ਐਮਾਜ਼ੋਨ ਬਨਾਮ ਰਿਲਾਇੰਸ: ਦੁਨੀਆਂ ਦੇ ਦੋ ਵੱਡੇ ਅਮੀਰ ਆਦਮੀ ਅਦਾਲਤ 'ਚ ਆਹਮੋ-ਸਾਹਮਣੇ ਕਿਉਂ ਹਨ

ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ਨ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਜਿੱਤ ਮਿਲੀ ਹੈ।

ਅਦਾਲਤ ਨੇ ਰਿਲਾਇੰਸ ਅਤੇ ਫਿਊਚਰ ਗਰੁੱਪ ਵਿਚਾਲੇ ਡੀਲ ’ਤੇ ਰੋਕ ਲਗਾਉਂਦਿਆਂ ਕਿਹਾ ਹੈ ਕਿ ਰਿਲਾਇੰਸ 240 ਕਰੋੜ ਅਮਰੀਕੀ ਡਾਲਰ ਦੀ ਡੀਲ ਵਿੱਚ ਅੱਗੇ ਨਹੀਂ ਜਾ ਸਕਦੀ ਹੈ।

ਅਦਾਲਤ ਨੇ ਕਿਹਾ ਕਿ ਫਿਊਚਰ ਰਿਟੇਲ ਦੀ ਵਿਕਰੀ ਨੂੰ ਰੋਕਣ ਲਈ ਸਿੰਗਾਪੁਰ ਦੀ ਅਥਾਰਿਟੀ ਰਾਹੀਂ ਸੁਣਾਏ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਕੀ ਹੈ ਮਾਮਲਾ

ਇੱਕ ਭਾਰਤੀ ਰਿਟੇਲ ਕੰਪਨੀ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਨੇ ਦੁਨੀਆ ਦੀ ਸਭ ਤੋਂ ਵੱਡੇ ਈ-ਕਾਮਰਸ ਕਾਰੋਬਾਰ ਨਾਲ ਜੁੜੀ ਐਮਾਜ਼ਾਨ ਨੂੰ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਦੇ ਵਿਰੁੱਧ ਖੜ੍ਹਾ ਕਰ ਦਿੱਤਾ ਹੈ।

ਦੋਵੇਂ ਹੀ ਕੰਪਨੀਆਂ ਮੁਸ਼ਕਲਾਂ ਦੇ ਘੇਰੇ 'ਚ ਹਨ ਕਿਉਂਕਿ ਉਨ੍ਹਾਂ ਦੋਵਾਂ ਨੇ ਇੱਕ ਹੀ ਭਾਰਤੀ ਰਿਟੇਲਰ- ਫਿਊਚਰ ਗਰੁੱਪ ਨਾਲ ਵੱਖੋ-ਵੱਖਰੇ ਸੌਦੇ ਕੀਤੇ ਹਨ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਨੂੰਨੀ ਲੜਾਈ, ਜਿਸ 'ਚ ਇੱਕ ਅਮਰੀਕੀ ਦਿੱਗਜ ਇੱਕ ਸਥਾਨਕ ਨਾਇਕ ਦੇ ਖਿਲਾਫ਼ ਘਰੇਲੂ ਖੇਤਰ ਦੇ ਲਾਭ ਦੇ ਨਾਲ ਸਾਹਮਣਾ ਕਰ ਰਿਹਾ ਹੈ, ਇਹ ਸਥਿਤੀ ਆਉਣ ਵਾਲੇ ਸਮੇਂ 'ਚ ਭਾਰਤ 'ਚ ਈ-ਕਾਮਰਸ ਦੇ ਵਿਕਾਸ ਨੂੰ ਇੱਕ ਨਵਾਂ ਮੋੜ ਪ੍ਰਦਾਨ ਕਰ ਸਕਦੀ ਹੈ।

ਸਲਾਹਕਾਰ ਫੌਰੈਸਟਰ ਦੇ ਇੱਕ ਸੀਨੀਅਰ ਵਿਸ਼ਲੇਸ਼ਕ ਸਤੀਸ਼ ਮੀਨਾ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਿਸ਼ਾਲ ਹੈ। ਐਮਾਜ਼ਾਨ ਨੇ ਕਦੇ ਵੀ ਆਪਣੀ ਕਿਸੇ ਵੀ ਮਾਰਕਿਟ 'ਚ ਅਜਿਹੇ ਵਿਰੋਧੀ ਦਾ ਸਾਹਮਣਾ ਨਹੀਂ ਕੀਤਾ ਹੋਵੇਗਾ।"

ਐਮਾਜ਼ਾਨ ਨੇ ਆਪਣੇ ਸੰਸਥਾਪਕ ਜੈਫ ਬੇਜੋਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਾਇਆ ਹੈ।

ਹਾਲਾਂਕਿ, ਉਹ ਹੁਣ ਇਸ ਅਹੁਦੇ 'ਤੇ ਕਾਇਮ ਨਹੀਂ ਹੈ। ਇਸ ਦੇ ਨਾਲ ਹੀ ਇਸ ਕੰਪਨੀ ਨੇ ਵਿਸ਼ਵ ਪੱਧਰ 'ਤੇ ਪ੍ਰਚੂਨ ਨੂੰ ਬਦਲ ਦਿੱਤਾ ਹੈ।

ਪਰ ਰਿਲਾਇੰਸ ਦੇ ਮੁੱਖ ਕਾਰਜਾਕਰੀ ਮੁਕੇਸ਼ ਅੰਬਾਨੀ, ਜੋ ਕਿ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਦਾ ਇਤਿਹਾਸ ਵੀ ਇੱਕ ਟੰਗ ਅੜਾਉਣ ਵਾਲੇ ਜਾਂ ਵਿਘਨ ਪਾਉਣ ਵਾਲਾ ਰਿਹਾ ਹੈ।

ਉਦਯੋਗ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਸ ਦੀਆਂ ਪ੍ਰਚੂਨ ਯੋਜਨਾਵਾਂ ਐਮਾਜ਼ਾਨ ਅਤੇ ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਲਈ ਵੀ ਚੁਣੌਤੀ ਖੜ੍ਹੀਆਂ ਕਰਨਗੀਆਂ।

ਐਮਾਜ਼ਾਨ ਭਾਰਤ 'ਚ ਆਪਣੀ ਮੌਜੂਦਗੀ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਕਰ ਰਿਹਾ ਹੈ, ਜਿੱਥੇ ਉਹ ਵਧ ਰਹੇ ਈ-ਕਾਮਰਸ ਬਾਜ਼ਾਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਦੂਜੇ ਪਾਸੇ ਰਿਲਾਇੰਸ ਵੀ ਆਪਣੇ ਈ-ਕਾਮਰਸ ਅਤੇ ਕਰਿਆਨੇ (ਗਰੋਸਰੀ) ਦੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ 'ਚ ਰੁੱਝਿਆ ਹੋਇਆ ਹੈ।

ਫਿਊਚਰ ਗਰੁੱਪ ਨੂੰ ਲੈ ਕੇ ਕੀ ਮਸਲਾ ਪੈਦਾ ਹੋਇਆ ਹੈ?

ਫਿਊਚਰ ਗਰੁੱਪ ਨੇ ਹਾਲ 'ਚ ਹੀ ਇਸ ਸਾਲ ਦੇ ਸ਼ੁਰੂ 'ਚ ਰਿਲਾਇੰਸ ਇੰਡਸਟਰੀਜ਼ ਨੂੰ 3.4 ਬਿਲੀਅਨ ਡਾਲਰ (340 ਕਰੋੜ ਅਮਰੀਕੀ ਡਾਲਰ) ਦੀ ਪ੍ਰਚੂਨ ਸੰਪਤੀ ਵੇਚਣ ਦਾ ਇਕਰਾਰਨਾਮਾ ਕੀਤਾ ਸੀ।

ਸਾਲ 2019 ਤੋਂ ਐਮਾਜ਼ਾਨ ਕੋਲ ਫਿਊਚਰ ਕੂਪਨਜ਼ 'ਚ 49% ਦੀ ਹਿੱਸੇਦਾਰੀ ਹੈ, ਜੋ ਕਿ ਉਸ ਨੂੰ ਫਿਊਚਰ ਰਿਟੇਲ 'ਚ ਅਪ੍ਰਤੱਖ ਮਾਲਕੀ ਦੀ ਹਿੱਸੇਦਾਰੀ ਪ੍ਰਦਾਨ ਕਰਦੀ ਹੈ।

ਐਮਾਜ਼ਾਨ ਦਾ ਤਰਕ ਹੈ ਕਿ ਉਸ ਖਰੀਦ ਦੇ ਇਕਰਾਰ ਤਹਿਤ, ਫਿਊਚਰ ਗਰੁੱਪ ਨੂੰ ਰਿਲਾਇੰਸ ਸਮੇਤ ਭਾਰਤੀ ਕੰਪਨੀਆਂ ਦੇ ਇੱਕ ਚੋਣਵੇਂ ਸਮੂਹ ਨੂੰ ਵੇਚਣ ਤੋਂ ਰੋਕਿਆ ਗਿਆ ਸੀ।

ਫਿਊਚਰ ਰਿਟੇਲ, ਜੋ ਕਿ ਮੁੱਖ ਤੌਰ 'ਤੇ ਇੱਟਾਂ ਅਤੇ ਮੋਰਟਾਰ ਦਾ ਕਾਰੋਬਾਰ ਕਰਦਾ ਹੈ, ਪੂਰੀ ਤਰ੍ਹਾਂ ਨਾਲ ਮਹਾਮਾਰੀ ਦੀ ਮਾਰ ਹੇਠ ਆ ਗਿਆ ਸੀ ਅਤੇ ਉਸ ਵੱਲੋਂ ਇਹ ਤਰਕ ਪੇਸ਼ ਕੀਤਾ ਗਿਆ ਹੈ ਕਿ ਕੰਪਨੀ ਨੂੰ ਬਚਾਉਣ ਲਈ ਰਿਲਾਇੰਸ ਨਾਲ ਸੌਦਾ ਕਰਨਾ ਹੀ ਸਮੇਂ ਦੀ ਅਸਲ ਮੰਗ ਹੈ।

ਅਦਾਲਤ 'ਚ ਸਭ ਤੋਂ ਹਾਲੀਆ ਸੁਣਵਾਈ ਫਿਊਚਰ ਗਰੁੱਪ ਦੇ ਹੱਕ ਸੀ। ਪਿਛਲੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਇੱਕ ਹਫ਼ਤੇ ਪਹਿਲਾਂ ਦੇ ਇੱਕ ਫ਼ੈਸਲੇ ਨੂੰ ਉਲਟਾ ਦਿੱਤਾ ਹੈ, ਜਿਸ ਨੇ ਇਸ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ।

ਦਾਅ 'ਤੇ ਕੀ ਲੱਗਾ ਹੈ?

ਜੇਕਰ ਰਿਲਾਇੰਸ ਦੀ ਖਰੀਦ ਨੂੰ ਅੱਗੇ ਵੱਧਣ ਦਿੱਤਾ ਜਾਂਦਾ ਹੈ ਤਾਂ ਕੰਪਨੀ ਭਾਰਤ ਦੇ 420 ਤੋਂ ਵੱਧ ਸ਼ਹਿਰਾਂ 'ਚ 1800 ਤੋਂ ਵੱਧ ਸਟੋਰਾਂ ਦੇ ਨਾਲ-ਨਾਲ ਫਿਊਚਰ ਗਰੁੱਪ ਥੋਕ ਕਾਰੋਬਾਰ ਅਤੇ ਲੌਜਿਸਟਿਕਸ ਬਾਜ਼ਾਰ ਤੱਕ ਵੀ ਆਪਣੀ ਪਹੁੰਚ ਜਾਵੇਗੀ।

ਸਤੀਸ਼ ਮੀਨਾ ਦਾ ਕਹਿਣਾ ਹੈ , "ਰਿਲਾਇੰਸ ਇੱਕ ਅਜਿਹਾ ਖਿਡਾਰੀ ਹੈ, ਜਿਸ ਕੋਲ ਪੈਸਾ ਵੀ ਹੈ ਅਤੇ ਪ੍ਰਭਾਵ ਵੀ ਅਤੇ ਇਹ ਦੋਵੇਂ ਹੀ ਇਸ ਬਾਜ਼ਾਰ ਲਈ ਲੋੜੀਂਦੇ ਹਨ। ਉਨ੍ਹਾਂ ਕੋਲ ਈ-ਕਾਮਰਸ ਕਰਨ ਦੀ ਮੁਹਾਰਤ ਨਹੀਂ ਹੈ।"

ਜੇਕਰ ਐਮਾਜ਼ਾਨ ਸਫਲ ਹੋ ਜਾਂਦਾ ਹੈ ਤਾਂ ਉਹ ਈ-ਕਾਮਰਸ 'ਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਇੱਕ ਪ੍ਰਮੁੱਖ ਪ੍ਰਤੀਯੋਗੀ ਦੀ ਯੋਜਨਾ ਦੀ ਗਤੀ ਨੂੰ ਹੌਲੀ ਕਰਕੇ ਪਹਿਲਾ ਸਥਾਨ ਹਾਸਲ ਕਰ ਸਕਦਾ ਹੈ।

ਇਹ ਵੀ ਪੜ੍ਹੋ-

ਵਿਸ਼ਲੇਸ਼ਣ: ਨਿਖਿਲ ਇਨਾਮਦਾਰ, ਬੀਬੀਸੀ ਨਿਊਜ਼ ਮੁੰਬਈ

ਦੁਨੀਆ ਦੇ ਦੋ ਅਮੀਰ ਵਿਅਕਤੀਆਂ ਦਰਮਿਆਨ ਚੱਲ ਰਿਹਾ ਇਹ ਝਗੜਾ ਇਸ ਗੱਲ ਦਾ ਸੰਕੇਤ ਹੈ ਕਿ ਬੇਜੋਸ ਅਤੇ ਅੰਬਾਨੀ ਲਈ ਬਾਜ਼ਾਰ 'ਚ ਦਾਅ ਕਿੰਨਾ ਉੱਚਾ ਹੈ, ਜਿਸ ਨੂੰ ਕਿ ਅਕਸਰ ਹੀ ਆਖ਼ਰੀ ਵਿਕਾਸ ਸੀਮਾ ਦੇ ਰੂਪ ਵੱਜੋਂ ਦਰਸਾਇਆ ਜਾਂਦਾ ਹੈ।

ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਵਿਦੇਸ਼ੀ ਖਿਡਾਰੀਆਂ ਲਈ ਭਾਰਤ 'ਚ ਕਾਰੋਬਾਰ ਕਰਨਾ ਜਾਂ ਆਪਣੇ ਪੈਰ ਜਮਾਉਣਾ ਕਿੰਨਾ ਮੁਸ਼ਕਲ ਹੋ ਰਿਹਾ ਹੈ।

ਐਮਾਜ਼ਾਨ ਉੱਚ ਪ੍ਰੋਫਾਈਲ ਵਿਦੇਸ਼ੀ ਕੰਪਨੀਆਂ ਦੀ ਸੂਚੀ 'ਚ ਸਭ ਤੋਂ ਨਵੀਨਤਮ ਹੈ, ਜੋ ਕਿ ਆਪਣੇ ਭਾਰਤੀ ਭਾਗੀਦਾਰਾਂ ਨੂੰ ਵਿਦੇਸ਼ੀ ਸਾਲਸਕਾਰਾਂ (ਆਰਬੀਟੇਟਰ) ਦੇ ਐਮਰਜੈਂਸੀ ਆਦੇਸ਼ਾਂ ਦੀ ਪਾਲਣਾ ਅਤੇ ਸਥਾਨਕ ਅਦਾਲਤਾਂ ਦੀ ਕਾਰਵਾਈ ਦਾ ਸਾਹਮਣਾ ਕਰਵਾਉਣ ਦੇ ਅਸਮਰੱਥ ਰਿਹਾ ਹੈ।

ਭਾਰਤ ਹਾਲ 'ਚ ਹੀ ਕੇਅਰਨ ਐਨਰਜੀ ਪੀਐਲਸੀ ਅਤੇ ਦੂਰਸੰਚਾਰ ਪ੍ਰਮੁੱਖ ਵੋਡਾਫੋਨ ਦੇ ਵਿਰੁੱਧ ਟੈਕਸ ਵਿਵਾਦ ਦੇ ਮਾਮਲਿਆਂ 'ਚ ਕੇਸ ਹਾਰ ਗਿਆ ਹੈ ਅਤੇ ਬਾਅਦ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।

ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ਼ ਕੈਨੇਡਾ ਦੀ ਇੱਕ ਵਿਸ਼ੇਸ਼ ਫੈਲੋ ਰੂਪਾ ਸੁਬਰਾਮਣੀਆ ਨੇ ਬੀਬੀਸੀ ਨੂੰ ਦੱਸਿਆ, "ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ੀ ਨਿਵੇਸ਼ਕ ਇਸ ਸਥਿਤੀ ਅਤੇ ਇਸ ਤਰ੍ਹਾਂ ਦੀਆਂ ਦੂਜੀਆਂ ਘਟਨਾਵਾਂ ਨੂੰ ਨਿਰਾਸ਼ਾ ਨਾਲ ਵੇਖਣਗੇ। ਇਸ ਫ਼ੈਸਲੇ ਨਾਲ ਭਾਰਤ ਦੇ ਨਿਵੇਸ਼ ਅਤੇ ਕਾਰੋਬਾਰ ਲਈ ਭਰੋਸੇਯੋਗ ਸਥਾਨ ਹੋਣ 'ਤੇ ਨਕਾਰਾਤਮਕ ਤਸਵੀਰ ਸਾਹਮਣੇ ਆਵੇਗੀ।"

ਐਮਾਜ਼ਾਨ ਦੀ ਬਿਨ੍ਹਾਂ ਲੜਾਈ ਦੇ ਹਾਰ ਮੰਨਣ ਦੀ ਸੰਭਾਵਨਾ ਨਹੀਂ ਹੈ ਅਤੇ ਘੱਟੋ-ਘੱਟ ਇਸ ਲਈ ਨਹੀਂ ਕਿਉਂਕਿ ਇਸ ਦੀ ਪ੍ਰਾਪਤੀ ਨਾਲ ਰਿਲਾਇੰਸ ਨੂੰ ਉਹ ਮਿਲੇਗਾ, ਜਿਸ ਨੂੰ ਕਿ ਵਿਸ਼ਲੇਸ਼ਕਾਂ ਨੇ "ਬੇਮਿਸਾਲ ਲਾਭ" ਦਾ ਨਾਮ ਦਿੱਤਾ ਹੈ।

ਪਰ ਰਿਲਾਇੰਸ ਵਰਗੇ ਘਰੇਲੂ ਖਿਡਾਰੀ ਦੇ ਵਿਰੁੱਧ ਖੜ੍ਹਾ ਹੋਣ ਕਰਕੇ ਐਮਾਜ਼ਾਨ ਲਈ ਲੜਾਈ ਦਾ ਮੈਦਾਨ ਪਹਿਲਾਂ ਹੀ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ।

ਸਰਕਾਰੀ ਨਿਯਮ ਵਿਦੇਸ਼ੀ ਈ-ਕਾਮਰਸ ਕੰਪਨੀਆਂ ਨੂੰ ਆਪਣੀ ਖੁਦ ਦੀ ਵਸਤੂ ਸੂਚੀ ਰੱਖਣ ਜਾਂ ਨਿੱਜੀ ਲੇਬਲ ਸਿੱਧੇ ਤੌਰ 'ਤੇ ਖਪਤਕਾਰਾਂ ਨੂੰ ਵੇਚਣ ਤੋਂ ਵਰਜਦੇ ਹਨ।

ਇਹ ਇੱਕ ਤਰ੍ਹਾਂ ਨਾਲ ਸੁਰੱਖਿਆਵਾਦੀ ਨੀਤੀ ਹੈ ਜੋ ਕਿ ਸਥਾਨਕ ਰਿਟੇਲਰਾਂ ਦੇ ਪੱਖ 'ਚ ਹੈ।

ਐਮਾਜ਼ਾਨ ਨੂੰ ਡਾਟਾ ਵਰਤੋਂ ਦੇ ਸਖ਼ਤ ਨੇਮਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਸਵੈ-ਨਿਰਭਰ ਜਾਂ ਆਤਮ ਨਿਰਭਰ ਦੇ ਦਿੱਤੇ ਜਾਣ ਵਾਲੇ ਹੋਕੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਥਿਤੀ ਨੇ ਐਮਾਜ਼ਾਨ ਦੀ ਪਕੜ ਪਹਿਲਾਂ ਹੀ ਢਿੱਲੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਨਾਮ 'ਤੇ ਨਜ਼ਰ

ਐਮਾਜ਼ਾਨ ਅਤੇ ਰਿਲਾਇੰਸ ਵਿਕਾਸ ਦੀਆਂ ਬੇਮਿਸਾਲ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਰਤੀ ਬਾਜ਼ਾਰ 'ਤੇ ਆਪੋ-ਆਪਣੀ ਪਕੜ ਮਜ਼ਬੂਤ ਕਰਨ ਲਈ ਆਹਮੋ-ਸਾਹਮਣੇ ਹੋਣ ਨੂੰ ਤਿਆਰ ਹਨ।

ਸਤੀਸ਼ ਮੀਨਾ ਦਾ ਕਹਿਣਾ ਹੈ, "ਅਮਰੀਕਾ ਅਤੇ ਚੀਨ ਤੋਂ ਬਾਅਦ ਹੋਰ ਕੋਈ ਅਜਿਹਾ ਬਾਜ਼ਾਰ ਨਹੀਂ ਹੈ, ਜਿੱਥੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੌਕੇ ਹਾਸਲ ਹੋ ਸਕਣ।"

ਸਤੀਸ਼ ਮੀਨਾ ਨੇ ਅੱਗੇ ਕਿਹਾ ਕਿ ਭਾਰਤ ਦਾ ਪ੍ਰਚੂਨ ਖੇਤਰ ਤਕਰੀਬਨ 850 ਬਿਲੀਅਨ ਡਾਲਰ ਦੀ ਲਾਗਤ ਦਾ ਹੈ, ਪਰ ਇਸ ਸਮੇਂ ਇਸ ਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਈ-ਕਾਮਰਸ 'ਤੇ ਉਪਲਬਧ ਹੈ।

ਪਰ ਫੋਰੈਸਟਰ ਨੇ ਭਾਰਤੀ ਬਾਜ਼ਾਰ ਨੂੰ ਸਾਲਾਨਾ 25.8% ਦੀ ਦਰ ਨਾਲ ਵਿਕਾਸ ਕਰਦਿਆਂ 2023 ਤੱਕ 85 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਜਤਾਈ ਹੈ।

ਨਤੀਜੇ ਵੱਜੋਂ ਈ-ਕਾਮਰਸ ਇੱਕ ਵਧਦੀ ਭੀੜ ਅਤੇ ਮੁਕਾਬਲੇ ਵਾਲਾ ਬਾਜ਼ਾਰ ਬਣ ਰਿਹਾ ਹੈ।

ਐਮਾਜ਼ਾਨ ਤੋਂ ਇਲਾਵਾ, ਵਾਲਮਾਰਟ ਨੇ ਘਰੇਲੂ ਪੱਧਰ 'ਤੇ ਉਭਰ ਰਹੇ ਈ-ਕਾਮਰਸ ਬ੍ਰਾਂਡ ਫਲਿੱਪਕਾਰਟ ਨਾਲ ਸਾਂਝੇਦਾਰੀ ਕਾਇਮ ਕੀਤੀ ਹੈ।

ਇੱਥੋਂ ਤੱਕ ਕਿ ਫੇਸਬੁੱਕ ਨੇ ਵੀ ਰਿਲਾਇੰਸ ਇੰਡਸਟਰੀਜ਼ ਦੀ ਮਾਲਕੀ ਵਾਲੇ ਜੀਓ ਪਲੇਟਫਾਰਮ 'ਚ 9.9% ਹਿੱਸੇਦਾਰੀ ਹਾਸਲ ਕਰਨ ਲਈ 5.7 ਬਿਲੀਅਨ ਡਾਲਰ ਦਾ ਭੁਗਤਾਨ ਕਰਕੇ ਆਪਣੀ ਸ਼ਮੂਲੀਅਤ ਦਰਜ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ 'ਚ ਪ੍ਰਚੂਨ ਖੇਤਰ 'ਚ ਕਰਿਆਨੇ ਦਾ ਸਭ ਤੋਂ ਵੱਡਾ ਕੰਮ ਹੈ, ਕਿਉਂਕਿ ਇੱਥੇ ਉਨ੍ਹਾਂ ਦਾ ਸਿਰਫ ਅੱਧਾ ਖਰਚਾ ਹੁੰਦਾ ਹੈ।

ਮੌਜੂਦਾ ਸਮੇਂ ਇਹ ਆਮ ਤੌਰ 'ਤੇ ਗੈਰ-ਨਾਸ਼ਵਾਨ (ਨੋਨ-ਪੈਰੀਸ਼ੇਬਲ) ਚੀਜ਼ਾਂ ਹਨ, ਜਿਵੇਂ ਕਿ ਸਮਾਰਟਫੋਨ, ਜਿੰਨ੍ਹਾਂ ਨੇ ਈ-ਕਾਮਰਸ 'ਤੇ ਆਪਣਾ ਪ੍ਰਭਾਵ ਕਾਇਮ ਕੀਤਾ ਹੈ।

ਪਰ ਮਹਾਮਾਰੀ ਕਾਲ ਦੌਰਾਨ ਕਰਿਆਨੇ ਦਾ ਸਮਾਨ ਈ-ਕਾਮਰਸ ਪਲੇਟਫਾਰਮ ਤੋਂ ਮੰਗਵਾਉਣ ਦਾ ਰੁਝਾਨ ਵਧਿਆ ਹੈ।

ਇਸ ਪਿੱਛੇ ਮੁੱਖ ਕਾਰਨ ਭਾਰਤ 'ਚ ਲੱਗਿਆ ਸਖ਼ਤ ਲੌਕਡਾਉਨ ਵੀ ਹੈ। ਲੋਕਾਂ ਨੂੰ ਆਪਣੀਆਂ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਈ-ਕਾਮਰਸ ਦਾ ਸਹਾਰਾ ਲੈਣਾ ਹੀ ਪਿਆ।

ਏਸ਼ੀਆ ਦੇ ਲਈ ਕਾਰੋਬਾਰ ਕੰਸਲਟੈਂਸੀ ਏ ਟੀ ਕੈਰਨੀ ਦੇ ਖਪਤਕਾਰ ਅਤੇ ਪ੍ਰਚੂਨ ਮੁਖੀ ਹਿਮਾਂਸ਼ੂ ਬਾਜਾਜ ਦਾ ਕਹਿਣਾ ਹੈ, "ਲੋਕ ਬੁਰੀ ਤਰ੍ਹਾਂ ਨਾਲ ਆਪਣੇ ਘਰਾਂ 'ਚ ਬੰਦ ਸਨ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਨਲਾਈਨ ਸੇਵਾਵਾਂ ਦੀ ਵਰਤੋਂ ਸ਼ੁਰੂ ਕਰਨੀ ਪਈ।"

"ਗਰੋਸਰੀ ਇੱਕ ਪ੍ਰਮੁੱਖ ਜੰਗ ਦਾ ਮੈਦਾਨ ਬਣ ਰਿਹਾ ਹੈ ਅਤੇ ਕੋਵਿਡ ਦੇ ਕਾਰਨ ਇਸ ਖੇਤਰ ਦੀ ਮਹੱਤਤਾ ਹੋਰ ਵੀ ਵਧ ਰਹੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)