ਆਲਮੀ ਭੁੱਖਮਰੀ ਇੰਡੈਕਸ 'ਚ ਭਾਰਤ ਕਈ ਮੁਲਕਾਂ ਤੋਂ ਪਛੜਿਆ, ਸਰਕਾਰ ਨੇ ਸਰਵੇਖਣ 'ਤੇ ਚੁੱਕੇ ਸਵਾਲ- ਪ੍ਰੈੱਸ ਰਿਵਿਊ

ਗਲੋਬਲ ਹੰਗਰ ਇਡੈਕਸ ਭਾਵ ਆਲਮੀ ਭੁੱਖਮਰੀ ਇਡੈਕਸ ਵਿੱਚ ਭਾਰਤ 116 ਦੇਸ਼ਾਂ ਵਿੱਚੋਂ 101ਵੇਂ ਨੰਬਰ ਉੱਤੇ ਹੈ। ਇਹ ਥਾਂ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਪਿੱਛੇ ਹੈ।

ਉੱਧਰ ਇਸ ਇੰਡੈਕਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਸਰਵੇਖਣ ਦੇ ਤਰੀਕੇ ਉੱਤੇ ਸਵਾਲ ਚੁੱਕੇ ਹਨ।

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਗਲੋਬਲ ਹੰਗਰ ਇਡੈਕਸ ਦਾ ਇਹ ਡਾਟਾ ਗੈਲੱਪ ਕਾਲਜ ਵੱਲੋਂ ''ਟੈਲੀਫੋਨੀਕ ਐਸਟੀਮੇਟ'' (ਫੋਨ ਰਾਹੀਂ ਅੰਦਾਜ਼ੇ) ਉੱਤੇ ਆਧਾਰਿਤ ਹੈ।

ਸਰਕਾਰ ਨੇ ਅੱਗੇ ਕਿਹਾ ਹੈ ਕਿ ਇਸ ਸਰਵੇਖਣ ਵਿੱਚ ਇਹ ਚੀਜ਼ ਸ਼ਾਮਲ ਨਹੀਂ ਕੀਤੀ ਗਈ ਕਿ ਜਵਾਬ ਦੇਣ ਵਾਲਿਆਂ ਨੂੰ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਸਹਾਇਤਾ ਮਿਲੀ ਜਾਂ ਨਹੀਂ।

ਦੱਸ ਦਈਏ ਕਿ ਇਸ ਵਾਰ ਦੇ ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ 101ਵੇਂ ਨੰਬਰ ਉੱਤੇ ਹੈ ਜਦਕਿ 2020 ਵਿੱਚ ਭਾਰਤ 94ਵੇਂ ਨੰਬਰ ਉੱਤੇ ਸੀ ਪਰ ਇਸ ਵਾਰ ਸੱਤ ਨੰਬਰ ਹੇਠਾਂ ਆਇਆ ਹੈ।

ਆਇਰਲੈਂਡ ਦੀ ਏਜੰਸੀ ਕੰਸਰਨ ਵਰਲਡਵਾਈਡ ਅਤੇ ਜਰਮਨੀ ਦੇ ਸੰਗਠਨ ਵੇਲਟ ਹੰਗਰ ਹਿਲਫ਼ ਦੀ ਸਾਂਝੀ ਰਿਪੋਰਟ ਵਿੱਚ ਭਾਰਤ 'ਚ ਭੁੱਖ ਦੇ ਪੱਧਰ ਨੂੰ 'ਖ਼ਤਰਨਾਕ' ਦੱਸਿਆ ਗਿਆ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਹਾਈਕੋਰਟ ਦਾ ਨੋਟਿਸ, ਸ਼ੋਸ਼ਣ ਦਾ ਇਲਜ਼ਾਮ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕੰਮ ਕਾਜ ਅਦਾਲਤੀ ਸਕੈਨਰ ਹੇਠਾਂ ਆ ਗਿਆ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਉਨ੍ਹਾਂ ਖ਼ਿਲਾਫ਼ ਸ਼ੋਸ਼ਣ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਟੀਸ਼ਨ ਬਾਰੇ ਹਾਈ ਕੋਰਟ ਦੇ ਜਸਟਿਸ ਮਹਾਬੀਰ ਸਿੰਘ ਸਿੰਧੂ ਨੇ ਸਿਰਫ਼ ਰੰਧਾਵਾ ਹੀ ਨਹੀਂ ਸਗੋਂ ਹੋਰਾਂ ਨੂੰ ਵੀ ਨੋਟਿਸ ਦਿੱਤਾ ਹੈ।

ਇਸ ਦੇ ਨਾਲ ਹੀ ਰੰਧਾਵਾ ਨੂੰ ਕਾਪਰੇਟਿਵ ਸੁਸਾਇਟੀਜ਼ ਵਿੱਚ ਵਧੀਕ ਰਜਿਸਟਰਾਰ ਵਜੋਂ ਕੰਮ ਕਰਦੇ ਪਟੀਸ਼ਨਰ ਹਰਿੰਦਰ ਸਿੰਘ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਕਰਨ ਲਈ ਅੱਗੇ ਵਧਣ ਤੋਂ ਰੋਕਿਆ ਹੈ।

ਪਟੀਸ਼ਨਕਰਤਾ ਸਿੱਧੂ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਰ ਲੰਮੇ ਸਮੇਂ ਤੋਂ ਵਿਧਾਇਕ ਰੰਧਾਵਾ ਦੇ ਹੱਥੋਂ ਸ਼ਿਕਾਰ ਹੋਇਆ ਸੀ, ਜਿਨ੍ਹਾਂ ਨੇ 4 ਅਕਤੂਬਰ ਤੋਂ ਗ੍ਰਹਿ, ਸਹਿਕਾਰਤਾ ਅਤੇ ਜੇਲ੍ਹ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉੱਤਰਦਾਤਾ-ਮੰਤਰੀ ਦੇ ਜ਼ੋਰ 'ਤੇ ਕਈ ਪੁੱਛਗਿੱਛਾਂ/ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਚਿੰਤਾਵਾਂ ਦਾ ਹੱਲ ਨਿਕਲਿਆ, ਹੁਣ ਸਭ ਠੀਕ - ਨਵਜੋਤ ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਇਹ ਮੁਲਾਕਾਤ ਸ਼ੁੱਕਰਵਾਰ ਨੂੰ ਹੋਈ ਅਤੇ ਸਿੱਧੂ ਨੇ ਕਿਹਾ, ''ਮੈਂ ਆਪਣੀਆਂ ਚਿੰਤਾਵਾਂ ਰਾਹੁਲ ਜੀ ਨਾਲ ਸਾਂਝੀਆਂ ਕੀਤੀਆਂ ਅਤੇ ਸਭ ਦਾ ਹੱਲ ਨਿਕਲ ਗਿਆ।''

ਉੱਧਰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ, '' ਉਨ੍ਹਾਂ (ਸਿੱਧੂ) ਆਪਣੀਆਂ ਚਿੰਤਾਵਾਂ ਰਾਹੁਲ ਗਾਂਧੀ ਨਾਲ ਸਾਂਝੀਆਂ ਕੀਤੀਆਂ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੀਆਂ ਚਿੰਤਾਵਾਂ ਦਾ ਖ਼ਿਆਲ ਰੱਖਿਆ ਜਾਵੇਗਾ। ਉਨ੍ਹਾਂ ਰਾਹੁਲ ਗਾਂਧੀ ਨੂੰ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਬਹਾਲ ਕਰ ਲੈਣਗੇ।''

ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਸੋਨੀਆ ਗਾਂਧੀ ਨੂੰ ਮੁਖ਼ਾਤਬ ਹੁੰਦਿਆਂ ਆਪਣਾ ਅਸਤੀਫ਼ਾ ਸਾਂਝਾ ਕੀਤਾ ਸੀ।

US ਜਾਣ ਵਾਲਿਆਂ ਨੂੰ ਰਾਹਤ, 8 ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਐਂਟਰੀ ਮਿਲੇਗੀ

ਅਮਰੀਕਾ ਵਿੱਚ ਬਾਇਡਨ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਐਲਾਨ ਹੋਣ ਦੀ ਉਮੀਦ ਹੈ ਕਿ ਇਨ੍ਹਾਂ ਦੀ ਨਵੀਂ ਟ੍ਰੈਵਲ ਪੌਲਿਸੀ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣਾ ਹੋਵੇਗਾ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਇਸ ਦੀ ਸ਼ੁਰੂਆਤ 8 ਨਵੰਬਰ ਤੋਂ ਹੋਵੇਗੀ।

ਨਵੀਂ ਪੌਲਿਸੀ ਤਹਿਤ ਪੁਰਾਣੇ ਨਿਯਮਾਂ ਨੂੰ ਬਦਲਿਆ ਜਾਵੇਗਾ ਅਤੇ ਖ਼ਾਸ ਤੌਰ ਉੱਤੇ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਕਈ ਮੁਲਕਾਂ ਲਈ ਹਟਣਗੀਆਂ।

ਇਨ੍ਹਾਂ ਮੁਲਕਾਂ ਵਿੱਚ ਭਾਰਤ, ਯੂਕੇ, ਆਇਰਲੈਂਡ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਅਤੇ ਸ਼ੈਨੇਗਨ ਜ਼ੋਨ ਸ਼ਾਮਲ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)