ਪੰਜਾਬ 'ਚ 'ਆਪ' ਵੱਲੋਂ 2022 ਚੋਣਾਂ ਲੜਨ ਬਾਰੇ ਕੀਤਾ ਗਿਆ ਇਹ ਐਲਾਨ - ਪ੍ਰੈੱਸ ਰਿਵੀਊ

ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਇੱਕਲੇ ਮੈਦਾਨ ਵਿੱਚ ਉੱਤਰੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਤੇ ਬੁਲਾਰੇ ਰਾਘਵ ਚੱਢਾ ਨੇ ਕਾਂਗਰਸੀ ਆਗੂ ਰਹੇ ਗੁਰਮੀਤ ਸਿੰਘ ਖੁੱਡੀਆਂ ਦੇ 'ਆਪ' ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਗੱਲ ਨੂੰ ਸਪਸ਼ਟ ਕੀਤਾ ਕਿ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਬਿਨਾਂ ਕਿਸੇ ਸਿਆਸੀ ਸਮਰਥਨ ਦੇ ਸਰਕਾਰ ਬਣਾਏਗੀ।

ਰਾਘਵ ਚੱਢਾ ਨੇ ਕਿਹਾ, ''ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ 'ਆਪ' ਇਕੱਲੇ ਲੜੇਗੀ ਅਤੇ ਕੋਈ ਗੱਠਜੋੜ ਨਹੀਂ ਹੋਵੇਗਾ। ਅਸੀਂ ਆਪਣੇ ਉਮੀਦਵਾਰ ਸਾਰੀਆਂ 117 ਵਿਧਾਨਸਭਾ ਸੀਟਾਂ ਉੱਤੇ ਖੜ੍ਹੇ ਕਰਾਂਗੇ।''

ਚੱਢਾ ਨੇ ਕਿਹਾ ਕਿ ਹੋਰਾਂ ਪਾਰਟੀਆਂ ਦੇ ਲੀਡਰ ਅਤੇ ਵਰਕਰ ਜੋ ਪੰਜਾਬ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਦਾ 'ਆਪ' ਪਾਰਟੀ ਵਿੱਚ ਸੁਆਗਤ ਹੈ।

ਇਹ ਵੀ ਪੜ੍ਹੋ:

ਅਸਾਮ-ਮਿਜ਼ੋਰਮ ਬਾਰਡਰ 'ਤੇ ਫਾਇਰਿੰਗ, ਕਈ ਜਵਾਨਾਂ ਦੀ ਮੌਤ

ਅਸਾਮ ਅਤੇ ਮਿਜ਼ੋਰਮ ਦਰਮਿਆਨ ਸਰਹੱਦੀ ਵਿਵਾਦ ਦੇ ਮੁੱਦੇ ਨੇ ਹਿੰਸਕ ਰੂਪ ਧਾਰ ਲਿਆ ਅਤੇ ਦੋਵਾਂ ਸੂਬਿਆਂ ਦੀ ਪੁਲਿਸ ਤੇ ਲੋਕਾਂ ਵਿਚਾਲੇ ਝੜਪਾਂ ਹੋਈਆਂ।

ਭਾਸਕਰ ਦੀ ਖ਼ਬਰ ਮੁਤਾਬਕ ਦੋਵਾਂ ਪਾਸਿਓਂ ਡਾਂਗਾਂ ਵੀ ਚੱਲੀਆਂ ਅਤੇ ਮਸਲਾ ਵੱਧਦਾ ਦੇਖ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਤੇ ਇਸੇ ਦਰਮਿਆਨ ਫਾਇਰਿੰਗ ਹੋ ਗਈ।

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਦਾਅਵਾ ਕੀਤਾ ਕਿ ਫਾਇਰਿੰਗ ਵਿੱਚ ਅਸਾਮ ਪੁਲਿਸ ਦੇ 5 ਜਵਾਨਾਂ ਦੀ ਮੌਤ ਹੋ ਗਈ।

ਕਛਾਰ ਜ਼ਿਲ੍ਹੇ ਦੇ ਐਸਪੀ ਵੈਭਵ ਨਿੰਬਾਲਕਰ ਚੰਦਰਾਕਰ ਵੀ ਜ਼ਖਮੀ ਹੋਏ ਹਨ। ਉਨ੍ਹਾਂ ਦੇ ਪੈਰ 'ਚ ਗੋਲੀ ਲੱਗੀ ਹੈ ਤੇ ਉਹ ਆਈਸੀਯੂ ਵਿੱਚ ਹਨ। ਇਸ ਦੇ ਨਾਲ ਹੀ 50 ਤੋਂ ਵੱਧ ਪੁਲਿਸ ਵਾਲਿਆਂ ਨੂੰ ਹਿੰਸਾ 'ਚ ਸੱਟਾਂ ਲੱਗੀਆਂ ਹਨ।

ਜ਼ਮੀਨ ਵਿਵਾਦ ਨੂੰ ਲੈ ਕੇ ਦੋਵੇਂ ਸੂਬਿਆਂ ਦੀ ਪੁਲਿਸ ਤੇ ਲੋਕਾਂ ਵਿਚਾਲੇ ਇਹ ਵਿਵਾਦ ਸ਼ੁਰੂ ਹੋਇਆ।

ਇਸ ਤੋਂ ਬਾਅਦ ਹਾਲਾਤ ਵਿਗੜੇ ਤੇ ਦੋਵਾਂ ਪਾਸਿਆਂ ਡਾਂਗਾਂ, ਪੱਥਰਾਂ ਨਾਲ ਹਮਲੇ ਸ਼ੁਰੂ ਹੋ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ 'ਚ ਅਸਾਮ ਦਾ ਦੌਰਾ ਕੀਤਾ ਸੀ, ਉਨ੍ਹਾਂ ਦੇ ਦੌਰੇ ਦੇ ਦੋ ਦਿਨਾਂ ਬਾਅਦ ਇਹ ਹਿੰਸਾ ਹੋਈ ਹੈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਵਿਜੇ ਮਾਲਿਆ ਨੂੰ ਬ੍ਰਿਟੇਨ 'ਚ ਅਦਾਲਤ ਨੇ ਦਿਵਾਲੀਆ ਐਲਾਨਿਆ

ਬ੍ਰਿਟੇਨ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਨੂੰ ਦਿਵਾਲਿਆ ਐਲਾਨ ਕੀਤੇ ਜਾਣ ਦੇ ਹੁਕਮ ਦੇ ਦਿੱਤੇ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿੱਚ ਭਾਰਤੀ ਬੈਂਕਾਂ ਦੇ ਗਰੁੱਪ ਲਈ ਹੁਣ ਆਲਮੀ ਪੱਧਰ 'ਤੇ ਮਾਲਿਆ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਦਾ ਰਾਹ ਸਾਫ਼ ਹੋ ਗਿਆ ਹੈ।

ਇਹ ਜ਼ਬਤੀ ਬੰਦ ਪਈ ਏਅਰਲਾਈਨ ਕਿੰਗਫਿਸ਼ਰ 'ਤੇ ਬਕਾਇਆ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਹੋਵੇਗੀ।

ਲੰਡਨ ਹਾਈ ਕੋਰਟ ਵਿੱਚ ਜਸਟਿਸ ਮਾਇਕਲ ਬ੍ਰਿਗਸ ਨੇ ਮਾਮਲੇ ਦੀ ਆਨਲਾਈਨ ਸੁਣਵਾਈ ਦੌਰਾਨ ਆਪਣੇ ਫ਼ੈਸਲੇ ਵਿੱਚ ਕਿਹਾ, ''ਮੈਂ ਡਾ. ਮਾਲਿਆ ਨੂੰ ਦਿਵਾਲਿਆ ਐਲਾਨ ਕਰਦਾ ਹਾਂ।''

ਭਾਰਤੀ ਬੈਂਕਾਂ ਦੀ ਅਗਵਾਈ ਇੱਕ ਲਾਅ ਫਰਮ ਟੀਐਲਪੀ ਐਲਐਲਪੀ ਅਤੇ ਵਕੀਲ ਮਾਰਸਿਆ ਸ਼ੇਕਰਡੇਮਿਅਨ ਨੇ ਕੀਤੀ ਅਤੇ ਦਿਵਾਲਿਆ ਕਰਨ ਦੇ ਹੁਕਮਾਂ ਨੂੰ ਲੈ ਕੇ ਆਪਣੇ ਤਰਕ ਰੱਖੇ।

ਕਾਰੋਬਾਰੀ ਵਿਜੇ ਮਾਲਿਆ ਬ੍ਰਿਟੇਨ 'ਚ ਫ਼ਿਲਹਾਲ ਜ਼ਮਾਨਤ 'ਤੇ ਹਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)