ਕਾਨਪੁਰ ਵਿੱਚ ਜਦੋਂ ਇੱਕ ਮੁਸਲਮਾਨ ਰਿਕਸ਼ਾ ਚਾਲਕ ਨੂੰ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਲਈ ਕਿਹਾ ਗਿਆ

    • ਲੇਖਕ, ਸਮੀਰਤਾਮਜ ਮਿਸ਼ਰ
    • ਰੋਲ, ਬੀਬੀਸੀ ਲਈ

ਕਾਨਪੁਰ ਵਿੱਚ ਇੱਕ ਮੁਸਲਮਾਨ ਰਿਕਸ਼ਾ ਵਾਲੇ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਤੋਂ ਜ਼ਬਰਦਸਤੀ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਵਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੇ ਵੀਡੀਓ ਵਿੱਚ ਕੁਝ ਲੋਕ ਰਿਕਸ਼ਾ ਚਾਲਕ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਭੀੜ 'ਚ ਸ਼ਾਮਿਲ ਕੁਝ ਲੋਕ, ਰਿਕਸ਼ਾ ਚਾਲਕ ਅਸਰਾਰ ਅਹਿਮਦ ਨੂੰ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਲਈ ਵੀ ਕਹਿ ਰਹੇ ਹਨ। ਵੀਰਵਾਰ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਾਨਪੁਰ ਦੇ ਪੁਲਿਸ ਕਮਿਸ਼ਨਰ ਅਸੀਮ ਅਰੁਣ ਨੇ ਮੀਡੀਆ ਨੂੰ ਦੱਸਿਆ, "ਕਾਨਪੁਰ ਨਗਰ ਦੇ ਥਾਣਾ ਬੱਰਾ ਵਿੱਚ ਅਸਰਾਰ ਅਹਿਮਦ ਨਾਲ ਹੋਈ ਕੁੱਟਮਾਰ ਅਤੇ ਅਪਮਾਨ ਦੀ ਘਟਨਾ ਦੇ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਅਜੈ ਉਰਫ਼ ਰਾਜੇਸ਼ ਬੈਂਡਵਾਲਾ, ਅਮਨ ਗੁਪਤਾ ਅਤੇ ਰਾਹੁਲ ਕੁਮਾਰ ਹਨ। ਦੂਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।"

ਕੀ ਹੈ ਮਾਮਲਾ?

ਵਾਇਰਲ ਵੀਡੀਓ ਵਿੱਚ ਰਿਕਸ਼ੇ ਵਾਲੇ ਦੀ ਸੱਤ ਸਾਲਾ ਛੋਟੀ ਬੱਚੀ ਆਪਣੇ ਪਿਤਾ ਨੂੰ ਛੱਡਣ ਦੀ ਦੁਹਾਈ ਦਿੰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਬਾਅਦ ਵਿੱਚ ਕੁਝ ਪੁਲਿਸ ਵਾਲੇ ਉਸ ਰਿਕਸ਼ਾ ਚਾਲਕ ਨੂੰ ਆਪਣੀ ਜੀਪ ਵਿੱਚ ਲੈ ਕੇ ਜਾ ਰਹੇ ਹਨ।

ਹਾਲਾਂਕਿ, ਜਦੋਂ ਅਸਰਾਰ ਅਹਿਮਦ ਨੂੰ ਭੀੜ ਵਿੱਚ ਕੁੱਟਿਆ ਜਾ ਰਿਹਾ ਹੈ ਉਸ ਵੇਲੇ ਪੁਲਿਸ ਵਾਲੇ ਵੀ ਉੱਥੇ ਮੌਜੂਦ ਹਨ।

ਇਸ ਘਟਨਾ ਦੇ ਪਿੱਛੇ, 9 ਜੁਲਾਈ ਨੂੰ ਵਾਪਰੀ ਇੱਕ ਹੋਰ ਘਟਨਾ ਦੱਸੀ ਜਾ ਰਹੀ ਹੈ ਜਦੋਂ ਬੱਰਾ-8 ਦੇ ਵਸਨੀਕ ਇੱਕ ਪਰਿਵਾਰ ਦੀ ਨਾਬਾਲਗ ਧੀ ਨਾਲ ਕੁਝ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਛੇੜਛਾੜ ਕੀਤੀ ਗਈ ਸੀ। ਇਲਜ਼ਾਮ ਹਨ ਕਿ ਲੜਕੀ ਦੇ ਪਰਿਵਾਰ ਵੱਲੋਂ ਵਿਰੋਧ ਕਰਨ 'ਤੇ ਮੁਲਜ਼ਮ ਉਨ੍ਹਾਂ 'ਤੇ ਧਰਮ ਪਰਿਵਰਤਨ ਲਈ ਦਬਾਅ ਬਣਾਉਣ ਲੱਗੇ।

ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ, ਪਰ ਉਨ੍ਹਾਂ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ।

31 ਜੁਲਾਈ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਮਹੇਸ਼ ਤ੍ਰਿਵੇਦੀ ਦੀ ਦਖ਼ਲਅੰਦਾਜ਼ੀ 'ਤੇ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਤਿੰਨ ਸਕੇ ਭਰਾਵਾਂ ਸੱਦਾਮ, ਸਲਮਾਨ ਅਤੇ ਮੁਕੁਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਲੜਕੀ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਸਾਡੀ 14 ਸਾਲਾ ਧੀ ਨਾਲ ਰੋਜ਼ਾਨਾ ਛੇੜਛਾੜ ਕਰਦੇ ਸਨ। ਸ਼ਿਕਾਇਤ ਕਰਨ 'ਤੇ ਮਾਰਨ-ਕੁੱਟਣ ਦੀ ਧਮਕੀ ਦਿੰਦੇ ਸਨ। ਧਰਮ ਬਦਲਣ ਦਾ ਵੀ ਦਬਾਅ ਬਣਾਉਂਦੇ ਸਨ। ਅਸੀਂ ਆਪਣੀ ਸ਼ਿਕਾਇਤ ਵਿੱਚ ਧਰਮ ਬਦਲੀ ਦੀ ਗੱਲ ਵੀ ਕਹੀ ਸੀ ਪਰ ਪੁਲਿਸ ਨੇ ਐੱਫਆਈਆਰ ਵਿੱਚ ਕੇਵਲ ਛੇੜਛਾੜ ਦੀ ਧਾਰਾ ਹੀ ਲਗਾਈ ਹੈ।"

ਦੂਜੇ ਪਾਸੇ, ਇਸ ਬਾਰੇ ਪਤਾ ਲੱਗਣ 'ਤੇ ਬਜਰੰਗ ਦਲ ਦੇ ਕੁਝ ਵਰਕਰ ਬੁੱਧਵਾਰ ਨੂੰ ਮੁਲਜ਼ਮਾਂ ਦੇ ਘਰ ਪਹੁੰਚੇ, ਪਰ ਉਨ੍ਹਾਂ ਦੇ ਨਾ ਮਿਲਣ ਤੇ, ਉਹ ਉਸ ਦੇ ਇੱਕ ਰਿਸ਼ਤੇਦਾਰ ਅਸਰਾਰ ਅਹਿਮਦ ਨੂੰ ਘੜੀਸ ਕੇ ਘਰ ਤੋਂ ਬਾਹਰ ਲੈ ਆਏ ਅਤੇ ਸ਼ਰੇਆਮ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਲਜ਼ਾਮ ਹਨ ਕਿ ਇਸ ਦੌਰਾਨ ਪੁਲਿਸ ਵੀ ਉੱਥੇ ਮੌਜੂਦ ਸੀ ਪਰ ਉਹ ਮੂਕ ਦਰਸ਼ਕ ਬਣੀ ਸਭ ਦੇਖਦੀ ਰਹੀ।

ਇਲਜ਼ਾਮ ਲਗਾਏ ਜਾ ਰਹੇ ਹਨ ਕਿ ਅਸਰਾਰ ਅਹਿਮਦ ਨੂੰ ਕੁੱਟਣ ਵਾਲਿਆਂ ਵਿੱਚ ਬਜਰੰਗ ਦਲ ਦੇ ਵਰਕਰਾਂ ਦੇ ਨਾਲ-ਨਾਲ ਭਾਜਪਾ ਵਿਧਾਇਕ ਮਹੇਸ਼ ਤ੍ਰਿਵੇਦੀ ਦੇ ਬੇਟੇ ਵੀ ਸ਼ਾਮਿਲ ਸਨ, ਪਰ ਪੁਲਿਸ ਨੇ ਪਹਿਲਾਂ ਅਣਪਛਾਤੇ ਲੋਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ।

ਹਾਲਾਂਕਿ, ਵੀਡੀਓ ਦੇ ਵਾਇਰਲ ਹੋਣ ਅਤੇ ਹੰਗਾਮਾ ਵੱਧਣ ਤੋਂ ਬਾਅਦ, ਤਿੰਨ ਨਾਮਜ਼ਦ ਮੁਲਜ਼ਮਾਂ ਦੇ ਨਾਮ ਵੀ ਐੱਫਆਈਆਰ ਵਿੱਚ ਦਰਜ ਕਰ ਦਿੱਤੇ ਗਏ ਅਤੇ ਤਿੰਨਾਂ ਮੁਲਜ਼ਮਾਂ ਨੂੰ ਵੀਰਵਾਰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ।

ਫਿਰਕੂ ਤਣਾਅ

ਇਸ ਦੌਰਾਨ ਸੰਪਰਦਾਇਕ ਤਣਾਅ ਦੇ ਮੱਦੇਨਜ਼ਰ, ਪੂਰੇ ਖੇਤਰ ਵਿੱਚ ਪੁਲਿਸ ਫ਼ੋਰਸ ਵਧਾ ਦਿੱਤੀ ਗਈ ਹੈ ਅਤੇ ਪੀਏਸੀ ਵੀ ਤਾਇਨਾਤ ਕੀਤੀ ਗਈ ਹੈ।

ਕਾਨਪੁਰ ਦੀ ਡੀਸੀਪੀ (ਦੱਖਣ) ਰਵੀਨਾ ਤਿਆਗੀ ਨੇ ਮੀਡੀਆ ਨੂੰ ਦੱਸਿਆ, "12 ਜੁਲਾਈ ਨੂੰ ਛੇੜਛਾੜ ਅਤੇ ਧਰਮ ਬਦਲੀ ਦੇ ਮੁਲਜ਼ਮ ਦੀ ਪਤਨੀ ਕੁਰੈਸ਼ਾ ਬੇਗ਼ਮ ਨੇ, ਧਰਮ ਬਦਲੀ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਅਤੇ ਉਸ ਦੇ ਪਤੀ ਖ਼ਿਲਾਫ਼ ਬੱਰਾ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ ਸੀ।"

"ਇਸ ਤੋਂ ਬਾਅਦ 31 ਜੁਲਾਈ ਨੂੰ, ਦੂਜੇ ਪੱਖ ਦੇ ਤਿੰਨਾਂ ਭਰਾਵਾਂ ਸੱਦਾਮ, ਸਲਮਾਨ ਅਤੇ ਮੁਕੁਲ ਦੇ ਖ਼ਿਲਾਫ਼ ਛੇੜਛਾੜ ਸਮੇਤ ਹੋਰ ਧਾਰਾਵਾਂ ਵਿੱਚ ਕਰਾਸ ਐੱਫਆਈਆਰ ਦਰਜ ਕਰਵਾਈ ਗਈ। ਬੱਰਾ ਠਾਣੇ ਦੀ ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।"

ਬਜਰੰਗ ਦਲ ਦੇ ਜ਼ਿਲ੍ਹਾ ਕਨਵੀਲਰ ਦਿਲੀਪ ਸਿੰਘ ਬਜਰੰਗੀ ਨੇ ਪੁਲਿਸ 'ਤੇ ਇੱਕਤਰਫ਼ਾ ਕਾਰਵਾਈ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ "ਜੇ ਪੁਲਿਸ ਇਨਸਾਫ਼ ਨਹੀਂ ਕਰੇਗੀ ਤਾਂ ਉਹ ਆਪਣੀਆਂ ਭੈਣਾਂ ਅਤੇ ਧੀਆਂ ਉੱਪਰ ਅੱਤਿਆਚਾਰ ਹੁੰਦੇ ਨਹੀਂ ਦੇਖ ਸਕਦੇ।"

ਇਸ ਦੌਰਾਨ, ਰਿਕਸ਼ਾ ਚਾਲਕ ਅਸਰਾਰ ਅਹਿਮਦ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਬਜਰੰਗ ਦਲ ਦੇ ਕਾਰਕੁਨਾਂ ਨੇ ਵੀਰਵਾਰ ਦੇਰ ਰਾਤ ਪੁਲਿਸ ਕਮਿਸ਼ਨਰ ਅਸੀਮ ਅਰੁਣ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)