ਅਮਰੀਕਾ ਵੀਜ਼ਾ ਨੀਤੀ ਬਦਲਾਅ : ਭਾਰਤੀ ਵਿਦਿਆਰਥੀਆਂ ਤੇ ਪੇਸ਼ੇਵਰਾਂ ਲਈ ਖੁਸ਼ੀ ਦੀ ਖ਼ਬਰ

    • ਲੇਖਕ, ਸਲੀਮ ਰਿਜ਼ਵੀ
    • ਰੋਲ, ਨਿਊਯਾਰਕ ਤੋਂ ਬੀਬੀਸੀ ਲਈ

ਅਮਰੀਕਾ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਨਰਮੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਫਾਇਦਾ ਹੋਵੇਗਾ।

ਵੀਜ਼ਾ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਖ਼ਾਸ ਤੌਰ 'ਤੇ ਅਮਰੀਕਾ ਵਿੱਚ ਕੰਮ ਕਰਨ ਲਈ ਐੱਚ1ਬੀ ਵੀਜ਼ਾ 'ਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਅਮਰੀਕਾ ਵਿੱਚ ਰਹਿੰਦਿਆਂ ਹੋਇਆ ਵਿਦਿਆਰਥੀ ਵੀਜ਼ਾ ਲੈਣ ਲਈ ਵੀ ਆਸਾਨੀ ਹੋਵੇਗੀ।

ਇਸ ਦੇ ਤਹਿਤ ਉਹ ਵਿਦਿਆਰਥੀ ਜੋ ਆਪਣੇ ਮਾਪਿਆਂ ਦੇ ਐੱਚ1ਬੀ ਵੀਜ਼ਾ 'ਤੇ ਰਹਿ ਰਹੇ ਹਨ, ਉਨ੍ਹਾਂ ਨੂੰ 21 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਬਾਅਦ ਵਿਦਿਆਰਥੀ ਵੀਜ਼ਾ ਲੈਣ ਅਤੇ ਆਪਣਾ ਕਾਨੂੰਨੀ ਸਟੇਟਸ ਬਰਕਰਾਰ ਰੱਖਣ ਲਈ ਵਾਰ-ਵਾਰ ਵੱਖਰੀ ਅਰਜ਼ੀ ਨਹੀਂ ਦੇਣੀ ਪਵੇਗੀ।

ਇਹ ਵੀ ਪੜ੍ਹੋ-

ਅਮਰੀਕਾ ਵਿੱਚ ਇਮੀਗ੍ਰੇਸ਼ਨ ਡਿਪਾਰਮੈਂਟ ਯੂਐੱਸਸੀਆਈਐੱਸ ਨੇ ਨਵੇਂ ਵੀਜ਼ਾ ਨਿਯਮਾਂ ਦਾ ਐਲਾਨ ਕਰਦਿਆਂ ਹੋਇਆ ਇੱਕ ਬਿਆਨ ਜਾਰੀ ਕੀਤਾ ਹੈ।

ਵਿਭਾਗ ਦੇ ਬਿਆਨ ਵਿੱਚ ਕਿਹਾ ਗਿਆ, "ਨਵੇਂ ਨਿਯਮਾਂ ਦੇ ਤਹਿਤ ਹੁਣ ਜਿਨ੍ਹਾਂ ਲੋਕਾਂ ਨੇ F1 ਸਟੂਡੈਂਟ ਵੀਜ਼ਾ ਲਈ ਚੇਂਜ ਆਫ ਸਟੇਟਸ (ਬਦਲਾਅ) ਲਈ ਅਰਜ਼ੀ ਲਗਾਈ ਹੈ, ਉਨ੍ਹਾਂ ਨੂੰ ਹੁਣ ਸਟੂਡੈਂਟ ਵੀਜ਼ਾ ਦੇ ਤਹਿਤ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਈ ਸ਼ੁਰੂ ਹੋਣ ਦੀ ਤਰੀਕ ਤੋਂ ਇੱਕ ਮਹੀਨਾ ਪਹਿਲਾਂ ਤੱਕ ਆਪਣਾ ਲੀਗਲ ਸਟੇਟਸ (ਕਾਨੂੰਨੀ ਹੈਸੀਅਤ) ਬਰਕਰਾਰ ਰੱਖਣ ਲਈ ਵਾਰ-ਵਾਰ ਇਮੀਗ੍ਰੇਸ਼ਨ ਅਰਜ਼ੀ ਨਹੀਂ ਭਰਨੀ ਪਵੇਗੀ।

ਲੀਗਲ ਸਟੇਟਸ ਵਿੱਚ ਗੈਪ

ਅਮਰੀਕਾ ਵਿੱਚ ਰਹਿਣ ਦਾ ਵੀਜ਼ਾ ਖ਼ਤਮ ਨਾ ਹੋਵੇ ਇਸ ਲਈ ਬਹੁਤ ਸਾਰੇ ਨੌਜਵਾਨਾਂ ਨੂੰ ਕਾਲਜ ਵਿੱਚ ਪੜ੍ਹਾਈ ਦਾ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾ ਤੱਕ ਵਿਭਿੰਨ ਪ੍ਰਕਾਰ ਦੇ ਵੀਜ਼ਾ ਹਾਸਿਲ ਕਰਕੇ ਆਪਣਾ ਲੀਗਲ ਸਟੇਟਸ ਬਹਾਲ ਰੱਖਣਾ ਪੈਂਦਾ ਸੀ, ਜਿਸ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਕਈ ਅਰਜ਼ੀਆਂ ਦੇਣੀਆਂ ਪੈਂਦੀਆਂ ਸਨ।

ਇਮੀਗ੍ਰੇਸ਼ਨ ਵਿਭਾਗ ਦੀ ਕਹਿਣਾ ਹੈ ਕਿ ਹੁਣ ਜਿਸ ਦਿਨ ਪਹਿਲੀ (I-539) ਐਪਲੀਕੇਸ਼ਨ ਮਨਜ਼ੂਰ ਕੀਤੀ ਜਾਵੇਗੀ, ਉਸੇ ਦਿਨ F-1 ਲਈ ਚੇਂਜ ਆਫ ਸਟੇਟਸ ਨੂੰ ਮਾਨਤਾ ਮਿਲ ਜਾਵੇਗੀ ਅਤੇ ਲੀਗਲ ਸਟੇਟਸ ਵਿੱਚ ਗੈਪ ਨਹੀਂ ਰਹੇਗਾ।

ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਦੀ ਪੜ੍ਹਾਈ ਦਾ ਕੋਰਸ ਸ਼ੁਰੂ ਹੋਣ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਹਿਲਾ ਹੀ ਉਸ ਦੀ ਐਪਲੀਕੇਸ਼ਨ ਮਨਜ਼ੂਰ ਹੋ ਗਈ ਹੈ ਤਾਂ ਉਸ ਦੌਰਾਨ ਵੀ ਸਟੂਡੈਂਟ ਵੀਜ਼ਾ ਦੇ ਸਾਰੇ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।

ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ਦਾ ਉਦਾਹਰਨ ਦਿੰਦਿਆਂ ਕਿਹਾ ਹੈ ਕਿ ਸਟੂਡੈਂਟ ਵੀਜ਼ਾ 'ਤੇ ਰਹਿ ਰਹੇ ਲੋਕਾਂ ਨੂੰ ਸਿੱਖਿਆ ਕੋਰਸ ਸ਼ੁਰੂ ਹੋਣ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਹਿਲਾਂ ਕੈਂਪਸ ਜਾਂ ਕੈਂਪਸ ਦੇ ਬਾਹਰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ।

ਸਟੂਡੈਂਟ ਵੀਜ਼ਾ ਵਿਭਾਗ

ਸਟੂਡੈਂਟ ਵੀਜ਼ਾ ਦੇ ਨਵੇਂ ਨਿਯਮਾਂ ਦਾ ਮਕਸਦ ਇਹ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਦੇ ਨਾਲ-ਨਾਲ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਲਈ ਕੰਮ ਵੀ ਨਹੀਂ ਵਧੇਗਾ ਅਤੇ ਖਰਚ ਵੀ ਘੱਟ ਹੋ ਜਾਵੇਗਾ।

ਮੂਲ ਤੌਰ 'ਤੇ ਹੈਦਰਾਬਾਦ ਸ਼ਹਿਰ ਦੇ ਕਹਿਣ ਵਾਲੇ ਭਰਤ ਸ਼ਿਆਮ ਹੁਣ ਨਿਊ ਜਰਸੀ ਵਿੱਚ ਰਹਿੰਦੇ ਹਨ ਅਤੇ ਆਈਟੀ ਖੇਤਰ ਵਿੱਚ ਕੰਮ ਕਰਦੇ ਹਨ।

ਉਹ ਐੱਚ1ਬੀ ਵੀਜ਼ਾ 'ਤੇ ਭਾਰਤ ਤੋਂ ਅਮਰੀਕਾ ਆਏ ਅਤੇ ਹੁਣ ਉਨ੍ਹਾਂ ਦੇ ਬੱਚਿਆਂ ਦੇ ਵੀ ਦੋ ਸਾਲ ਬਾਅਦ 21 ਸਾਲ ਦੀ ਉਮਰ ਹੋ ਜਾਣ ਕਾਰਨ ਐੱਚ4ਵੀਜ਼ਾ ਖ਼ਤਮ ਹੋ ਜਾਵੇਗਾ ਅਤੇ ਇਸ ਲਈ ਐੱਫ1 ਵੀਜ਼ਾ ਨਿਯਮਾਂ ਵਿੱਚ ਨਰਮੀ ਨਾਲ ਉਹ ਬਹੁਤ ਖੁਸ਼ ਹਨ।

ਭਰਤ ਸ਼ਿਆਮ ਕਹਿੰਦੇ ਹਨ, "ਮੇਰੇ ਬੱਚੇ ਵੀ ਦੋ-ਤਿੰਨ ਸਾਲ ਵਿੱਚ ਐੱਫ1 ਵਿੱਚ ਜਾਣ ਵਾਲੇ ਹਨ ਤਾਂ ਇਸ ਨਵੇਂ ਨਿਯਮ ਦੇ ਆਉਣ ਨਾਲ ਹੁਣ ਸਾਨੂੰ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ।"

"ਇਸ ਲਈ ਮੈਂ ਬਹੁਤ ਖੁਸ਼ ਹਾਂ ਕਿ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਮੈਂ ਸਮਝਦਾ ਹਾਂ ਕਿ ਇਮੀਗ੍ਰੇਸ਼ਨ ਵਿਭਾਗ ਦਾ ਇਹ ਬਹੁਤ ਚੰਗਾ ਕਦਮ ਹੈ, ਇਸ ਨਾਲ ਵੀ ਲੋਕਾਂ ਲਈ ਬਹੁਤ ਚੰਗੇ ਬਦਲਾਅ ਆਉਣਗੇ।"

ਇਹ ਵੀ ਪੜ੍ਹੋ-

ਐੱਚ1ਬੀ ਵੀਜ਼ਾ 'ਤੇ ਰਹਿਣ ਵਾਲੇ ਲੋਕ

ਭਾਰਤ ਦੇ ਚੇਨੱਈ ਦੇ ਰਹਿਣ ਵਾਲੇ ਹਰੀਸ਼ ਕਾਰਤੀਕੇਅਨ ਐੱਫ1 ਵੀਜ਼ਾ 'ਤੇ ਅਮਰੀਕਾ ਵਿੱਚ ਕਈ ਸਾਲਾਂ ਤੋਂ ਪੜ੍ਹਾਈ ਕਰ ਰਹੇ ਹਨ। ਹੁਣ ਉਹ ਨਿਊਯਾਰਕ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਕਰ ਰਹੇ ਹਨ।

ਹਰੀਸ਼ ਕਾਰਤੀਕੇਅਨ ਕਹਿੰਦੇ ਹਨ ਕਿ ਵਿਦਿਆਰਥੀ ਵੀਜ਼ਾਂ ਦੇ ਨਿਯਮਾਂ ਵਿੱਚ ਨਰਮੀ ਨਾਲ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਰਾਹਤ ਮਿਲੇਗੀ।

ਉਹ ਕਹਿੰਦੇ ਹਨ, "ਐੱਫ1 ਵੀਜ਼ਾ ਨੇ ਨਿਯਮਾਂ ਵਿੱਚ ਇਸ ਬਦਲਾਅ ਨਾਲ ਵਿਦਿਆਰਥੀਆਂ ਨੂੰ ਬਹੁਤ ਰਾਹਤ ਮਿਲੇਗੀ। ਹੁਣ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਲੀਗਲ ਸਟੇਟਸ ਬਰਕਰਾਰ ਰੱਖਣ ਲਈ ਵਾਰ-ਵਾਰ ਵਿਭਿੰਨ ਅਰਜ਼ੀਆਂ ਨਹੀਂ ਭਰਨੀਆਂ ਪੈਣਗੀਆਂ ਅਤੇ ਉਨ੍ਹਾਂ ਨੂੰ ਆਪਣੇ ਵੀਜ਼ਾ 'ਤੇ ਸਟੈਂਪ ਲਗਵਾਉਣ ਲਈ ਭਾਰਤ ਵਾਪਸ ਨਹੀਂ ਜਾਣਾ ਪਵੇਗਾ। ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਰਾਹਤ ਹੈ।"

ਇਸ ਤੋਂ ਪਹਿਲਾਂ ਅਮਰੀਕਾ ਵਿੱਚ ਨਾਨ-ਇਮੀਗ੍ਰੈਂਟ ਵੀਜ਼ਾ ਧਾਰਕਾਂ ਜਿਵੇਂ ਐੱਚ1ਬੀ ਵੀਜ਼ਾ 'ਤੇ ਰਹਿਣ ਵਾਲੇ ਲੋਕਾਂ ਦੇ ਬੱਚੇ ਜਦੋਂ 21 ਸਾਲ ਦੇ ਹੋ ਜਾਂਦੇ ਸਨ ਤਾਂ ਉਨ੍ਹਾਂ ਜਾਂ ਤਾਂ ਕੌਮਾਂਤਰੀ ਵਿਦਿਆਰਥੀ ਵਾਂਗ ਐੱਚ1 ਸਟੂਡੈਂਟ ਵੀਜ਼ਾ ਲੈਣਾ ਪੈਂਦਾ ਸੀ ਜਾਂ ਫਿਰ ਆਪਣੇ ਦੇਸ਼ ਜਾਣਾ ਪੈਂਦਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਆਈਟੀ ਖੇਤਰ

ਭਾਰਤ ਦੇ ਹੈਦਰਾਬਾਦ ਸ਼ਹਿਰ ਦੇ ਹੀ ਸੁਬਰਾਮਣੀਅਮ ਬੋਗਾਵਰਪੂ ਨਿਊ ਜਰਸੀ ਵਿੱਚ ਰਹਿੰਦੇ ਹਨ ਅਤੇ ਆਈਟੀ ਖੇਤਰ ਵਿੱਚ ਕੰਮ ਕਰਦੇ ਹਨ। ਉਹ ਵੀ ਐੱਚ1ਬੀ ਵੀਜ਼ਾ 'ਤੇ ਹੀ ਅਮਰੀਕਾ ਵਿੱਚ ਰਹਿ ਰਹੇ ਹਨ।

ਸੁਬਰਾਮਣੀਅਮ ਬੋਗਾਵਰਪੂ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਵੀ ਐੱਚ1ਬੀ 'ਤੇ ਹੀ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਹੁਣ ਉਨ੍ਹਾਂ ਦਾ ਗਰੀਨ ਕਾਰਡ ਵੀ ਆਉਣ ਵਾਲਾ ਹੈ ਪਰ ਉਸ ਵੇਲੇ ਤੱਕ ਉਨ੍ਹਾਂ ਦੇ ਬੱਚਿਆਂ ਦੀ ਉਮਰ 21 ਸਾਲ ਟੱਪ ਜਾਵੇਗੀ ਅਤੇ ਉਹ ਆਪਣੇ ਮਾਤਾ-ਪਿਤਾ ਜੇ ਐੱਚ1ਬੀ ਜਾਂ ਐੱਚ4ਵੀਜ਼ਾ ਤੋਂ ਵੱਖ ਹੋ ਜਾਣਗੇ।

ਇਸ ਲਈ ਉਸ ਬੱਚੇ ਨੂੰ ਗਰੀਨ ਕਾਰਡ ਵੀ ਨਹੀਂ ਮਿਲ ਸਕੇਗਾ। ਹੁਣ ਉਨ੍ਹਾਂ ਦਾ ਪਰਿਵਾਰ ਇਸ ਨੂੰ ਲੈ ਕੇ ਪਰੇਸ਼ਾਨ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਭਾਰਤ ਵਾਪਸ ਜਾਣਾ ਪੈ ਸਕਦਾ ਹੈ ਜਾਂ ਕੈਨੇਡਾ ਸ਼ਿਫ਼ਟ ਹੋਣਾ ਪੈ ਸਕਦਾ ਹੈ।

ਉਹ ਕਹਿੰਦੇ ਹਨ ਕਿ ਇਸ ਨਵੇਂ ਨਿਯਮ ਨਾਲ ਐੱਫ1 ਵੀਜ਼ਾ ਲੈਣ ਵਿੱਚ ਆਸਾਨੀ ਹੋਵੇਗੀ।

ਵੀਜ਼ਾ ਨਿਯਮਾਂ ਵਿੱਚ ਨਰਮੀ

ਅਮਰੀਕਾ ਵਿੱਚ ਕੰਮ ਕਰਨ ਲਈ ਐੱਚ1ਬੀ ਵੀਜ਼ਾ ਲੈ ਕੇ ਆਉਣ ਵਾਲੇ ਪੇਸ਼ੇਵਰ ਲੋਕਾਂ ਲਈ ਵਿੱਚ ਸਭ ਤੋਂ ਵੱਧ ਲੋਕ ਭਾਰਤ ਤੋਂ ਹੀ ਆਉਂਦੇ ਹਨ।

ਇੱਕ ਅੰਦਾਜ਼ ਮੁਤਾਬਕ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਲੱਖ 30 ਹਜ਼ਾਰ ਤੋਂ ਵੱਧ ਭਾਰਤੀ ਨੌਜਵਾਨਾਂ ਨੂੰ ਐੱਫ 1 ਵੀਜ਼ਾ ਨਿਯਮਾਂ ਵਿੱਚ ਨਰਮੀ ਕਾਰਨ ਅਮਰੀਕਾ ਵਿੱਚ ਰਹਿਣ ਲਈ ਆਸਾਨੀ ਹੋ ਜਾਵੇਗੀ।

ਭਾਰਤੀ ਮੂਲ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਵਕੀਲਾਂ ਨੇ ਵੀ ਇਸ ਵੀਜ਼ਾ ਨਿਯਮਾਂ ਵਿੱਚ ਬਦਲਾਅ ਦਾ ਸੁਆਗਤ ਕੀਤਾ ਹੈ।

ਪਰ ਕਈ ਵਕੀਲ ਇਹ ਵੀ ਕਹਿ ਕਹਿਣ ਹਨ ਕਿ ਹੁਣ ਅਮਰੀਕਾ ਨੂੰ ਹਰ ਇੱਕ ਦੇਸ਼ ਨੂੰ ਇੱਕ ਸੀਮਤ ਗਿਣਤੀ ਵਿੱਚ ਵੀਜ਼ਾ ਦੇਣ ਦੀ ਨੀਤੀ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਵੀਜ਼ਾ ਦੀ ਗਿਣਤੀ ਵੀ ਵਧਾਈ ਜਾਣੀ ਚਾਹੀਦੀ ਹੈ।

ਉੱਥੇ ਹੀ ਕੁਝ ਵਕੀਲਾਂ ਦਾ ਇਹ ਵੀ ਕਹਿਣਾ ਹੈ ਕਿ ਬੱਚਿਆਂ ਦਾ ਕਰੀਅਰ ਤਾਂ ਐੱਫ1 ਵੀਜ਼ਾ ਦੇ ਨਿਯਮਾਂ ਵਿੱਚ ਬਦਲਾਅ ਤੋਂ ਬਿਹਤਰ ਹੋ ਸਕਦਾ ਹੈ। ਪਰ ਐੱਚ1 ਬੀ ਵੀਜ਼ਾ ਵਾਲੇ ਲੋਕਾਂ ਨੂੰ ਗਰੀਨ ਕਾਰਡ ਮਿਲਣਾ ਹੁਣ ਵੀ ਟੇਡੀ ਖੀਰ ਹੀ ਲੱਗ ਸਕਦਾ ਹੈ।

ਗਰੀਨ ਕਾਰਡ

ਭਾਰਤੀ ਮੂਲ ਦੇ ਅਮਰੀਕੀ ਆਨੰਦ ਅਹੂਦਾ ਨਿਊਯਾਰਕ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲ ਹਨ।

ਉਹ ਕਹਿੰਦੇ ਹਨ, "ਐੱਚ1ਬੀ ਵੀਜ਼ਾ 'ਤੇ ਅਮਰੀਕਾ ਆਏ ਲੋਕਾਂ ਦੇ ਬੱਚਿਆਂ ਨੂੰ ਇਸ ਨਵੇਂ ਨਿਯਮ ਨਾਲ ਫਾਇਦਾ ਹੋਵੇਗਾ ਕਿਉਂਕ ਉਹ ਉੱਥੇ ਅਮਰੀਕਾ ਵਿੱਚ ਉੱਚ ਸਿੱਖਿਆ ਨੂੰ ਲੈ ਕੇ ਚੰਗੀਆਂ ਨੌਕਰੀਆਂ ਵਿੱਚ ਜਾ ਸਕਦੇ ਹਨ।"

"ਪਰ ਮੈਂ ਐੱਚ1ਬੀ ਵੀਜ਼ਾ ਉੱਤੇ ਆਏ ਲੋਕਾਂ ਨੂੰ ਇਹੀ ਕਹਿੰਦਾ ਹਾਂ ਕਿ ਇਹ ਮੰਨ ਕੇ ਚੱਲੋਂ ਕਿ ਤੁਹਾਨੂੰ ਗਰੀਨ ਕਾਰਡ ਮਿਲ ਹੀ ਜਾਵੇਗਾ।"

ਭਾਰਤ ਤੋਂ ਆ ਕੇ ਜੋ ਲੋਕ ਐੱਚ1ਬੀ ਵੀਜ਼ਾ ਅਤੇ ਐੱਚ4 ਵੀਜ਼ਾ 'ਤੇ ਅਮਰੀਕਾ ਵਿੱਚ ਰਹਿ ਰਹੇ ਹੁੰਦੇ ਹਨ ਅਤੇ ਗਰੀਨ ਕਾਰਡ ਲਈ ਅਰਜ਼ੀ ਲਗਾਉਂਦੇ ਹਨ, ਉਨ੍ਹਾਂ ਨੂੰ ਗਰੀਨ ਕਾਰਡ ਹਾਸਿਲ ਕਰਨ ਲਈ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।

ਵਧੇਰੇ ਮਾਮਲਿਆਂ ਵਿੱਚ ਤਾਂ 10 ਸਾਲਾਂ ਤੋਂ ਵੀ ਵੱਧ ਦਾ ਸਮਾਂ ਲਗ ਜਾਂਦਾ ਹੈ।

ਇਸ ਲਈ ਜਦੋਂ ਉਨ੍ਹਾਂ ਲੋਕਾਂ ਦੇ ਬੱਚੇ 21 ਸਾਲ ਦੀ ਉਮਰ ਪਾਰ ਕਰ ਜਾਂਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਵੀਜ਼ਾ ਤੋਂ ਵੱਖ ਕੀਤੇ ਜਾਣ ਕਾਰਨ ਆਪਣੀ ਲੀਗਲ ਸਟੇਟਸ ਬਣਾਉਣਾ ਮੁਸ਼ਕਿਲ ਹੁੰਦਾ ਰਿਹਾ ਸੀ।

ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਛੇਤੀ ਹੀ ਪੜ੍ਹਾਈ ਦਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਅਤੇ ਅਜਿਹੇ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀ ਵੀਜ਼ਾ ਦੇ ਨਿਯਮਾਂ ਵਿੱਚ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੱਡੀ ਰਾਹਤ ਮਿਲਣ ਦੀ ਆਸ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)