ਗੁਰਨਾਮ ਸਿੰਘ ਚਢੂਨੀ ਨੇ ਕਿਉਂ ਕੀਤਾ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਬਾਇਕਾਟ ਦਾ ਐਲਾਨ - ਪ੍ਰੈੱਸ ਰਿਵੀਊ

ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਵਿੱਚ ਨਾ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚਾ ਉੱਤੇ ਉਨ੍ਹਾਂ ਖ਼ਿਲਾਫ਼ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਹਨ।

ਪੱਖਪਾਤ ਦੇ ਇਨ੍ਹਾਂ ਇਲਜ਼ਾਮਾਂ ਦੇ ਨਾਲ ਹੀ ਚਢੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬੌਡੀ ਦੀ ਮੀਟਿੰਗ ਸਣੇ 9 ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ।

ਖ਼ਬਰ ਮੁਤਾਬਕ ਮੋਰਚਾ ਦੇ ਲੀਡਰਾਂ ਦਰਮਿਆਨ ਫ਼ਿਰ ਤੋਂ ਵੱਖਰੇਵੇਂ ਸਾਹਮਣੇ ਆ ਰਹੇ ਹਨ, ਜਦੋਂ ਚਢੂਨੀ ਨੇ ਮੋਰਚਾ ਦੇ ਖ਼ਾਸ ਤੌਰ 'ਤੇ ਪੰਜਾਬ ਵਾਲੇ ਲੀਡਰਾਂ ਨੂੰ ਇਸ ਗੱਲ ਦਾ ਦੋਸ਼ੀ ਠਹਿਰਾਇਆ ਕਿ ਉਨ੍ਹਾਂ ਚਢੂਨੀ ਥ਼ਿਲਾਫ਼ ਪੱਖਪਾਤੀ ਵੀਡੀਓ ਮੈਸੇਜ ਦਿੱਤੇ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਚਢੂਨੀ ਨੇ ਕਿਹਾ, ''ਪਹਿਲੇ ਦਿਨ ਤੋਂ ਉਹ ਮੇਰੇ ਖ਼ਿਲਾਫ਼ ਪੱਖਪਾਤੀ ਰਹੇ ਹਨ। ਮੇਰੇ ਖ਼ਿਲਾਫ਼ ਉਨ੍ਹਾਂ ਦੋ ਵਾਰ ਐਕਸ਼ਨ ਲਿਆ ਪਰ ਸ਼ਿਵ ਕੁਮਾਰ ਕੱਕਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।''

ਇਹ ਵੀ ਪੜ੍ਹੋ:

ਕਾਂਗਰਸ ਨੇ ਕਿਹਾ ਭਾਜਪਾ ਟਵਿੱਟਰ ਨੂੰ ਡਰਾਉਣ 'ਚ ਮਸਰੂਫ਼

ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਸ਼ਨੀਵਰ ਨੂੰ 'ਆਰਜ਼ੀ' ਤੌਰ 'ਤੇ ਲੌਕ ਹੋ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੌਂ ਸਾਲ ਦੀ ਦਲਿਤ ਬੱਚੀ ਜੋ ਬਲਾਤਕਾਰ ਪੀੜਤ ਹੈ, ਉਸ ਦੇ ਪਰਿਵਾਰ ਨਾਲ ਤਸਵੀਰ ਟਵਿੱਟਰ 'ਤੇ ਪਾਈ ਸੀ ਜਿਸ ਨੂੰ ਟਵਿੱਟਰ ਨੇ ਹਟਾ ਦਿੱਤਾ ਸੀ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਲੌਕ ਹੋਣ ਦਾ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਟਵਿੱਟਰ ਨੂੰ ਇੱਕ ਨੋਟਿਸ ਜਾਰੀ ਕੀਤਾ।

ਨੋਟਿਸ ਮੁਤਾਬਕ ਕਮਿਸ਼ਨ ਨੇ ਟਵਿੱਟਰ ਨੂੰ ਅਜਿਹੇ ਟਵੀਟ ਹਟਾਉਣ ਨੂੰ ਕਿਹਾ ਸੀ, ਜਿਸ 'ਚ ਬਲਾਤਕਾਰ ਪੀੜਤ ਦੀ ਪਛਾਣ ਹੁੰਦੀ ਹੋਵੇ।

ਇਸ ਮਾਮਲੇ 'ਤੇ ਰਾਹੁਲ ਗਾਂਧੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੂਜੇ ਪਾਸੇ ਕਾਂਗਰਸ ਨੇ ਭਾਜਪਾ ਉੱਤੇ ਟਵਿੱਟਰ ਨੂੰ ਡਰਾਉਣ ਦੇ ਇਲਜ਼ਾਮ ਲਗਾਏ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਕਬਜ਼ੇ ਦਾ ਦਾਇਰਾ ਵਧਾਇਆ

ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਦੂਜੀ ਸੂਬਾਈ ਰਾਜਧਾਨੀ ਉੱਤੇ ਵੀ ਕਬਜ਼ਾ ਕਰ ਲਿਆ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦੱਖਣੀ-ਪੱਛਮੀ ਵਿੱਤੀ ਕੇਂਦਰ ਜ਼ਾਰੰਜ ਉੱਤੇ ਕਬਜ਼ਾ ਕੀਤਾ ਸੀ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਤਾਲਿਬਾਨ ਦੇ ਲੜਾਕੂਆਂ ਨੇ ਭਾਰੀ ਹਥਿਆਰਾਂ ਦੇ ਨਾਲ ਅਫ਼ਗਾਨਿਸਤਾਨ ਦੇ ਸ਼ਿਬਰਘਾਨ ਇਲਾਕੇ ਜਿਸ ਨੂੰ ਉੱਤਰੀ ਜਾਜ਼ੇਨ ਸੂਬੇ ਦੀ ਰਾਜਧਾਨੀ ਕਿਹਾ ਜਾਂਦਾ ਹੈ, ਉਸ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ।

ਸਥਾਨਕ ਸੂਬਾਈ ਕਾਊਂਸਲ ਦੇ ਮੁਖੀ ਬਾਬਰ ਇਸ਼ੀ ਨੇ ਕਿਹਾ, ''ਦੱਸ ਦਿਨਾਂ ਤੋਂ ਉੱਤੇ ਹੋ ਗਏ ਹਨ ਕਿ ਸ਼ਿਬਰਘਾਨ ਤਾਲਿਬਾਨ ਹਮਲੇ ਦੇ ਹੇਠਾਂ ਹੈ ਪਰ ਉਨ੍ਹਾਂ ਦਾ ਵੱਡਾ ਹਮਲਾ ਸਵੇਰੇ 4 ਵਜੇ ਸ਼ੁਰੂ ਹੋਇਆ ਅਤੇ ਪੂਰਾ ਸ਼ਹਿਰ ਦੁਪਹਿਰ ਇੱਕ ਵਜੇ ਘੇਰੇ ਵਿੱਚ ਆ ਗਿਆ।''

ਉਨ੍ਹਾਂ ਕਿਹਾ, ''ਸਥਾਨਕ ਸੁਰੱਖਿਆ ਬਲਾਂ ਦੇ ਨਾਲ-ਨਾਲ ਲੋਕਾਂ ਨੇ ਦੁਪਹਿਰਪ ਵੇਲੇ ਵਿਰੋਧ ਜਤਾਇਆ, ਝਗੜੇ ਹੋਏ। ਹੁਣ ਬੱਸ ਏਅਰਪੋਰਟ ਹੀ ਸਰਕਾਰ ਦੇ ਕੰਟਰੋਲ ਹੇਠਾਂ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)