ਓਲੰਪਿਕ ਖੇਡਾਂ ਟੋਕੀਓ 2020: ਹਾਕੀ 'ਚ ਹੈਟ੍ਰਿਕ ਮਾਰਨ ਵਾਲੀ ਵੰਦਨਾ ਦੇ ਪਰਿਵਾਰ ਬਾਰੇ ਕਥਿਤ ਜਾਤੀਵਾਦੀ ਟਿੱਪਣੀ ਉੱਤੇ ਬੋਲੀ ਕਪਤਾਨ ਰਾਣੀ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਟੀਮ ਦੀ ਖਿਡਾਰਨ ਵੰਦਨਾ ਕਟਾਰੀਆ ਦੇ ਪਰਿਵਾਰ ਨਾਲ ਕਥਿਤ ਜਾਤੀ ਸ਼ੋਸ਼ਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ।

ਓਲੰਪਿਕ 'ਚ ਭਾਰਤੀ ਟੀਮ ਲਈ ਇੱਕੋ ਮੈਚ ਵਿਚ ਤਿੰਨ ਗੋਲ ਕਰਨ ਵਾਲੀ ਖਿਡਾਰਨ ਵੰਦਨਾ ਕਟਾਰੀਆ ਦੇ ਪਰਿਵਾਰ ਨੇ ਸੈਮੀ ਫਾਈਨਲ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਆਪਣੇ ਘਰ ਦੇ ਬਾਹਰ ਜਾਤੀ ਨਾਲ ਜੁੜੀ ਨਾਅਰੇਬਾਜ਼ੀ ਦਾ ਇਲਜ਼ਾਮ ਲਗਾਇਆ ਸੀ।

ਵੰਦਨਾ ਕਟਾਰੀਆ ਦਾ ਪਰਿਵਾਰ ਉਤਰਾਖੰਡ ਦੇ ਹਰੀਦੁਆਰ 'ਚ ਰਹਿੰਦਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਰਾਣੀ ਰਾਮਪਾਲ ਨੇ ਸ਼ਨੀਵਾਰ ਨੂੰ ਇੱਕ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਜੋ ਹੋਇਆ ਉਹ ਬਹੁਤ ਮਾੜੀ ਗੱਲ ਹੈ। ਅਸੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਬਹੁਤ ਮਿਹਨਤ ਕਰਦੇ ਹਾਂ। ਧਰਮ, ਜਾਤ ਦੇ ਆਧਾਰ 'ਤੇ ਭੇਦਭਾਵ ਬੰਦ ਹੋਣਾ ਚਾਹੀਦਾ ਹੈ। ਅਸੀਂ ਸਾਰੇ ਇਸ ਤੋਂ ਉੱਤੇ ਉੱਠ ਕੇ ਕੰਮ ਕਰਦੇ ਹਾਂ।''

ਸ਼ੁੱਕਰਵਾਰ ਨੂੰ ਭਾਰਤੀ ਟੀਮ ਕਾਂਸੀ ਤਮਗੇ ਲਈ ਹੋਏ ਮੁਕਾਬਲੇ 'ਚ ਗ੍ਰੇਟ ਬ੍ਰਿਟੇਨ ਤੋਂ 3-4 ਦੇ ਫ਼ਰਕ ਨਾਲ ਹਾਰ ਗਈ ਸੀ।

ਇਹ ਵੀ ਪੜ੍ਹੋ:

ਭਾਰਤੀ ਟੀਮ ਓਲੰਪਿਕ ਵਿੱਚ ਚੌਥੇ ਸਥਾਨ 'ਤੇ ਰਹੀ ਹੈ ਅਤੇ ਬਿਨਾਂ ਕੋਈ ਤਮਗਾ ਲਏ ਵਾਪਸ ਪਰਤੀ ਹੈ।

ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਦੁਨੀਆ ਭਰ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਖ਼ਾਸ ਤੌਰ 'ਤੇ ਭਾਰਤੀ ਹਾਕੀ 'ਚ ਟੀਮ ਨੇ ਨਵੀਂ ਜਾਨ ਫੂਕ ਦਿੱਤੀ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਰਾਣੀ ਰਾਮਪਾਲ ਨੇ ਕਿਹਾ, ''ਅਸੀਂ ਸਾਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਾਂ ਅਤੇ ਵੱਖ-ਵੱਖ ਧਰਮਾਂ ਨੂੰ ਮੰਨਦੇ ਹਾਂ। ਪਰ ਜਦੋਂ ਅਸੀਂ ਇੱਥੇ ਆਏ ਤਾਂ ਅਸੀਂ ਸਭ ਮਿਲ ਕੇ ਭਾਰਤ ਦੇ ਲਈ ਖੇਡ ਰਹੇ ਹਾਂ। ਜਦੋਂ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਦੇ ਖ਼ਰਾਬ ਵਿਵਹਾਰ 'ਚ ਸ਼ਾਮਲ ਦੇਖਦੇ ਹਾਂ ਤਾਂ ਸਾਨੂੰ ਬਹੁਤ ਸ਼ਰਮਿੰਦਗੀ ਹੁੰਦੀ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸੇ ਦਰਮਿਆਨ ਵੰਦਨਾ ਕਟਾਰੀਆ ਨੇ ਆਪਣੇ ਨਾਮ ਤੋਂ ਸ਼ੁਰੂ ਕੀਤੇ ਜਾਅਲੀ ਟਵਿੱਟਰ ਅਕਾਊਂਟ ਖ਼ਿਲਾਫ਼ ਟਵੀਟ ਕੀਤੇ। ਵੰਦਨਾ ਦੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਨਾਮ ਨਾਲ ਸ਼ੁਰੂ ਕੀਤੇ ਗਏ ਦੋ ਅਕਾਊਂਟ ਬੰਦ ਕਰ ਦਿੱਤੇ ਗਏ ਹਨ।

ਇੱਕ ਟਵੀਟ 'ਚ ਵੰਦਨਾ ਨੇ ਟੀਮ ਦੇ ਸਮਰਥਨ ਲਈ ਦੇਸ਼ ਭਰ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ।

ਵੰਦਨਾ ਨੇ ਕਿਹਾ, ''ਟੀਮ ਦੇ ਲਈ ਬੇਅੰਤ ਪਿਆਰ ਅਤੇ ਸਮਰਥਨ ਦੇਣ ਲਈ ਤੁਹਾਡਾ ਸਭ ਦਾ ਸ਼ੁਕਰੀਆ। ਅਸੀਂ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਾਂਗੇ।''

ਵੰਦਨਾ ਨੇ ਟਵੀਟ ਕਰਕੇ ਕਿਹਾ, ''ਮੇਰਾ ਪਰਿਵਾਰ ਔਖੀ ਘੜੀ ਤੋਂ ਲੰਘ ਰਿਹਾ ਹੈ। ਮੇਰੇ ਲਈ ਵੀ ਇਹ ਔਖਾ ਸਮਾਂ ਹੈ। ਸਾਨੂੰ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ। ਕੁਝ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਸਾਡੀਆਂ ਮੁਸ਼ਕਲਾਂ ਹੋਰ ਨਾ ਵਧਾਓ। ਮੈਂ ਦੇਖ ਰਹੀ ਹਾਂ ਕੁਝ ਲੋਕ ਮੇਰੇ ਨਾਮ ਤੋਂ ਅਕਾਊਂਟ ਬਣਾ ਕੇ ਟਵੀਟ ਕਰ ਰਹੇ ਹਨ।''

ਇਸੇ ਦਰਮਿਆਨ ਵੰਦਨਾ ਕਟਾਰੀਆ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਹਰੀਦੁਆਰ ਪੁਲਿਸ ਨੇ ਮੁੱਕਦਮਾ ਦਰਜ ਕਰਕੇ ਪਰਿਵਾਰ ਖ਼ਿਲਾਫ਼ ਕਥਿਤ ਤੌਰ 'ਤੇ ਜਾਤੀਵਾਦੀ ਨਾਅਰੇਬਾਜ਼ੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਇਹ ਗ੍ਰਿਫ਼ਤਾਰੀ ਐਸਸੀ-ਐਸਟੀ ਐਕਟ ਤਹਿਤ ਕੀਤੀ ਹੈ। ਵੰਦਨਾ ਕਟਾਰੀਆ ਹਰੀਦੁਆਰ ਦੇ ਰੋਸ਼ਨਾਬਾਦ ਪਿੰਡ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)