ਭਾਰਤ ਨੇ ਬ੍ਰਿਟੇਨ ਸਰਕਾਰ ਕੋਲੋਂ ਕਦੇ ਨਹੀਂ ਮੰਗੀਆਂ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ - ਆਰਟੀਆਈ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲੈ ਕੇ ਆਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਇਹ ਮੁੱਦਾ ਬ੍ਰਿਟੇਨ ਸਰਕਾਰ ਨਾਲ ਕਦੇ ਵਿਚਾਰਿਆ ਹੈ।

ਇਸ ਗੱਲ ਦਾ ਖ਼ੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇ ਆਧਾਰ 'ਤੇ ਵਿਦੇਸ਼ ਮੰਤਰਾਲੇ ਵੱਲੋਂ ਆਏ ਜਵਾਬ ਤੋਂ ਹੋਇਆ ਹੈ।

ਬੀਬੀਸੀ ਵੱਲੋਂ ਆਰ ਟੀ ਆਈ ਤਹਿਤ ਮੰਗੀ ਜਾਣਕਾਰੀ ਮੁਤਾਬਕ ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਚਨਾ ਅਧਿਕਾਰੀ ਸੰਜੇ ਕੁਮਾਰ ਸੂਤਰ ਨੇ ਕਿਹਾ ਕਿ ਭਾਰਤ ਨੇ ਇਹ ਮੁੱਦਾ ਕਦੇ ਵੀ ਬਰਤਾਨੀਆ ਸਰਕਾਰ ਸਾਹਮਣੇ ਨਹੀਂ ਰੱਖਿਆ।

ਇਹ ਵੀ ਪੜ੍ਹੋ:

ਸਿੱਖ ਰਾਜ ਦੇ ਅੰਤਮ ਸ਼ਾਸਕ ਦਲੀਪ ਸਿੰਘ ਦਾ ਅਕਤੂਬਰ 1893 ਵਿੱਚ ਪੈਰਿਸ 'ਚ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਤਾਨੀਆ ਵਿੱਚ ਹੀ ਦਫ਼ਨਾਇਆ ਗਿਆ ਸੀ।

ਸਿੱਖ ਭਾਈਚਾਰਾ ਕਾਫ਼ੀ ਸਮੇਂ ਤੋਂ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਭਾਵਨਾਤਮਕ ਤੌਰ 'ਤੇ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ। ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਜਿਨ੍ਹਾਂ ਨੇ 1799 ਤੋਂ 1839 ਤੱਕ ਪੰਜਾਬ ਉੱਤੇ ਰਾਜ ਕੀਤਾ।

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਮੰਗ ਨੂੰ ਲੈ ਕੇ ਇਸ ਸਾਲ ਮਾਰਚ ਮਹੀਨੇ ਵਿੱਚ ਕਾਂਗਰਸ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ।

ਉਨ੍ਹਾਂ ਆਪਣੇ ਮੰਗ ਪੱਤਰ ਵਿੱਚ ਲਿਖਿਆ ਸੀ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਸਨ, ਇਸ ਲਈ ਉਨ੍ਹਾਂ ਦੀਆਂ ਅੰਤਮ ਰਸਮਾਂ ਸਿੱਖ ਰੀਤੀ ਰਿਵਾਜ ਨਾਲ ਅੰਮ੍ਰਿਤਸਰ ਵਿੱਚ ਹੋਣੀਆਂ ਚਾਹੀਦੀਆਂ ਹਨ।

ਪ੍ਰਧਾਨ ਮੰਤਰੀ ਨੂੰ ਦਿੱਤੇ ਆਪਣੇ ਮੰਗ ਪੱਤਰ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਸੀ ਕਿ ਦਲੀਪ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਮੰਗ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਦੇਹ ਭਾਰਤ ਵਿੱਚ ਉਸ ਸਮੇਂ ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਫੈਲੀ ਅਸ਼ਾਂਤੀ ਦੇ ਮੱਦੇਨਜ਼ਰ ਨਹੀਂ ਲਿਆਂਦੀ ਗਈ ਸੀ।

ਮਹਾਰਾਜਾ ਦਲੀਪ ਸਿੰਘ ਨੂੰ 13 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਤਾ ਜਿੰਦ ਕੌਰ ਤੋਂ ਵੱਖ ਕਰਕੇ ਬਰਤਾਨੀਆ ਸਰਕਾਰ ਇੰਗਲੈਂਡ ਲੈ ਗਈ ਸੀ ਅਤੇ ਉਨ੍ਹਾਂ ਦਾ ਦੇਹਾਂਤ 55 ਸਾਲ ਦੀ ਉਮਰ ਵਿੱਚ ਫਰਾਂਸ ਦੇ ਇੱਕ ਹੋਟਲ ਵਿੱਚ ਹੋਇਆ ਸੀ।

ਉਨਾਂ ਦੀ ਦੇਹ ਨੂੰ ਐਲਵੀਡਨ ਮਹਿਲ ਕੋਲ ਚਰਚ ਵਾਲੀ ਥਾਂ 'ਤੇ ਦਫ਼ਨਾ ਦਿੱਤਾ ਗਿਆ, ਜਿੱਥੇ ਉਹਨਾਂ ਦੀ ਕਬਰ ਅੱਜ ਵੀ ਮੌਜੂਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)