ਕੋਰੋਨਾਵਾਇਰਸ: ਕੋਵੈਕਸੀਨ ਤੇ ਕੋਵੀਸ਼ੀਲਡ ਸਣੇ ਭਾਰਤ ਵਿਚ ਹੋਰ ਕਿਹੜੇ ਟੀਕੇ ਮਿਲਣਗੇ

ਤੀਜੀ ਲਹਿਰ ਦੀ ਚਿਤਾਵਨੀ ਦੇ ਮੱਦੇਨਜ਼ਰ ਭਾਰਤ ਨੇ ਕੋਰੋਨਾ ਵੈਕਸੀਨ ਦੇ ਉਤਪਾਦਨ 'ਚ ਤੇਜ਼ੀ ਨਾਲ ਕਦਮ ਵਧਾਏ ਹਨ।

ਭਾਰਤ ਨੇ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ (ਇਕਹਿਰੇ ਟੀਕੇ) ਦੀ ਐਮਰਜੈਂਸੀ 'ਚ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਵੈਕਸੀਨ 85 ਫੀਸਦ ਤੱਕ ਕਾਰਗਰ ਦੱਸੀ ਜਾ ਰਹੀ ਹੈ ਜੋ ਭਾਰਤੀ ਦੀ ਸਵਦੇਸ਼ੀ ਵੈਕਸੀਨ ਨਿਰਮਾਤਾ ਕੰਪਨੀ ਬਾਓਲਾਜੀਕਲ ਈ ਦੀ ਸਪਲਾਈ ਦੇ ਤਹਿਤ ਭਾਰਤ ਨੂੰ ਮਿਲੇਗੀ।

ਹਾਲਾਂਕਿ, ਅਜੇ ਤੱਕ ਇਹ ਵੀ ਸਾਫ਼ ਨਹੀਂ ਹੈ ਕਿ ਭਾਰਤ ਨੂੰ ਵੈਕਸੀਨ ਕਦੋਂ ਤੱਕ ਮਿਲ ਸਕੇਗੀ ਪਰ ਜੌਨਸਨ ਐਂਡ ਜੌਨਸਨ ਦਾ ਕਹਿਣਾ ਹੈ ਕਿ ਆਖ਼ਰੀ ਤਰੀਕ ਬਾਰੇ ਦੱਸਣਾ ਅਜੇ ਕਾਫੀ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ-

ਭਾਰਤ ਵਿੱਚ ਹੁਣ ਤੱਕ ਕੋਵੀਸ਼ੀਲਡ, ਕੋਵੈਕਸੀਨ ਅਤੇ ਰੂਸ ਦੀ ਸਪੁਤਨੀਕ V ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਭਾਰਤ ਵਿੱਚ 50 ਕਰੋੜ ਡੋਜ਼ ਦਿੱਤੇ ਜਾ ਚੁੱਕੇ ਹਨ।

ਜੌਨਸਨ ਐਂਡ ਜੌਨਸਨ ਦੀ ਵੈਕਸੀਨ ਭਾਰਤ ਵਿੱਚ ਐਮਰਜੈਂਸੀ ਲਈ ਵਰਤੀ ਜਾਣ ਲਈ ਮਨਜ਼ੂਰੀ ਹਾਸਿਲ ਕਰਨ ਵਾਲੀ ਦੂਜੀ ਵਿਦੇਸ਼ੀ ਵੈਕਸੀਨ ਹੈ।

ਇਸ ਦੀ ਆਗਿਆ ਨਵੀਂ ਨੀਤੀ ਦੇ ਤਹਿਤ ਦਿੱਤੀ ਗਈ ਹੈ, ਜਿਸ ਦੇ ਤਹਿਤ ਉਨ੍ਹਾਂ ਨਿਰਮਾਤਾਵਾਂ ਨੂੰ ਆਗਿਆ ਦੇਣ ਲਈ ਸਥਾਨਕ ਪੱਧਰ 'ਤੇ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ ਦੀ ਜ਼ਰੂਰਤ ਨਹੀਂ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਜਾਂ ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਅਤੇ ਜਾਪਾਨ ਦੇ ਰੇਗੂਲੇਟਰੀ ਦੀ ਆਗਿਆ ਦੇ ਚੁੱਕੇ ਹਨ।

ਜੂਨ ਵਿੱਚ ਸਰਕਾਰ ਨੇ ਭਾਰਤੀ ਫਾਰਮਾ ਕੰਪਨੀ ਸਿਪਲਾ ਨੂੰ ਮੌਡਰਨਾ ਵੈਕਸੀਨ ਦੇ ਦਰਮਾਦਗੀ ਦੀ ਆਗਿਆ ਦਿੱਤੀ ਸੀ।

ਦੁਨੀਆਂ ਵਿੱਚ ਮੌਤਾਂ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ 'ਤੇ ਹੈ ਜਿੱਥੇ 4 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਅਮਰੀਕਾ ਅਤੇ ਬ੍ਰਾਜ਼ੀਲ ਹੀ ਅਜਿਹੇ ਦੇਸ਼ ਹਨ ਜਿੱਥੇ 4 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।

ਟੀਕਾਕਰਨ ਦੇ ਹਾਲਾਤ

ਸਰਕਾਰ ਦਾ ਟੀਚਾ ਹੈ ਕਿ ਉਹ ਇਸ ਸਾਲ ਦੇ ਅੰਤ ਤੱਕ ਸਾਰੇ ਨੌਜਵਾਨ ਭਾਰਤੀਆਂ ਨੂੰ ਵੈਕਸੀਨ ਲੱਗ ਜਾਵੇ ਪਰ ਵੈਕਸੀਨ ਦੀ ਘਾਟ, ਹੌਲੀ ਰਫ਼ਤਾਰ ਅਤੇ ਵੈਕਸੀਨ ਲਗਵਾਉਣ ਨੂੰ ਲੈ ਕੇ ਹਿਚਕਿਚਾਹਟ ਵਰਗੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ।

ਜਨਵਰੀ ਵਿੱਚ ਸ਼ੁਰੂ ਹੋਏ ਟੀਕਾਕਰਨ ਨਾਲ ਹੁਣ ਤੱਕ ਦੇਸ਼ ਦੀ 11 ਫੀਸਦ ਆਬਾਦੀ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਹਨ।

ਬਰਬਾਦ ਹੋਏ ਸਮੇਂ ਦੀ ਭਰਪਾਈ ਲਈ ਸਰਕਾਰ ਨੇ ਹੁਣ ਵੈਕਸੀਨ ਦੇ ਉਤਪਾਦਨ ਅਤੇ ਉਸ ਦੀ ਖ਼ਰੀਦ ਵਿੱਚ ਤੇਜ਼ੀ ਦਿਖਾਈ ਹੈ।

ਸਰਕਾਰ ਨੇ ਸਥਾਨਕ ਪੱਧਰ 'ਤੇ ਤਿਆਰ ਕੀਤੀ ਨੋਵਾਵੈਕਸ ਵੈਕਸੀਨ ਦੀ ਵਰਤੋਂ ਦੀ ਤਿਆਰੀ ਕਰ ਲਈ ਹੈ, ਜਿਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਤਿਆਰ ਕੀਤਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕਲੀਨੀਕਲ ਟ੍ਰਾਇਲ ਦੌਰਾਨ ਵੈਕਸੀਨ 90 ਫੀਸਦ ਤੱਕ ਕਾਰਗਰ ਮਿਲੀ ਹੈ।

ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਸਥਾਨਕ ਕੰਪਨੀ ਬਾਓਲਾਜੀਕਲ ਈ ਨੂੰ 30 ਕਰੋੜ ਵੈਕਸੀਨ ਡੋਜ਼ ਦਾ ਆਰਡਰ ਦਿੱਤਾ ਹੈ।

ਨੋਵਾਵੈਕਸ ਵੈਕਸੀਨ ਹੁਣ ਉਪਲਬਧ ਹੋਵੇਗੀ?

ਪਿਛਲੇ ਸਾਲ ਸਤੰਬਰ ਵਿੱਚ ਅਮਰੀਕੀ ਦਵਾਈ ਕੰਪਨੀ ਨੋਵਾਵੈਕਸ ਨੇ ਸੀਰਮ ਇੰਸਚੀਟਿਊਟ ਆਫ ਇੰਡੀਆ ਨਾਲ 200 ਕਰੋੜ ਵੈਕਸੀਨ ਡੋਜ਼ ਬਣਾਉਣ ਦਾ ਸੌਦਾ ਕੀਤਾ ਸੀ।

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੂੰ ਆਸ ਹੈ ਕਿ ਨੋਵਾਵੈਕਸ ਦਾ ਭਾਰਤ ਵਿੱਚ ਤਿਆਰ ਵਰਜਨ "ਕੋਵੋਵੈਕਸ" ਸਤੰਬਰ ਤੋਂ ਉਪਬਲਧ ਹੋਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਨਵੰਬਰ ਤੱਕ ਪੂਰੇ ਹੋਣ ਦੀ ਆਸ ਹੈ।

ਪਰ ਸੀਰਮ ਇੰਸਟੀਚਿਊਟ ਆਫ ਇੰਡੀਆ ਉਸ ਦੇ ਪੂਰੇ ਹੋਣ ਤੋਂ ਪਹਿਲਾਂ ਟ੍ਰਾਇਲ ਦੇ ਵੈਸ਼ਵਿਕ ਅੰਕੜਿਆਂ ਦੇ ਆਧਾਰ 'ਤੇ ਲਾਈਸੈਂਸ ਲਈ ਅਰਜ਼ੀ ਪਾ ਸਕਦਾ ਹੈ।

ਨੋਵਾਵੈਕਸ ਵੈਕਸੀਨ ਦੀਆਂ ਦੋ ਡੋਜ਼ਾਂ ਦਿੱਤੀਆਂ ਜਾਂਦੀਆਂ ਹਨ। ਅਮਰੀਕਾ ਵਿੱਚ ਹੋਏ ਟ੍ਰਾਇਲ ਦੌਰਾਨ ਇਸ ਵੈਕਸੀਨ ਨੂੰ ਲਾਗ ਵਧੇਰੇ ਗੰਭੀਰ ਤੌਰ 'ਤੇ ਬਿਮਾਰ ਲੋਕਾਂ ਵਿੱਚ ਉਸ ਨੂੰ 91 ਫੀਸਦ ਅਤੇ ਮੱਧਮ ਤੇ ਘੱਟ ਗੰਭੀਰ ਮਾਮਲਿਆਂ ਵਿੱਚ 100 ਫੀਸਦ ਅਸਰਦਾਰ ਦੱਸਿਆ ਗਿਆ ਹੈ।

ਬਾਓਲਾਜੀਕਲ ਈ ਦੀ ਵੈਕਸੀਨ ਬਾਰੇ ਕੀ ਜਾਣਦੇ ਹਾਂ?

ਸਰਕਾਰ ਨੇ ਬਾਓਲਾਜੀਕਲ ਈ ਨੂੰ 30 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਹੈ। ਇਸ ਕੰਪਨੀ ਨੇ ਅਮਰੀਕੀ ਦਵਾਈ ਕੰਪਨੀ ਡਾਇਨਾਵੈਕਸ ਅਤੇ ਬੇਲਰ ਕਾਲਜ ਆਫ ਮੈਡੀਸਿਨ ਨਾਲ ਮਿਲ ਕੇ ਵੈਕਸੀਨ ਤਿਆਰ ਕੀਤੀ ਹੈ।

ਭਾਰਤ ਨੇ 20.6 ਕਰੋੜ ਡਾਲਰ ਦਾ ਆਰਡਰ ਉਦੋਂ ਦਿੱਤਾ ਹੈ ਜਦੋਂ ਵੈਕਸੀਨ ਨੂੰ ਅਜੇ ਤੱਕ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਵੀ ਨਹੀਂ ਮਿਲੀ ਹੈ।

ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਬੇਨਾਮ ਵੈਕਸੀਨ ਕਲੀਨੀਕਲ ਟ੍ਰਾਇਲ ਦੇ ਤੀਜੇ ਗੇੜ ਵਿੱਚ ਹੈ। ਇਸ ਨੂੰ ਹਜ਼ਾਰਾਂ ਲੋਕਾਂ ਨੂੰ ਹੁਣ ਤੱਕ ਦਿੱਤਾ ਜਾ ਚੁੱਕਿਆ ਹੈ ਤੇ ਅਸਰਦਾਰ ਤੇ ਸੁਰੱਖਿਆ ਲਈ ਪਰੀਖਣ ਕੀਤਾ ਗਿਆ ਹੈ।

ਸ਼ੁਰੂਆਤੀ ਦੋ ਗੇੜਾਂ ਵਿੱਚ ਇਸ ਨੇ 'ਹੈਰਾਨੀਜਨਕ ਨਤੀਜੇ' ਪੇਸ਼ ਕੀਤੇ ਹਨ।

ਸਪੁਤਿਨਕ V ਬਾਰੇ ਅਸੀਂ ਕੀ ਜਾਣਦੇ ਹਾਂ

ਸਪੁਤਨਿਕ V ਟੀਕਾ ਮੌਸਕੋ ਦੇ ਗਮਾਲਿਆ ਸੰਸਥਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਅੰਤਿਮ ਟਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਇਹ ਕੁਝ ਵਿਵਾਦਾਂ 'ਚ ਘਿਰ ਗਿਆ ਸੀ।

ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਫਾਇਦੇ ਹੁਣ ਸਾਫ਼ ਦਿਖਾਈ ਦੇ ਰਹੇ ਹਨ।

ਇਸ 'ਚ ਇੱਕ ਠੰਡੀ ਤਰ੍ਹਾਂ ਦੇ ਵਾਇਰਸ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਸਿਰਫ਼ ਕੋਰੋਨਾਵਾਇਰਸ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਸਰੀਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ।

ਇਸ ਤਰ੍ਹਾਂ ਨਾਲ ਇਹ ਸਰੀਰ ਨੂੰ ਵਾਇਰਸ ਦੇ ਜੈਨੇਟਿਕ ਕੋਡ ਦੇ ਇੱਕ ਹਿੱਸੇ ਨਾਲ ਸੁਰੱਖਿਅਤ ਕਰਵਾਉਂਦਾ ਹੈ ਅਤੇ ਨਾਲ ਹੀ ਖ਼ਤਰੇ ਦੀ ਪਛਾਣ ਕਰਨ ਅਤੇ ਉਸ ਨਾਲ ਨਜਿੱਠਣ ਦੀ ਤਰਕੀਬ ਵੀ ਦੱਸਦਾ ਹੈ।

ਕੋਰੋਨਾ ਦੇ ਜੈਨੇਟਿਕ ਕੋਡ ਦਾ ਇੱਕ ਅੰਸ਼ ਜਦੋਂ ਸਰੀਰ ਵਿੱਚ ਜਾਂਦਾ ਹੈ ਤਾਂ ਇਮਿਊਨ ਸਿਸਟਮ ਬਿਨਾਂ ਸਰੀਰ ਨੂੰ ਬੀਮਾਰ ਕੀਤੇ ਇਸ ਖ਼ਤਰੇ ਨੂੰ ਪਛਾਣ ਕੇ ਲੜਨਾ ਸਿੱਖ ਜਾਂਦਾ ਹੈ।

ਇਹ ਵੀ ਪੜ੍ਹੋ:

ਟੀਕਾ ਲਗਵਾਉਣ ਤੋਂ ਬਾਅਦ ਸਰੀਰ ਐਂਟੀਬਾਡੀਜ਼ ਜਾਂ ਪ੍ਰਤੀਰੋਧਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੰਦਾ ਹੈ, ਖ਼ਾਸ ਕਰਕੇ ਕੋਰੋਨਾਵਾਇਰਸ ਦੇ ਅਨੁਕੂਲ।

ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਸਰੀਰ ਕੋਵਿਡ-19 ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਸਮੇਂ ਇਮਿਊਨ ਸਿਸਟਮ ਕੋਰੋਨਾਵਾਇਰਸ ਨਾਲ ਲੜਣ ਦੀ ਤਾਕਤ ਰੱਖਦਾ ਹੈ।

ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਦੇ ਤਪਮਾਨ 'ਤੇ ਸਟੋਰ ਕੀਤਾ ਜਾਂਦਾ ਹੈ, ਜਿਸ ਨਾਲ ਕਿ ਇਸ ਨੂੰ ਕਿਤੇ ਵੀ ਲੈ ਕੇ ਜਾਣਾ ਜਾਂ ਸਟੋਰ ਕਰਨਾ ਸੌਖਾ ਹੋ ਜਾਂਦਾ ਹੈ।

ਇੱਕ ਆਮ ਫਰਿੱਜ ਤਕਰੀਬਨ 3-5 ਡਿਗਰੀ ਸੈਲਸੀਅਸ ਤਾਪਮਾਨ ਰੱਖਦਾ ਹੈ।

ਭਾਰਤ ਨੂੰ 12.5 ਕਰੋੜ ਵੈਕਸੀਨ ਦੀ ਡੋਜ਼ ਦੀ ਪਹਿਲੀ ਖੇਪ ਮਈ ਵਿੱਚ ਮਿਲੀ ਸੀ।

ਰਿਪੋਰਟਾਂ ਅਨੁਸਾਰ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ), ਜੋ ਕਿ ਇਸ ਵੈਕਸੀਨ ਦੀ ਮਾਰਕਿਟਿੰਗ ਕਰ ਰਿਹਾ ਹੈ, ਨੇ ਭਾਰਤ 'ਚ ਸਪੁਤਨਿਕ V ਦੀਆਂ 75 ਕਰੋੜ ਖੁਰਾਕਾਂ ਦੇ ਉਤਪਾਦਨ ਲਈ ਛੇ ਘਰੇਲੂ ਟੀਕਾ ਨਿਰਮਾਤਾਵਾਂ ਨਾਲ ਇਕਰਾਰ ਕੀਤਾ ਹੈ।

ਸਪੁਤਨਿਕ V ਨੂੰ ਅਰਜ਼ਨਟੀਨਾ, ਫਲਸਤੀਨ, ਵੈਨੇਜ਼ੁਏਲਾ, ਹੰਗਰੀ, ਯੂਏਈ ਅਤੇ ਈਰਾਨ ਸਣੇ 60 ਦੇਸਾਂ ਵਿੱਚ ਆਗਿਆ ਦਿੱਤੀ ਜਾ ਚੁੱਕੀ ਹੈ।

ਅਸੀਂ ਕੋਵੈਕਸੀਨ ਬਾਰੇ ਕੀ ਕੁਝ ਜਾਣਦੇ ਹਾਂ

ਕੋਵੈਕਸੀਨ ਇੱਕ ਗ਼ੈਰ-ਸਰਗਰਮ (ਇਨਐਕਟਿਵ) ਟੀਕਾ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਮਾਰੇ ਗਏ ਕੋਰੋਨਾਵਾਇਰਸ ਤੋਂ ਬਣਿਆ ਹੈ, ਜਿਸ ਨਾਲ ਇਸ ਨੂੰ ਸਰੀਰ 'ਚ ਸੁਰੱਖਿਅਤ ਢੰਗ ਨਾਲ ਲਗਾਇਆ ਜਾ ਸਕਦਾ ਹੈ।

ਭਾਰਤ ਬਾਇਓਟੈਕ ਨੇ ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਵੱਲੋਂ ਵੱਖ ਕੀਤੇ ਗਏ ਕੋਰੋਨਾਵਾਇਰਸ ਦੇ ਨਮੂਨੇ ਦੀ ਵਰਤੋਂ ਕਰਕੇ ਇਸ ਨੂੰ ਤਿਆਰ ਕੀਤਾ ਹੈ।

ਜਦੋਂ ਇਸ ਨੂੰ ਲਗਾਇਆ ਜਾਂਦਾ ਹੈ ਤਾਂ ਇਮਿਊਨ ਸੈੱਲ ਮਰੇ ਹੋਏ ਵਾਇਰਸ ਦੀ ਪਛਾਣ ਕਰ ਸਕਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਹਾਂਮਾਰੀ ਦੇ ਵਾਇਰਸ ਵਿਰੁੱਧ ਐਂਟੀਬਾਡੀਜ਼ ਬਣਾਉਣ ਲਈ ਪ੍ਰੇਰਿਤ ਕਰਦੇ ਹਨ।

ਚਾਰ ਹਫ਼ਤਿਆਂ ਦੇ ਅੰਤਰਾਲ 'ਚ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਭਾਰਤ ਵਿੱਚ ਦੋਵਾਂ ਖੁਰਾਕਾਂ ਵਿਚਾਲੇ ਫ਼ਰਕ ਨੂੰ ਵਧਾਇਆ ਗਿਆ ਹੈ। ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਇਸ ਦੇ ਤੀਜੇ ਪੜਾਅ ਦੇ ਸ਼ੁਰੂਆਤੀ ਨਤੀਜਿਆਂ ਦੇ ਅਨੁਸਾਰ ਇਸ ਟੀਕੇ ਦੀ ਕਾਰਜਕੁਸ਼ਲਤਾ ਦਰ 81 ਫੀਸਦ ਹੈ।

ਭਾਰਤ ਦੇ ਰੈਗੂਲੇਟਰਾਂ ਨੇ ਜਨਵਰੀ ਮਹੀਨੇ ਹੀ ਇਸ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਸੀ ਜਦੋਂਕਿ ਉਸ ਸਮੇਂ ਇਸ ਵੈਕਸੀਨ ਦੇ ਟਰਾਇਲ ਦਾ ਤੀਜਾ ਪੜਾਅ ਅਜੇ ਜਾਰੀ ਸੀ।

ਕੋਵੀਸ਼ੀਲਡ ਕਿੰਨਾ ਕੁ ਅਸਰਦਾਰ

ਓਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੇ ਕੌਮਾਂਤਰੀ ਟਰਾਇਲਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਪਹਿਲਾਂ ਇਸ ਦੀ ਅੱਧੀ ਖੁਰਾਕ ਅਤੇ ਬਾਅਦ 'ਚ ਪੂਰੀ ਖੁਰਾਕ ਦਿੱਤੀ ਗਈ ਤਾਂ ਇਹ 90 ਫੀਸਦ ਅਸਰਦਾਰ ਸੀ।

ਪਰ ਇਸ ਅੱਧੀ ਅਤੇ ਫਿਰ ਪੂਰੀ ਖੁਰਾਕ ਨੂੰ ਮਨਜ਼ੂਰ ਕੀਤੇ ਜਾਣ ਪਿੱਛੇ ਕੋਈ ਸਪਸ਼ਟ ਅੰਕੜੇ ਮੌਜੂਦ ਨਹੀਂ ਹਨ।

ਹਾਲਾਂਕਿ ਜੋ ਅੰਕੜੇ ਛਾਪੇ ਨਹੀਂ ਹੋਏ ਹਨ, ਉਨ੍ਹਾਂ ਮੁਤਾਬਕ ਪਹਿਲੀ ਅਤੇ ਦੂਜੀ ਖੁਰਾਕ ਦਰਮਿਆਨ ਲੰਮਾ ਸਮਾਂ ਪਾਉਣ ਨਾਲ ਟੀਕੇ ਦਾ ਅਸਰ ਵੱਧ ਜਾਂਦਾ ਹੈ।

ਇੱਕ ਛੋਟੇ ਸਮੂਹ ਨੂੰ ਇਸ ਢੰਗ ਨਾਲ ਹੀ ਟੀਕਾ ਲਗਾਇਆ ਗਿਆ ਸੀ ਅਤੇ ਪਹਿਲੀ ਖੁਰਾਕ ਤੋਂ ਬਾਅਦ 70 ਫੀਸਦ ਅਸਰਦਾਰ ਮਿਲਿਆ।

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਕਹਿਣਾ ਹੈ ਕਿ ਕੋਵੀਸ਼ੀਲਡ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਬ੍ਰਾਜ਼ੀਲ ਤੇ ਬ੍ਰਿਟੇਨ 'ਚ ਹੋਏ ਤੀਜੇ ਪੜਾਅ ਦੇ ਟਰਾਇਲ ਦੇ ਨਤੀਜਿਆਂ ਦਾ ਸਮਰਥਨ ਕਰਦਾ ਹੈ।

ਕਲੀਨਿਕਲ ਟਰਾਇਲ ਇੱਕ ਤਿੰਨ ਪੜਾਅ ਵਾਲੀ ਪ੍ਰਕਿਰਿਆ ਹੈ, ਜਿਸ ਦਾ ਮਕਸਦ ਇਹ ਤੈਅ ਕਰਨਾ ਹੁੰਦਾ ਹੈ ਕਿ ਕੀ ਟੀਕਾ ਵਧੀਆ ਪ੍ਰਤੀਰੋਧਕ ਪ੍ਰਤੀਕਰਮ ਪੈਦਾ ਕਰਦਾ ਹੈ ਜਾਂ ਫਿਰ ਇਸ ਦੇ ਮਾੜੇ ਅਸਰ ਸਾਹਮਣੇ ਆਉਂਦੇ ਹਨ।

ਭਾਰਤ ਵਿੱਚ ਬਣ ਰਹੇ ਹੋਰ ਵੈਕਸੀਨ

ਭਾਰਤ 'ਚ ਆਪਣੇ ਟੀਕੇ ਦੀ ਸੁਰੱਖਿਆ ਅਤੇ ਕਾਰਕੁਸ਼ਲਤਾ ਦੀ ਜਾਂਚ ਕਰਨ ਵਾਲੇ ਕੁਝ ਹੋਰ ਉਮੀਦਵਾਰ ਮੌਜੂਦ ਹਨ, ਜੋ ਕਿ ਵੱਖ-ਵੱਖ ਪੜਾਅ 'ਤੇ ਟਰਾਇਲ ਕਰਨ 'ਚ ਰੁੱਝੇ ਹੋਏ ਹਨ। ਇਹ ਹਨ:-

  • ਜ਼ਾਈਕੋਵ-ਡੀ: ਇਹ ਅਹਿਮਦਾਬਾਦ ਸਥਿਤ ਜ਼ਾਇਡਸ-ਕੈਡਿਲਾ ਵੱਲੋਂ ਬਣਾਈ ਜਾ ਰਹੀ ਹੈ।
  • HGCO19 ਭਾਰਤ ਦੀ ਪਹਿਲੀ mRNA ਆਧਾਰਿਤ ਵੈਕਸੀਨ ਹੈ, ਜਿਸ ਨੂੰ ਪੁਣੇ ਸਥਿਤ ਜੇਨੋਵਾ ਨੇ ਸਿਏਟਲ ਸਥਿਤ ਐੱਚਡੀਟੀ ਕਾਰਪੋਰਸ਼ਨ ਨਾਲ ਮਿਲ ਕੇ ਤਿਆਰ ਕੀਤਾ ਹੈ, ਇਹ ਜੈਨੇਟਿਕ ਕੋਡ ਦੀ ਵਰਤੋਂ ਕਰਦੀ ਹੈ ਜੋ ਕਿ ਪ੍ਰਤੀਰੋਧਕ ਸਮਰਥਾ ਨੂੰ ਸਰਗਰਮ ਕਰਦਾ ਹੈ।
  • ਭਾਰਤ ਬਾਇਓਟੈਕ ਵੱਲੋਂ ਇੱਕ ਨੱਕ ਤੋਂ ਲੈਣ ਵਾਲਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ।

ਭਾਰਤ ਤੋਂ ਕਿਹੜੇ ਦੇਸ ਟੀਕੇ ਲੈ ਰਹੇ ਹਨ

ਭਾਰਤ ਨੇ ਲਾਤੀਨੀ ਅਮਰੀਕਾ, ਕੈਰੇਬੀਅਨ, ਏਸ਼ੀਆ ਅਤੇ ਅਫ਼ਰੀਕਾ ਦੇ 95 ਦੇਸਾਂ ਨੂੰ ਟੀਕਿਆਂ ਦੀਆਂ 6.6 ਕਰੋੜ ਖੁਰਾਕਾਂ ਭੇਜੀਆਂ ਹਨ।

ਇੰਨ੍ਹਾਂ 'ਚ ਯੂਕੇ, ਕੈਨੇਡਾ ਅਤੇ ਮੈਕਸੀਕੋ ਦੇਸ ਵੀ ਸ਼ਾਮਲ ਹਨ। ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਹੀ ਟੀਕੇ ਜਾਂ ਤਾਂ ਤੋਹਫ਼ੇ ਦੇ ਰੂਪ 'ਚ ਜਾਂ ਫਿਰ ਕਿਸੇ ਵਪਾਰਕ ਸਮਝੌਤੇ ਦੇ ਤਹਿਤ ਬਰਾਮਦ ਕੀਤੇ ਗਏ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ 'ਚ 190 ਦੇਸਾਂ ਦੇ ਲੋਕਾਂ ਲਈ 200 ਕਰੋੜ ਤੋਂ ਵੀ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਪਰ ਮਾਰਚ ਮਹੀਨੇ ਭਾਰਤ ਨੇ ਓਕਸਫੋਰਡ-ਐਸਟਰਾਜ਼ੇਨੇਕਾ ਟੀਕੇ ਦੀ ਬਰਾਮਦਗੀ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।

ਭਾਰਤ ਸਰਕਾਰ ਨੇ ਕਿਹਾ ਹੈ ਕਿ ਦੇਸ 'ਚ ਲਗਾਤਾਰ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਦਾ ਮਤਲਬ ਹੈ ਕਿ ਟੀਕੇ ਦੀ ਮੰਗ 'ਚ ਵੀ ਵਾਧਾ ਹੋ ਸਕਦਾ ਹੈ।

ਇਸ ਲਈ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਹੀ ਇਸ ਅਸਥਾਈ ਰੋਕ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)