ਪੰਜਾਬ ਚੋਣਾਂ 2022: ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਸੀਐੱਮ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੈਪਟਨ ਨੇ ਦਿੱਤੀ ਸੀ ਟਿਕਟ

ਵੀਡੀਓ ਕੈਪਸ਼ਨ, ਕੌਂਸਲਰ ਤੋਂ ਸੀਐੱਮ ਦੀ ਕੁਰਸੀ ਤੱਕ ਪਹੁੰਚੇ ਚਰਨਜੀਤ ਸਿੰਘ ਚੰਨੀ ਨੂੰ ਜਾਣੋ

ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ।

ਚਰਨਜੀਤ ਚੰਨੀ ਦੇ ਜ਼ਰੀਏ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ 2022 ਵਿਧਾਨ ਸਭਾ ਚੋਣਾਂ ਲਈ ਦੋ ਸੀਟਾਂ 'ਤੇ ਖੜ੍ਹੇ ਹਨ, ਚਮਕੌਰ ਸਾਹਿਬ ਅਤੇ ਭਦੌੜ।

2017 ਵਿੱਚ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ ਸਨ।

ਚਰਨਜੀਤ ਸਿੰਘ ਚੰਨੀ ਸੀਐੱਮ ਦੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਪਹਿਲਾਂ ਤਕਨੀਕੀ ਸਿੱਖਿਆ ਅਤੇ ਇੰਡਸਟ੍ਰੀਅਲ ਟਰੇਨਿੰਗ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਵਿੱਚੋਂ ਚੰਨੀ ਵੀ ਇੱਕ ਸਨ।

ਜਦੋਂ ਕਾਂਗਰਸ ਦੇ ਬਾਗੀ ਵਿਧਾਇਕਾਂ ਅਤੇ ਮੰਤਰੀਆਂ ਨੇ ਦੇਹਰਾਦੂਨ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ, ਉਸ ਵੇਲੇ ਚਰਨਜੀਤ ਚੰਨੀ ਵੀ ਨਾਲ ਸਨ।

ਇਹ ਵੀ ਪੜ੍ਹੋ-

ਚਰਨਜੀਤ ਚੰਨੀ ਦਾ ਪਰਿਵਾਰ

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਚਾਰ ਭਰਾ ਹਨ। ਡਾ: ਮਨਮੋਹਣ ਸਿੰਘ, ਚਰਨਜੀਤ ਸਿੰਘ ਚੰਨੀ, ਮਨੋਹਰ ਸਿੰਘ ਤੇ ਸੁਖਵੰਤ ਸਿੰਘ।

ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਹੈ ਤੇ ਉਨ੍ਹਾਂ ਦੇ ਦੋ ਪੁੱਤਰ ਹਨ।

ਚੰਨੀ ਦੇ ਕਰੀਬੀ ਮੁਕੇਸ਼ ਕੁਮਾਰ ਮਿੰਕਾ ਨੇ ਦੱਸਿਆ ਸੀ ਕਿ ਪੜ੍ਹਨ ਦਾ ਉਨ੍ਹਾਂ ਨੂੰ ਇੰਨਾ ਸ਼ੌਕ ਹੈ ਕਿ ਮੰਤਰੀ ਹੁੰਦੇ ਹੋਏ ਵੀ ਉਹ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ 'ਤੇ ਪੀਐੱਚਡੀ ਕਰ ਰਹੇ ਹਨ।

ਸਾਲ 2009 ਵਿੱਚ ਉਨ੍ਹਾਂ ਨੇ ਐਮਬੀਏ ਕੀਤੀ ਸੀ। ਫਿਰ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੇ ਐਲਐਲਬੀ ਕੀਤੀ ਸੀ।

ਚੰਨੀ ਦੇ ਕਰੀਬੀ ਬਾਲ ਕਿਸ਼ਨ ਬਿੱਟੂ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਚੰਨੀ ਦਾ ਪੈਟਰੋਲ ਪੰਪ ਹੈ ਤੇ ਪਰਿਵਾਰ ਦੀ ਗੈਸ ਏਜੰਸੀ ਹੈ।

ਚੰਨੀ ਦੇ ਪਿਤਾ ਹਰਸ਼ਾ ਸਿੰਘ 90 ਦੇ ਦਹਾਕੇ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਰਬ ਦੇਸ਼ ਮਜ਼ਦੂਰੀ ਕਰਨ ਲਈ ਗਏ ਸਨ ਤੇ ਉਥੋਂ ਵਾਪਸ ਆ ਕੇ ਉਨ੍ਹਾਂ ਖਰੜ ਵਿੱਚ ਆਪਣਾ ਟੈਂਟ ਹਾਊਸ ਵੀ ਖੋਲ੍ਹਿਆ ਸੀ।

ਚਰਨਜੀਤ ਸਿੰਘ ਚੰਨੀ ਆਪਣੇ ਪਿਤਾ ਦੇ ਕਹਿਣ `ਤੇ ਲੋਕਾਂ ਦੇ ਟੈਂਟ ਲਗਾਉਣ ਲਈ ਵੀ ਚਲੇ ਜਾਂਦੇ ਸਨ ਜਦੋਂ ਉਹ ਖਰੜ ਨਗਰ ਕੌਂਸਲ ਦੇ ਕੌਸਲਰ ਹੁੰਦੇ ਸਨ।

ਉਨ੍ਹਾਂ ਦੇ ਪਿਤਾ ਜੀ ਗਰੀਬਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ ਹਮੇਸ਼ਾਂ ਘੱਟ ਪੈਸੇ ਲੈਂਦੇ ਸਨ ਤੇ ਕਈ ਵਾਰ ਤਾਂ ਮੁਫਤ ਵਿੱਚ ਵੀ ਟੈਂਟ ਭੇਜ ਦਿੰਦੇ ਸਨ।

ਡਾਕਟਰ ਕਮਲਜੀਤ ਕੌਰ ਨਾਲ ਉਨ੍ਹਾਂ ਦੀ ਲਵ ਮੈਰਿਜ ਹੋਈ ਸੀ ਜਿਸ ਤੋਂ ਉਨ੍ਹਾਂ ਦਾ ਸੁਹਰਾ ਪਰਿਵਾਰ ਕੁਝ ਸਮਾਂ ਨਰਾਜ਼ ਵੀ ਰਿਹਾ ਕਿ ਮੁੰਡਾ ਕੋਈ ਕੰਮ ਤਾਂ ਕਰਦਾ ਨਹੀਂ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, facebook/channi

ਕਿਵੇਂ ਹੋਇਆ ਸਿਆਸੀ ਸਫ਼ਰ ਸ਼ੁਰੂ

ਖਰੜ ਨਗਰ ਕੌਂਸਲ ਦੇ ਉਹ 1996 ਵਿੱਚ ਪ੍ਰਧਾਨ ਬਣੇ ਸਨ। ਇੱਥੋਂ ਹੀ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ ਸੀ ਤੇ ਉਂਝ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਸਿਆਸਤ ਵਿੱਚ ਨਹੀਂ ਸੀ। ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਜ਼ਿਮੀਦਾਰ ਫਿਲਿੰਗ ਸਟੇਸ਼ਨ ਨਾਂਅ ਦਾ ਪੈਟਰੋਲ ਪੰਪ ਹੈ ਤੇ ਪਰਿਵਾਰ ਦੀ ਗੈਸ ਏਜੰਸੀ ਹੈ।

ਉਨ੍ਹਾਂ ਦੇ ਇੱਕ ਸਾਥੀ ਨੇ ਦੱਸਿਆ ਸੀ ਕਿ ਚਰਨਜੀਤ ਸਿੰਘ ਚੰਨੀ ਦਾ ਸਿਆਸਤ ਵਿੱਚ ਉਦੋਂ ਉਭਾਰ ਹੋਇਆ ਸੀ ਜਦੋਂ ਉਹ ਖਰੜ ਤੋਂ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ।

ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸੰਪਰਕ ਟਕਸਾਲੀ ਕਾਂਗਰਸੀ ਰਮੇਸ਼ ਦੱਤ ਨਾਲ ਹੋ ਗਿਆ ਜਿਹੜੇ ਸਮੇਂ-ਸਮੇਂ ਤੇ ਉਨ੍ਹਾਂ ਸਿਆਸਤ ਦਾ ਪਾਠ ਪੜ੍ਹਾਉਂਦੇ ਸਨ।

ਉਨ੍ਹਾਂ ਨੂੰ ਦਲਿਤਾਂ ਦੇ ਆਗੂ ਵੱਜੋਂ ਉਭਾਰਨ ਵਿੱਚ ਉਸ ਸਮੇਂ ਦੇ ਦਲਿਤ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਪਰ ਜਦੋਂ ਉਨ੍ਹਾ ਨੂੰ 2007 ਵਿੱਚ ਟਿਕਟ ਨਹੀਂ ਸੀ ਦਿੱਤੀ ਤਾਂ ਉਹ ਚਮਕੌਰ ਸਾਹਿਬ ਤੋਂ ਅਜ਼ਾਦ ਚੋਣ ਜਿੱਤ ਗਏ ਸਨ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਕਾਂਗਰਸ ਹਾਈਕਮਾਂਡ ਤੱਕ ਵੀ ਚਰਨਜੀਤ ਸਿੰਘ ਚੰਨੀ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਨ੍ਹਾਂ ਦੇ ਸਿਰ 'ਤੇ ਅੰਬਿਕਾ ਸੋਨੀ ਨੇ ਹੱਥ ਰੱਖਿਆ ਸੀ।

ਪਹਿਲੀ ਵਾਰ ਉਹ 2007 ਵਿੱਚ ਅਜ਼ਾਦ ਤੌਰ 'ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤੇ ਸਨ।

ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣਨ ਕਰਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਲੱਗਾ ਤਾਂ ਕੁਝ ਸਮੇਂ ਲਈ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਵੀ ਹਮਾਇਤ ਦਿੱਤੀ ਸੀ।

ਪਰ ਸਾਲ 2012 ਦੀਆਂ ਚੋਣਾਂ ਉਹ ਕਾਂਗਰਸ ਪਾਰਟੀ ਵੱਲੋਂ ਲੜੇ 'ਤੇ ਜਿੱਤੇ ਸਨ ਉਨ੍ਹਾਂ ਨੂੰ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਆਏ ਸਨ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਸੁਨੀਲ ਜਾਖੜ ਤੋਂ ਬਾਅਦ ਉਹ 2015 ਤੋਂ 2016 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ ਸਨ।

58 ਸਾਲਾ ਚੰਨੀ 2017 ਵਿੱਚ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ ਸਨ।

ਹਲਫੀਆ ਬਿਆਨ ਅਨੁਸਾਰ ਚੰਨੀ ਨੇ ਆਪਣੀ ਜਾਇਦਾਦ 14 ਕਰੋੜ 51 ਲੱਖ ਦੇ ਕਰੀਬ ਐਲਾਨੀ ਸੀ।

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ‘ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ’

ਮਹਿਲਾ ਆਈਏਐੱਸ ਨਾਲ ਵਿਵਾਦ

ਕਾਂਗਰਸ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਾਜਪਾ ਨੇ ਇੱਕ ਟਵੀਟ ਜ਼ਰੀਏ ਚੰਨੀ ਦੇ ਇੱਕ ਪੁਰਾਣੇ ਮਾਮਲੇ ਦਾ ਜ਼ਿਕਰ ਕੀਤਾ ਸੀ।

ਜਿਸ ਵਿੱਚ ਇਹ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ 2018 ਵਿੱਚ ਇੱਕ ਆਈਏਐੱਸ ਅਫ਼ਸਰ ਨੂੰ ਇਤਰਾਜ਼ਯੋਗ ਟੈਕਸਟ ਮੈਸੇਜ ਭੇਜਿਆ ਸੀ ਜਿਸ ਬਾਰੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ।

ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਤਾਂ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਇਹ ਮਾਮਲਾ ਨੋਟਿਸ ਵਿੱਚ ਲਿਆਂਦਾ ਗਿਆ ਸੀ ਤੇ ਉਨ੍ਹਾਂ ਨੇ ਮੰਤਰੀ ਨੂੰ 'ਲੇਡੀ ਅਫਸਰ' ਤੋਂ ਮਾਫ਼ੀ ਮੰਗਣ ਲਈ ਕਿਹਾ ਸੀ।

ਉਨ੍ਹਾਂ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਮੰਤਰੀ ਨੇ ਅਫਸਰ ਤੋਂ ਮਾਫ਼ੀ ਮੰਗੀ ਸੀ ਤੇ ਮਾਮਲਾ ਹੱਲ ਹੋ ਗਿਆ ਸੀ।

ਚੰਨੀ ਨੇ ਉਸ ਵੇਲੇ ਇਹ ਕਿਹਾ ਸੀ ਕਿ ਉਹ ਟੈਕਸਟ ਮੈਸੇਜ ਗ਼ਲਤੀ ਨਾਲ ਆਈਏਐੱਸ ਅਫਸਰ ਦੇ ਮੋਬਾਈਲ ਫੋਨ 'ਤੇ ਚਲਾ ਗਿਆ ਸੀ ਅਤੇ ਮਾਮਲਾ ਸੁਲਝਾ ਲਿਆ ਗਿਆ ਹੈ।

ਹਾਲ ਹੀ ’ਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੀਐੱਮ ਚੰਨੀ ਨੇ ਦਾਅਵਾ ਕੀਤਾ, “ਨਾ ਕੋਈ ਸ਼ਿਕਾਇਤ ਸੀ, ਨਾ ਕੋਈ ਸ਼ਿਕਾਇਤ ਕਰਨ ਸਾਹਮਣੇ ਆਇਆ ਅਤੇ ਨਾ ਹੀ ਉਨ੍ਹਾਂ ਨੇ ਕੋਈ ਮੁਆਫ਼ੀ ਮੰਗੀ ਸੀ।”

ਉਨ੍ਹਾਂ ਨੇ ਇਸ ਬਾਬਤ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)