ਸ਼ਾਹਰੁਖ ਖ਼ਾਨ ਦੇ ਪੁੱਤ ਆਰਿਅਨ ਖ਼ਾਨ: 'ਲਾਇਨ ਕਿੰਗ' ਤੋਂ ਲੈ ਕੇ ਡਰੱਗਜ਼ ਮਾਮਲੇ ਵਿੱਚ ਐੱਨਸੀਬੀ ਦੀ ਛਾਪੇਮਾਰੀ ਤੱਕ

    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਲਈ

ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਵੱਡੇ ਪੁੱਤਰ ਆਰਿਅਨ ਖਾਨ ਸ਼ਨੀਵਾਰ-ਐਤਵਾਰ (2-3 ਅਕਤੂਬਰ) ਦੀ ਦਰਮਿਆਨੀ ਰਾਤ ਨੂੰ ਦੇਸ ਭਰ ਵਿੱਚ ਸੁਰਖੀਆਂ ਵਿੱਚ ਰਹੇ।

ਹਾਲਾਂਕਿ ਇਸਤੋਂ ਪਹਿਲਾਂ ਉਹ ਉਸ ਵੇਲੇ ਸੁਰਖੀਆਂ ਵਿੱਚ ਆਏ ਸਨ, ਜਦੋਂ ਹਾਲੀਵੁੱਡ ਫਿਲਮ 'ਦਿ ਲਾਇਨ ਕਿੰਗ' ਰਿਲੀਜ਼ ਹੋਈ ਸੀ।

ਆਰਿਅਨ ਨੇ ਇਸ ਫ਼ਿਲਮ ਦੇ ਇੱਕ ਕਿਰਦਾਰ ਲਈ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮ ਦੇ ਹਿੰਦੀ ਰੂਪਾਂਤਣ ਵਿੱਚ ਮੁੱਖ ਕਿਰਦਾਰ ਨੂੰ ਸ਼ਾਹਰੁਖ ਖਾਨ ਨੇ ਵੀ ਆਵਾਜ਼ ਦਿੱਤੀ ਹੈ।

ਆਰਿਅਨ ਦਾ ਨਾਂ ਇਸ ਫ਼ਿਲਮ ਨਾਲ ਜੁੜਿਆ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਈ ਕਿਆਸਰਾਈਆਂ ਲੱਗਦੀਆਂ ਰਹੀਆਂ।

ਹਾਲਾਂਕਿ ਉਨ੍ਹਾਂ ਦੇ ਪਿਤਾ ਸ਼ਾਹਰੁਖ ਖ਼ਾਨ ਜਾਂ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਗਿਆ।

ਸ਼ਾਹਰੁਖ ਖ਼ਾਨ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚ ਹੁੰਦੀ ਹੈ। ਫੈਨਜ਼ ਅਤੇ ਮੀਡੀਆ ਨੇ ਉਨ੍ਹਾਂ ਨੂੰ 'ਸੁਪਰਸਟਾਰ' ਅਤੇ 'ਕਿੰਗ ਖਾਨ' ਵਰਗੇ ਉਪਨਾਮ ਦਿੱਤੇ ਹਨ।

ਇਹ ਵੀ ਇੱਕ ਕਾਰਨ ਹੈ ਕਿ 23 ਸਾਲਾ ਆਰਿਅਨ ਖ਼ਾਨ ਦੀ ਬਾਲੀਵੁੱਡ ਵਿੱਚ ਦਿਲਚਸਪੀ ਅਤੇ ਉਨ੍ਹਾਂ ਦੇ ਫ਼ਿਲਮ ਜਗਤ ਦਾ ਇੱਕ ਹਿੱਸਾ ਬਣਨ ਨੂੰ ਲੈ ਕੇ ਕਈ ਕਿਆਸ ਲਗਾਏ ਜਾਂਦੇ ਰਹੇ ਹਨ।

ਸ਼ਾਹਰੁਖ ਖ਼ਾਨ ਦੇ ਕਰੀਬੀ ਦੋਸਤ ਅਤੇ ਬਾਲੀਵੁੱਡ ਵਿੱਚ ਉਨ੍ਹਾਂ ਦੇ ਕੈਂਪ ਦੇ ਸਮਝੇ ਜਾਣ ਵਾਲੇ ਨਿਰਦੇਸ਼ਕ-ਨਿਰਮਾਤਾ ਆਰਿਅਨ ਨੂੰ ਵੱਡੇ ਪਰਦੇ 'ਤੇ ਲਾਂਚ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਨਾਂ ਕਰਨ ਜੌਹਰ ਦਾ ਵੀ ਹੈ।

ਕਰਨ ਜੌਹਰ ਨੇ ਇੱਕ ਵਾਰ ਕਿਹਾ ਸੀ, "ਜੇ ਆਰਿਅਨ ਖ਼ਾਨ ਨੂੰ ਅਦਾਕਾਰੀ ਵਿੱਚ ਕੋਈ ਵੀ ਦਿਲਚਸਪੀ ਹੈ, ਤਾਂ ਮੈਂ ਉਸਨੂੰ ਲਾਂਚ ਕਰਨਾ ਚਾਹਾਂਗਾ।"

ਇਹ ਵੀ ਪੜ੍ਹੋ:

ਪਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਛਾਪੇ ਤੋਂ ਪਹਿਲਾਂ, ਅਜਿਹੇ ਮੌਕੇ ਘੱਟ ਹੀ ਆਏ ਹਨ, ਜਦੋਂ ਆਰਿਅਨ ਖ਼ਾਨ ਕੌਮੀ ਮੀਡੀਆ ਵਿੱਚ ਸੁਰਖੀਆਂ ਵਿੱਚ ਰਹੇ ਹੋਣ।

ਸ਼ਾਹਰੁਖ ਖਾਨ ਕਦੇ-ਕਦਾਈਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਧੀ ਸੁਹਾਨਾ ਅਤੇ ਛੋਟੇ ਬੇਟੇ ਅਬਰਾਮ ਦੇ ਮੁਕਾਬਲੇ ਆਰਿਅਨ ਦੀਆਂ ਤਸਵੀਰਾਂ ਘੱਟ ਹੀ ਪੋਸਟ ਕੀਤੀਆਂ ਹਨ।

ਬਾਲ ਕਲਾਕਾਰ

ਬਹੁਤ ਘੱਟ ਲੋਕ ਜਾਣਦੇ ਹਨ ਕਿ ਆਰਿਅਨ ਦਾ ਬਾਲੀਵੁੱਡ ਡੈਬਿਊ ਲਗਭਗ 20 ਸਾਲ ਪਹਿਲਾਂ ਹੀ ਹੋ ਗਿਆ ਸੀ।

ਸਾਲ 2001 ਵਿੱਚ ਆਈ ਕਰਨ ਜੌਹਰ ਦੀ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਵਿੱਚ ਆਰਿਅਨ ਨੇ ਸ਼ਾਹਰੁਖ ਖ਼ਾਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

ਉਸ ਤੋਂ ਕਈ ਸਾਲਾਂ ਬਾਅਦ ਉਹ 'ਦਿ ਲਾਇਨ ਕਿੰਗ' ਨਾਲ ਜੁੜੇ ਅਤੇ ਫ਼ਿਲਮ ਵਿੱਚ ਇੱਕ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ।

ਇਸਦੇ ਲਈ ਆਰਿਅਨ ਦੀ ਕਾਫ਼ੀ ਸ਼ਲਾਘਾ ਵੀ ਕੀਤੀ ਗਈ ਸੀ। ਜੌਨ ਫੇਵਰੋ ਦੁਆਰਾ ਡਾਇਰੈਕਟ ਇਹ ਫ਼ਿਲਮ 2019 ਵਿੱਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਨੇ ਇਸਨੂੰ ਬਹੁਤ ਪਸੰਦ ਕੀਤਾ ਸੀ।

ਫ਼ਿਲਮ ਪ੍ਰੋਡਕਸ਼ਨ ਦੀ ਪੜ੍ਹਾਈ

ਆਰਿਅਨ ਖ਼ਾਨ ਨੇ 'ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ' ਤੋਂ ਗ੍ਰੈਜੂਏਸ਼ਨ ਕੀਤੀ ਹੈ।

ਉਨ੍ਹਾਂ ਨੇ 'ਸਕੂਲ ਆਫ਼ ਸਿਨੇਮੈਟਿਕ ਆਰ' ਤੋਂ ਬੈਚਲਰਜ਼ ਆਫ਼ ਫਾਈਨ ਆਰਟਸ, ਸਿਨੇਮੈਟਿਕ ਆਰਟਸ, ਫ਼ਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਡਿਗਰੀ ਵੀ ਕੀਤੀ ਹੈ।

ਰਿਪੋਰਟਸ ਮੁਤਾਬਕ ਆਰਿਅਨ ਪਰਦੇ 'ਤੇ ਕੰਮ ਕਰਨ 'ਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ। ਉਹ ਪਰਦੇ ਦੇ ਪਿੱਛੇ ਰਹਿਣਾ ਚਾਹੁੰਦੇ ਹਨ।

ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ, ਹੁਣ ਉਹ ਕੈਮਰਾ ਸੰਭਾਲਣ ਦੀ ਇੱਛਾ ਜ਼ਾਹਿਰ ਕਰਦੇ ਰਹੇ ਹਨ।

ਇੱਕ ਵਾਰ ਸ਼ਾਹਰੁਖ ਖ਼ਾਨ ਨੇ ਆਰਿਅਨ ਬਾਰੇ ਦੱਸਿਆ ਸੀ, "ਅਬਰਾਮ ਨੂੰ ਜਿੱਥੇ ਤਸਵੀਰਾਂ ਖਿਚਵਾਉਣ ਦਾ ਸ਼ੌਕ ਹੈ, ਉੱਥੇ ਹੀ ਆਰੀਅਨ ਨੂੰ ਤਸਵੀਰਾਂ ਖਿਚਵਾਉਣਾ ਬਿਲਕੁਲ ਪਸੰਦ ਨਹੀਂ।"

ਆਰਿਅਨ ਖ਼ਾਨ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿੰਦੇ ਹਨ। ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਦੇ ਬੱਚੇ ਫਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਸਟਾਰਜ਼ ਬਣ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਪਰ ਆਰਿਅਨ ਖਾਨ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਹਨ ਤੇ ਇਸ ਦੇ ਬਾਵਜੂਦ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 1.5 ਮਿਲੀਅਨ ਫਾਲੋਅਰਜ਼ ਹਨ।

ਰਿਪੋਰਟਸ ਅਨੁਸਾਰ ਆਰਿਅਨ ਦਾ ਝੁਕਾਅ ਫਿਟਨੈੱਸ ਵੱਲ ਰਿਹਾ ਹੈ। ਉਨ੍ਹਾਂ ਨੇ ਮਾਰਸ਼ਲ ਆਰਟਸ ਦੀ ਸਿਖਲਾਈ ਲਈ ਹੈ ਅਤੇ 2010 ਵਿੱਚ ਮਹਾਰਾਸ਼ਟਰ ਤਾਇਕਵਾਂਡੋ ਟੂਰਨਾਮੈਂਟ ਵਿੱਚ ਮੈਡਲ ਵੀ ਜਿੱਤਿਆ ਹੈ।

ਉਨ੍ਹਾਂ ਨੂੰ ਬਲੈਕ ਬੈਲਟ ਹਾਸਲ ਹੈ ਤੇ ਉਹ ਫੁੱਟਬਾਲ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਸ਼ਾਹਰੁਖ ਨੇ ਆਰਿਅਨ ਬਾਰੇ ਕੀ ਦੱਸਿਆ

ਮੀਡੀਆ ਅਤੇ ਫੈਨਜ਼ ਨੇ ਸ਼ਾਹਰੁਖ ਖ਼ਾਨ ਨੂੰ ਬਹੁਤ ਵਾਰ ਆਰਿਅਨ ਬਾਰੇ ਕਈ ਸਵਾਲ ਕੀਤੇ ਹਨ, ਖ਼ਾਸ ਕਰਕੇ ਬਾਲੀਵੁੱਡ ਵਿੱਚ ਉਨ੍ਹਾਂ ਦੇ ਕਰੀਅਰ ਬਾਰੇ।

ਇੱਕ ਇੰਟਰਵਿਊ ਵਿੱਚ ਅਜਿਹੇ ਹੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ਼ਾਹਰੁਖ ਨੇ ਕਿਹਾ ਸੀ, "ਆਰੀਅਨ ਨੂੰ ਐਕਟਿੰਗ ਕਰਨ ਵਿੱਚ ਦਿਲਚਸਪੀ ਨਹੀਂ ਹੈ। ਉਨ੍ਹਾਂ ਨੂੰ ਫਿਲਮਾਂ ਬਣਾਉਣ ਦਾ ਸ਼ੌਕ ਹੈ। ਉਨ੍ਹਾਂ ਨੇ ਆਪਣੀ ਪਸੰਦ ਨਾਲ ਅਮਰੀਕਾ ਵਿੱਚ ਫ਼ਿਲਮ ਪ੍ਰੋਡਕਸ਼ਨ ਦੀ ਪੜ੍ਹਾਈ ਕੀਤੀ ਹੈ।"

ਸ਼ਾਹਰੁਖ ਖਾਨ ਅਨੁਸਾਰ, "ਮੈਂ ਉਸਨੂੰ ਕਦੇ ਨਹੀਂ ਕਿਹਾ ਕਿ ਇਹ ਪੜ੍ਹਾਈ ਕਰੋ। ਇਹ ਇਤਫ਼ਾਕ ਹੈ ਕਿ ਮੈਨੂੰ ਵੀ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਦਾ ਸ਼ੌਕ ਨਹੀਂ ਸੀ।

ਮੈਨੂੰ ਵੀ ਫ਼ਿਲਮਾਂ ਬਣਾਉਣ ਦਾ ਸ਼ੌਕ ਸੀ, ਇਸ ਲਈ ਮੈਂ ਜਾਮੀਆ ਤੋਂ ਮਾਸ ਕਮਿਉਨੀਕੇਸ਼ਨ ਕੀਤਾ ਸੀ। ਉਹ ਵੀ ਚਾਰ ਸਾਲਾਂ ਦੀ ਪੜ੍ਹਾਈ ਕਰਕੇ ਆਪਣੇ ਕਾਲਜ ਲਈ ਲਘੂ ਫਿਲਮਾਂ (ਸ਼ਾਰਟ ਫ਼ਿਲਮਾਂ) ਬਣਾ ਚੁੱਕਿਆ ਹੈ। ਉਸਨੂੰ ਹੀ ਸੋਚਣਾ ਪਏਗਾ ਕਿ ਉਹ ਕੀ ਕਰਨਾ ਚਾਹੁੰਦਾ ਹੈ।"

ਸ਼ਾਹਰੁਖ ਖਾਨ ਨੇ ਅੱਗੇ ਕਿਹਾ, "ਉਹ ਮੇਰੇ ਕੋਲੋਂ ਕਦੇ ਕੋਈ ਮਦਦ ਨਹੀਂ ਲੈਂਦਾ ਅਤੇ ਨਾ ਹੀ ਕੁਝ ਪੁੱਛਦਾ ਹੈ। ਉਹ ਸਭ ਕੁਝ ਆਪ ਹੀ ਸਿੱਖ ਰਿਹਾ ਹੈ। ਉਹ ਮੈਨੂੰ ਆਪਣਾ ਕੰਮ ਦਿਖਾਉਂਦਾ ਹੈ ਅਤੇ ਮੈਨੂੰ ਇਹ ਚੰਗਾ ਵੀ ਲੱਗਦਾ ਹੈ ਪਰ ਮੈਂ ਚਾਹੁੰਦਾ ਹਾਂ ਕਿ ਉਹ ਖੁਦ ਸਭ ਕੁਝ ਸਿੱਖੇ।

ਸੁਣਨ ਵਿੱਚ ਇਹ ਥੋੜਾ ਅਜੀਬ ਲੱਗੇਗਾ ਪਰ ਮੈਂ ਅੱਜ ਤੱਕ ਉਸਨੂੰ ਇਹ ਨਹੀਂ ਪੁੱਛਿਆ ਕਿ ਉਹ ਅਦਾਕਾਰ ਬਣਨਾ ਚਾਹੁੰਦਾ ਹੈ ਜਾਂ ਨਹੀਂ? ਉਸਦੀ ਨਾਨੀ ਜੀ ਅਤੇ ਮਾਂ ਨੇ ਜ਼ਰੂਰ ਪੁੱਛਿਆ ਹੋਵੇਗਾ ਪਰ ਮੈਂ ਨਹੀਂ ਪੁੱਛਿਆ।"

ਅਰਬਾਜ਼ ਮਰਚੈਂਟ ਕੌਣ ਹਨ

ਮੁੰਬਈ ਵਿੱਚ ਕਰੂਜ਼ ਉੱਤੇ ਹੋਈ ਛਾਪੇਮਾਰੀ ਤੋਂ ਬਾਅਦ ਆਰਿਅਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਲੋਕਾਂ ਵਿੱਚ ਅਰਬਾਜ਼ ਮਰਚੈਂਟ ਵੀ ਸ਼ਾਮਲ ਹਨ।

ਮੁੰਬਈ ਦੀ ਕਿਲਾ ਕੋਰਟ ਨੇ ਉਨ੍ਹਾਂ ਨੂੰ ਵੀ 7 ਅਕਤੂਬਰ ਤੱਕ ਐੱਨਸੀਬੀ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਹਨ।

ਖ਼ਬਰਾਂ ਅਨੁਸਾਰ ਅਰਬਾਜ਼ ਸੇਠ ਮਰਚੈਂਟ ਸ਼ਾਹਰੁਖ ਦੀ ਧੀ ਸੁਹਾਨਾ ਦੇ ਕਰੀਬੀ ਦੋਸਤ ਹਨ।

ਸੁਹਾਨਾ ਅਤੇ ਆਰਿਅਨ ਤੋਂ ਇਲਾਵਾ ਅਰਬਾਜ਼ ਨੂੰ ਸੋਸ਼ਲ ਮੀਡੀਆ 'ਤੇ ਕਈ ਹੋਰ ਸਿਤਾਰਿਆਂ ਦੇ ਬੱਚੇ ਵੀ ਫੋਲੋ ਕਰਦੇ ਹਨ। ਖਬਰਾਂ ਅਨੁਸਾਰ, ਉਹ ਚੰਗੇ ਦੋਸਤ ਦੱਸੇ ਜਾਂਦੇ ਹਨ।

ਅਰਬਾਜ਼ ਨੂੰ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ, ਇਰਫ਼ਾਨ ਖਾਨ ਦੇ ਪੁੱਤਰ ਬਾਬਿਲ ਅਤੇ ਕਈ ਹੋਰ ਬਾਲੀਵੁੱਡ ਅਦਾਕਾਰਾਂ ਦੇ ਬੱਚੇ ਫੋਲੋ ਕਰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)