ਕੈਪਟਨ ਹੁਣ ਅੱਗੇ ਕੀ ਕਰਨਗੇ ਤੇ ਚੰਨੀ ਨੇ ਦਬਦਬਾ ਕਾਇਮ ਕਰਨਾ ਹੈ ਤਾਂ ਇਹ 3 ਕੰਮ ਕਰਨੇ ਪੈਣਗੇ

ਤਸਵੀਰ ਸਰੋਤ, Twitter/Captain Amarinder Singh
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਹਾਲਾਂਕਿ ਇਹ ਸਿਆਸੀ ਨਹੀਂ ਹੈ।
ਉਨ੍ਹਾਂ ਦੇ ਮੀਡੀਆ ਸਲਾਹਕਾਰ ਮੁਤਾਬਕ ਕੈਪਟਨ ਆਪਣੇ ਫੌਜ ਦੇ ਦਿਨਾਂ ਦੇ 47 ਸਾਥੀਆਂ ਨਾਲ ਸਮਾਂ ਗੁਜ਼ਾਰਨਗੇ।
ਉਨ੍ਹਾਂ ਦੇ ਅਗਲੇ ਸਿਆਸੀ ਕਦਮ ਬਾਰੇ ਸਵਾਲ ਕਈ ਮਨਾਂ ਵਿੱਚ ਹਨ।
ਕੈਪਟਨ ਦਾ ਅਗਲਾ ਸਿਆਸੀ ਕਦਮ ਕੀ ਅਤੇ ਕਦੋਂ ਹੋਵੇਗਾ, ਇਸ ਬਾਰੇ ਉਨ੍ਹਾਂ ਨੇ ਸਿਰਫ਼ ਇਹੀ ਕਿਹਾ ਸੀ ਕਿ ਸਮਾਂ ਆਉਣ 'ਤੇ ਉਹ ਇਸ ਬਾਰੇ ਦੱਸਣਗੇ। ਫਿਲਹਾਲ ਉਹ ਕਾਂਗਰਸ ਦਾ ਹਿੱਸਾ ਹਨ।
ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੀ ਵੀ ਚੋਣ ਹੋ ਗਈ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਵਿਧਾਇਕ ਦਲ ਦੀ ਬੈਠਕ ਸੱਦੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਇਸ ਹਾਲਾਤ ਬਾਰੇ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਆਪਣੇ ਅਸਤੀਫੇ ਤੋਂ ਬਾਅਦ ਜਾਰੀ ਬਿਆਨ ਵਿੱਚ ਆਖਿਆ ਸੀ ਕਿ ਉਨ੍ਹਾਂ ਨੂੰ ਸਿਆਸਤ ਵਿੱਚ ਪੰਜ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਭਵਿੱਖ ਲਈ ਉਨ੍ਹਾਂ ਕੋਲ ਸਿਆਸੀ ਸੰਭਾਵਨਾਵਾਂ ਮੌਜੂਦ ਹਨ।
ਇਸ ਬਾਰੇ ਫ਼ੈਸਲਾ ਉਹ ਆਪਣੇ ਸਾਥੀਆਂ ਨਾਲ ਸਲਾਹ ਤੋਂ ਬਾਅਦ ਕਰਨਗੇ।
ਇਹ ਵੀ ਪੜ੍ਹੋ:
ਕੀ ਹੋ ਸਕਦੀਆਂ ਹਨ ਸਿਆਸੀ ਸੰਭਾਵਨਾਵਾਂ
ਇਨ੍ਹਾਂ ਹਾਲਤਾਂ ਵਿੱਚ ਉਹ ਆਪਣੇ ਸਮਰਥਕਾਂ ਨਾਲ ਮਿਲ ਕੇ ਇੱਕ ਨਵੀਂ ਸਿਆਸੀ ਪਾਰਟੀ ਬਣਾ ਸਕਦੇ ਹਨ, ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਬਣ ਸਕਦੇ ਹਨ ਜਾਂ ਫਿਰ ਕਾਂਗਰਸ ਵਿੱਚ ਰਹਿ ਕੇ ਹੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਸਕਦੇ ਹਨ।
ਆਪਣੇ ਲੰਬੇ ਸਿਆਸੀ ਸਫਰ ਵਿੱਚ ਉਨ੍ਹਾਂ ਨੇ ਇਹ ਸਭ ਕੀਤਾ ਹੈ।
1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ, ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੀ ਬਣੇ ਸਨ ਅਤੇ ਫਿਰ ਆਪਣੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਪਾਰਟੀ ਵੀ ਬਣਾਈ ਸੀ।
ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਦਾ ਹਿੱਸਾ ਨਹੀਂ ਰਹਿੰਦੇ ਤਾਂ ਕਾਂਗਰਸ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਇਸ ਦਾ ਕੀ ਅਸਰ ਪਵੇਗਾ?

ਤਸਵੀਰ ਸਰੋਤ, Getty Images
ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਲਈ ਸਿਆਸੀ ਸਮੀਕਰਨਾਂ ਨੂੰ ਵਿਗਾੜ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਆਖਿਆ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਵੀਕਾਰ ਨਹੀਂ ਕਰਨਗੇ।
ਉਨ੍ਹਾਂ ਵੱਲੋਂ ਸਿੱਧੂ ਦੇ ਪਾਕਿਸਤਾਨ ਨਾਲ ਜੋੜ ਕੇ ਦਿੱਤੇ ਬਿਆਨਾਂ ਉੱਪਰ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਵੀ ਟਿੱਪਣੀਆਂ ਕੀਤੀਆਂ ਹਨ।
ਭਵਿੱਖ 'ਚ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਖਿਲਾਫ਼ ਪਾਰਟੀਆਂ ਇਸ ਦੀ ਵਰਤੋਂ ਕਰ ਸਕਦੀਆਂ ਹਨ।
ਪ੍ਰੋਫ਼ੈਸਰ ਆਸ਼ੂਤੋਸ਼ ਨੇ ਕਿਹਾ, "ਭਾਰਤ ਦੇ ਇਤਿਹਾਸ ਵਿੱਚ ਕਈ ਆਗੂਆਂ ਨੇ ਵੱਖ ਹੋ ਕੇ ਆਪਣੀਆਂ ਰਾਜਨੀਤਕ ਪਾਰਟੀਆਂ ਬਣਾਈਆਂ ਹਨ , ਜਿਨ੍ਹਾਂ ਵਿੱਚ ਮਮਤਾ ਬੈਨਰਜੀ, ਜਿਤੇਨ ਮਾਂਝੀ, ਲਾਲੂ ਪ੍ਰਸਾਦ ਯਾਦਵ, ਕਲਿਆਣ ਸਿੰਘ, ਯੇਦੂਯੂਰੱਪਾ ਸ਼ਾਮਿਲ ਹਨ।"
'ਜੇ ਪਹਿਲਾਂ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ'
"ਕੈਪਟਨ ਅਮਰਿੰਦਰ ਵੀ ਇਸ ਰਾਹ 'ਤੇ ਜਾ ਕੇ ਕਾਂਗਰਸ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਭਵਿੱਖ ਵਿੱਚ ਟਿਕਟਾਂ ਨਾ ਮਿਲਣ ਕਰਕੇ ਨਾਰਾਜ਼ ਲੋਕ ਵੀ ਕੈਪਟਨ ਨਾਲ ਜਾ ਸਕਦੇ ਹਨ।"
79 ਸਾਲ ਦੇ ਕੈਪਟਨ ਦੀ ਉਮਰ ਨੂੰ ਵੀ ਆਸ਼ੂਤੋਸ਼ ਇਸ ਵਿੱਚ ਅੜਿੱਕਾ ਨਹੀਂ ਮੰਨਦੇ ਅਤੇ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਲਾਲ ਦੀ ਉਦਾਹਰਣ ਦਿੰਦੇ ਹੋਏ ਆਖਦੇ ਹਨ ਕਿ ਉਨ੍ਹਾਂ ਨੇ 81 ਸਾਲ ਦੀ ਉਮਰ ਵਿੱਚ ਅਹੁਦਾ ਸੰਭਾਲਿਆ ਸੀ।
ਹਾਲਾਂਕਿ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "ਜਿਸ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕੀਤਾ, ਕੀ ਉਹ ਨਵੀਂ ਪਾਰਟੀ ਬਣਾਉਣ ਲਈ ਮਿਹਨਤ ਕਰ ਸਕਦੇ ਹਨ? ਜੇ ਉਨ੍ਹਾਂ ਨੇ ਪਹਿਲਾਂ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਹੀ ਨਾ ਆਉਂਦੀ।"

ਰਾਜਨੀਤੀ ਵਿੱਚ ਉਮਰ ਅਤੇ ਮਿਹਨਤ ਨੂੰ ਅਹਿਮ ਮੰਨਦੇ ਹੋਏ ਜਗਤਾਰ ਸਿੰਘ ਆਖਦੇ ਹਨ, "ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਬਣਾਈ ਸੀ ਜੋ ਉਨ੍ਹਾਂ ਦੀ ਘੱਟ ਉਮਰ ਅਤੇ ਵਧੀਆ ਛਵੀ ਹੋਣ ਦੇ ਬਾਵਜੂਦ ਨਹੀਂ ਚੱਲ ਸਕੀ ਸੀ।''
''ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਨਵੀਂ ਪਾਰਟੀ ਦਾ ਗਠਨ ਮੁਸ਼ਕਿਲ ਹੈ ਅਤੇ ਕੈਪਟਨ ਅਮਰਿੰਦਰ ਦਾ ਆਪਣਾ ਵੀ ਨਵੀਂ ਪਾਰਟੀ ਦਾ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਹੈ। ਸਿਆਸੀ ਸਮੀਕਰਨ ਵਿਗਾੜਨ ਲਈ ਵੀ ਮਿਹਨਤ ਦੀ ਜ਼ਰੂਰਤ ਹੁੰਦੀ ਹੈ।"
ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਮੁਤਾਬਕ ਪੰਜਾਬ ਵਿੱਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ।
ਉਨ੍ਹਾਂ ਮੁਤਾਬਕ,"ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਲਈ ਮੁਸ਼ਕਿਲਾਂ ਵੱਧ ਰਹੀਆਂ ਹਨ। ਕਈ ਚਿਹਰੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਿਨਟ ਲਈ ਸੋਚੇ ਵਿਚਾਰੇ ਗਏ ਹਨ ਅਤੇ ਇਨ੍ਹਾਂ ਨੂੰ ਭਵਿੱਖ ਵਿੱਚ ਇਕੱਠੇ ਰੱਖਣਾ ਵੀ ਇੱਕ ਚੁਣੌਤੀ ਸਾਬਿਤ ਹੋ ਸਕਦਾ ਹੈ।"
"ਚੋਣਾਂ ਤੋਂ ਪਹਿਲਾਂ ਆਪਸੀ ਗੁੱਟਬਾਜ਼ੀ ਪਾਰਟੀ ਵਾਸਤੇ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।"
"ਕੈਪਟਨ ਅਮਰਿੰਦਰ ਸਿੰਘ ਪਾਰਟੀ ਵਿੱਚ ਰਹਿ ਕੇ ਪੰਜਾਬ ਕਾਂਗਰਸ ਪ੍ਰਧਾਨ ਦੀ ਆਲੋਚਨਾ ਕਰਦੇ ਹਨ ਤਾਂ ਇਸ ਦਾ ਫ਼ਾਇਦਾ ਸਿਆਸੀ ਵਿਰੋਧੀ ਲੈ ਸਕਦੇ ਹਨ। ਜੇਕਰ ਪਾਰਟੀ ਉਨ੍ਹਾਂ ਨੂੰ ਬਾਹਰ ਕੱਢਦੀ ਹੈ ਤਾਂ 'ਵਿਕਟਿਮ ਕਾਰਡ' ਦਾ ਫ਼ਾਇਦਾ ਕੈਪਟਨ ਨੂੰ ਹੋ ਸਕਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਹਿਮ ਮੁੱਦੇ ਜੋ ਬਦਲ ਸਕਦੇ ਹਨ ਚੋਣ ਨਤੀਜੇ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਆਖਦੇ ਹਨ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਇੱਕ ਅਹਿਮ ਭੂਮਿਕਾ ਨਿਭਾਉਣਗੇ। ਜਿਸ ਪਾਰਟੀ ਨੂੰ ਕਿਸਾਨ ਸਮਰਥਨ ਦੇਣਗੇ ਉਹ ਬਹੁਮਤ ਦੇ ਕਰੀਬ ਹੋ ਸਕਦੀ ਹੈ। ।
ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਮੁੱਖ ਮੰਤਰੀ ਬਦਲਿਆ ਜਾਣਾ ਕਿੰਨਾ ਸਹੀ ਫ਼ੈਸਲਾ ਹੈ, ਇਸ ਦੇ ਬਾਰੇ ਵੀ ਰਾਜਨੀਤਿਕ ਮਾਹਿਰ ਅਲੱਗ ਅਲੱਗ ਵਿਚਾਰ ਰੱਖਦੇ ਹਨ।

ਤਸਵੀਰ ਸਰੋਤ, Getty Images
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਾਂਗਰਸ ਦੇ ਇਸ ਫ਼ੈਸਲੇ ਬਾਰੇ ਆਖਦੇ ਹਨ," ਪਿਛਲੇ ਛੇ ਮਹੀਨਿਆਂ ਵਿੱਚ ਕਾਂਗਰਸ ਹਾਰ ਰਹੀ ਸੀ। ਅਜਿਹੇ ਵਿੱਚ ਨੁਕਸਾਨ ਨੂੰ ਘੱਟ ਕਰਨ ਲਈ ਕਾਂਗਰਸ ਨੇ ਇਹ 'ਰਿਸਕ' ਲਿਆ ਹੈ।"
"ਹੁਣ ਸਰਕਾਰ ਕੋਲ ਸਮਾਂ ਬਹੁਤ ਘੱਟ ਹੈ ਪਰ ਜੇਕਰ ਕੁਝ ਅਹਿਮ ਕੰਮ ਇਸ ਸਮੇਂ ਵਿੱਚ ਹੋ ਜਾਂਦੇ ਹਨ ਤਾਂ ਕਾਂਗਰਸ ਨੂੰ ਉਸ ਦੇ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਇਨ੍ਹਾਂ ਕੰਮਾਂ ਵਿੱਚ ਪਾਵਰ ਪਰਚੇਜ਼ ਐਗਰੀਮੈਂਟ, ਬੇਅਦਬੀ ਮਾਮਲੇ ਵਿੱਚ ਚਲਾਨ ਜਾਂ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਵੱਡੀ ਗ੍ਰਿਫਤਾਰੀ ਨੂੰ ਉਹ ਅਹਿਮ ਮੰਨਦੇ ਹਨ।"
ਪ੍ਰੋ. ਖ਼ਾਲਿਦ ਮੁਹੰਮਦ ਕਾਂਗਰਸ ਦੇ ਇਸ ਫ਼ੈਸਲੇ ਬਾਰੇ ਆਖਦੇ ਹਨ, "ਪਾਰਟੀ ਦੇ ਇਸ ਫ਼ੈਸਲੇ ਨੇ ਕਾਂਗਰਸ ਨੂੰ ਹੀ ਸਰਕਾਰ ਅਤੇ ਵਿਰੋਧੀ ਧਿਰ ਵਾਂਗ ਪੇਸ਼ ਕਰ ਦਿੱਤਾ ਹੈ। ਜਿਸ ਤਰ੍ਹਾਂ ਨਵੀਂ ਸਰਕਾਰ ਬਣਨ ਤੋਂ ਬਾਅਦ ਅਫ਼ਸਰ ਬਦਲੇ ਅਤੇ ਕੈਬਿਨਟ ਚੁਣੀ ਜਾਂਦੀ ਹੈ ਉਸੇ ਤਰ੍ਹਾਂ ਇੱਥੇ ਹੋ ਰਿਹਾ ਹੈ।"
"ਚੋਣਾਂ ਦੇ ਆਖ਼ਰੀ ਸਾਲ ਸਰਕਾਰ ਆਪਣੇ ਕੀਤੇ ਕੰਮਾਂ ਨੂੰ ਜਨਤਾ ਵਿੱਚ ਲੈ ਕੇ ਜਾਂਦੀ ਹੈ ਅਤੇ ਇੱਥੇ ਆਪਸੀ ਗੁਟਬਾਜ਼ੀ ਕਾਰਨ ਆਗੂ ਹੀ ਅਧੂਰੇ ਕੰਮਾਂ ਨੂੰ ਜਨਤਕ ਕਰ ਰਹੇ ਹਨ।"
ਪ੍ਰੋਫੈਸਰ ਖਾਲਿਦ ਮੰਨਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਸਹੀ ਸਮੇਂ 'ਤੇ ਕਾਂਗਰਸ ਦੀਆਂ ਗ਼ਲਤੀਆਂ ਤੋਂ ਫ਼ਾਇਦਾ ਲੈਂਦੇ ਹੋਏ ਆਪਣਾ ਫ਼ੈਸਲਾ ਲੈਣਗੇ।
"ਕਾਂਗਰਸ ਦੀ ਅਗਵਾਈ ਕੌਣ ਕਰੇਗਾ ਇਸ ਲੜਾਈ ਵਿੱਚ ਕਾਂਗਰਸ ਨੇ ਇਹ ਹਾਲਾਤ ਖ਼ੁਦ ਬਣਾਏ ਹਨ। ਕਾਂਗਰਸ ਦੇ ਚੁਣੇ ਪ੍ਰਧਾਨ ਹੀ ਕਾਂਗਰਸ 'ਤੇ ਅਟੈਕ ਕਰਦੇ ਹਨ ਤਾਂ ਲੋਕ ਵੀ ਸੋਚਦੇ ਹਨ ਕਿ ਕੁਝ ਠੀਕ ਨਹੀਂ ਹੈ।"
ਕਿਸਾਨ ਇਨ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਕਿਸਾਨਾਂ ਵੱਲੋਂ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਚੋਣ ਰਣਨੀਤੀ ਵਿੱਚ ਬਦਲਾਅ ਸੰਭਵ
ਪ੍ਰੋ. ਖ਼ਾਲਿਦ ਮੰਨਦੇ ਹਨ, "ਹੁਣ ਇਸ ਦਾ ਥੋੜ੍ਹਾ ਫ਼ਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਰਿਹਾ ਹੈ। ਇਸ ਦਾ ਕਾਰਨ ਅਕਾਲੀ ਦਲ ਦੀ ਲੋਕਾਂ ਵਿੱਚ ਵਧਦੀ ਲੋਕਪ੍ਰਿਅਤਾ ਨਹੀਂ ਬਲਕਿ ਕਾਂਗਰਸ ਦੀ ਆਪਸ ਵਿੱਚ ਵੱਧ ਰਹੀ ਗੁੱਟਬਾਜ਼ੀ ਹੈ।''

ਤਸਵੀਰ ਸਰੋਤ, Ani
''ਕੁਰਸੀ ਲਈ ਲੜਾਈ ਦਾ ਵਿਕਾਸ ਕਾਰਜਾਂ ਉੱਪਰ ਅਸਰ ਪੈਂਦਾ ਹੈ, ਜਿਸ ਦਾ ਫ਼ਾਇਦਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ।"
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੰਨਦੇ ਹਨ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਅਕਾਲੀ ਦਲ ਲਈ ਚੋਣਾਂ ਮੁਸ਼ਕਿਲ ਕਰ ਦਿੱਤੀਆਂ ਹਨ।
ਉਹ ਆਖਦੇ ਹਨ, "ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗੱਠਜੋੜ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਲਈ ਅਨੁਸੂਚਿਤ ਜਾਤੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ ਸੀ। ਭਾਜਪਾ ਵੱਲੋਂ ਵੀ ਮੁੱਖ ਮੰਤਰੀ ਲਈ ਅਜਿਹਾ ਐਲਾਨ ਕੀਤਾ ਗਿਆ ਸੀ।''
''ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਇਹ ਲੜਾਈ ਹੁਣ ਮੁਸ਼ਕਿਲ ਹੋ ਗਈ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਬਾਕੀ ਰਾਜਨੀਤਕ ਪਾਰਟੀਆਂ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਇੱਕ ਅਹਿਮ ਭੂਮਿਕਾ ਨਿਭਾਉਣਗੇ। ਜਿਸ ਪਾਰਟੀ ਨੂੰ ਕਿਸਾਨ ਆਪਣਾ ਸਮਰਥਨ ਦੇਣਗੇ ਉਹ ਬਹੁਮਤ ਦੇ ਕਰੀਬ ਹੋ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਐਲਾਨ ਵੀ ਕੀਤੇ ਗਏ ਸਨ ਪਰ ਹੁਣ ਉਨ੍ਹਾਂ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਕਰਨਾ ਪਵੇਗਾ।
ਜੋ ਫ਼ੈਸਲੇ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਲੈਣ ਦਾ ਵਾਅਦਾ ਕੀਤਾ ਸੀ, ਕਾਂਗਰਸ ਨੇ ਉਹ ਚੋਣਾਂ ਤੋਂ ਪਹਿਲਾਂ ਹੀ ਲੈ ਲਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












