ਸੁਖਬੀਰ ਬਾਦਲ ਨੇ ਇਹ ਕਹਿ ਕੇ ਕੀਤਾ ਪੀਪੀਏ ਦਾ ਬਚਾਅ ਤੇ 'ਆਪ' ਨੇ ਕਿਹਾ ਰੱਦ ਕੀਤੇ ਜਾਣ ਸਮਝੌਤੇ - ਪ੍ਰੈੱਸ ਰਿਵੀਊ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਖਰੀਦਣ (ਪੀਪੀਏ) ਦੇ ਕੀਤੇ ਗਏ ਸਮਝੌਤਿਆਂ ਦਾ ਬਚਾਅ ਕੀਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਇਸ ਨੂੰ ਸਮੇਂ ਦੀ ਲੋੜ ਅਤੇ ਸਭ ਤੋਂ ਸਸਤਾ ਬਦਲ ਜੋ ਉਪਲਬਧ ਸੀ ਕਹਿ ਕੇ ਬਚਾਅ ਕੀਤਾ ਹੈ।

ਕਥਿਤ ਤੌਰ 'ਤੇ ਪੀਪੀਏ ਸਮਝੌਤੇ ਕਾਰਨ ਸੂਬੇ ਵਿੱਚ ਝੇਲੇ ਜਾ ਰਹੇ ਬਿਜਲੀ ਸੰਕਟ 'ਤੇ ਚੱਲ ਰਹੇ ਵਿਵਾਦ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਸਮਝੌਤੇ ਰੱਦ ਕਰ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਇਹ ਸਪੱਸ਼ਟ ਕਰੇ ਕਿ ਪੰਜਾਬ ਵਿੱਚ 4500 ਮੈਗਾਵਾਟ ਦੀ ਬਿਜਲੀ ਦੀ ਘਾਟ ਨੂੰ ਕਿੱਥੋਂ ਪੂਰੀ ਕਰੇਗੀ।

ਉਨ੍ਹਾਂ ਨੇ ਕਿਹਾ ਕਾਂਗਰਸ ਪੀਪੀਏ ਵਿੱਚ ਫਿਕਸ ਚਾਰਜ 'ਤੇ ਸਿਰਫ਼ ਸਿਆਸਤ ਕਰ ਰਹੀ ਹੈ।

ਉਧਰ ਦੂਜੇ ਪਾਸੇ ਦਿ ਟਾਈਮਜ ਆਫ ਇੰਡੀਆ ਦੀ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਮਝੌਤੇ ਰੱਦ ਨਾ ਕੀਤੇ ਤਾਂ ਪੰਜਾਬ ਨੂੰ ਨਿੱਜੀ ਕੰਪਨੀਆਂ ਨੂੰ 2.25 ਲੱਖ ਕਰੋੜ ਦਾ ਭੁਗਤਾਨ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਸੰਭਵ ਹੈ ਤਾਂ ਸਮਝੌਤੇ ਰੱਦ ਕਰ ਕੇ ਕੰਪਨੀ ਦਾ ਆਡਿਟ ਵੀ ਕੀਤਾ ਜਾਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ 'ਆਪ' ਪੰਜਾਬ ਨੂੰ ਪੀਪੀਏ 'ਤੇ ਗਾਰੰਟੀ ਦਿੰਦੀ ਹੈ।

ਮਾਨ ਨੇ ਕਿਹਾ ਕਿ ਹੁਣ ਕਾਂਗਰਸੀ ਆਗੂ ਵੀ ਇਹ ਮੰਨ ਗਏ ਹਨ ਕਿ 300 ਯੂਨਿਟ ਮੁਫ਼ਤ ਦੇਣ ਦੀ ਯੋਜਨਾ ਸੰਭਵ ਹੈ।

ਇਸ ਤੋਂ ਪਹਿਲਾਂ ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦੀਆਂ 300 ਮੁਫ਼ਤ ਯੂਨਿਟਾਂ ਅਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਵਕਾਲਤ ਕੀਤੀ ਸੀ।

ਪੰਜਾਬ ਕਾਂਗਰਸ: ਕੈਪਟਨ ਦੀ ਸੋਨੀਆ ਗਾਂਧੀ ਨਾਲ ਅੱਜ ਮੀਟਿੰਗ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 'ਪੰਜਾਬ ਫਾਰਮੂਲਾ' ਸਾਂਝਾ ਕਰਨਗੇ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪੰਜਾਬ ਕਾਂਗਰਸ ਵਿੱਚ ਕਲੇਸ਼ ਦੇ ਘਰੇਲੂ ਨਿਪਟਾਰੇ ਲਈ ਕੈਪਟਨ ਅਮਰਿੰਦਰ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਹੋਣ ਦੀ ਪੂਰੀ ਸੰਭਾਵਨਾ ਹੈ।

ਜਾਣਕਾਰੀ ਮੁਤਾਬਕ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਹੈ।

ਪੰਜਾਬ ਕਾਂਗਰਸ ਵਿਵਾਦ ਉਠਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਪਹਿਲੀ ਮੀਟਿੰਗ ਹੈ।

ਉਹ ਖੜਗੇ ਕਮੇਟੀ ਨੂੰ ਦੋ ਵਾਰ ਦਿੱਲੀ ਮਿਲ ਚੁੱਕੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪੀਐੱਮ ਮੋਦੀ ਨੂੰ ਭੇਜੇ 2600 ਕਿਲੋ ਅੰਬ

ਬੰਗਲਾਦੇਸ਼ੀ ਅਧਿਕਾਰੀਆਂ ਮੁਤਾਬਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਆਪਣੇ ਹਮਰੁਤਬਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 2600 ਕਿਲੋ ਅੰਬ ਭੇਜੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਬੰਗਲਾਦੇਸ਼ ਦੇ ਰੰਗਪੁਰ ਜ਼ਿਲ੍ਹੇ ਵਿੱਚ ਹੋਣ ਵਾਲੀ ਅੰਬਾਂ ਦੀ ਹਰੀਬੰਗਾ ਕਿਸਮ ਨੂੰ ਬੇਨਾਪੋਲ ਬਾਰਡਰ ਰਾਹੀਂ ਭੇਜਿਆ ਗਿਆ।

ਬੇਨਾਪੋਲ ਚੈਕਪੋਸਟ ਦੇ ਡਿਪਟੀ ਕਮਿਸ਼ਨਰ ਅਨੁਪਮ ਚਕਨਾ ਨੇ ਬੰਗਲਾਦੇਸ਼ੀ ਮੀਡੀਆ ਨੂੰ ਦੱਸਿਆ ਕਿ ਇਹ ਅੰਬ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦੀ ਯਾਦਗਾਰ ਹਨ।

ਬੰਗਲਾਦੇਸ਼ ਵੱਲੋਂ ਭੇਜੇ ਅੰਬਾਂ ਨੂੰ ਕੋਲਕਾਤਾ ਵਿੱਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੇ ਪਹਿਲੇ ਸਕੱਤਰ ਮੁਹੰਮਦ ਸਮੀਉਲ ਨੇ ਹਾਸਿਲ ਕੀਤੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)