You’re viewing a text-only version of this website that uses less data. View the main version of the website including all images and videos.
ਰਣਜੀਤ ਸਿੰਘ: ਲਾਹੌਰ 'ਚ ਬੁੱਤ ਨਾਲ ਤੀਜੀ ਵਾਰ ਭੰਨਤੋੜ, ਭਾਰਤ ਦਾ ਤਿੱਖਾ ਪ੍ਰਤੀਕਰਮ
ਪਾਕਿਸਤਾਨ ਦੇ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਉੱਤੇ ਭਾਰਤ ਸਰਕਾਰ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਬਿਆਨ ਵਿਚ ਕਿਹਾ ਕਿ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਦੀਆਂ ਚਿੰਤਾਜਨਕ ਰਿਪੋਰਟਾਂ ਮਿਲੀਆਂ ਹਨ।
ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਸ ਘਟਨਾ ਨੂੰ ਇੱਕ ''ਅਨਪੜ੍ਹ ਵਿਅਕਤੀ'' ਦਾ ਕਾਰਾ ਕਰਾਰ ਦਿੱਤਾ ਹੈ ।
ਫਵਾਦ ਚੌਧਰੀ ਨੇ ਇੱਕ ਟਵੀਟ ਰਾਹੀਂ ਕਿਹਾ, ''ਇਹ ਕਾਰਾ ਸ਼ਰਮਨਾਕ ਹੈ ਅਤੇ ਅਨਪੜ੍ਹਾਂ ਦਾ ਇਹ ਟੋਲਾ ਦੁਨੀਆਂ ਭਰ ਵਿੱਚ ਪਾਕਿਸਤਾਨ ਦੇ ਅਕਸ ਲਈ ਖ਼ਤਰਾ ਹੈ।''
ਪਾਕਿਸਤਾਨੀ ਪੰਜਾਬ ਦੇ ਲਾਹੌਰ ਵਿਚਲੇ ਸ਼ਾਹੀ ਕਿਲ੍ਹੇ ਦੇ ਕੰਪਲੈਕਸ ਵਿਚ 9 ਫੁੱਟ ਉੱਚੇ ਘੋੜੇ ਉੱਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਹੋਇਆ ਸੀ।
ਮੰਗਲਵਾਰ ਨੂੰ ਇੱਕ ਕੱਟੜਪੰਥੀ ਸੰਗਠਨ ਦੇ ਕਥਿਤ ਕਾਰਕੁਨ ਨੇ ਬੁੱਤ ਦੀ ਭੰਨ ਤੋੜ ਕੀਤੀ।
ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ 2019 ਵਿਚ ਜਦੋਂ ਤੋਂ ਇਹ ਬੁੱਤ ਲਗਾਇਆ ਗਿਆ ਸੀ, ਉਦੋਂ ਤੋਂ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਤੀਜੀ ਘਟਨਾ ਹੈ।
ਇਹ ਵੀ ਪੜ੍ਹੋ-
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ
ਬਾਗਚੀ ਨੇ ਕਿਹਾ, ''ਘੱਟ ਗਿਣਤੀਆਂ ਦੀ ਸੱਭਿਆਚਾਰਕ ਵਿਰਾਸਤ ਉੱਤੇ ਅਜਿਹੇ ਹਮਲੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਖ਼ਿਲਾਫ਼ ਅਸਹਿਣਸ਼ੀਲਤਾ ਨੂੰ ਪ੍ਰਗਟਾਉਦੇ ਹਨ।''
ਉਨ੍ਹਾਂ ਕਿਹਾ, ''ਇਹ ਪਾਕਿਸਤਾਨੀ ਸਮਾਜ ਵਿਚ ਘੱਟ ਗਿਣਤੀਆਂ ਪ੍ਰਤੀ ਸਤਿਕਾਰ ਦੀ ਘਾਟ ਨੂੰ ਵੀ ਦਰਸਾਉਂਦਾ ਹੈ।''
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ, ਸੱਭਿਆਚਾਕਰ ਵਿਰਾਸਤ ਅਤੇ ਨਿੱਜੀ ਜਾਇਦਾਦ ਉੱਤੇ ਹਮਲੇ ਚਿੰਤਾਜਨਕ ਰਫ਼ਤਾਰ ਨਾਲ ਵਧ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ 12 ਦਿਨ ਪਹਿਲਾਂ ਰਹੀਮ ਯਾਰ ਖਾਨ ਵਿਚ ਹੋਏ ਹਿੰਦੂ ਮੰਦਰ ਉੱਤੇ ਹਮਲੇ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਪਾਕਿਸਤਾਨ ਸਰਕਾਰ ਉੱਤੇ ਅਜਿਹੇ ਹਮਲੇ ਰੋਕਣ ਵਿਚ ਨਾਕਾਮ ਰਹਿਣ ਦਾ ਵੀ ਇਲਜ਼ਾਮ ਲਾਇਆ, ਜਿਸ ਕਾਰਨ ਘੱਟ ਗਿਣਤੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ।
ਕਦੋਂ ਹੋਈ ਘਟਨਾ ਤੇ ਕੀ ਹੈ ਪੂਰਾ ਮਾਮਲਾ
ਲਾਹੌਰ ਵਿਚ ਬੀਬੀਸੀ ਦੀ ਸਹਿਯੋਗੀ ਤਰਹਬ ਅਸਗ਼ਰ ਨੇ ਘਟਨਾ ਸਥਾਨ ਉੱਤੇ ਖੁਦ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਹੋਣ ਦੀ ਪੁਸ਼ਟੀ ਕੀਤੀ ਹੈ।
ਲਾਹੌਰ ਪੁਲਿਸ ਦੇ ਡੀਜੀ ਕਾਮਰਾਜ ਮੁਤਾਬਕ ਇਹ ਘਟਨਾ ਸਵੇਰੇ 7.30 ਵਜੇ ਦੇ ਕਰੀਬ ਵਾਪਰੀ।
ਉਨ੍ਹਾਂ ਮੁਤਾਬਕ ਇੱਕ ਵਿਅਕਤੀ ਨੇ ਸ਼ਾਹੀ ਕਿਲ੍ਹੇ ਵਿਚ ਦਾਖ਼ਲ ਹੋ ਕੇ ਰਣਜੀਤ ਸਿੰਘ ਦੇ ਬੁੱਤ ਨੂੰ ਤੋੜ ਦਿੱਤਾ, ਬਾਅਦ ਵਿਚ ਉਹ ਇੱਕ ਕੱਟੜਪੰਥੀ ਸੰਗਠਨ ਦੇ ਨਾਂ ਵਾਲੇ ਨਾਅਰੇ ਲਾਉਣ ਲੱਗਾ।
ਪੁਲਿਸ ਮੁਤਾਬਕ 2019 ਤੋਂ ਬਾਅਦ ਜਦੋਂ ਤੋਂ ਇਹ ਬੁੱਤ ਲਾਇਆ ਗਿਆ ਸੀ, ਉਦੋਂ ਤੋਂ ਇਹ ਤੀਜੀ ਅਜਿਹੀ ਘਟਨਾ ਹੈ, ਜਦੋਂ ਇਸ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਕਦੋਂ ਲਾਇਆ ਗਿਆ ਸੀ ਬੁੱਤ -ਵੀਡੀਓ
ਇੱਥੇ ਮੌਜੂਦ ਸੁਰੱਖਿਆ ਗਾਰਡ ਨੇ ਇਸ ਵਿਅਕਤੀ ਨੂੰ ਫੜ ਲਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਮੁਤਾਬਕ ਇਹ 22 ਸਾਲਾ ਵਿਅਕਤੀ ਆਪਣੇ ਆਪ ਨੂੰ ਕੱਟੜਪੰਥੀ ਜਥੇਬੰਦੀ ਦਾ ਕਾਰਕੁਨ ਦੱਸਦਾ ਹੈ।
ਇਹ ਮੰਡੀ ਬਹਾਉਦੀਨ ਦਾ ਰਹਿਣ ਵਾਲਾ ਹੈ। ਪੁਲਿਸ ਇਸ ਖ਼ਿਲਾਫ਼ ਐੱਫ਼ਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
ਪ੍ਰਸਾਸ਼ਨ ਮੁਤਾਬਕ ਟੁੱਟਿਆ ਹੋਇਆ ਬੁੱਤ ਉਸੇ ਬੁੱਤਸਾਜ਼ ਨੂੰ ਮੁਰੰਮਤ ਕਰਨ ਲਈ ਭੇਜਿਆ ਗਿਆ ਹੈ, ਜਿਸ ਨੇ ਇਹ 2019 ਵਿਚ ਬਣਾਇਆ ਸੀ।
ਇਸ ਬੁੱਤ ਦੀ ਰੱਖਿਆ ਲਈ ਹੁਣ ਇੱਥੇ ਰੇਜ਼ਰਜ਼ ਦੀ ਤੈਨਾਤੀ ਕੀਤੀ ਗਈ ਹੈ। ਪਰ ਇਹ ਬੁੱਤ ਮੁੜ ਕੇ ਕਦੋਂ ਲੱਗੇਗਾ ਇਸ ਬਾਰੇ ਕੁਝ ਸਾਫ਼ ਨਹੀਂ ਹੋ ਸਕਿਆ ਹੈ।
ਵਾਇਰਲ ਵੀਡੀਓ ਦੀ ਕੀ ਹੈ ਕਹਾਣੀ
ਇਸ ਘਟਨਾ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਚੁੱਕੀ ਹੈ ਅਤੇ ਨਾ ਹੀ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਪਰ ਬੁੱਤ ਤੋੜਨ ਵਾਲਾ ਇੱਕ ਕੱਟੜਪੰਥੀ ਜਥੇਬੰਦੀ ਦੇ ਨਾਂ ਦੇ ਨਾਅਰੇ ਲਗਾ ਰਿਹਾ ਸੀ।
ਪਾਕਿਸਤਾਨ ਦੇ ਸੋਸ਼ਲ ਮੀਡੀਆ ਉੱਤੇ ਅੱਜ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿਚ ਭਾਸ਼ਣ ਕਰਤਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਨ੍ਹਾਂ ਦੇ ਕੰਮਾਂ ਬਾਰੇ ਸਵਾਲ ਚੁੱਕ ਰਿਹਾ ਹੈ।
ਉਹ ਲਾਹੌਰ ਦੇ ਸ਼ਾਹੀ ਕਿਲੇ ਵਿਚ ਰਣਜੀਤ ਸਿੰਘ ਦਾ ਬੁੱਤ ਲਾਉਣ ਅਤੇ ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਕਹਿਣ 'ਤੇ ਇਤਰਾਜ਼ ਪ੍ਰਗਟਾ ਰਿਹਾ ਹੈ।
ਇਹ ਵੀ ਪੜ੍ਹੋ: