ਭਲਵਾਨ ਵਿਨੇਸ਼ ਫ਼ੋਗਾਟ ’ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਇਸ ਗੱਲੋਂ ਲਾਈ ਪਾਬੰਦੀ -ਪ੍ਰੈੱਸ ਰਿਵੀਊ

ਭਾਰਤ ਦੀ ਕੁਸ਼ਤੀ ਫੈਡਰੇਸ਼ਨ ਨੇ 53 ਕਿੱਲੋਗ੍ਰਾਮ ਭਾਰ ਵਰਗ ਦੀ ਭਲਵਾਨ ਵਿਨੇਸ਼ ਫੋਗਾਟ ਉੱਪਰ ਆਰਜੀ ਪਾਬੰਦੀ ਲਗਾਈ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਾਮਲਾ ਹੈ ਕਿ ਪਹਿਲਾ ਉਨ੍ਹਾਂ ਨੇ ਟੋਕੀਓ ਓਲੰਪਿਕ ਵਿੱਚ ਭਾਰਤੀ ਦਲ ਨਾਲ ਰਹਿਣ ਤੋਂ ਇਨਕਾਰ ਕੀਤਾ। ਦੂਜਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਾਰਤੀ ਟੀਮ ਨਾਲ ਟਰੇਨਿੰਗ ਤੋਂ ਇਨਕਾਰ ਕੀਤਾ।

ਤੀਜਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਜੋ ਪੁਸ਼ਾਕ ਆਪਣੇ ਰੈਸਲਿੰਗ ਮੈਚ ਦੌਰਾਨ ਪਾਈ ਉਹ ਭਾਰਤੀ ਟੀਮ ਲਈ ਪ੍ਰਵਾਨਿਤ ਟੀ-ਸ਼ਰਟ ਨਹੀਂ ਸੀ ਸਗੋਂ ਉਨ੍ਹਾਂ ਨੇ ਆਪਣੇ ਸਪਾਂਸਰ ਨਾਈਕੀ ਦੇ ਮਾਰਕੇ ਵਾਲੀ ਸਿੰਗਲਿਟ ਪਾਈ, ਜੋ ਕਿ ਕਰਾਰ ਦੀ ਉਲੰਘਣਾ ਹੈ।

ਹਾਲਾਂਕਿ ਵਿਨੇਸ਼ ਨੇ ਅਖ਼ਬਾਰ ਨੂੰ ਦੱਸਿਆ ਕਿ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਖਿਡਾਰੀ ਵੱਲੋਂ ਅਜਿਹਾ ਕੀਤਾ ਗਿਆ ਹੋਵੇ ਪਰ ਪਹਿਲੇ ਕੇਸ ਵਿੱਚ ਖਿਡਾਰੀ ਦੇ ਰੁਤਬੇ ਨੂੰ ਦੇਖਦੇ ਹੋਏ ਫੈਡਰੇਸ਼ਨ ਵੱਲੋਂ ਉਸ ਨੂੰ ਨਜ਼ਰ-ਅੰਦਾਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਫੈਰੇਸ਼ਨ ਦੇ ਸਰੋਤਾਂ ਮੁਤਾਬਕ ਜਦੋਂ ਤੱਕ ਫੋਗਾਟ ਇਸ ਬਾਰੇ ਲਿਖਤੀ ਜਵਾਬ ਨਹੀਂ ਦਿੰਦੇ ਉਹ ਕਿਸੇ ਵੀ ਕੌਮੀ ਜਾਂ ਦੇਸ਼ ਵਿੱਚ ਹੋਣ ਵਾਲੇ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਹਾਲਾਂਕਿ ਫੋਗਾਟ ਭਾਰਤੀ ਦਲ ਨਾਲ ਨਹੀਂ ਰਹਿ ਰਹੇ ਸਨ ਪਰ ਉਹ ਅਭਿਆਸ ਵਿੱਚ ਸ਼ਾਮਲ ਹੁੰਦੇ ਸਨ।

ਅਜਿਹਾ ਕੋਈ ਨਿਯਮ ਨਹੀਂ ਹੈ ਜੋ ਉਨ੍ਹਾਂ ਨੂੰ ਆਪਣੇ ਸਾਥੀ ਟੀਮ ਖਿਡਾਰੀਆਂ ਨਾਲ ਅਭਿਆਸ ਲਈ ਪਾਬੰਦ ਕਰਦਾ ਹੋਵੇ। ਹਾਲਾਂਕਿ ਪ੍ਰਵਾਨਿਤ ਡਰੈਸ ਦੀ ਜਗ੍ਹਾ ਹੋਰ ਡਰੈਸ ਪਾਉਣਾ ਕਰਾਰ ਦੀ ਉਲੰਘਣਾ ਜ਼ਰੂਰ ਸੀ।

ਦੂਜੇ ਪਾਸੇ ਫੈਡਰੇਸ਼ਨ ਵੱਲੋਂ ਮਰਦ ਤੇ ਔਰਤਾਂ ਦੀਆਂ ਟੀਮਾਂ ਨੂੰ ਇੱਕ ਹੀ ਫੀਜ਼ੀਓਥੈਰਿਪਿਸਟ ਮੁਹੱਈਆ ਕਰਵਾਇਆ ਗਿਆ ਸੀ।

ਵਿਨੇਸ਼ ਨੇ ਆਪਣੇ ਨਿੱਜੀ ਫੀਜ਼ੀਓਥੈਰਿਪਿਸਟ ਨੂੰ ਨਾਲ ਲੈ ਕੇ ਜਾਣ ਲਈ ਬੇਨਤੀ ਕੀਤੀ ਸੀ ਪਰ ਉਹ ਅਸਵੀਕਾਰ ਕਰ ਦਿੱਤੀ ਗਈ।

ਇਸ ਗੱਲ ਦਾ ਫੋਗਾਟ ਨੇ ਸੋਸ਼ਲ ਮੀਡੀਆ ਰਾਹੀਂ ਇਤਰਾਜ਼ ਵੀ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਟਵੀਟ ਕੀਤਾ ਸੀ,"ਮਹਿਲਾ ਭਲਵਾਨਾਂ ਨੂੰ ਇੱਕ ਫੀਜ਼ੀਓਥੈਰਪਿਸਟ ਲਈ ਕਹਿਣਾ ਅਪਰਾਧ ਹੈ, ਜਦੋ ਕਿ ਇੱਕ ਖਿਡਾਰੀ ਕੋਲ ਇੱਕ ਤੋਂ ਜ਼ਿਆਦਾ ਕੋਚ/ਸਟਾਫ਼ ਦੀਆਂ ਮਿਸਾਲਾਂ ਹਨ। ਸੰਤੁਲਨ ਕਿੱਥੇ ਹੈ?"

ਵਿਨੇਸ਼ ਓਲੰਪਿਕ ਕੁਸ਼ਤੀ ਕੁਆਰਟਰ ਫਾਇਨਲ ਵਿੱਚ ਬੇਲਾਰੂਸ ਦੀ ਵਿਨੇਸਾ ਕਲਾਡਜ਼ਿਨਸਕਾ ਤੋਂ ਹਾਰ ਗਏ ਸਨ।

ਭਾਰਤੀਆਂ ਨੇ ਅਫ਼ਗਾਨਸਤਾਨ ਦਾ ਇਹ ਸ਼ਹਿਰ ਛੱਡਿਆ

ਭਾਰਤ ਨੇ ਅਫ਼ਗਾਨਿਸਤਾਨ ਵਿੱਚ ਮੈਦਾਨ-ਏ- ਜੰਗ ਬਣਿਆ ਸ਼ਹਿਰ ਮਜ਼ਾਰੇ-ਸ਼ਰੀਫ਼ ਵਿੱਚ ਰਹਿੰਦੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਉੱਥੋਂ ਨਿਕਲ ਆਉਣ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਜ਼ਬੇਕਿਸਤਾਨ-ਤਜ਼ਾਕਿਸਤਾਨ- ਅਫ਼ਗਾਨਿਸਤਾਨ ਸਰਹੱਦ ਉੱਪਰ ਸਥਿਤ ਇਸ ਸ਼ਹਿਰ ਵਿੱਚੋਂ ਭਾਰਤੀ ਕੂਟਨੀਤਿਕ ਅਤੇ ਹੋਰ ਅਮਲਾ ਪਿਛਲੇ ਮਹੀਨੇ ਬਾਹਰ ਆ ਗਿਆ ਸੀ।

ਜਿਵੇਂ ਕਿ ਤਾਲਿਬਾਨ ਅਫ਼ਗਾਨਿਸਤਾਨ ਵਿੱਚ ਤਾਕਤ ਫ਼ੜ ਰਿਹਾ ਭਾਰਤ ਨੇ ਮੰਗਲਵਾਰ ਨੂੰ ਉੱਤਰੀ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿੱਚੋਂ ਕੂਟਨੀਤਿਕਾਂ ਅਤੇ ਹੋਰ ਅਮਲੇ ਨੂੰ ਬਾਹਰ ਕੱਢ ਲਿਆ ਹੈ।

ਇਸ ਦੇ ਨਾਲ ਹੀ ਕਾਊਂਸਲੇਟ ਵੱਲੋਂ ਬਾਕੀ ਭਾਰਤੀਆਂ ਲਈ ਵੀ ਉਪਰੋਕਰਤ ਚੇਤਾਵਨੀ ਜਾਰੀ ਕੀਤੀ ਗਈ ਹੈ।

ਕੈਪਟਨ ਦੀ ਸੋਨੀਆ ਨੂੰ ਨਾਲ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਅਤੇ ਪਾਰਟੀ ਨੂੰ ਇੱਕ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਦੀ ਸੋਨੀਆਂ ਗਾਂਧੀ ਨਾਲ ਇਹ ਪਹਿਲੀ ਬੈਠਕ ਸੀ। ਇਸੇ ਦੌਰਾਨ ਪੰਜਾਬ ਕੈਬਨਿਟ ਵਿੱਚ ਰੱਦੋਬਦਲ ਦੀਆਂ ਸਗੋਸ਼ੀਆਂ ਵੀ ਹਨ।

ਸੂਤਰਾਂ ਮੁਤਾਬਕ ਕੈਪਟਨ ਨੇ ਜਿੱਥੇ ਸੋਨੀਆ ਗਾਂਧੀ ਨੂੰ ਆਪਣੀ ਸਰਕਾਰ ਵੱਲੋਂ ਪਾਰਟੀ ਦੇ ਪੰਜਾਬ ਬਾਰੇ 18 ਨੁਕਾਤੀ ਏਜੰਡੇ ਬਾਰੇ ਚੁੱਕੇ ਕਦਮਾਂ ਤੋਂ ਜਾਣੂ ਕਰਵਾਇਆ।

ਸੂਤਰਾਂ ਮੁਤਾਬਕ ਕੈਪਟਨ ਨੇ ਸਿੱਧੂ ਦੇ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਹਮਲਿਆਂ ਦਾ ਮਸਲਾ ਵੀ ਚੁੱਕਿਆ।

ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਹਾਲ ਹੀ ਵਿੱਚ ਕੈਪਟਨ ਦੇ ਮੁੱਖ ਸਿਆਸੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)