ਖੇਤੀ ਕਾਨੂੰਨ : ਜਦੋਂ ਪ੍ਰਤਾਪ ਬਾਜਵਾ ਮੇਜ਼ ਉੱਤੇ ਚੜ੍ਹ ਗਏ ਤਾਂ ਫਾਇਲਾਂ ਸਪੀਕਰ ਵੱਲ ਸੁੱਟੀਆਂ

ਮੰਗਲਵਾਰ ਨੂੰ ਰਾਜਸਭਾ ਵਿੱਚ ਵਿਰੋਧੀ ਧਿਰ ਨੇ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਮ ਕੇ ਹੰਗਾਮਾ ਕੀਤਾ।

ਵਿਰੋਧੀ ਧਿਰ ਦੇ ਆਗੂਆਂ ਨੇ 'ਜੈ ਜਵਾਨ ਜੈ ਕਿਸਾਨ'ਅਤੇ 'ਕਾਲੇ ਕਾਨੂੰਨ ਵਾਪਸ ਲਵੋ' ਦੇ ਨਾਅਰੇ ਲਗਾਏ।

ਇੰਨਾਂ ਹੀ ਨਹੀਂ, ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸੰਸਦ 'ਚ ਮੇਜ਼ ਦੇ ਉੱਤੇ ਚੜ੍ਹ ਗਏ ਅਤੇ ਸਭ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਪ੍ਰਤਾਪ ਸਿੰਘ ਬਾਜਵਾ ਲਗਾਤਾਰ ਮੇਜ਼ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ, “ਖੇਤੀ ਕਾਨੂੰਨ ਵਾਪਸ ਲਓ”।

ਮਾਮਲਾ ਇੰਨਾਂ ਜ਼ਿਆਦਾ ਭੱਖ ਗਿਆ ਕਿ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।

ਇਹ ਵੀ ਪੜ੍ਹੋ-

ਸੰਸਦ ਤੋਂ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਇਹ ਅੰਨੀ, ਬੋਲੀ ਅਤੇ ਗੂੰਗੀ ਸਰਕਾਰ ਹੈ। ਇਹ ਸਰਕਾਰ ਨਾ ਕਿਸਾਨਾਂ ਦੀ ਗੱਲ ਸੁਣਦੀ ਹੈ ਅਤੇ ਨਾ ਹੀ ਦੂਜੀਆਂ ਪਾਰਟੀਆਂ ਦੀ।"

ਖ਼ਬਰ ਏਜੰਸੀ ਏਐੱਨਐਈ ਵੱਲੋਂ ਇੱਕ ਸੰਸਦ ਮੈਂਬਰ ਵੱਲੋਂ ਬਣਾਏ ਗਏ ਵੀਡੀਓ ਜਾਰੀ ਹੋਈ ਹੈ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਸਪੀਕਰ ਵੱਲ ਇੱਕ ਫਾਇਲ ਵਰਗੀ ਚੀਜ਼ ਸੁੱਟਦੇ ਹੋਏ ਨਜ਼ਰ ਆ ਰਹੇ ਹਨ।

ਬੀਤੇ ਕਈ ਮਹੀਨੇ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਮਸਲੇ ਦਾ ਹੱਲ ਨਹੀਂ ਹੋਇਆ ਹੈ।

ਪਿਛਲੇ ਕਈ ਦਿਨਾਂ ਤੋਂ ਸੰਸਦ ਦੀ ਕਾਰਵਾਈ ਹੰਗਾਮਿਆਂ ਦੀ ਭੇਟ ਚੜ੍ਹ ਰਹੀ ਹੈ। ਕਿਸਾਨਾਂ ਦੇ ਹੱਕ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੈਗਾਸਸ ਮਾਮਲੇ 'ਚ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਆਗੂਆਂ ਨੇ ਆਪਣਾ ਮੋਰਚਾ ਖੋਲ੍ਹਿਆ ਹੋਇਆ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਨੂੰਨ ਵਾਪਸ ਨਹੀਂ ਲਵੇਗੀ, ਕਾਂਗਰਸ ਪਾਰਟੀ ਕਿਸਾਨਾਂ ਲਈ ਇਹ ਜੰਗ ਲੜਦੀ ਰਹੇਗੀ।

ਉਨ੍ਹਾਂ ਕਿਹਾ, "ਕਿਸਾਨ ਬਾਹਰ ਜੰਗ ਜਾਰੀ ਰੱਖਣ ਅਤੇ ਅਸੀਂ ਇਹ ਜੰਗ ਅੰਦਰ ਜਾਰੀ ਰੱਖਾਂਗੇ।"

ਅਕਾਲੀ ਦਲ - ਕਾਂਗਰਸ ਦਾ ਸਾਂਝਾ ਪ੍ਰਦਰਸ਼ਨ

ਦੂਜੇ ਪਾਸੇ ਅਕਾਲੀ ਦਲ ਲਗਾਤਾਰ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਸੰਸਦ ਬਾਹਰ ਇਸ ਦੀ ਅਗਵਾਈ ਹਰਸਿਮਰਤ ਕੌਰ ਬਾਦਲ ਕਰ ਰਹੇ ਹਨ।

ਅੱਜ ਤਾਂ ਸੰਸਦ ਬਾਹਰ ਵੱਖਰਾ ਹੀ ਨਜ਼ਾਰਾ ਮਿਲਿਆ ਜਦੋਂ ਅਕਾਲੀ ਦਲ ਨਾਲ ਰਲ ਕੇ ਕਾਂਗਰਸੀ ਆਗੂ ਵੀ ਸੰਸਦ ਬਾਹਰ ਹੱਥਾਂ 'ਚ ਤਖ਼ਤੀਆਂ ਲੈ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ।

ਇਸ ਵਿੱਚ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ, ਬਲਿੰਦਰ ਸਿੰਘ ਭੂੰਦਰ ਅਤੇ ਹੋਰ ਕਈ ਆਗੂ ਸ਼ਾਮਲ ਸਨ ਅਤੇ ਕਾਂਗਰਸ ਵੱਲੋਂ ਗੁਰਜੀਤ ਔਜਲਾ ਸਣੇ ਹੋਰ ਕਈ ਕਾਂਗਰਸੀ ਆਗੂ ਖੜੇ ਸਨ।

ਹਾਲਾਂਕਿ ਕੁਝ ਦਿਨਾਂ ਪਹਿਲਾਂ ਹਰਸਿਮਰਤ ਕੌਰ ਬਾਦਲ ਨਾਲ ਸੰਸਦ ਬਾਹਰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਉਲਝਦੇ ਨਜ਼ਰ ਆਏ ਸੀ।

ਉਨ੍ਹਾਂ ਹਰਸਿਮਰਤ ਕੌਰ 'ਤੇ ਭਾਜਪਾ ਨਾਲ ਮਿਲ ਕੇ ਕਾਨੂੰਨ ਲਿਆਉਣ ਦਾ ਇਲਜ਼ਾਮ ਲਾਇਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)