨਾਮ ਸਮੀਰ ਦਾਊਦ ਵਾਨਖੇੜੇ ਹੈ।

ਇਸ ਸਰਟੀਫਿਕੇਟ ਦੇ ਧਰਮ ਵਾਲੇ ਖਾਨੇ ਵਿੱਚ ਮੁਸਲਮਾਨ ਦਰਜ ਹੈ।

ਸਮੀਰ ਵਾਨਖੇੜੇ 2008 ਦੇ ਬੈਚ ਦੇ ਆਈਆਰਐਸ ਅਫ਼ਸਰ ਹਨ।

ਮਲਿਕ ਦਾ ਇਲਜ਼ਾਮ ਹੈ ਕਿ ਵਾਨਖੇੜੇ ਜਨਮ ਤੋਂ ਮੁਸਲਮਾਨ ਹਨ ਅਤੇ ਨੌਕਰੀ ਹਾਸਲ ਕਰਨ ਲਈ ਉਨ੍ਹਾਂ ਨੇ ਜਾਅਲੀ ਤਰੀਕੇ ਨਾਲ ਐੱਸਸੀ ਸਰਟੀਫਿਕੇਟ ਬਣਵਾਇਆ ਸੀ।

ਇਸ ਤੋਂ ਬਾਅਦ ਬੁੱਧਵਾਰ ਨੂੰ ਮਲਿਕ ਨੇ ਸਮੀਰ ਵਾਨਖੇੜੇ ਦੇ ਪਹਿਲੇ ਵਿਆਹ ਦਾ ਕਥਿਤ ਨਿਕਾਹਨਾਮਾ (ਮੈਰਿਜ ਸਰਟੀਫਿਕੇਟ) ਸਾਂਝਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਵਿਆਹ ਡਾਕਟਰ ਸ਼ਬਾਨਾ ਕੁਰੈਸ਼ੀ ਨਾਲ ਹੋਇਆ ਸੀ।

ਮਲਿਕ ਨੇ ਅਗਲੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਦਾ ਮਕਸਦ ਵਾਨਖੇੜੇ ਦਾ ਧਰਮ ਦੱਸਣਾ ਨਹੀਂ ਸਗੋਂ ਉਨ੍ਹਾਂ ਵੱਲੋਂ ਕੀਤੀਆਂ ਜਾਲਸਾਜ਼ੀਆਂ ਲੋਕਾਂ ਦੇ ਸਾਹਮਣੇ ਲਿਆਉਣਾ ਹੈ।

ਜਨਮ ਸਰਟੀਫਿਕੇਟ ਅਤੇ ਉਨ੍ਹਾਂ ਦੀ ਪਛਾਣ ਬਾਰੇ ਸਮੀਰ ਵਾਨਖੇੜੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮਾਨਹਾਨੀ ਦਾ ਮਾਮਲਾ ਹੈ ਅਤੇ ਉਨ੍ਹਾਂ ਦੀ ਪਰਿਵਾਰਕ ਨਿੱਜਤਾ ਨੂੰ ਜਾਣਬੁਝ ਕੇ ਘਸੀਟਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਅਸਲ ਵਿੱਚ ਇੱਕ ਸੱਚੀ ਬਹੁ-ਧਰਮੀ ਭਾਰਤੀ ਰਵਾਇਤ ਨਾਲ ਸਬੰਧ ਰੱਖਦੇ ਹਨ ਅਤੇ ਇਸ ਉੱਪਰ ਮੈਨੂੰ ਫ਼ਖ਼ਰ ਹੈ।

''ਇਸ ਪ੍ਰਸੰਗ ਵਿੱਚ ਕਹਿਣਾ ਚਾਹਾਂਗਾ ਕਿ ਮੇਰੇ ਪਿਤਾ ਸ਼੍ਰੀ ਗਿਆਨਦੇਵ ਚਕਰੂਜੀ ਵਾਨਖੇੜੇ ਪੁਣੇ ਵਿੱਚ 30 ਜੂਨ 2007 ਨੂੰ ਸਟੇਟ ਐਕਸਾਈਜ਼ ਡਿਪਾਰਟਮੈਂਟ ਦੇ ਸੀਨੀਅਰ ਪੁਲਿਸ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।"

"ਮੇਰੇ ਪਿਤਾ ਹਿੰਦੂ ਹਨ ਅਤੇ ਮੇਰੀ ਮਰਹੂਮ ਮਾਂ ਸ਼੍ਰੀਮਤੀ ਜਾਹਿਦਾ ਇੱਕ ਮੁਸਲਮਾਨ ਸਨ।''

ਪਹਿਲੇ ਵਿਆਹ ਬਾਰੇ ਕੀ ਕਿਹਾ

ਇਸ ਪ੍ਰੈੱਸ ਨੋਟ ਵਿੱਚ ਵਾਨਖੇੜੇ ਨੇ ਆਪਣੇ ਪਹਿਲੇ ਵਿਆਹ ਬਾਰੇ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ, ''2006 ਵਿੱਚ ਸਪੈਸ਼ਲ ਮੈਰਿਜ ਦੇ ਤਹਿਤ ਮੈਂ ਡਾਕਟਰ ਸ਼ਬਾਨਾ ਕੁਰੈਸ਼ੀ ਨਾਲ ਵਿਆਹ ਕੀਤਾ ਸੀ।"

"2016 ਵਿੱਚ ਆਪਣੀ ਸਹਿਮਤੀ ਨਾਲ ਅਸੀਂ ਸਿਵਲ ਕੋਰਟ ਵਿੱਚ ਤਲਾਕ ਲੈ ਲਿਆ ਸੀ। 2017 ਵਿੱਚ ਆਖ਼ਰ ਮੈਂ ਆਪਣੀ ਪਤਨੀ ਕ੍ਰਾਂਤੀ ਦੀਨਾਨਾਥ ਰੇਡਕਰ ਨਾਲ ਵਿਆਹ ਕਰ ਲਿਆ।''

ਇਸ ਤੋਂ ਬਾਅਦ ਵਾਨਖੇੜੇ ਨੇ ਆਪਣੀਆਂ ਨਿੱਜੀ ਤਸਵੀਰਾਂ ਨੂੰ ਟਵਿੱਟਰ ਉੱਪਰ ਸ਼ੇਅਰ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਆਪਣੇ ਪਰਿਵਾਰ ਦੀ ਨਿੱਜਤਾ ਦਾ ਮਾਮਲਾ ਹੈ।

ਵਾਨਖੇੜੇ ਦੀ ਪਤਨੀ ਅਤੇ ਪਿਤਾ ਨੇ ਵੀ ਜਵਾਬ ਦਿੱਤਾ

ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਦਾਅਵਿਆਂ ਅਤੇ ਤਸਵੀਰਾਂ ਟਵੀਟ ਕਰਨ ਤੋਂ ਬਾਅਦ ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਵਾਨਖੇੜੇ ਨੇ ਵੀ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ।

ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਦੋਵੇਂ ਹਿੰਦੂ ਹਨ ਅਤੇ ਉਨ੍ਹਾਂ ਨੇ ਕਦੇ ਵੀ ਕੋਈ ਧਰਮ ਬਦਲਾਅ ਨਹੀਂ ਕੀਤਾ ਹੈ ਅਤੇ ਦੋਵਾਂ ਧਰਮਾਂ ਦਾ ਸਨਮਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ, ''ਸਮੀਰ ਦੇ ਪਿਤਾ ਵੀ ਹਿੰਦੂ ਹਨ ਜਿਨ੍ਹਾਂ ਨੇ ਮੇਰੀ ਸੁਮਲਮਾਨ ਸੱਸ ਨਾਲ ਵਿਆਹ ਕੀਤਾ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ।"

"ਸਮੀਰ ਦਾ ਵਿਆਹ ਪਿਛਲੇ ਸਪੈਸ਼ਲ ਮੈਰਿਜ ਐਕਟ ਤਹਿਤ ਹੋਇਆ ਸੀ ਅਤੇ ਦੋਵਾਂ ਦਾ 2016 ਵਿੱਚ ਤਲਾਕ ਹੋ ਗਿਆ। ਸਾਡਾ ਵਿਆਹ ਹਿੰਦੂ ਮੈਰਿਜ ਐਕਟ 2017 ਦੇ ਤਹਿਤ ਹੋਇਆ ਹੈ।''

ਨਵਾਬ ਮਲਿਕ ਨੇ ਜੋ ਜਨਮ ਸਰਟੀਫਿਕੇਟ ਸਾਂਝਾ ਕੀਤਾ ਸੀ ਇਸ ਵਿੱਚ ਪਿਤਾ ਦੇ ਨਾਮ ਵਾਲੇ ਖਾਨੇ ਵਿੱਚ ਦਾਊਦ ਵਾਨਖੇੜੇ ਲਿਖਿਆ ਸੀ ਪਰ ਉਸ ਨੂੰ ਕੱਟ ਕੇ ਗਿਆਨਦੇਵ ਵਾਨਖੇੜੇ ਲਿਖਿਆ ਹੋਇਆ ਹੈ।

ਇਸ ਸਵਾਲ ਉੱਪਰ ਸਮੀਰ ਦੇ ਪਿਤਾ ਗਿਆਨਦੇਵ ਨੇ ਵੱਖ-ਵੱਖ ਮੀਡੀਆ ਚੈਨਲਾਂ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਰਵਿਸ ਬੁੱਕ ਤੋਂ ਲੈ ਕੇ ਪੈਨ ਕਾਰਡ ਅਤੇ ਇਨਕਮ ਟੈਕਸ ਦਸਤਾਵੇਜ਼ਾਂ ਵਿੱਚ ਹਮੇਸ਼ਾ ਉਨ੍ਹਾਂ ਦਾ ਨਾਮ ਗਿਆਨਦੇਵ ਵਾਨਖੇੜੇ ਹੀ ਰਿਹਾ ਹੈ।

ਸਮੀਰ ਦੇ ਪਿਤਾ ਗਿਆਨਦੇਵ ਵਾਨਖੇੜੇ ਨੇ ਖੁੱਲ੍ਹ ਕੇ ਨਵਾਬ ਮਲਿਕ ਉੱਪਰ ਇਸ ਵਿੱਚ ਜਾਲਸਾਜ਼ੀ ਕਰਨ ਦੇ ਇਲਜ਼ਾਮ ਲਾਏ।

ਉਨ੍ਹਾਂ ਨੇ ਕਿਹਾ ਕਿ ਉਹ ਜਨਮ ਸਰਟੀਫਿਕੇਟ ਝੂਠਾ ਹੈ ਅਤੇ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ ਕਿਉਂਕਿ ਇਹ ਉਨ੍ਹਾਂ ਦੀ ਨਿੱਜਤਾ ਉੱਪਰ ਹਮਲਾ ਕੀਤਾ ਗਿਆ ਹੈ।

ਉੱਥੇ ਹੀ ਹੁਣ ਮੌਲਾਨਾ ਮੁਜ਼ਲਿਮ ਅਹਿਮਦ ਨਾਮ ਦੇ ਇੱਕ ਕਾਜੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਮੀਰ ਵਾਨਖੇੜੇ ਦਾ ਪਹਿਲਾ ਵਿਆਹ ਕਰਵਾਇਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਸਲਾਮ ਵਿੱਚ ਦੋ ਜਣਿਆ ਦਾ ਵਿਆਹ ਉਦੋਂ ਹੀ ਹੋ ਸਕਦਾ ਹੈ ਜੋ ਉਹ ਮੁਸਲਮਾਨ ਹੋਣ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਨਿਕਾਹ ਦੌਰਾਨ ਸਮੀਰ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਨਾਮ 'ਸਮੀਰ ਦਾਊਦ ਵਾਨਖੇੜੇ' ਹੈ।

ਸਮੀਰ ਵਾਨਖੇੜੇ ਨੇ ਮਲਿਕ ਦੇ ਇਲਜ਼ਾਮਾਂ ਉੱਪਰ ਏਬੀਪੀ ਮਾਝਾ ਚੈਨਲ ਨੂੰ ਕਿਹਾ ਸੀ ਕਿ ਉਹ ਜਨਮ ਤੋਂ ਹਿੰਦੂ ਹਨ ਅਤੇ ਹੁਣ ਵੀ ਹਿੰਦੂ ਹਨ।

ਉਨ੍ਹਾਂ ਨੇ ਕਿਹਾ, ''ਹਾਂ, ਮੈਂ ਮੁਸਲਿਮ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਕਰਵਾਇਆ ਸੀ ਕਿਉਂਕਿ ਮੇਰੀ ਮਾਂ ਚਾਹੁੰਦੀ ਸੀ।"

"ਮੇਰੀ ਮਾਂ ਜਨਮ ਤੋਂ ਮੁਸਲਮਾਨ ਸਨ ਪਰ ਮੇਰੇ ਪਿਤਾ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਹਿੰਦੂ ਧਰਮ ਸਵੀਕਾਰ ਕਰ ਲਿਆ ਸੀ।

"ਮੈਂ ਇੱਕ ਧਰਮ ਨਿਰਪੱਖ ਵਿਅਕਤੀ ਹਾਂ। ਮੈਂ ਈਦ ਅਤੇ ਦੀਵਾਲੀ ਦੋਵੇਂ ਮਨਾਉਂਦਾ ਹਾਂ। ਮੈਂ ਮੰਦਰ ਅਤੇ ਮਸਜਿਦ ਦੋਵੇਂ ਥਾਂ ਜਾਂਦਾ ਹਾਂ।"

"ਮੈਂ ਆਪਣੀ ਮਾਂ ਦੀ ਇੱਛਾ ਦੇ ਮੁਤਾਬਕ ਮੁਸਲਿਮ ਮੈਰਿਜ ਐਕਟ ਅਤੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਆਪਣਾ ਵਿਆਹ ਦਰਜ ਕਰਵਾਇਆ ਸੀ। ਤਾਂ ਕੀ ਇਹ ਕੋਈ ਅਪਰਾਧ ਹੈ?''

ਉੱਥੇ ਹੀ ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸਾਂਝਾ ਕੀਤਾ ਗਿਆ ਜਨਮ ਸਰਟੀਫਿਕੇਟ ਅਤੇ ਨਿਕਾਹਨਾਮੇ ਨੂੰ ਕੋਈ ਝੂਠਾ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।

ਮਲਿਕ ਵਾਰ-ਵਾਰ ਕਹਿ ਰਹੇ ਹਨ ਕਿ ਉਹ ਜਨਮ ਸਰਟੀਫਿਕੇਟ ਜਾਅਲੀ ਹੈ ਤਾਂ ਸਮੀਰ ਵਾਨਖੇੜੇ ਅਸਲੀ ਜਨਮ ਸਰਟੀਫਿਕੇਟ ਸਾਂਝਾ ਕਰਨ।

ਸਮੀਰ ਵਾਨਖੇੜੇ ਕੌਣ ਹਨ

ਮੂਲ ਤੌਰ 'ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਮੀਰ ਵਾਨਖੇੜੇ 2008 ਬੈਚ ਦੇ ਭਾਰਤੀ ਰਾਜਸਵ ਅਫ਼ਸਰ (ਆਈਆਰਐੱਸ) ਹਨ।

ਇਸ ਸਰਵਿਸ ਵਿੱਚ ਆਉਣ ਤੋਂ ਪਹਿਲਾਂ ਉਹ ਸਾਲ 2006 ਵਿੱਚ ਪਹਿਲੀ ਵਾਰ ਕੇਂਦਰੀ ਪੁਲਿਸ ਸੰਗਠਨ ਵਿੱਚ ਸ਼ਾਮਲ ਹੋਏ ਸਨ।

ਇੰਟੈਲੀਜੈਂਸ ਬਿਊਰੋ, ਸੀਬੀਆਈ, ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਰਗੇ ਕੁਝ ਮਹਿਕਮੇ ਸੀਪੀਓ ਦੇ ਤਹਿਤ ਆਉਂਦੇ ਹਨ।

ਸਮੀਰ ਦੇ ਪਿਤਾ ਵੀ ਐਕਸਾਈਜ਼ ਵਿਭਾਗ ਵਿੱਚ ਇੰਸਪੈਕਟਰ ਰੈਂਕ ਦੇ ਅਫ਼ਸਰ ਰਹੇ ਹਨ।

ਆਈਆਰਐੱਸ ਸੇਵਾ ਵਿੱਚ ਆਉਣ ਤੋਂ ਬਾਅਦ ਵਾਨਖੇੜੇ ਨੂੰ ਕਸਟਮ ਵਿਭਾਗ ਵਿੱਚ ਲਗਾ ਦਿੱਤਾ ਗਿਆ ਸੀ।

ਉਨ੍ਹਾਂ ਨੇ ਕੁਝ ਸਾਲਾਂ ਤੱਕ ਮੁੰਬਈ ਹਵਾਈ ਅੱਡੇ ਉੱਪਰ ਸਹਾਇਕ ਕਮਿਸ਼ਨਰ ਕਸਟਮ ਦੇ ਰੂਪ ਵਿੱਚ ਕੰਮ ਕੀਤਾ।

ਕਿਹਾ ਜਾਂਦਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਕਈ ਮਸ਼ਹੂਰ ਹਸਤੀਆਂ ਨੂੰ ਕਸਟਮ ਡਿਊਟੀ ਦੀ ਚੋਰੀ ਕਰਦਿਆਂ ਫੜਿਆ ਸੀ।

ਉਨ੍ਹਾਂ ਨੇ ਐਕਸਾਈਜ਼ ਸੀਕਰੇਟ ਡਾਇਰੈਕਟੋਰਟ ਅਤੇ ਐਨਆਈਏ ਦੇ ਨਾਲ ਵੀ ਕੰਮ ਕੀਤਾ ਹੈ।

ਐੱਨਆਈਏ ਅੱਤਵਾਦ ਵਿਰੋਧੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਏਜੰਸੀ ਹੈ।

ਸਾਲ 2020 ਵਿੱਚ ਸਮੀਰ ਵਾਨਖੇੜੇ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਬਣਾਇਆ ਗਿਆ।

ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਬਿਹਤਰੀਨ ਜਾਂਚ ਲਈ ਇਨਾਮ ਦਿੱਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬਾਲੀਵੁੱਡ ਵਿੱਚ ਡਰੱਗਸ ਅਤੇ ਐੱਨਸੀਬੀ ਦੀ ਕਾਰਵਾਈ

ਸਮੀਰ ਵਾਨਖੇੜੇ ਪਹਿਲੀ ਵਾਰ 2020 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੂੰ ਬਾਲੀਵੁੱਡ ਨਾਲ ਜੁੜੇ ਇੱਕ ਡਰੱਗ ਰੈਕੇਟ ਦੀ ਜਾਂਚ ਦਾ ਕੰਮ ਸਾਂਭਿਆ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦਾ ਡਰੱਗਜ਼ ਕਨੈਕਸ਼ਨ ਐੱਨਸੀਬੀ ਦੀ ਰਡਾਰ 'ਤੇ ਸੀ।

ਉਸ ਬਾਲੀਵੁੱਡ ਦੇ ਡਰੱਗਜ਼ ਨਾਲ ਜੁੜਾਅ ਦੀ ਚਰਚਾ ਜ਼ੋਰਾਂ ਉੱਪਰ ਸੀ ਪਰ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਰਿਆ ਚੱਕਰਵਰਤੀ ਉੱਪਰ ਡਰੱਗਜ਼ ਲੈਣ ਦਾ ਇਲਜ਼ਾਮ ਲਾਇਆ ਗਿਆ ਸੀ।

ਐੱਨਸੀਬੀ ਮੁੰਬਈ ਨੇ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਤੋਂ ਬਾਅਦ ਸਮੀਰ ਵਾਨਖੇੜੇ ਨੇ ਇਸ ਜਾਂਚ ਦਾ ਫੋਕਸ ਬਾਲੀਵੁੱਡ ਵੱਲ ਕਰ ਦਿੱਤਾ।

ਐੱਨਸੀਬੀ ਨੇ ਪੁੱਛਗਿੱਛ ਲਈ ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ, ਰਕੁਲ ਪ੍ਰੀਤ ਸਿੰਘ ਅਤੇ ਸ਼ਰਦਾ ਕਪੂਰ ਨੂੰ ਪੁੱਛਗਿੱਛ ਲਈ ਸੱਦਿਆ।

ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਐੱਨਸੀਬੀ ਨੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੋਂ ਵੀ ਪੁੱਛਗਿੱਛ ਕੀਤੀ ਸੀ। ਟੀਵੀ ਅਦਾਕਾਰਾ ਪ੍ਰਤਿਕਾ ਚੌਹਾਨ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ।

ਪਿਛਲੇ ਇੱਕ ਸਾਲ ਵਿੱਚ ਐੱਨਸੀਬੀ ਦੇ ਮੁੰਬਈ ਜ਼ੋਨਲ ਦਫ਼ਤਰ ਨੇ ਕਈ ਡਰੱਗ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ।

ਸਮੀਰ ਵਾਨਖੇੜੇ ਉੱਪਰ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਪ੍ਰਚਾਰ ਹਾਸਲ ਕਰਨ ਲਈ ਬਾਲੀਵੁੱਡ ਨੂੰ ਨਿਸ਼ਾਨੇ ਉੱਪਰ ਲੈ ਰਹੇ ਹਨ।

ਜਦਕਿ ਸਮੀਰ ਕਹਿ ਚੁੱਕੇ ਹਨ ਕਿ ਉਹ ਸਿਰਫ਼ ਇੱਕ ਸਰਕਾਰੀ ਕਰਮਚਾਰੀ ਹਨ ਜੋ ਆਪਣਾ ਕੰਮ ਕਰ ਰਹੇ ਹਨ।

(ਕਾਪੀ -ਮੁਹੰਮਦ ਸ਼ਾਹਿਦ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)