You’re viewing a text-only version of this website that uses less data. View the main version of the website including all images and videos.
ਮਹਾਰਾਜਾ ਰਣਜੀਤ ਸਿੰਘ 'ਤੇ ਜਿਨ੍ਹਾਂ ਔਰਤਾਂ ਦਾ ਅਸਰ ਰਿਹਾ ਤੇ ਉਹ ਔਰਤਾਂ ਕਿਵੇਂ ਉਨ੍ਹਾਂ ਨਾਲ ਜੁੜੀਆਂ
- ਲੇਖਕ, ਵੱਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਕਾਰ
ਭਾਰਤ ਵਿੱਚ ਮੁਗਲਾਂ ਦਾ ਸ਼ਾਸਨ ਤੇਜ਼ੀ ਨਾਲ ਸਿਮਟ ਰਿਹਾ ਸੀ। ਅਫ਼ਗਾਨਿਸਤਾਨ ਅਤੇ ਈਰਾਨ ਵੱਲੋਂ ਹਮਲੇ ਵਧਦੇ ਜਾ ਰਹੇ ਸਨ, ਜਿਸ ਦਾ ਵਿਰੋਧ ਸਥਾਨਕ ਸਿੱਖ ਕਰਦੇ ਸਨ।
ਇਸੇ 18ਵੀਂ ਸਦੀ ਵਿੱਚ ਸਰਬੱਤ ਖ਼ਾਲਸਾ ਸੰਸਦ ਦੀ ਤਰ੍ਹਾਂ ਸਿੱਖਾਂ ਦਾ ਅਕਾਲ ਤਖ਼ਤ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਹਰ ਦੋ ਸਾਲ ਬਾਅਦ ਹੋਣ ਵਾਲਾ ਇੱਕ ਇਕੱਠ ਸੀ, ਜਿੱਥੇ ਸਿੱਖਾਂ ਨੂੰ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਦਾ ਹੱਲ ਲੱਭਿਆ ਜਾਂਦਾ ਸੀ।
ਸਰਬੱਤ ਖ਼ਾਲਸਾ ਦੇ ਹੀ ਪ੍ਰਬੰਧਨ ਤਹਿਤ ਪੰਜਾਬ ਵਿੱਚ ਸਿੱਖਾਂ ਦੇ 12 ਖੇਤਰ ਜਾਂ ਮਿਸਲਾਂ ਸਨ। ਉਨ੍ਹਾਂ ਵਿੱਚੋਂ ਪੰਜ ਜ਼ਿਆਦਾ ਸ਼ਕਤੀਸ਼ਾਲੀ ਸਨ।
ਸ਼ੁਕਰਚਕੀਆ ਰਾਵੀ ਅਤੇ ਚੇਨਾਬ ਵਿਚਕਾਰ ਫੈਲਿਆ ਹੋਇਆ ਸੀ, ਗੁੱਜਰਾਂ ਵਾਲਾ ਇਸਦੇ ਕੇਂਦਰ ਵਿੱਚ ਸੀ। ਇਸੇ ਖੇਤਰ ਤੋਂ ਅਫ਼ਗਾਨ ਹਮਲਾ ਕਰਦੇ ਸਨ। ਲਾਹੌਰ ਅਤੇ ਅੰਮ੍ਰਿਤਸਰ ਜ਼ਿਆਦਾ ਸ਼ਕਤੀਸ਼ਾਲੀ ਭੰਗੀ ਮਿਸਲ ਕੋਲ ਸਨ।
ਇਹ ਵੀ ਪੜ੍ਹੋ-
ਪੂਰਬ ਵਿੱਚ ਮਾਝਾ (ਫਤਿਹਗੜ੍ਹ ਚੂੜੀਆਂ, ਬਟਾਲਾ ਅਤੇ ਗੁਰਦਾਸਪੁਰ) ਕਨ੍ਹੱਈਆ ਮਿਸਲ ਦੇ ਖੇਤਰ ਸਨ। ਨਕਈ ਕੁਸੂਰ ਦੇ ਆਮ ਖੇਤਰ ਦੇ ਸ਼ਾਸਕ ਸਨ।
ਰਾਮਗੜ੍ਹੀਆ, ਆਹਲੂਵਾਲੀਆ ਅਤੇ ਸਿੰਘਪੁਰੀਆ ਮਿਸਲਾਂ ਜ਼ਿਆਦਾਤਰ ਦੋਆਬਾ ਦੇ ਖੇਤਰ ਵਿੱਚ ਸਨ।
10 ਸਾਲ ਦੀ ਉਮਰ ਵਿੱਚ ਪਹਿਲੀ ਜੰਗ
ਸ਼ੁਕਰਚਕੀਆ ਮਿਸਲ ਦੇ ਮੁਖੀ ਮਹਾਂ ਸਿੰਘ ਅਤੇ ਰਾਜ ਕੌਰ ਦੇ 1780 ਵਿੱਚ ਪੈਦਾ ਹੋਏ ਬੇਟੇ ਨੂੰ ਬੁੱਧ ਸਿੰਘ ਨਾਮ ਮਿਲਿਆ।
ਬਚਪਨ ਵਿੱਚ ਹੀ ਚੇਚਕ ਨੇ ਖੱਬੀ ਅੱਖ ਦੀ ਰੌਸ਼ਨੀ ਖੋਹ ਲਈ ਅਤੇ ਚਿਹਰੇ 'ਤੇ ਨਿਸ਼ਾਨ ਪਾ ਦਿੱਤੇ ਸਨ। ਛੋਟਾ ਕੱਦ, ਗੁਰਮੁਖੀ ਅੱਖਰਾਂ ਦੇ ਇਲਾਵਾ ਨਾ ਕੁਝ ਪੜ੍ਹ ਸਕਦੇ ਸਨ ਨਾ ਕੁਝ ਲਿਖ ਸਕਦੇ ਸਨ। ਹਾਂ, ਘੋੜ ਸਵਾਰੀ ਅਤੇ ਲੜਾਈ ਦਾ ਗਿਆਨ ਬਹੁਤ ਸਿੱਖਿਆ ਸੀ।
ਪਹਿਲੀ ਲੜਾਈ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਮਿਲਾ ਕੇ ਲੜੀ। ਮੈਦਾਨ-ਏ-ਜੰਗ ਵਿੱਚ ਲੜਕਪੁਣੇ ਵਿੱਚ ਹੀ ਤਿੰਨ ਜਿੱਤਾਂ ਹਾਸਲ ਕੀਤੀਆਂ ਤਾਂ ਇਸ ਕਾਰਨ ਪਿਤਾ ਨੇ ਰਣਜੀਤ ਨਾਮ ਰੱਖ ਦਿੱਤਾ।
ਮਹਾਂ ਸਿੰਘ ਦੇ ਕਨ੍ਹੱਈਆ ਮਿਸਲ ਦੇ ਮੁਖੀਆ ਜੈ ਸਿੰਘ ਨਾਲ ਚੰਗੇ ਸਬੰਧ ਸਨ, ਪਰ ਜੰਮੂ ਤੋਂ ਜਿੱਤ ਦੇ ਮਾਲ ਦੇ ਮਾਮਲੇ 'ਤੇ ਮਤਭੇਦ ਹੋ ਗਿਆ।
ਉਨ੍ਹਾਂ ਨੇ ਉਸ ਦੇ ਵਿਰੁੱਧ ਰਾਮਗੜ੍ਹੀਆ ਮਿਸਲ ਨਾਲ ਗੱਠਜੋੜ ਕਰ ਲਿਆ। ਸਾਲ 1785 ਵਿੱਚ ਬਟਾਲਾ ਦੀ ਲੜਾਈ ਵਿੱਚ ਕਨ੍ਹੱਈਆ ਮਿਸਲ ਦੇ ਹੋਣ ਵਾਲੇ ਮੁਖੀ ਗੁਰਬ਼ਖ਼ਸ਼ ਸਿੰਘ ਮਾਰੇ ਗਏ।
ਗੁਰਬਖ਼ਸ਼ ਦੀ ਪਤਨੀ ਸਦਾ ਕੌਰ ਨੇ ਕਨ੍ਹੱਈਆ ਮਿਸਲ ਦੇ ਮੁਖੀ ਅਤੇ ਆਪਣੇ ਸਹੁਰੇ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਅਤੇ ਉਹ ਉਸ ਦੀ ਗੱਲ ਮੰਨ ਵੀ ਗਏ।
ਸਦਾ ਕੌਰ ਨੇ ਦੁਸ਼ਮਣੀ ਦੀ ਬਜਾਇ ਮਿਲ ਕੇ ਅੱਗੇ ਵਧਣ ਅਤੇ ਤਾਕਤ ਵਧਾਉਣ ਦਾ ਫੈਸਲਾ ਕੀਤਾ।
ਉਹ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਨੂੰ 1786 ਵਿੱਚ ਮਿਲੀ ਅਤੇ ਦੋਵੇਂ ਔਰਤਾਂ ਨੇ ਦੁਸ਼ਮਣੀ ਖ਼ਤਮ ਕਰਨ ਲਈ ਆਪਣੇ ਬੱਚਿਆਂ ਰਣਜੀਤ ਸਿੰਘ ਅਤੇ ਮਹਿਤਾਬ ਕੌਰ ਦਾ ਵਿਆਹ ਕਰਨ ਦਾ ਫ਼ੈਸਲਾ ਲਿਆ।
ਰਣਜੀਤ ਸਿੰਘ ਦੀ ਨਿੱਜੀ ਜ਼ਿੰਦਗੀ
ਰਣਜੀਤ ਸਿੰਘ 12 ਸਾਲ ਦੇ ਸਨ ਕਿ ਪਿਤਾ ਦੀ ਮੌਤ ਹੋ ਗਈ। ਉਦੋਂ ਤੋਂ ਹੀ ਉਨ੍ਹਾਂ ਦੇ ਜੀਵਨ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਦੀ ਸ਼ੁਰੂਆਤ ਹੁੰਦੀ ਹੈ।
ਪਿਤਾ ਦੀ ਜਗ੍ਹਾ ਸ਼ੁਕਰਚਕੀਆ ਮਿਸਲ ਦੇ ਸ਼ਾਸਕ ਬਣੇ ਤਾਂ ਮਾਤਾ ਰਾਜ ਕੌਰ ਦਾ ਸਹਾਰਾ ਮਿਲਿਆ ਜੋ ਆਪਣੇ ਸਹਾਇਕ ਦੀਵਾਨ ਲਖਪਤ ਰਾਏ ਨਾਲ ਮਿਲ ਕੇ ਸੰਪਤੀ ਦਾ ਬੰਦੋਬਸਤ ਕਰਦੇ ਸਨ।
13 ਸਾਲ ਦੀ ਉਮਰ ਵਿੱਚ ਜਾਨਲੇਵਾ ਹਮਲਾ ਹੋਇਆ, ਪਰ ਰਣਜੀਤ ਸਿੰਘ ਨੇ ਹਮਲਾ ਕਰਨ ਵਾਲੇ ਨੂੰ ਕਾਬੂ ਵਿੱਚ ਕਰ ਲਿਆ ਅਤੇ ਉਸ ਨੂੰ ਮਾਰ ਦਿੱਤਾ।
15 ਜਾਂ 16 ਸਾਲ ਦੇ ਹੋਣਗੇ ਜਦੋਂ ਕਨ੍ਹੱਈਆ ਮਿਸਲ ਦੇ ਸੰਸਥਾਪਕ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬ਼ਖ਼ਸ਼ ਸਿੰਘ ਅਤੇ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ ਵਿਆਹ ਹੋਇਆ।
ਮਹਿਤਾਬ ਕੌਰ ਰਣਜੀਤ ਸਿੰਘ ਤੋਂ ਦੋ ਸਾਲ ਛੋਟੀ ਸੀ। ਹਾਲਾਂਕਿ ਵਿਆਹ ਨਾਕਾਮ ਹੀ ਰਿਹਾ ਕਿਉਂਕਿ ਮਹਿਤਾਬ ਕੌਰ ਕਦੇ ਇਹ ਨਹੀਂ ਭੁੱਲੀ ਕਿ ਉਨ੍ਹਾਂ ਦੇ ਪਿਤਾ ਦੀ ਰਣਜੀਤ ਸਿੰਘ ਦੇ ਪਿਤਾ ਨੇ ਜਾਨ ਲੈ ਲਈ ਸੀ ਅਤੇ ਉਹ ਜ਼ਿਆਦਾ ਸਮੇਂ ਤੱਕ ਆਪਣੇ ਪੇਕਿਆਂ ਵਿੱਚ ਹੀ ਰਹੀ।
ਇਤਿਹਾਸਕਾਰਾਂ ਅਨੁਸਾਰ ਮਹਾਰਾਣੀ ਦੀ ਉਪਾਧੀ ਸਿਰਫ਼ ਉਨ੍ਹਾਂ ਨੂੰ ਹੀ ਮਿਲੀ, ਬਾਕੀ ਸਭ ਰਾਣੀਆਂ ਸਨ। ਉਨ੍ਹਾਂ ਦੀ ਮੌਤ ਦੇ ਬਾਅਦ ਆਖ਼ਰੀ ਰਾਣੀ ਜਿੰਦ ਕੌਰ ਨੂੰ ਇਹ ਉਪਾਧੀ ਮਿਲੀ।
ਰਣਜੀਤ ਸਿੰਘ ਦੀ ਉਮਰ 18 ਸਾਲ ਸੀ ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋਈ। ਦੀਵਾਨ ਲਖਪਤ ਰਾਏ ਦੀ ਵੀ ਹੱਤਿਆ ਹੋ ਗਈ। ਉਦੋਂ ਉਨ੍ਹਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਤਾ ਸਦਾ ਕੌਰ ਉਨ੍ਹਾਂ ਦੀ ਮਦਦ ਲਈ ਮੌਜੂਦ ਸਨ।
ਸਦਾ ਕੌਰ ਨੇ ਰਣਜੀਤ ਸਿੰਘ ਦੇ ਰਾਜ ਦੀ ਬੁਨਿਆਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਅਫ਼ਗਾਨ ਸ਼ਾਸਕ ਸ਼ਾਹ ਜ਼ਮਾਨ ਨੇ ਤੀਹ ਹਜ਼ਾਰ ਸਿਪਾਹੀਆਂ ਨਾਲ ਚੜ੍ਹਾਈ ਕੀਤੀ ਅਤੇ ਪੰਜਾਬ ਵਿੱਚ ਲੁੱਟ ਮਾਰ ਕੀਤੀ।
ਇਹ ਵੀ ਪੜ੍ਹੋ-
ਸਾਰੇ ਸਿੱਖ ਮੁਖੀ ਅਫ਼ਗਾਨਾਂ ਨਾਲ ਲੜਨ ਤੋਂ ਡਰਦੇ ਸਨ। ਸਦਾ ਕੌਰ ਨੇ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਸਰਬੱਤ ਖ਼ਾਲਸਾ ਨੂੰ ਇਕੱਠਾ ਕੀਤਾ ਅਤੇ ਸਿੱਖ ਮਿਸਲਦਾਰਾਂ ਨੂੰ ਕਿਹਾ, "ਖ਼ਾਲਸਾ ਜੀ ਜੇਕਰ ਤੁਹਾਡੇ ਵਿੱਚ ਲੜਨ ਦੀ ਹਿੰਮਤ ਨਹੀਂ ਹੈ ਤਾਂ ਮੈਂ ਪੰਜਾਬ ਦੀ ਆਣ ਲਈ ਲੜਦੇ-ਲੜਦੇ ਜਾਨ ਦੇ ਦੇਵਾਂਗੀ।"
ਰਣਜੀਤ ਸਿੰਘ ਦੀ ਬੁਲੰਦੀ ਵਿੱਚ ਸਦਾ ਕੌਰ ਦਾ ਯੋਗਦਾਨ
ਸਦਾ ਕੌਰ ਰਣਜੀਤ ਸਿੰਘ ਲਈ ਸ਼ੁਭ ਹੀ ਨਹੀਂ ਬਲਕਿ ਉਨ੍ਹਾਂ ਦੀ ਕਿਸਮਤ ਦੀ ਦੇਵੀ ਵੀ ਸਨ। ਸਦਾ ਕੌਰ ਜੋ ਆਪਣੇ ਸਹੁਰੇ ਦੀ 1789 ਵਿੱਚ ਮੌਤ ਦੇ ਬਾਅਦ ਕਨ੍ਹੱਈਆ ਮਿਸਲ ਦੀ ਮੁਖੀ ਬਣੀ, ਉਨ੍ਹਾਂ ਨੇ ਮਹਾਰਾਜ ਬਣਨ ਵਿੱਚ ਰਣਜੀਤ ਸਿੰਘ ਦੀ ਮਦਦ ਕੀਤੀ।
ਸਦਾ ਕੌਰ ਦੇ ਹੀ ਕਹਿਣ 'ਤੇ ਰਣਜੀਤ ਸਿੰਘ ਦੀ 19 ਸਾਲ ਦੀ ਉਮਰ ਵਿੱਚ ਫ਼ੌਜ ਦੀ ਕਮਾਨ ਸੰਭਾਲਣ ਲਈ ਚੋਣ ਹੋਈ।
ਰਣਜੀਤ ਸਿੰਘ ਨੇ 1797 ਅਤੇ 1798 ਵਿੱਚ ਸ਼ਾਹ ਜ਼ਮਾਨ ਨੂੰ ਹਰਾਇਆ ਅਤੇ ਕਨ੍ਹੱਈਆ ਮਿਸਲ ਨਾਲ ਮਿਲ ਕੇ ਭੰਗੀ ਸ਼ਾਸਕਾਂ ਨੂੰ 1799 ਵਿੱਚ ਲਾਹੌਰ ਤੋਂ ਬਾਹਰ ਕੱਢ ਦਿੱਤਾ। ਬਾਅਦ ਦੇ ਸਾਲਾਂ ਵਿੱਚ ਮੱਧ ਪੰਜਾਬ ਦਾ ਸਤਲੁਜ ਤੋਂ ਜੇਹਲਮ ਤੱਕ ਦਾ ਖੇਤਰ ਉਨ੍ਹਾਂ ਦੀ ਸੱਤਾ ਵਿੱਚ ਆ ਗਿਆ ਅਤੇ ਸਿੱਖ ਸਾਮਰਾਜ ਦੀ ਨੀਂਹ ਰੱਖੀ ਗਈ।
ਦਤਾਰ ਕੌਰ ਨਕਈ ਮਿਸਲ ਦੇ ਮੁਖੀ ਦੀ ਭੈਣ ਅਤੇ ਸਰਦਾਰ ਰਣ ਸਿੰਘ ਨਕਈ ਦੀ ਸਭ ਤੋਂ ਛੋਟੀ ਧੀ ਸੀ। ਉਨ੍ਹਾਂ ਦਾ ਅਸਲੀ ਨਾਂ ਰਾਜ ਕੌਰ ਸੀ ਜੋ ਰਣਜੀਤ ਸਿੰਘ ਦੀ ਮਾਤਾ ਦਾ ਵੀ ਸੀ। ਇਸ ਲਈ ਪੰਜਾਬੀ ਪਰੰਪਰਾ ਨੂੰ ਨਿਭਾਉਂਦੇ ਹੋਏ ਇਹ ਨਾਂ ਬਦਲ ਦਿੱਤਾ ਗਿਆ। 1801 ਵਿੱਚ ਉਨ੍ਹਾਂ ਨੇ ਖੜਕ ਸਿੰਘ ਨੂੰ ਜਨਮ ਦਿੱਤਾ ਜੋ ਰਣਜੀਤ ਸਿੰਘ ਦੇ ਉਤਰਾਧਿਕਾਰੀ ਬਣੇ।
ਰਣਜੀਤ ਸਿੰਘ ਦਾ ਸ਼ਾਸਨ
ਖੜਕ ਸਿੰਘ ਦੇ ਜਨਮ ਤੋਂ ਬਾਅਦ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਅਪਨਾ ਤਾਂ ਲਈ, ਪਰ ਖ਼ੁਦ ਨੂੰ ਸਿੰਘ ਸਾਹਬ ਕਹਾਉਣਾ ਜ਼ਿਆਦਾ ਪਸੰਦ ਕਰਦੇ ਸਨ।
ਰਣਜੀਤ ਸਿੰਘ ਨੇ ਆਪਣੇ ਨਾਮ ਦੇ ਸਿੱਕੇ ਵੀ ਜਾਰੀ ਨਹੀਂ ਕੀਤੇ ਬਲਕਿ ਸਿੱਕਿਆਂ 'ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਸੀ।
ਲੇਖਕ ਜੇ. ਬੰਸ ਅਨੁਸਾਰ ਰਣਜੀਤ ਸਿੰਘ ਨੇ ਅਨਪੜ੍ਹ ਹੋਣ ਦੇ ਬਾਵਜੂਦ ਜ਼ੁਬਾਨੀ ਆਦੇਸ਼ ਦੀ ਬਜਾਇ ਲਿਖਤੀ ਆਦੇਸ਼ ਜਾਰੀ ਕਰਨ ਦਾ ਰੁਝਾਨ ਸ਼ੁਰੂ ਕੀਤਾ ਜਿਸ ਲਈ ਪੜ੍ਹੇ ਲਿਖੇ ਲੋਕ ਨਿਯੁਕਤ ਕੀਤੇ ਗਏ।
ਹਰਦੇਵ ਵਰਕ ਲਾਹੌਰ ਦੇ ਫਕੀਰ ਘਰਾਣੇ ਦੀਆਂ ਯਾਦਾਂ 'ਤੇ ਆਧਾਰਿਤ ਰਣਜੀਤ ਸਿੰਘ 'ਤੇ ਲਿਖੀ ਆਪਣੀ ਕਿਤਾਬ ਵਿੱਚ ਕਹਿੰਦੇ ਹਨ, "ਰਣਜੀਤ ਸਿੰਘ ਤਖ਼ਤ 'ਤੇ ਬਿਰਾਜਮਾਨ ਨਹੀਂ ਹੁੰਦੇ ਸਨ, ਬਲਕਿ ਉਹ ਆਪਣੀ ਕੁਰਸੀ 'ਤੇ ਚੌਂਕੜੀ ਮਾਰ ਕੇ ਦਰਬਾਰ ਲਗਾਉਂਦੇ ਸਨ। ਉਨ੍ਹਾਂ ਨੇ ਆਪਣੀ ਪੱਗ ਜਾਂ ਪੁਸ਼ਾਕ ਵਿੱਚ ਕੋਈ ਅਸਾਧਾਰਨ ਚੀਜ਼ ਨਹੀਂ ਲਗਾਈ।"
ਉਹ ਆਪਣੇ ਦਰਬਾਰੀਆਂ ਨੂੰ ਕਹਿੰਦੇ ਸਨ, "ਮੈਂ ਇੱਕ ਕਿਸਾਨ ਅਤੇ ਇੱਕ ਸਿਪਾਹੀ ਹਾਂ, ਮੈਨੂੰ ਕਿਸੇ ਦਿਖਾਵੇ ਦੀ ਜ਼ਰੂਰਤ ਨਹੀਂ। ਮੇਰੀ ਤਲਵਾਰ ਹੀ ਮੇਰੇ ਵਿਚਕਾਰ ਉਹ ਫ਼ਰਕ ਪੈਦਾ ਕਰ ਦਿੰਦੀ ਹੈ ਜਿਸਦੀ ਮੈਨੂੰ ਜ਼ਰੂਰਤ ਹੈ।"
ਰਣਜੀਤ ਸਿੰਘ ਆਪਣੇ ਉੱਪਰ ਤਾਂ ਕੁਝ ਖਰਚ ਨਹੀਂ ਕਰਦੇ ਸਨ, ਪਰ ਉਨ੍ਹਾਂ ਦੇ ਆਸ-ਪਾਸ ਖ਼ੂਬਸੂਰਤੀ, ਰੰਗ ਅਤੇ ਖ਼ੁਸ਼ੀ ਮੌਜੂਦ ਰਹੇ ਇਸ ਦੀ ਇੱਛਾ ਰੱਖਦੇ ਸਨ।
ਫਕੀਰ ਅਜ਼ੀਜ਼ੂਦੀਨ ਕਹਿੰਦੇ ਹਨ ਕਿ ਰਣਜੀਤ ਸਿੰਘ ਖ਼ੁਦਾ ਵੱਲੋਂ (ਚੇਚਕ ਤੋਂ ਬਾਅਦ) ਮਿਲਣ ਵਾਲੀ ਕਮੀ 'ਤੇ ਖੁਸ਼ ਸਨ।
ਉਨ੍ਹਾਂ ਅਨੁਸਾਰ ਇੱਕ ਵਾਰ ਮਹਾਰਾਜ ਹਾਥੀ 'ਤੇ ਸਵਾਰ ਅਕਾਲੀ ਫੂਲਾ ਸਿੰਘ ਦੀ ਬਾਲਕੋਨੀ ਦੇ ਹੇਠ ਤੋਂ ਲੰਘ ਰਹੇ ਸਨ।
ਉਸ ਨਿਹੰਗ ਸਰਦਾਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਚਿੜਾਉਂਦੇ ਹੋਏ ਕਿਹਾ, "ਓ ਕਾਣੇ, ਤੈਨੂੰ ਇਹ ਝੋਟਾ ਕਿਸ ਨੇ ਦਿੱਤਾ ਸਵਾਰੀ ਲਈ।"
ਰਣਜੀਤ ਸਿੰਘ ਨੇ ਨਜ਼ਰ ਉੱਪਰ ਕੀਤੀ ਅਤੇ ਨਿਮਰਤਾ ਨਾਲ ਕਿਹਾ, "ਸਰਕਾਰ ਏਹ ਤੁਹਾਡਾ ਹੀ ਤੋਹਫ਼ਾ ਏ।"
ਇਹ ਵੀ ਪੜ੍ਹੋ-
ਨੌਜਵਾਨੀ ਵਿੱਚ ਸ਼ਰਾਬ ਪੀਣ ਦੀ ਲਤ ਪੈ ਗਈ ਜੋ ਦਰਬਾਰ ਦੇ ਇਤਿਹਾਸਕਾਰਾਂ ਅਤੇ ਯੂਰੋਪੀਅਨ ਮਹਿਮਾਨਾਂ ਅਨੁਸਾਰ ਬਾਅਦ ਦੇ ਦਹਾਕਿਆਂ ਵਿੱਚ ਹੋਰ ਵੀ ਜ਼ਿਆਦਾ ਫੈਲਦੀ ਗਈ।
ਹਾਲਾਂਕਿ ਉਨ੍ਹਾਂ ਨੇ ਸਿਗਰਟ ਨਾ ਖ਼ੁਦ ਪੀਤੀ ਅਤੇ ਨਾ ਦਰਬਾਰ ਵਿੱਚ ਇਸ ਦੀ ਇਜਾਜ਼ਤ ਦਿੱਤੀ, ਬਲਕਿ ਨੌਕਰੀ 'ਤੇ ਵੀ ਇਸ ਦੀ ਮਨਾਹੀ ਸੀ ਜੋ ਕੰਟਰੈਕਟ ਵਿੱਚ ਲਿਖਿਆ ਹੁੰਦਾ ਸੀ।
ਦੂਜੀ ਪਤਨੀ ਦਤਾਰ ਕੌਰ
ਦਤਾਰ ਕੌਰ ਰਾਜਨੀਤਕ ਮਾਮਲਿਆਂ ਵਿੱਚ ਦਿਲਚਸਪੀ ਲੈਂਦੀ ਸੀ ਅਤੇ ਕਿਹਾ ਜਾਂਦਾ ਹੈ ਕਿ 1838 ਵਿੱਚ ਆਪਣੀ ਮੌਤ ਵੇਲੇ ਤੱਕ ਉਹ ਮਹੱਤਵਪੂਰਨ ਕਾਰਜਾਂ ਵਿੱਚ ਆਪਣੇ ਪਤੀ ਦੀ ਮਦਦ ਕਰਦੀ ਰਹੀ।
ਉਤਰਾਧਿਕਾਰੀ ਦੀ ਮਾਂ ਹੋਣ ਦੇ ਨਾਤੇ ਮਹਾਰਾਜਾ 'ਤੇ ਦਤਾਰ ਕੌਰ ਦੀ ਖ਼ੂਬ ਚੱਲਦੀ ਸੀ।
1818 ਵਿੱਚ ਜਦੋਂ ਰਣਜੀਤ ਸਿੰਘ ਨੇ ਲਾਡਲੇ ਬੇਟੇ ਖੜਕ ਸਿੰਘ ਨੂੰ ਇੱਕ ਮੁਹਿੰਮ 'ਤੇ ਮੁਲਤਾਨ ਭੇਜਿਆ ਤਾਂ ਉਹ ਉਸ ਦੇ ਨਾਲ ਗਈ। ਉਹ ਪੂਰੀ ਜ਼ਿੰਦਗੀ ਰਣਜੀਤ ਸਿੰਘ ਦੀ ਪਸੰਦੀਦਾ ਰਹੀ।
ਉਹ ਉਸਨੂੰ ਪਿਆਰ ਨਾਲ ਮਾਈ ਨਿਕੱਈ ਕਹਿੰਦੇ ਸਨ। ਪਹਿਲੇ ਵਿਆਹ ਵਾਂਗ ਇਹ ਵਿਆਹ ਵੀ ਫ਼ੌਜੀ ਗੱਠਜੋੜ ਦੀ ਵਜ੍ਹਾ ਬਣਿਆ।
ਰਣਜੀਤ ਸਿੰਘ ਦੇ ਵਿਆਹ
ਰਣਜੀਤ ਸਿੰਘ ਨੇ ਵਿਭਿੰਨ ਮੌਕਿਆਂ 'ਤੇ ਕਈ ਵਿਆਹ ਕੀਤੇ ਅਤੇ ਉਨ੍ਹਾਂ ਦੀਆਂ 20 ਪਤਨੀਆਂ ਸਨ।
ਕੁਝ ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਦੇ ਵਿਆਹਾਂ ਨਾਲ ਸਬੰਧਿਤ ਜਾਣਕਾਰੀ ਸਪੱਸ਼ਟ ਨਹੀਂ ਹੈ ਅਤੇ ਇਹ ਗੱਲ ਤੈਅ ਹੈ ਕਿ ਉਨ੍ਹਾਂ ਦੇ ਕਈ ਰਿਸ਼ਤੇ ਸਨ।
ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਫਰਾਂਸੀਸੀ ਪੱਤ੍ਰਿਕਾ ਨੂੰ 1889 ਵਿੱਚ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਮਹਾਰਾਜਾ ਦੇ ਬੇਟੇ ਦਿਲੀਪ ਸਿੰਘ ਨੇ ਦੱਸਿਆ ਸੀ, "ਮੈਂ ਆਪਣੇ ਪਿਤਾ ਦੀਆਂ 46 ਪਤਨੀਆਂ ਵਿੱਚੋਂ ਇੱਕ ਦੀ ਸੰਤਾਨ ਹਾਂ।"
ਖੁਸ਼ਵੰਤ ਸਿੰਘ ਨੇ ਰਣਜੀਤ ਸਿੰਘ 'ਤੇ ਲਿਖੀ ਆਪਣੀ ਕਿਤਾਬ ਵਿੱਚ ਕਿਹਾ ਹੈ, "ਸਿੱਖ ਧਰਮ ਦੇ ਦਸ ਗੁਰੂਆਂ ਦੀ ਸਿੱਖਿਆ ਤੋਂ ਪ੍ਰਭਾਵਿਤ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਅਧਿਕਾਰਾਂ ਦਾ ਖਿਆਲ ਰੱਖਦੇ, ਪਰ ਆਪਣੇ ਅਧਿਕਾਰਾਂ 'ਤੇ ਵੀ ਆਂਚ ਨਹੀਂ ਆਉਣ ਦਿੰਦੇ। ਜੀਵਨ ਦਾ ਪੂਰਾ ਆਨੰਦ ਲਿਆ ਅਤੇ ਉਨ੍ਹਾਂ ਦੇ ਦਰਬਾਰ ਦੀ ਸ਼ਾਨ ਵੀ ਨਿਰਾਲੀ ਸੀ। 20 ਪਤਨੀਆਂ ਸਨ ਅਤੇ ਦਾਸੀਆਂ ਦਾ ਇੱਕ ਲਸ਼ਕਰ।"
ਫੁਰਸਤ ਵੇਲੇ ਦਰਬਾਰ ਵਿੱਚ ਨਾਚ ਗਾਣਿਆਂ ਦੀਆਂ ਮਹਿਫ਼ਲਾਂ ਸਜਦੀਆਂ।
ਰਣਜੀਤ ਸਿੰਘ ਅਜਿਹੀਆਂ ਮਹਿਫ਼ਲਾਂ ਵਿੱਚ ਪਿਸੇ ਹੋਏ ਮੋਤੀਆਂ ਮਿਲੀ ਕਿਸ਼ਮਿਸ਼ ਨਾਲ ਬਣੀ ਸ਼ਰਾਬ ਪੀਂਦੇ।
ਇਸ ਮਹਿਫ਼ਲ ਵਿੱਚ ਮਹਾਰਾਜਾ ਦੇ ਰਾਜ ਤੋਂ ਚੁਣੀਆਂ ਹੋਈਆਂ 125 ਖ਼ੂਬਸੂਰਤ ਲੜਕੀਆਂ ਪੇਸ਼ ਕੀਤੀਆਂ ਜਾਂਦੀਆਂ।
ਇਹ ਲੜਕੀਆਂ 25 ਸਾਲ ਤੋਂ ਘੱਟ ਉਮਰ ਦੀਆਂ ਹੁੰਦੀਆਂ। ਇਨ੍ਹਾਂ ਵਿੱਚੋਂ ਇੱਕ ਵੱਡੀ ਕਲਾਕਾਰ ਬਸ਼ੀਰਾ ਸੀ। ਉਸ ਦੀਆਂ ਅੱਖਾਂ ਭੂਰੇ ਰੰਗ ਦੀਆਂ ਹੋਣ ਕਾਰਨ ਮਹਾਰਾਜ ਉਸ ਨੂੰ ਬਲੂ ਕਹਿੰਦੇ ਸਨ।
ਫਕੀਰ ਵਹੀਦੁਦੀਨ ਅਤੇ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਹਰਮ ਵਿੱਚ 46 ਔਰਤਾਂ ਸਨ।
9 ਨਾਲ ਸਿੱਖ ਧਰਮ ਤਹਿਤ ਵਿਆਹ ਕੀਤਾ, 9 ਜੋ ਗਵਰਨਰਾਂ ਦੀਆਂ ਵਿਧਵਾਵਾਂ ਸਨ, ਚਾਦਰ ਅੰਦਾਜ਼ੀ (ਸਿਰ 'ਤੇ ਚਾਦਰ ਪਾਉਣ ਦੀ ਰਸਮ) ਰਾਹੀਂ ਉਨ੍ਹਾਂ ਦੇ ਰਿਸ਼ਤੇ ਵਿੱਚ ਆਈਆਂ, 7 ਮੁਸਲਿਮ ਨ੍ਰਿਤਕੀਆਂ ਸਨ ਜਿਨ੍ਹਾਂ ਨਾਲ ਵਿਆਹ ਕੀਤਾ, ਬਾਕੀ ਸਭ ਕਨੀਜ਼ ਸਨ।
ਸਿਆਸੀ ਵਿਆਹਾਂ ਦੇ ਬਾਅਦ ਪਿਆਰ ਵਾਲੇ ਵਿਆਹ
ਮਹਿਤਾਬ ਕੌਰ ਅਤੇ ਦਤਾਰ ਕੌਰ ਰਾਜਨੀਤਕ ਪਤਨੀਆਂ ਸਨ। ਯਾਨੀ ਉਨ੍ਹਾਂ ਨਾਲ ਰਿਸ਼ਤੇ ਨਾਲ ਪੰਜਾਬ ਦੇ ਸ਼ਾਸਕ ਵਜੋਂ 'ਤੇ ਉਨ੍ਹਾਂ ਦਾ ਗੱਠਜੋੜ ਮਜ਼ਬੂਤ ਹੋਇਆ। ਦੋ ਵਿਆਹ ਦਿਲ ਦੇ ਹੱਥੋਂ ਮਜਬੂਰ ਹੋ ਕੇ ਕੀਤੇ। ਇਹ ਦੋਵੇਂ ਪਤਨੀਆਂ ਅੰਮ੍ਰਿਤਸਰ ਤੋਂ ਸਨ।
ਅੰਮ੍ਰਿਤਸਰ ਦੀ ਮੁਸਲਮਾਨ ਨ੍ਰਿਤਕੀ ਮੋਰਾਂ ਨਾਲ 1802 ਵਿੱਚ ਵਿਆਹ ਕੀਤਾ। ਨਿਹੰਗਾਂ ਸਮੇਤ ਜਿਨ੍ਹਾਂ ਦੇ ਨੇਤਾ ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ, ਕੱਟੜ ਸਿੱਖਾਂ ਨੂੰ ਉਨ੍ਹਾਂ ਦਾ ਇਹ ਕਦਮ ਪਸੰਦ ਨਹੀਂ ਆਇਆ।
ਮੋਰਾਂ ਰਣਜੀਤ ਸਿੰਘ ਦੀ ਪਸੰਦੀਦਾ ਰਾਣੀ ਸੀ। ਉਨ੍ਹਾਂ ਨਾਲ ਰਣਜੀਤ ਸਿੰਘ ਨੂੰ 22 ਸਾਲ ਦੀ ਉਮਰ ਵਿੱਚ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ।
ਫਕੀਰ ਵਾਹਿਦੁਦੀਨ ਅਨੁਸਾਰ, ਉਨ੍ਹਾਂ ਨਾਲ ਵਿਆਹ ਲਈ ਰਣਜੀਤ ਸਿੰਘ ਨੇ ਮੋਰਾਂ ਦੇ ਪਿਤਾ ਦੀਆਂ ਸਾਰੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਇੱਕ ਸ਼ਰਤ ਮੋਰਾਂ ਦੇ ਘਰ ਵਿੱਚ ਫੂਕ ਨਾਲ ਅੱਗ ਜਲਾਉਣ ਦੀ ਸੀ। ਮਹਾਰਾਜਾ ਨੇ ਇਹ ਵੀ ਕਰ ਦਿੱਤਾ।
ਮੋਰਾਂ ਨਾਲ ਵਿਆਹ ਦੇ ਤਿੰਨ ਦਹਾਕੇ ਬਾਅਦ ਉਨ੍ਹਾਂ ਨੇ ਗੁਲ ਬਹਾਰ ਬੇਗ਼ਮ ਨਾਲ ਵਿਆਹ ਕੀਤਾ। ਅੰਮ੍ਰਿਤਸਰ ਵਿੱਚ ਵਿਆਹ ਸਮਾਗਮ ਕੀਤਾ ਗਿਆ ਸੀ।
ਸੋਹਨ ਲਾਲ ਸੂਰੀ ਲਿਖਦੇ ਹਨ ਕਿ ਵਿਆਹ ਦੇ ਸਮਾਗਮ ਲਈ ਰਣਜੀਤ ਸਿੰਘ ਨੇ ਆਪਣੇ ਬੇਟੇ ਖੜਕ ਸਿੰਘ ਨੂੰ ਲਾਹੌਰ ਭੇਜਿਆ ਤਾਂ ਕਿ ਉਹ ਉੱਥੋਂ ਬ੍ਰੋਕੇਡ ਦੇ ਪੂਲ ਟੈਂਟ ਲਿਆਏ। ਪੈਸਾ ਖ਼ੂਬ ਖਰਚ ਕੀਤਾ ਗਿਆ ਸੀ।
ਵਿਆਹ ਤੋਂ ਦੋ ਦਿਨ ਪਹਿਲਾਂ ਰਣਜੀਤ ਸਿੰਘ ਨੇ ਹੱਥਾਂ 'ਤੇ ਮਹਿੰਦੀ ਲਗਵਾਈ। ਸਿੱਖ ਧਰਮ ਗੁਰੂਆਂ ਨੂੰ ਖੁਸ਼ ਕੀਤਾ ਅਤੇ ਫਿਰ ਵਿਆਹ ਵਿੱਚ ਸੱਦੇ ਮਹਿਮਾਨਾਂ ਵੱਲ ਰੁਖ਼ ਕੀਤਾ।
ਅੰਮ੍ਰਿਤਸਰ ਅਤੇ ਲਾਹੌਰ ਦੀਆਂ ਨ੍ਰਿਤਕੀਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ 7-7 ਹਜ਼ਾਰ ਰੁਪਏ ਇਨਾਮ ਵਿੱਚ ਦਿੱਤੇ।
ਫਕੀਰ ਵਹੀਦੁਦੀਨ ਅਨੁਸਾਰ ਮਹਾਰਾਜਾ ਗੁੱਲ ਬਹਾਰ ਬੇਗ਼ਮ ਤੋਂ ਗੁੰਝਲਦਾਰ ਮੁੱਦਿਆਂ 'ਤੇ ਸਲਾਹ ਲੈਂਦੇ ਹੁੰਦੇ ਸਨ।
ਸੋਹਨ ਲਾਲ ਜੋ ਦਰਬਾਰ ਦਾ ਰੋਜ਼ਨਮਚਾ ਲਿਖਦੇ ਸਨ, ਕਹਿੰਦੇ ਹਨ ਕਿ 14 ਸਤੰਬਰ, 1832 ਨੂੰ ਅੰਮ੍ਰਿਤਸਰ ਵਿੱਚ ਦਰਬਾਰ ਲਗਾਉਂਦੇ ਸਮੇਂ ਰਣਜੀਤ ਸਿੰਘ ਨੇ ਗੁਲ ਬਹਾਰ ਬੇਗ਼ਮ ਦੀ ਸਿਫਾਰਸ਼ 'ਤੇ ਉਨ੍ਹਾਂ ਕੁਝ ਲੋਕਾਂ ਨੂੰ ਮੁਆਫ਼ ਕਰ ਦਿੱਤਾ, ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਕਿਸੇ ਅਪਰਾਧ 'ਤੇ ਸਜ਼ਾ ਸੁਣਾ ਚੁੱਕੇ ਸਨ।
ਗੁਜਰਾਤ ਦੇ ਸਾਹਿਬ ਸਿੰਘ ਭੰਗੀ ਦੀ ਮੌਤ ਦੇ ਬਾਅਦ ਉਨ੍ਹਾਂ ਦੀਆਂ ਪਤਨੀਆਂ ਰਤਨ ਕੌਰ ਅਤੇ ਦਿਆ ਕੌਰ 'ਤੇ ਰਣਜੀਤ ਸਿੰਘ ਨੇ ਚਾਦਰ ਪਾ ਕੇ 1811 ਵਿੱਚ ਵਿਆਹ ਕੀਤਾ।
ਰਤਨ ਕੌਰ ਨੇ 1819 ਵਿੱਚ ਮੁਲਤਾਨਾ ਸਿੰਘ ਨੂੰ ਅਤੇ ਦਯਾ ਕੌਰ ਨੇ 1821 ਵਿੱਚ ਕਸ਼ਮੀਰਾ ਸਿੰਘ ਅਤੇ ਪੇਸ਼ਾਵਰ ਸਿੰਘ ਨੂੰ ਜਨਮ ਦਿੱਤਾ, ਪਰ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਬੱਚੇ ਰਣਜੀਤ ਸਿੰਘ ਦੀ ਬਜਾਏ ਨੌਕਰਾਂ ਦੇ ਸਨ ਜਿਨ੍ਹਾਂ ਨੂੰ ਰਾਣੀਆਂ ਨੇ ਲਿਆ ਅਤੇ ਆਪਣੇ ਬੱਚਿਆਂ ਵਜੋਂ ਪੇਸ਼ ਕੀਤਾ।
ਉਨ੍ਹਾਂ ਨੇ ਚਾਂਦ ਕੌਰ ਨਾਲ 1815 ਵਿੱਚ, ਲਕਸ਼ਮੀ ਨਾਲ 1829 ਵਿੱਚ ਤੇ ਸਮਨ ਕੌਰ ਨਾਲ 1832 ਵਿੱਚ ਵਿਆਹ ਕੀਤਾ।
ਰਣਜੀਤ ਸਿੰਘ ਨੇ ਇੱਕ ਮੁਹਿੰਮ ਦੌਰਾਨ ਕਾਂਗੜਾ ਵਿੱਚ ਗੋਰਖਿਆਂ ਨੂੰ ਹਰਾਉਣ ਦੇ ਬਾਅਦ ਰਾਜਾ ਸੰਸਾਰ ਚੰਦ ਨਾਲ ਗੱਠਜੋੜ ਕਰਦੇ ਹੋਏ ਉਨ੍ਹਾਂ ਦੀਆਂ ਦੋ ਬੇਟੀਆਂ, ਮਹਿਤਾਬ ਦੇਵੀ (ਗੁੱਡਣ) ਅਤੇ ਰਾਜ ਬੰਸੋ, ਜਿਨ੍ਹਾਂ ਦੀ ਖ਼ੂਬਸੂਰਤੀ ਦੇ ਚਰਚੇ ਸਨ, ਉਨ੍ਹਾਂ ਨਾਲ ਵਿਆਹ ਕੀਤਾ।
ਕਰਤਾਰ ਸਿੰਘ ਦੁੱਗਲ ਅਨੁਸਾਰ ਸੰਸਾਰ ਚੰਦ ਕਾਂਗੜਾ ਕਲਾ ਦੇ ਸਰਪ੍ਰਸਤ ਸਨ। ਗੁੱਡਣ ਵਿੱਚ ਵੀ ਇਹ ਵਿਸ਼ੇਸ਼ਤਾਵਾਂ ਕੁਝ ਹੱਦ ਤੱਕ ਮੌਜੂਦ ਸਨ।
ਉਨ੍ਹਾਂ ਕੋਲ ਮਿਨੀਏਚਰ ਪੇਟਿੰਗਜ਼ ਦੀ ਕਲੈਕਸ਼ਨ ਮੌਜੂਦ ਸੀ। 1830 ਅਤੇ 1832 ਵਿਚਕਾਰ ਤਿੰਨ ਵਿਆਹ ਕੀਤੇ। ਇਨ੍ਹਾਂ ਤਿੰਨੋਂ ਪਤਨੀਆਂ ਵਿੱਚੋਂ ਇੱਕ ਦੀ ਰਣਜੀਤ ਸਿੰਘ ਦੇ ਜੀਵਨਕਾਲ ਦੌਰਾਨ ਹੀ ਮੌਤ ਹੋ ਗਈ।
ਰਾਣੀ ਜਿੰਦਾਂ ਨੂੰ ਮਹਾਰਾਣੀ ਦੀ ਅੰਤਿਮ ਉਪਾਧੀ ਮਿਲੀ
ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਵਿਆਹ 1835 ਵਿੱਚ ਜਿੰਦ ਕੌਰ ਨਾਲ ਹੋਇਆ ਸੀ। ਜਿੰਦ ਕੌਰ ਦੇ ਪਿਤਾ ਮਾਨ ਸਿੰਘ ਔਲਖ ਨੇ ਰਣਜੀਤ ਸਿੰਘ ਦੇ ਸਾਹਮਣੇ ਉਦੋਂ ਆਪਣੀ ਬੇਟੀ ਦੀਆਂ ਖ਼ੂਬੀਆਂ ਨੂੰ ਬਿਆਨ ਕੀਤਾ ਜਦੋਂ ਉਹ ਆਪਣੇ ਉਤਰਾਧਿਕਾਰੀ ਖੜਕ ਸਿੰਘ ਦੀ ਖ਼ਰਾਬ ਸਿਹਤ ਬਾਰੇ ਚਿੰਤਤ ਸਨ।
ਮਹਾਰਾਜਾ ਨੇ 1835 ਵਿੱਚ ਜਿੰਦ ਕੌਰ ਦੇ ਪਿੰਡ 'ਆਪਣੀ ਕਮਾਨ ਅਤੇ ਤਲਵਾਰ ਭੇਜ ਕੇ' ਵਿਆਹ ਕੀਤਾ।
1835 ਵਿੱਚ ਜਿੰਦ ਕੌਰ ਨੇ ਦਿਲੀਪ ਸਿੰਘ ਨੂੰ ਜਨਮ ਦਿੱਤਾ, ਜੋ ਸਿੱਖ ਸਮਰਾਜ ਦੇ ਆਖਰੀ ਮਹਾਰਾਜਾ ਬਣੇ।
ਜਿੰਦ ਕੌਰ ਨੂੰ ਮਹਾਰਾਣੀ ਦੀ ਉਪਾਧੀ ਮਿਲੀ। ਉਨ੍ਹਾਂ ਤੋਂ ਪਹਿਲਾਂ ਇਹ ਉਪਾਧੀ ਸਿਰਫ਼ ਉਨ੍ਹਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਨੂੰ ਦਿੱਤੀ ਗਈ ਸੀ।
ਲੇਖਕ ਆਰਵੀ ਸਮਿਥ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਖ਼ੀਰਲੇ ਸਾਲਾਂ ਵਿੱਚ ਵਧਦੀ ਉਮਰ ਅਤੇ ਹਰਮ ਵਿੱਚ ਮੌਜੂਦ 17 ਪਤਨੀਆਂ ਵਿਚਕਾਰ ਝਗੜਿਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਅਫ਼ੀਮ ਦੇ ਆਦੀ ਹੋ ਗਏ ਸਨ।
1839 ਵਿੱਚ ਅਧਰੰਗ ਅਤੇ ਜ਼ਿਆਦਾ ਸ਼ਰਾਬ ਪੀਣਾ ਘਾਤਕ ਸਾਬਤ ਹੋਇਆ ਅਤੇ ਰਣਜੀਤ ਸਿੰਘ ਦੀਆਂ ਚਾਰ ਹਿੰਦੂ ਪਤਨੀਆਂ ਅਤੇ ਸੱਤ ਹਿੰਦੂ ਦਾਸੀਆਂ ਉਨ੍ਹਾਂ ਨਾਲ ਸਤੀ ਹੋ ਗਈਆਂ।
ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼