ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ: ਉਹ ਸ਼ਖ਼ਸ ਜਿਸਦੇ ਇੱਕ ਕਦਮ ਨਾਲ ਸ਼ੇਅਰ ਬਜ਼ਾਰ 'ਚ ਮੱਚ ਜਾਂਦੀ ਸੀ ਹਲਚਲ

ਤਸਵੀਰ ਸਰੋਤ, Facebook/rakeshjhunjhunwalas
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ
ਸ਼ੇਅਰ ਬਾਜ਼ਾਰ ਕਾਰੋਬਾਰੀ ਅਤੇ ਆਕਾਸਾ ਏਅਰ ਦੇ ਸੰਸਥਾਪਕ ਰਾਕੇਸ਼ ਝੁਨਝੁਨਵਾਲਾ ਦਾ ਐਤਵਾਰ ਨੂੰ ਮੁੰਬਈ ਵਿਖੇ ਦੇਹਾਂਤ ਹੋ ਗਿਆ।ਉਹ 62 ਸਾਲ ਦੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ,'' ਝੁਨਝੁਨਵਾਲਾ ਜ਼ਿੰਦਗੀ ਨਾਲ ਭਰਪੂਰ,ਹਸਮੁਖ ਇਨਸਾਨ ਸਨ। ਉਹ ਭਾਰਤ ਦੀ ਤਰੱਕੀ ਨੂੰ ਲੈ ਕੇ ਵੀ ਬਹੁਤ ਜਨੂੰਨੀ ਸਨ ਅਤੇ ਉਨ੍ਹਾਂ ਦੀ ਮੌਤ ਨੇ ਮੈਨੂੰ ਉਦਾਸ ਕੀਤਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਿਛਲੇ ਸਾਲ ਝੁਨਝੁਨਵਾਲਾਅਤੇ ਨਰਿੰਦਰ ਮੋਦੀ ਦੀ ਮੁਲਾਕਾਤ ਸੁਰਖੀਆਂ ਵਿੱਚ ਆਈ ਸੀ।
5 ਅਕਤੂਬਰ,2021 ਨੂੰ ਸ਼ੇਅਰ ਬਾਜ਼ਾਰ ਦੇ ਮੰਨੇ-ਪ੍ਰਮੰਨੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਆਪਣੀ ਪਤਨੀ ਰੇਖਾ ਝੁਨਝੁਨਵਾਲਾ ਸਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।
ਇਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਵਿੱਚ ਲਿਖਿਆ, ''ਆਪਣੀ ਤਰ੍ਹਾਂ ਦੇ ਇਕਲੌਤੇ ਇਨਸਾਨ ਰਾਕੇਸ਼ ਝੁਨਝੁਨਵਾਲਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਹ ਜ਼ਿੰਦਾਦਿਲ, ਵਿਵਹਾਰਿਕ ਅਤੇ ਭਾਰਤ ਨੂੰ ਲੈ ਕੇ ਆਸ਼ਾਵਾਦੀ ਹਨ।''
ਇਸ ਮੁਲਾਕਾਤ ਤੋਂ ਕੁਝ ਹੀ ਦਿਨਾਂ ਬਾਅਦ 11 ਅਕਤੂਬਰ ਨੂੰ ਇਹ ਖ਼ਬਰ ਆਈ ਕਿ ਰਾਕੇਸ਼ ਝੁਨਝੁਨਵਾਲਾ ਦੇ ਸਮਰਥਨ ਵਾਲੀ 'ਆਕਾਸਾ ਏਅਰ' ਨਾਮ ਦੀ ਏਅਰਲਾਈਨ ਨੂੰ ਸਿਵਿਲ ਏਵੀਏਸ਼ਨ ਮਿਨੀਸਟ੍ਰੀ ਤੋਂ ਅਲਟ੍ਰਾ-ਲੋਅ ਕੋਸਟ ਜਹਾਜ਼ ਸੇਵਾ ਲਾਂਚ ਕਰਨ ਦੀ ਸ਼ੁਰੂਆਤੀ ਮਨਜੂਰੀ ਮਿਲ ਗਈ ਹੈ।

ਤਸਵੀਰ ਸਰੋਤ, Getty Images
12 ਅਗਸਤ ਨੂੰ ਆਕਾਸਾ ਏਅਰ ਨੇ ਆਪਣੀ ਪਹਿਲੀ ਉਡਾਣ ਭਰੀ ਸੀ। ਇਹ ਉਡਾਣ ਕੋਚੀ-ਬੰਗਲੂਰੂ ਰੂਟ 'ਤੇ ਸੀ।
ਆਕਾਸਾ ਏਅਰ ਨੂੰ ਮਿਲੀ ਮਨਜ਼ੂਰੀ ਨੂੰ ਝੁਨਝੁਨਵਾਲਾ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ।
ਇਸ ਮੁਲਾਕਾਤ ਦੀ ਇੱਕ ਤਸਵੀਰ ਵਿੱਚ ਝੁਨਝੁਨਵਾਲਾ ਕੁਰਸੀ ਤੇ ਬੈਠੇ ਦਿਖਾਈ ਦੇ ਰਹੇ ਸਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਖਾ ਝੁਨਝੁਨਵਾਲਾ ਖੜ੍ਹੇ ਹੋ ਕੇ ਉਨ੍ਹਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਸਨ।
ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਪ੍ਰਧਾਨ ਮੰਤਰੀ 'ਤੇ ਕਈ ਤਰ੍ਹਾਂ ਦੇ ਤੰਜ ਕੱਸੇ ਸਨ।
ਪਰ ਇਸ ਸਾਰੇ ਘਟਨਾਕ੍ਰਮ ਵਿੱਚ ਸਭ ਦੀਆਂ ਨਜ਼ਰਾਂ ਰਾਕੇਸ਼ ਝੁਨਝੁਨਵਾਲਾ 'ਤੇ ਜਾ ਕੇ ਟਿਕ ਗਈਆਂ ਸਨ ਅਤੇ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਰਾਕੇਸ਼ ਝੁਨਝਨਵਾਲਾ ਵਿੱਚ ਅਜਿਹਾ ਕੀ ਹੈ ਜੋ ਉਨ੍ਹਾਂ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ?
ਘੱਟ ਉਮਰ ਵਿੱਚ ਕਰੀਅਰ ਦੀ ਸ਼ੁਰੂਆਤ
5 ਜੁਲਾਈ 1960 ਨੂੰ ਜੰਮੇ ਝੁਨਝੁਨਵਾਲਾ, ਮੁੰਬਈ ਵਿੱਚ ਹੀ ਵੱਡੇ ਹੋਏ ਸਨ। ਉਨ੍ਹਾਂ ਦੇ ਪਿਤਾ ਆਮਦਨ ਕਰ ਅਧਿਕਾਰੀ ਸਨ।
ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਰੁਝਾਨ ਸਟਾਕ ਮਾਰਕਿਟ ਵਿੱਚ ਨਿਵੇਸ਼ ਕਰਨ ਵੱਲ ਹੋ ਗਿਆ ਸੀ।
ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇਸ ਗੱਲ 'ਤੇ ਧਿਆਨ ਦੇਣ ਲਈ ਕਹਿੰਦੇ ਸਨ ਕਿ ਕਿਵੇਂ ਦਿਨ ਭਰ ਦੀਆਂ ਖਬਰਾਂ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਪੈਂਦਾ ਹੈ।
ਸ਼ੇਅਰ ਬਾਜ਼ਾਰ ਵਿੱਚ ਝੁਨਝੁਨਵਾਲਾ ਦੀ ਦਿਲਚਸਪੀ ਲਗਾਤਾਰ ਵਧਦੀ ਹੀ ਗਈ। ਸਿਡਨਹੈਮ ਕਾਲਜ ਤੋਂ ਪੜ੍ਹਾਈ ਕਰਦੇ ਸਮੇਂ ਹੀ ਝੁਨਝੁਨਵਾਲਾ ਨੇ 1985 ਤੋਂ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ।

ਤਸਵੀਰ ਸਰੋਤ, Facebook/rakeshjhunjhunwalas
ਚਾਰਟਰਡ ਅਕਾਊਂਟੈਂਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਦੇ ਹਨ, ਤਾਂ ਪਿਤਾ ਨੇ ਸਾਫ਼-ਸਾਫ਼ ਕਿਹਾ ਕਿ ਇਸ ਲਈ ਉਹ ਉਨ੍ਹਾਂ ਤੋਂ ਜਾਂ ਆਪਣੇ ਦੋਸਤਾਂ ਤੋਂ ਪੈਸੇ ਨਹੀਂ ਮੰਗਣਗੇ।
ਉਨ੍ਹਾਂ ਦੇ ਪਿਤਾ ਨੇ ਇਹ ਵੀ ਕਿਹਾ ਕਿ ਜੇ ਉਹ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਵਿੱਚ ਸਫ਼ਲ ਨਹੀਂ ਹੁੰਦੇ ਤਾਂ ਬਤੌਰ ਚਾਰਟਰਡ ਆਕਾਉਂਟੈਂਟ ਆਪਣਾ ਕਰੀਅਰ ਬਣਾ ਸਕਦੇ ਹਨ।
ਕਿਹਾ ਜਾਂਦਾ ਹੈ ਕਿ ਰਾਕੇਸ਼ ਝੁਨਝੁਨਵਾਲਾ ਨੇ ਸਿਰਫ 5,000 ਰੁਪਏ ਦੀ ਛੋਟੀ ਜਿਹੀ ਰਕਮ ਨਾਲ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ ਸੀ।
ਫੋਰਬਸ ਮੈਗਜ਼ੀਨ ਮੁਤਾਬਕ ਉਨ੍ਹਾਂ ਦੀ ਜਾਇਦਾਦ 6 ਬਿਲੀਅਨ ਡਾਲਰ ਜਾਂ ਲਗਭਗ 45,328 ਕਰੋੜ ਰੁਪਏ ਦੀ ਹੈ।
ਫੋਰਬਸ ਮੁਤਾਬਕ, ਉਨ੍ਹਾਂ ਦੀ ਸਭ ਤੋਂ ਕੀਮਤੀ ਸੂਚੀਬੱਧ ਹੋਲਡਿੰਗ ਘੜੀ ਅਤੇ ਗਹਿਣੇ ਬਣਾਉਣ ਵਾਲੀ ਕੰਪਨੀ ਟਾਈਟਨ ਦੀ ਹੈ, ਜੋ ਕਿ ਟਾਟਾ ਸਮੂਹ ਦਾ ਹਿੱਸਾ ਹੈ।

ਤਸਵੀਰ ਸਰੋਤ, Getty Images
ਝੁਨਝੁਨਵਾਲਾ ਦੀ ਸਟਾਰ ਹੈਲਥ ਇੰਸ਼ੋਰੈਂਸ, ਮੈਟਰੋ ਬ੍ਰਾਂਡਸ ਅਤੇ ਕੋਨਕੋਰਡ ਬਾਇਓਟੈਕ ਵਰਗੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਵੀ ਹਿੱਸੇਦਾਰੀ ਸੀ।
ਸਾਲ 1986 ਵਿੱਚ ਝੁਨਝੁਨਵਾਲਾ ਨੇ ਇੱਕ ਕੰਪਨੀ ਦੇ 5,000 ਸ਼ੇਅਰ ਖਰੀਦੇ ਸਨ। ਉਨ੍ਹਾਂ ਨੇ ਇਹ ਸ਼ੇਅਰ 43 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦੇ ਸਨ, ਪਰ ਤਿੰਨ ਮਹੀਨਿਆਂ ਦੇ ਅੰਦਰ ਹੀ ਇੱਕ ਸ਼ੇਅਰ ਦੀ ਕੀਮਤ ਵੱਧ ਕੇ 143 ਰੁਪਏ ਹੋ ਗਈ।
ਆਪਣੇ ਇਸ ਨਿਵੇਸ਼ ਨੂੰ ਇੰਨੀ ਛੇਤੀ ਤਿੰਨ ਗੁਣਾ ਤੋਂ ਵੀ ਜ਼ਿਆਦਾ ਕਰ ਲੈਣਾ ਝੁਨਝੁਨਵਾਲਾ ਲਈ ਸਫਲਤਾ ਦੀ ਪਹਿਲੀ ਪੌੜੀ ਚੜ੍ਹਨ ਦੇ ਬਰਾਬਰ ਸੀ।
ਕੀ ਉਹ ਭਾਰਤ ਦੇ ਵਾਰੇਨ ਬਫੇਟ ਸਨ?
ਵਾਰੇਨ ਬਫੇਟ ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਸਫਲ ਨਿਵੇਸ਼ਕ ਮੰਨਿਆ ਜਾਂਦਾ ਹੈ।
ਫੋਰਬਸ ਦੇ ਅਨੁਸਾਰ, ਮੌਜੂਦਾ ਸਮੇਂ ਵਿੱਚ ਬਫੇਟ ਦੀ ਕੁੱਲ ਜਾਇਦਾਦ 102 ਅਰਬ ਡਾਲਰ ਜਾਂ ਲਗਭਗ 7,69,903 ਕਰੋੜ ਰੁਪਏ ਹੈ।
ਬਫੇਟ ਬਾਰੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 11 ਸਾਲ ਦੀ ਉਮਰ ਵਿੱਚ ਕੋਈ ਸ਼ੇਅਰ ਖਰੀਦਿਆ ਸੀ ਅਤੇ ਸਿਰਫ 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲਾ ਟੈਕਸ ਅਦਾ ਕੀਤਾ ਸੀ।

ਤਸਵੀਰ ਸਰੋਤ, Getty Images
ਇਹੀ ਕਾਰਨ ਹੈ ਕਿ ਝੁਨਝੁਨਵਾਲਾ ਨੂੰ ਅਕਸਰ ਭਾਰਤ ਦਾ ਵਾਰੇਨ ਬਫੇਟ ਕਿਹਾ ਜਾਂਦਾ ਸੀ। ਹਾਲਾਂਕਿ, ਝੁਨਝੁਨਵਾਲਾ ਨੂੰ ਇਹ ਤੁਲਨਾ ਬਹੁਤੀ ਚੰਗੀ ਨਹੀਂ ਲੱਗਦੀ।
2012 ਵਿੱਚ ਰਾਇਟਰਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਝੁਨਝੁਨਵਾਲਾ ਨੇ ਕਿਹਾ ਸੀ ਕਿ ਇਹ ਵਾਜਿਬ ਤੁਲਨਾ ਨਹੀਂ ਹੈ ਅਤੇ ਹਰੇਕ ਮਾਮਲੇ ਵਿੱਚ, ਭਾਵੇਂ ਉਹ ਪੈਸੇ ਹੋਣ, ਸਫਲਤਾ ਹੋਵੇ ਜਾਂ ਪਰਿਪੱਕਤਾ ਹੋਵੇ, ਬਫੇਟ ਉਨ੍ਹਾਂ ਤੋਂ ਬਹੁਤ ਅੱਗੇ ਹਨ।
ਉਸੇ ਇੰਟਰਵਿਊ ਵਿੱਚ ਝੁਨਝੁਨਵਾਲਾ ਨੇ ਕਿਹਾ ਸੀ, "ਮੈਂ ਕਿਸੇ ਦਾ ਕਲੋਨ ਨਹੀਂ ਹਾਂ। ਮੈਂ ਰਾਕੇਸ਼ ਝੁਨਝੁਨਵਾਲਾ ਹਾਂ। ਮੈਂ ਦੁਨੀਆ ਨੂੰ ਆਪਣੀਆਂ ਸ਼ਰਤਾਂ 'ਤੇ ਜੀਵਿਆ ਹੈ। ਮੈਂ ਉਹੀ ਕਰਦਾ ਹਾਂ ਜੋ ਮੈਨੂੰ ਪਸੰਦ ਹੈ। ਮੈਂ ਜੋ ਕਰਦਾ ਹਾਂ, ਉਸ ਦਾ ਅਨੰਦ ਲੈਂਦਾ ਹਾਂ।"
ਵਿਵਾਦਾਂ ਦਾ ਵੀ ਰਿਹਾ ਸਾਥ
ਝੁਨਝੁਨਵਾਲਾ ਸਮੇਂ-ਸਮੇਂ 'ਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਵਿਵਾਦਾਂ ਵਿੱਚ ਵੀ ਰਹੇ ਸਨ।
ਇਸੇ ਸਾਲ ਜੁਲਾਈ ਵਿੱਚ ਝੁਨਝੁਨਵਾਲਾ, ਉਨ੍ਹਾਂ ਦੀ ਪਤਨੀ ਰੇਖਾ ਝੁਨਝੁਨਵਾਲਾ ਅਤੇ ਅੱਠ ਹੋਰ ਵਿਅਕਤੀਆਂ ਨੇ ਅਪਟੇਕ ਲਿਮਟਿਡ ਦੇ ਸ਼ੇਅਰਾਂ ਵਿੱਚ ਅੰਦਰੂਨੀ ਵਪਾਰ (ਇਨਸਾਈਡ ਟ੍ਰੇਡਿੰਗ) ਨਾਲ ਜੁੜੇ ਇੱਕ ਮਾਮਲੇ ਵਿੱਚ 37 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਸੀ।
ਇਲਜ਼ਾਮ ਹੈ ਕਿ ਇਸ ਰਕਮ ਵਿੱਚ ਸੈਟਲਮੈਂਟ ਦਾ ਖਰਚਾ, ਗ਼ਲਤ ਤਰੀਕੇ ਨਾਲ ਕਮਾਏ ਮੁਨਾਫੇ ਦਾ ਭੁਗਤਾਨ ਅਤੇ ਵਿਆਜ ਖਰਚੇ ਵੀ ਸ਼ਾਮਲ ਸਨ।
ਇਨਸਾਈਡ ਟ੍ਰੇਡਿੰਗ, ਵਪਾਰ ਕਰਨ ਦਾ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਗੁਪਤ ਜਾਣਕਾਰੀ ਦੀ ਵਰਤੋਂ ਕਰਦੇ ਹੋਏ, ਆਪਣੇ ਫਾਇਦੇ ਲਈ ਸ਼ੇਅਰ ਬਾਜ਼ਾਰ ਵਿੱਚ ਵਪਾਰ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Twitter/SEBI
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਝੁਨਝੁਨਵਾਲਾ ਸੇਬੀ ਦੇ ਨਿਸ਼ਾਨੇ 'ਤੇ ਆਏ ਸਨ।
ਸੇਬੀ ਨੇ 2018 ਵਿੱਚ ਇੱਕ ਹੋਰ ਕੰਪਨੀ ਵਿੱਚ ਇਨਸਾਈਡ ਟ੍ਰੇਡਿੰਗ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਬਾਅਦ ਵਿੱਚ ਝੁਨਝੁਨਵਾਲਾ ਨੇ 2.48 ਲੱਖ ਰੁਪਏ ਦੇ ਕੇ "ਸਹਿਮਤੀ" ਨਾਲ ਇਸ ਮਾਮਲੇ ਦਾ ਨਿਪਟਾਰਾ ਕਰ ਲਿਆ ਸੀ।
"ਸਹਿਮਤੀ" ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਜ਼ੁਰਮ ਨੂੰ ਸਵੀਕਾਰ ਕੀਤੇ ਜਾਂ ਨਕਾਰੇ ਬਗੈਰ ਸੇਬੀ ਨੂੰ ਫੀਸ ਦੇ ਕੇ ਕਥਿਤ ਉਲੰਘਣਾ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।
ਤਾਂ ਕੀ ਇਨਸਾਈਡ ਟ੍ਰੇਡਿੰਗ ਵਿਵਾਦਾਂ ਵਿੱਚ ਝੁਨਝੁਨਵਾਲਾ ਦਾ ਨਾਂ ਆਉਣ ਨੂੰ ਉਨ੍ਹਾਂ ਦੇ ਅਕਸ 'ਤੇ ਧੱਬਾ ਮੰਨਿਆ ਜਾ ਸਕਦਾ ਹੈ?

ਇਹ ਵੀ ਪੜ੍ਹੋ:

ਸੀਨੀਅਰ ਸੁਤੰਤਰ ਖੋਜੀ ਪੱਤਰਕਾਰ ਆਲਮ ਸ਼੍ਰੀਨਿਵਾਸ ਕਹਿੰਦੇ ਹਨ, "ਇਹ ਅੱਧੇ ਭਰੇ ਅਤੇ ਅੱਧੇ ਖਾਲੀ ਗਿਲਾਸ ਵਰਗਾ ਮਾਮਲਾ ਹੈ।"
"ਜੋ ਜੁਰਮਾਨਾ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਕੇਸ ਲੜਨ ਵਿੱਚ ਉਸ ਦਾ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ ਅਤੇ ਉਨ੍ਹਾਂ ਦੇ ਬਾਕੀ ਕੰਮਾਂ 'ਤੇ ਇਸ ਦਾ ਅਸਰ ਪੈਂਦਾ ਹੈ, ਇਸ ਲਈ ਇਸ ਤੋਂ ਬਚਣ ਲਈ ਉਹ ਜੁਰਮਾਨਾ ਦੇ ਰਹੇ ਸਨ।"
"ਦੂਜੇ ਪਾਸੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਵਿੱਚ ਕੁਝ ਨਾ ਕੁਝ ਅਜਿਹਾ ਸੀ ਜਿਸ ਦੇ ਡਰ ਤੋਂ ਜੁਰਮਾਨਾ ਭਰ ਦਿੱਤਾ ਗਿਆ।"
ਉਹ ਕਹਿੰਦੇ ਹਨ, "ਜ਼ਿਆਦਾਤਰ ਇਨਸਾਈਡ ਟ੍ਰੇਡਿੰਗ ਦੇ ਮਾਮਲੇ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਇਸ ਵਿੱਚ ਕਿਸੇ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਸਾਬਤ ਕਰਨਾ ਬਹੁਤ ਔਖਾ ਹੈ ਕਿ ਇਨਸਾਈਡ ਟ੍ਰੇਡਿੰਗ ਕੀਤੀ ਗਈ ਹੈ।"
'ਪਾਰਸ ਵਰਗੇ ਗੁਣਾਂ ਵਾਲੇ ਵਿਅਕਤੀ'
ਰਾਕੇਸ਼ ਝੁਨਝੁਨਵਾਲਾ ਬਾਰੇ ਕਿਹਾ ਜਾਂਦਾ ਸੀ ਕਿ ਉਹ 'ਪਾਰਸ ਵਰਗੇ ਗੁਣਾਂ ਵਾਲੇ ਵਿਅਕਤੀ' ਸਨ, ਭਾਵ ਉਹ ਜਿਸ ਚੀਜ਼ ਨੂੰ ਵੀ ਹੱਥ ਲਗਾ ਦਿੰਦੇ ਹਨ ਉਹ ਚੀਜ਼ ਸੋਨਾ ਬਣ ਜਾਂਦੀ ਹੈ।

ਤਸਵੀਰ ਸਰੋਤ, Narendra Modi/Facebook
ਸ਼ੇਅਰ ਬਾਜ਼ਾਰ ਵਿੱਚ ਉਨ੍ਹਾਂ ਦੀ ਸਫਲਤਾ ਨੇ ਤਾਂ ਜਿਵੇਂ ਉਨ੍ਹਾਂ ਨੂੰ ਇੱਕ ਮਸ਼ਹੂਰ ਹਸਤੀ ਦਾ ਦਰਜਾ ਦੇ ਦਿੱਤਾ ਸੀ।
ਦੇਸ਼ ਦਾ ਸ਼ਾਇਦ ਹੀ ਕੋਈ ਬਿਜ਼ਨਸ ਅਖ਼ਬਾਰ ਜਾਂ ਨਿਊਜ਼ ਚੈਨਲ ਹੋਵੇਗਾ ਜਿਸ ਨੇ ਝੁਨਝੁਨਵਾਲਾ ਦਾ ਇੰਟਰਵਿਊ ਨਾ ਲਿਆ ਹੋਵੇ।
ਰਾਕੇਸ਼ ਝੁਨਝੁਨਵਾਲਾ 'ਇੰਗਲਿਸ਼-ਵਿੰਗਲਿਸ਼', 'ਕੀ ਐਂਡ ਕਾ' ਅਤੇ 'ਸ਼ਮਿਤਾਭ' ਵਰਗੀਆਂ ਹਿੰਦੀ ਫਿਲਮਾਂ ਦੇ ਨਿਰਮਾਤਾ ਵੀ ਰਹਿ ਚੁੱਕੇ ਹਨ।
ਹਾਲ ਹੀ ਵਿੱਚ, ਜ਼ੀ ਮੀਡੀਆ ਵਿੱਚ ਚੱਲ ਰਹੇ ਇੱਕ ਬੋਰਡ ਰੂਮ ਵਿਵਾਦ ਦੇ ਚੱਲਦਿਆਂ, ਝੁਨਝੁਨਵਾਲਾ ਨੇ ਜ਼ੀ ਦੇ ਸ਼ੇਅਰ ਖਰੀਦ ਕੇ ਉਨ੍ਹਾਂ ਤੋਂ ਲਗਭਗ 50 ਫੀਸਦੀ ਮੁਨਾਫਾ ਕਮਾਇਆ ਸੀ।
2017 ਵਿੱਚ ਈਟੀ ਨਾਉ ਨਿਊਜ਼ ਚੈਨਲ 'ਤੇ ਫਿਲਮ ਅਦਾਕਾਰਾ ਆਲੀਆ ਭੱਟ ਨਾਲ ਗੱਲਬਾਤ ਦੌਰਾਨ ਝੁਨਝੁਨਵਾਲਾ ਨੇ ਕਿਹਾ ਸੀ, "ਜਿੰਨਾ ਚਿਰ ਤੁਹਾਡੇ ਕੋਲ ਸ਼ੇਅਰ ਬਾਜ਼ਾਰ ਨਾਲ ਤਾਲਮੇਲ ਬਿਠਾਉਣ ਦਾ ਸੁਭਾਅ ਨਹੀਂ ਹੈ, ਉਦੋਂ ਤੱਕ ਤੁਸੀਂ ਸਫਲ ਨਹੀਂ ਹੋਵੋਗੇ।"
"ਬਾਜ਼ਾਰ ਹੀ ਰਾਜਾ ਹੈ ਅਤੇ ਬਾਜ਼ਾਰ ਵਿੱਚ ਕੋਈ ਰਾਜਾ ਨਹੀਂ ਹੈ। ਸ਼ੇਅਰ ਬਾਜ਼ਾਰ ਦਾ ਰਾਜਾ ਬਣਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਆਰਥਰ ਰੋਡ ਜੇਲ੍ਹ ਗਏ ਹਨ।"
ਝੁਨਝੁਨਵਾਲਾ ਆਪਣੀ ਫਰਮ ਰੇਅਰ ਇੰਟਰਪ੍ਰਾਇਜ਼ੇਜ਼ ਦੇ ਰਾਹੀਂ ਵਪਾਰ ਕਰਦੇ ਸਨ। 'ਰੇਅਰ' ਨਾਮ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਰੇਖਾ ਦੇ ਨਾਮ ਦੇ ਪਹਿਲੇ ਦੋ ਅੱਖਰਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ।
"ਪਰਦੇ ਦੇ ਪਿੱਛੇ ਬਹੁਤ ਤਾਕਤਵਰ"
ਸੀਨੀਅਰ ਪੱਤਰਕਾਰ ਆਲਮ ਸ਼੍ਰੀਨਿਵਾਸ ਦਾ ਮੰਨਣਾ ਹੈ ਕਿ ਰਾਕੇਸ਼ ਝੁਨਝੁਨਵਾਲਾ ਇੱਕ ਚੁਸਤ ਅਤੇ ਸਮਝਦਾਰ ਨਿਵੇਸ਼ਕ ਸਨ।
ਇਸ ਗੱਲ ਦਾ ਪਤਾ ਉਨ੍ਹਾਂ ਦੇ ਨਿਵੇਸ਼ ਦੇ ਤਰੀਕੇ ਤੋਂ ਵੀ ਲੱਗਦਾ ਸੀ। ਉਨ੍ਹਾਂ ਅਨੁਸਾਰ, ਝੁਨਝੁਨਵਾਲਾ ਕਾਰਪੋਰੇਟ, ਵਿੱਤੀ ਅਤੇ ਸ਼ੇਅਰ ਬਾਜ਼ਾਰ ਦੀ ਦੁਨੀਆ ਵਿੱਚ ਬਹੁਤ ਪ੍ਰਭਾਵਸ਼ਾਲੀ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸ਼੍ਰੀਨਿਵਾਸ ਕਹਿੰਦੇ ਹਨ, "ਉਹ ਕਿਸੇ ਵੀ ਕੰਪਨੀ ਵਿੱਚ 5 ਤੋਂ 15 ਫੀਸਦੀ ਹਿੱਸਾ ਖਰੀਦ ਕੇ ਇੰਨੇ ਮਹੱਤਵਪੂਰਨ ਸ਼ੇਅਰਧਾਰਕ ਬਣ ਜਾਂਦੇ ਹਨ ਕਿ ਉਹ ਕੁਝ ਵੀ ਕਹਿਣ, ਕੰਪਨੀ ਦੇ ਪ੍ਰਬੰਧਕਾਂ ਨੂੰ ਸੁਣਨਾ ਹੀ ਪੈਂਦਾ ਹੈ।"
"ਉਹ ਪਰਦੇ ਦੇ ਪਿੱਛੇ ਰਹਿੰਦੇ ਹਨ, ਪਰ ਬਹੁਤ ਸ਼ਕਤੀਸ਼ਾਲੀ ਹਨ।"
ਉਨ੍ਹਾਂ ਦੇ ਅਨੁਸਾਰ, ਝੁਨਝੁਨਵਾਲਾ ਕਾਰਪੋਰੇਟ ਅਤੇ ਵਿੱਤੀ ਜਗਤ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਹਨ ਅਤੇ ਇਸੇ ਕਾਰਨ ਰਾਜਨੀਤਿਕ ਹਲਕਿਆਂ ਵਿੱਚ ਵੀ ਉਨ੍ਹਾਂ ਦੇ ਚੰਗੇ ਸੰਬੰਧ ਹਨ।
ਸ਼੍ਰੀਨਿਵਾਸ ਕਹਿੰਦੇ ਹਨ, "ਸ਼ੇਅਰ ਬਾਜ਼ਾਰ ਵਿੱਚ ਉਨ੍ਹਾਂ ਦੇ ਨਾਮ ਨਾਲ ਸ਼ੇਅਰ ਉੱਪਰ-ਹੇਠਾਂ ਹੋਣ ਲੱਗਦਾ ਹੈ।"
"ਜੇਕਰ ਇਹ ਅਫਵਾਹ ਫੈਲ ਜਾਵੇ ਕਿ ਝੁਨਝੁਨਵਾਲਾ ਸ਼ੇਅਰ ਖਰੀਦ ਰਹੇ ਹਨ, ਤਾਂ ਸ਼ੇਅਰ ਆਪਣੇ ਆਪ ਉੱਪਰ ਚੜ੍ਹ ਜਾਵੇਗਾ ਅਤੇ ਜੇ ਇਹ ਅਫਵਾਹ ਫੈਲ ਜਾਵੇ ਕਿ ਉਹ ਸ਼ੇਅਰ ਵੇਚ ਰਹੇ ਹਨ, ਤਾਂ ਸ਼ੇਅਰ ਦੀ ਕੀਮਤ ਡਿੱਗਣੀ ਸ਼ੁਰੂ ਹੋ ਜਾਵੇਗੀ। ਰਾਕੇਸ਼ ਝੁਨਝੁਨਵਾਲਾ ਜ਼ਿਆਦਾਤਰ ਵੇਚਦੇ ਨਹੀਂ ਹਨ, ਉਹ ਖਰੀਦਦਾਰ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












