ਜਗਤਾਰ ਸਿੰਘ ਜੌਹਲ : ਯੂਕੇ ਦੀ ਸੰਸਦ ਵਿੱਚ ਜੱਗੀ ਜੌਹਲ ਦੀ ਰਿਹਾਈ ਲਈ ਹੋਈ ਬਹਿਸ ਤਾਂ ਵਿਦੇਸ਼ ਮੰਤਰੀ ਨੇ ਕੀ ਦਿੱਤਾ ਜਵਾਬ

ਜੱਗੀ

ਭਾਰਤ ਵਿੱਚ ਪਿਛਲੇ 4 ਸਾਲਾਂ ਤੋਂ ਜੇਲ੍ਹਬੰਦੀ ਕੱਟ ਰਹੇ ਸਕਾਟਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਕਰਵਾਉਣ ਦਾ ਮਾਮਲਾ ਯੂਕੇ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਚੁੱਕਿਆ ਗਿਆ।

ਜੱਗੀ ਜੌਹਲ ਦੀ ਭਾਰਤ 'ਚ ਗ੍ਰਿਫ਼ਤਾਰੀ ਨੂੰ ਆਰਬਿਟਰੇਰੀ ਡਿਟੈਂਸ਼ਨ ( ਆਪਹੁਦਰੀ ਹਿਰਾਸਤ) ਦੱਸਦਿਆਂ ਚਰਚਾ ਦੀ ਸ਼ੁਰੂਆਤ ਸੰਸਦ ਮੈਂਬਰ ਨੇ ਮਾਰਟਿਨ ਡੌਕਰਟੀ-ਹੇਗਜ਼ ਨੇ ਕੀਤੀ।

ਉਨ੍ਹਾਂ ਇਲਜ਼ਾਮ ਲਾਇਆ ਕਿ ਭਾਰਤੀ ਜੇਲ੍ਹ ਵਿੱਚ ਜਗਤਾਰ ਸਿੰਘ ਜੌਹਲ ਉੱਤੇ ਤਸ਼ੱਦਦ ਹੋ ਰਿਹਾ ਅਤੇ ਉਸ ਨੂੰ ਮੌਤ ਦੀ ਸਜ਼ਾ ਵਾਲੇ ਇਜ਼ਲਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਯੂਕੇ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਕਦਮ ਨਹੀਂ ਚੁੱਕ ਰਹੀ।

ਇਹ ਵੀ ਪੜ੍ਹੋ:

ਬਹਿਸ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਭਰੋਸਾ ਦੁਆਇਆ ਕਿ ਸਰਕਾਰ ਜੱਗੀ ਜੌਹਲ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇਗੀ। ਉਸ ਉੱਤੇ ਹੋ ਰਹੇ ਤਸ਼ੱਦਦ ਅਤੇ ਮੌਤ ਦੇ ਇਲਜ਼ਾਮਾਂ ਵਾਲੇ ਕੇਸਾਂ ਦਾ ਮਾਮਲਾ ਭਾਰਤ ਸਰਕਾਰ ਕੋਲ ਉੱਚ ਪੱਧਰ ਉੱਤੇ ਚੁੱਕਿਆ ਜਾਵੇਗਾ।

ਮਾਰਟਿਨ ਡੌਕਰਟੀ-ਹੇਗਜ਼ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਉਨ੍ਹਾਂ ਬਹਿਸ ਦੇ ਅੰਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਆਰਬਿਟਰੇਰੀ ਡਿਟੈਂਸ਼ਟਨ ਤੋਂ ਬਾਹਰ ਲਿਆਉਣ ਲਈ ਕੀ ਕਦਮ ਚੁੱਕੇ ਜਾਣਗੇ।

ਇਸ 'ਤੇ ਇਤਰਾਜ਼ ਚੁਕਦਿਆਂ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਐੱਚਸੀਆਈ ਨੂੰ ਮਨਮਰਜ਼ੀ ਨਾਲ ਹਿਰਾਸਤ ਬਾਰੇ ਲਿਖਣ ਵਾਲੇ ਜੱਗੀ ਜੌਹਲ ਦੇ ਸ਼ੁਭ ਚਿੰਤਕਾਂ ਨੂੰ ਪ੍ਰਮਾਣਿਤ ਤੱਥ ਮੁਹੱਈਆ ਕਰਵਾਉਣਾ, 'ਲੌਬਿੰਗ' ਨਹੀਂ ਹੈ।

ਭਾਰਤ ਅਤੇ ਯੂਕੇ ਕਾਨੂੰਨ ਦੇ ਸ਼ਾਸ਼ਨ ਅਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਜਾ ਜਸ਼ਨ ਮਨਾਉਂਦੇ ਹਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਜੱਗੀ ਮਾਮਲੇ ਵਿਚ ਸਰਕਾਰ ਉੱਤੇ ਤਿੱਖੇ ਸਵਾਲ

ਸੰਸਦ ਮੈਂਬਰ ਮਾਰਟਿਨ ਡੌਕਰਟੀ-ਹੇਗਜ਼ ਨੇ ਮਤਾ ਪੇਸ਼ ਕੀਤਾ ਤੇ ਚਰਚਾ ਸ਼ੁਰੂ ਕਰਦਿਆਂ ਸਵਾਲ ਕੀਤਾ ਕਿ ਯੂਕੇ ਸਰਕਾਰ ਦੇ ਸੰਸਦ ਵਿੱਚ ਭਰੋਸਿਆਂ ਦੇ ਬਾਵਜੂਦ ਜੱਗੀ ਜੌਹਲ ਦੇ ਹੱਕਾਂ ਦੀ ਰੱਖਿਆ ਨਹੀਂ ਕੀਤੀ ਜਾ ਸਕੀ।

ਮਾਰਟਿਨ ਨੇ ਕਿਹਾ, "ਮੈਂ ਮੰਤਰੀ ਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ। ਮੈਂ ਯੂਕੇ ਸਰਕਾਰ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਤੱਕ ਜਗਤਾਰ ਦੀ ਰਿਹਾਈ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਮਸਲੇ ਨੂੰ ਛੱਡਿਆ ਨਹੀਂ ਜਾਵੇਗਾ।"

"ਯੂਕੇ ਸਰਕਾਰ ਨੇ ਅਜੇ ਤੱਕ ਜਗਤਾਰ ਸਿੰਘ ਜੌਹਲ ਦੀ ਹਿਰਾਸਤ ਨੂੰ ਆਰਬਿਟਰੇਰੀ ਕਿਉਂ ਨਹੀਂ ਮੰਨਿਆ ਹੈ? ਇਸ ਸਵਾਲ ਤੋਂ ਇਲਾਵਾ ਹੋਰ ਵੀ ਸਵਾਲ ਤੁਸੀਂ ਸਦਨ ਤੋਂ ਸੁਣੋਗੇ"

"ਮੈਂ ਮੰਤਰੀ ਨਾਲ 15 ਨਵੰਬਰ 2017 ਤੋਂ ਬਾਅਦ ਜਗਤਾਰ ਦਾ ਕੇਸ ਘੱਟੋ-ਘੱਟ ਵੀਹ ਵਾਰ ਵਿਚਾਰਿਆ ਹੈ। ਉਸ ਤੋਂ ਬਾਅਦ ਜਦੋਂ ਤਸ਼ਦੱਦ ਦੇ ਇਲਜ਼ਾਮ ਤਾਜ਼ਾ ਸਨ, ਮੈਂ ਉਦੋਂ ਵੀ ਇਹ ਮਸਲਾ ਚੁੱਕਿਆ ਸੀ।"

ਮਾਰਟਿਨ

ਤਸਵੀਰ ਸਰੋਤ, UK parliament

ਤਸਵੀਰ ਕੈਪਸ਼ਨ, ਜਦੋਂ ਹੋਰ ਮੁਲਕਾਂ ਵਿਚੋਂ ਯੂਕੇ ਦੇ ਨਾਗਰਿਕਾਂ ਵਾਪਸ ਲਿਆਂਦਾ ਜਾ ਸਕਦਾ ਹੈ ਤਾਂ ਭਾਰਤ ਤੋਂ ਜੱਗੀ ਜੌਹਲ ਨੂੰ ਕਿਉਂ ਨਹੀਂ - ਮਾਰਟਿਨ

"ਮੰਤਰੀ ਨੇ ਸੰਸਦ ਵਿੱਚ ਭਰੋਸਾ ਵੀ ਦਿੱਤਾ ਸੀ, ਇਸ ਦੇ ਬਾਵਜੂਦ ਜੱਗੀ ਉੱਤੇ ਜੇਲ੍ਹ ਵਿੱਚ ਤਸ਼ੱਦਦ ਹੁੰਦਾ ਰਿਹਾ ਅਤੇ ਕੋਵਿਡ ਕਾਲ 'ਚ ਉਸ ਨੂੰ ਸਮਰੱਥਾਂ ਤੋਂ ਵੱਧ ਭੀੜ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਹੈ।"

"ਇਸ ਮਾਮਲੇ ਉੱਤੇ ਸੰਸਦ ਦੇ 140 ਮੈਂਬਰਾਂ ਨੇ ਲਿਖਤੀ ਚਿੱਠੀ ਵੀ ਲਿਖੀ ਪਰ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਕੋਲ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਨਹੀਂ ਚੁੱਕਿਆ।"

ਉਨ੍ਹਾਂ ਕਿਹਾ ਕਿ ਜਦੋਂ ਹੋਰ ਮੁਲਕਾਂ ਵਿੱਚੋਂ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ ਤਾਂ ਭਾਰਤ ਤੋਂ ਜੱਗੀ ਜੌਹਲ ਨੂੰ ਕਿਉਂ ਨਹੀਂ।

ਮਾਰਟਿਨ ਨੇ ਕਿਹਾ ਕਿ ਉਸ ਦੇ ਪਰਿਵਾਰ ਮੁਤਾਬਕ ਉਸ ਉੱਤੇ ਤਸ਼ੱਦਦ ਕੀਤਾ ਗਿਆ ਹੈ। ਉਹ ਨੌਜਵਾਨ ਜਲੰਧਰ ਜਦੋਂ ਵਿਆਹ ਕਰਵਾਉਣ ਗਿਆ ਹੋਇਆ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ਨੂੰ ਚੁੱਕ ਲਿਆ ।

"ਉਹ ਬਿਨਾਂ ਦੋਸ਼ ਸਾਬਿਤ ਹੋਏ 4 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ, ਤਾਂ ਲੋਕਲ ਐਮਪੀ ਹੋਣ ਕਰਕੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਪੁੱਛਾਂ ਕਿ ਅਜਿਹਾ ਕਿਉਂ? ਉਸ ਦਾ ਜੱਗੀ ਤੇ ਉਸਦਾ ਪਰਿਵਾਰ ਮਾਨਸਿਕ ਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਕਰ ਰਿਹਾ ਹੈ।"

"ਜੱਗੀ ਜੌਹਲ ਇੱਕ ਪਤੀ, ਭਰਾ ਤੇ ਬੇਟਾ ਹੈ, ਉਸ ਦੀ ਪਰਿਵਾਰ ਲਈ ਉਸ ਨੂੰ ਯੂਕੇ ਲਿਆਉਣ ਲਈ ਫੌਰੀ ਕਦਮ ਚੁੱਕੇ ਜਾਣ।"

ਮੰਤਰੀ ਨੇ ਕੀ ਦਿੱਤਾ ਜਵਾਬ

ਬਹਿਸ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਸਿਵਲ ਤੇ ਅਪਰਾਧਿਕ ਮਾਮਲਿਆਂ ਦੀ ਕਿਸੇ ਦੇਸ਼ ਦੀ ਕਾਰਵਾਈ ਵਿੱਚ ਦਖਲ ਨਹੀਂ ਦੇ ਸਕਦਾ ਹੈ। ਸਾਡੀ ਪ੍ਰਮੁੱਖਤਾ ਉਸ ਨੂੰ ਮੈਡੀਕਲ ਤੇ ਲੀਗਲ ਮਦਦ ਤੇ ਨਿਰਪੱਖ ਟਰਾਇਲ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਕਿਹਾ, "ਅਸੀਂ ਉਸ ਉੱਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾ ਸਕਦੇ ਹਾਂ ਅਤੇ ਬੇਵਜਾ ਅਦਾਲਤੀ ਕਾਰਵਾਈ ਦੀ ਦੇਰੀ ਦਾ ਮੁੱਦਾ ਚੁੱਕ ਸਕਦੇ ਹਨ।"

"6 ਮਈ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨਾਲ ਯੂਕੇ ਵਿਦੇਸ਼ ਮੰਤਰੀ ਨੇ ਇਹ ਮੁੱਦਾ ਚੁੱਕਿਆ ਸੀ, ਅਤੇ ਉਸ ਦੇ ਨਿਰਪੱਖ ਟਰਾਇਲ ਦਾ ਮੁੱਦਾ ਚੁੱਕਦੇ ਰਹੇ ਹਾਂ।"

ਪਹਿਲੇ ਦਿਨ ਤੋਂ ਜਗਤਾਰ ਨੂੰ ਗ੍ਰਿਫ਼ਤਾਰੀ ਵੇਲੇ ਤੋਂ ਹੀ ਕਾਊਂਸਲ ਦੀ ਸਹੂਲਤ ਮਹੁੱਈਆ ਕਰਵਾਈ ਗਈ ਸੀ ਅਤੇ ਉਹ ਹੁਣ ਵੀ ਉਪਲੱਬਧ ਹੈ।

ਮੰਤਰੀ ਦੇ ਜਵਾਬ ਦੌਰਾਨ ਮੈਂਬਰਾਂ ਨੇ ਟੋਕ-ਟਕਾਈ ਵੀ ਕੀਤੀ , ਜਿਸ ਉੱਤੇ ਮੰਤਰੀ ਨੇ ਕਿਹਾ, "ਡਿਟੈਂਸ਼ਨ ਆਰਬਿਟਰੇਰੀ, ਤਸ਼ੱਦਦ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਲਗਾਤਾਰ ਭਾਰਤ ਸਰਕਾਰ ਦੇ ਉੱਚ ਪੱਧਰ ਉੱਤੇ ਚੁੱਕਦੇ ਰਹੇ ਹਨ।"

"ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਤਸ਼ੱਦਦ ਬਾਰੇ 17 ਵਾਰ ਇਸ ਮਸਲੇ ਉੱਤੇ ਭਾਰਤ ਸਰਕਾਰ ਨਾਲ ਗੱਲ ਕੀਤੀ ਹੈ ਅਤੇ ਪਰਿਵਾਰ ਨਾਲ ਸੰਪਰਕ ਵਿਚ ਹਾਂ।"

ਯੂਕੇ ਵਿਦੇਸ਼ ਮੰਤਰੀ

ਤਸਵੀਰ ਸਰੋਤ, UK parliament

ਤਸਵੀਰ ਕੈਪਸ਼ਨ, ਅਸੀਂ ਭਾਰਤ ਸਰਕਾਰ ਨਾਲ ਇਹ ਮਾਮਲਾ ਉਠਾ ਰਹੇ ਹਾਂ। ਅਸੀ ਉਸ ਦੀ ਭਲਾਈ ਦੀ ਗੱਲ ਕਰਦੇ ਰਹੇ ਹਨ - ਵਿਦੇਸ਼ ਮੰਤਰੀ

"ਅਸੀਂ ਭਾਰਤ ਸਰਕਾਰ ਨਾਲ ਇਹ ਮਾਮਲਾ ਚੁੱਕ ਰਹੇ ਹਾਂ। ਅਸੀਂ ਉਸ ਦੀ ਭਲਾਈ ਦੀ ਗੱਲ ਕਰਦੇ ਰਹੇ ਹਨ।"

ਮੰਤਰੀ ਨੇ ਕਿਹਾ , "ਮੈਂ ਦੁਬਾਰਾ ਹਾਊਸ ਨੂੰ ਭਰੋਸਾ ਦੁਆਉਂਦਾ ਹਾਂ ਕਿ ਉਹ ਮੌਤ ਦੀ ਸਜ਼ਾ ਵਾਲਾ ਕੇਸ ਅਤੇ ਆਰਬਿਟਰੇਰੀ ਡਿਟੈਂਸ਼ਨ ਦਾ ਮਾਮਲਾ ਉੱਚ ਪੱਧਰ ਉੱਤੇ ਚੁੱਕਿਆ ਜਾਵੇਗਾ।"

ਮੰਤਰੀ ਦਾ ਕਹਿਣਾ ਸੀ ਕਿ ਭਾਰਤ ਨਾਲ ਸਬੰਧ ਕਾਫ਼ੀ ਮਹੱਤਵਪੂਰਨ ਹਨ ਅਤੇ ਮਨੁੱਖੀ ਕੇਸਾਂ ਦਾ ਮਾਮਲਾ ਕਾਫ਼ੀ ਗੁੰਝਲਦਾਰ ਹੈ। ਹਰ ਕੇਸ ਮੁਤਾਬਕ ਵਿਅਕਤੀ ਦੀ ਆਰਬਿਟਰੇਰੀ ਡਿਟੈਂਸਨ ਜਾਂ ਕਾਊਂਸਲਰ ਅਸੈਸ ਮੁਹੱਈਆ ਕਰਵਾਉਂਦੇ ਹਾਂ।

ਜਗਤਾਰ ਦੇ ਨਿਰਪੱਖ ਟਰਾਇਲ ਲਈ ਲਗਾਤਾਰ ਭਾਰਤ ਨਾਲ ਗੱਲ ਕਰਦੇ ਹਾਂ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਭਰੋਸਾ ਦੁਆਉਂਦੇ ਹਾਂ ਕਿ ਹਰ ਤਰ੍ਹਾਂ ਦੇ ਤਸ਼ੱਦਦ ਤੇ ਦੋਸ਼ਾਂ ਨੂੰ ਲੋਕਲ ਅਥਾਰਟੀ ਕੋਲ ਚੁੱਕਾਂਗਾ।

ਵਿਦੇਸ਼ਾਂ ਵਿਚ ਯੂਕੇ ਦੇ ਨਾਗਰਿਕਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ 365 ਦਿਨ ਵਿਦੇਸ਼ ਮੰਤਰਾਲਾ ਕਾਊਂਸਲਰ ਸਰਵਿਸ ਦਿੰਦਾ ਹੈ।

ਤਨਮਨ ਢੇਸੀ ਨੇ ਕੀ ਕਿਹਾ

ਯੂਕੇ ਸੰਸਦ ਵਿਚ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ, "ਮੈਂ 2017 ਤੋਂ ਹੀ ਇਸ ਮਸਲਾ ਉਠਾ ਰਿਹਾ ਹਾਂ, ਮੈਂ ਸਰਕਾਰ ਨਾਲ ਇਹ ਮਾਮਲਾ ਚੁੱਕਦਾ ਰਿਹਾ ਹਾਂ, ਪਰ ਜਗਤਾਰ ਉੱਤੇ ਤਸ਼ੱਦਦ ਦੇ ਬਾਵਜੂਦ ਯੂਕੇ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।"

ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਤਾਂ ਉਸ ਦੇ ਪਰਿਵਾਰ ਤੱਕ ਨੂੰ ਨਹੀਂ ਮਿਲੇ, ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਉਸ ਮੁਤਾਬਕ ਜਗਤਾਰ ਉੱਤੇ ਸਖ਼ਤ ਤਸ਼ੱਦਦ ਢਾਇਆ ਜਾ ਰਿਹਾ ਹੈ।

ਤਨਮਨਜੀਤ ਢੇਸੀ

ਤਸਵੀਰ ਸਰੋਤ, Tanmanjit dhesi

ਤਸਵੀਰ ਕੈਪਸ਼ਨ, ਢੇਸੀ ਨੇ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਵਿਚ ਅੱਗੇ ਆਵੇ ਤੇ ਇਸ ਮਾਮਲੇ ਵਿਚ ਠੋਸ ਕਦਮ ਚੁੱਕੇ

ਢੇਸੀ ਨੇ ਕਿਹਾ ਕਿ ਤਸ਼ੱਦਦ ਨੂੰ ਕਿਸੇ ਵੀ ਸੂਰਤ ਵਿਚ ਸਹਿਣ ਨਹੀਂ ਕੀਤਾ ਜਾ ਸਕਦਾ, ਅਦਾਲਤੀ ਕਾਰਵਾਈ ਨੂੰ ਲਟਕਾ ਕੇ ਜਗਤਾਰ ਦੀ ਜੇਲ੍ਹ ਹਿਰਾਸਤ ਲੰਬੀ ਕੀਤੀ ਜਾ ਰਹੀ ਹੈ।

ਢੇਸੀ ਨੇ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਵਿਚ ਅੱਗੇ ਆਵੇ ਤੇ ਇਸ ਮਾਮਲੇ ਵਿਚ ਠੋਸ ਕਦਮ ਚੁੱਕੇ।

ਜੱਗੀ ਲਈ ਲੌਬਿੰਗ ਕਿਉਂ ਨਹੀਂ ਕਰ ਸਕੀ ਸਰਕਾਰ

ਇੱਕ ਹੋਰ ਸੰਸਦ ਮੈਂਬਰ ਨੇ ਕਿਹਾ ਕਿ ਜੱਗੀ ਜੌਹਲ ਵਿਆਹ ਕਰਵਾਉਣ ਲਈ ਗਿਆ ਸੀ ਪਰ ਉਸ ਨੂੰ ਪੁਲਿਸ ਚੁੱਕ ਲੈ ਗਈ ਅਤੇ ਉਹ ਬਿਨਾਂ ਟਰਾਇਲ ਤੋਂ ਚਾਰ ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ।

ਸਵਾਲ ਇਹ ਬਣਦਾ ਹੈ ਯੂਕੇ ਸਰਕਾਰ ਆਪਣੇ ਨਾਗਰਿਕ ਦੀ ਵਿਦੇਸ਼ ਵਿਚ ਰੱਖਿਆ ਨਹੀਂ ਕਰ ਸਕੀ ਤੇ ਆਰਬਿਟਰੇਰੀ ਹਿਰਾਸਤ ਖਿਲਾਫ਼ ਲੌਬਿੰਗ ਕਿਉਂ ਨਹੀਂ ਹੋਈ।

ਉਸ ਦੇ ਪਰਿਵਾਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਿਉਂ ਨਹੀਂ ਕਰਵਾਈ ਗਈ।

ਭਾਰਤ ਵਿਚ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਲੈ ਕੇ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਬੂਤ ਹਨ।

ਭਾਰਤੀ ਅਦਾਲਤੀ ਕਾਰਵਾਈ ਉੱਤੇ ਸ਼ੰਕੇ

ਇੱਕ ਹੋਰ ਸੰਸਦ ਮੈਂਬਰ ਦਾ ਕਹਿਣਾ ਸੀ ਕਿ ਜਗਤਾਰ ਦੇ ਪਰਿਵਾਰ ਉੱਤੇ ਮਹਾਮਾਰੀ ਦੇ ਦੌਰ ਵਿਚ ਜੋ ਬੀਤ ਰਹੀ ਹੋਵੇਗੀ ਉਹ ਬਹੁਤ ਦੁੱਖਦਾਇਕ ਹੈ।

ਇਸ ਉੱਤੇ ਸੰਸਦ ਮੈਂਬਰਾਂ ਵਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਸਰਕਾਰ ਦੱਸੇ ਕਿ ਉਹ ਇਸ ਮਾਮਲੇ ਵਿਚ ਕੀ ਕਰ ਰਹੀ ਹੈ।

ਸੰਸਦ ਮੈਂਬਰਾਂ ਨੇ ਭਾਰਤੀ ਅਦਾਲਤੀ ਸਿਸਟਮ ਉੱਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਮੰਗ ਕੀਤੀ ਗਈ ਕਿ ਸਰਕਾਰ ਆਰਬਿਟਰੇਰੀ ਹਿਰਾਸਤ ਬਾਰੇ ਵਿਦੇਸ ਨੀਤੀ ਮੁਤਾਬਕ ਕੰਮ ਕਰੇ।

ਜਗਤਾਰ ਜੱਗੀ ਨੂੰ ਨਿਰਪੱਖ ਅਦਾਲਤੀ ਟਰਾਇਲ ਮਿਲਣ ਉੱਤੇ ਸ਼ੰਕੇ ਜਾਹਰ ਕੀਤੇ ਗਏ ਅਤੇ ਉਸਦੀ ਜ਼ਿੰਦਗੀ ਨੂੰ ਖਤਰਾ ਦੱਸਿਆ ਗਿਆ।

ਹੋਰ ਕਿਹੜੇ ਸਵਾਲ ਚੁੱਕੇ ਗਏ

ਜਗਤਾਰ ਸਿੰਘ ਜੱਗੀ ਦੀ ਟਰਾਇਲ ਬਿਨਾਂ ਭਾਰਤ ਵਿਚ ਜੇਲ੍ਹਬੰਦੀ ਨੂੰ ਯੂਕੇ ਦੇ ਵਿਦੇਸ਼ ਮੰਤਰੀ ਲਈ ਸ਼ਰਮਨਾਕ ਦੱਸਿਆ ਗਿਆ।

ਕਿਹਾ ਗਿਆ ਕਿ ਯੂਕੇ ਨਾਗਰਿਕ ਨੂੰ ਇੰਝ ਕਿਵੇਂ ਛੱਡਿਆ ਜਾ ਸਕਦਾ ਹੈ। ਸਰਕਾਰ ਨੂੰ ਇਸ ਮਾਮਲੇ ਉੱਤੇ ਲੀਡਰਸ਼ਿਪ ਦਿਖਾਉਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।

ਜਗਤਾਰ ਜੱਗੀ ਮਾਮਲੇ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੇ ਭਾਰਤ ਯੂਕੇ ਦੇ ਸਬੰਧਾਂ ਉੱਤੇ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਦੱਸੇ ਕਿ ਜੌਹਲ ਦੀ ਰਿਹਾਈ ਲ਼ਈ ਕਿਸ ਤਰ੍ਹਾਂ ਦੇ ਸਿਆਸੀ ਤੇ ਕੂਟਨੀਤਕ ਕਦਮ ਚੁੱਕ ਰਹੀ ਹੈ।

ਪਰਿਵਾਰ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਵਾਲਾ ਸ਼ਰਮਨਾਕ ਕੇਸ ਸਰਕਾਰ ਦੱਸਿਆ ਗਿਆ।

ਯੂਕੇ ਸਰਕਾਰ ਵਲੋਂ ਲੋੜੀਂਦੇ ਕਦਮ ਨਾ ਚੁੱਕੇ ਜਾਣ ਉੱਤੇ ਅਫ਼ਸੋਸ ਜਾਹਰ ਕੀਤਾ ਗਿਆ।

ਸਰਕਾਰ ਤੋਂ ਪੁੱਛਿ੍ਆ ਗਿਆ ਕਿ ਕੀ ਉਹ ਜਗਤਾਰ ਦੀ ਗ੍ਰਿਫਤਾਰੀ ਨੂੰ ਆਰਬਿਟਰੇਰੀ ਡਿਟੈਂਸ਼ਨ ਮੰਨਦੀ ਹੈ ਜਾਂ ਨਹੀਂ, ਜੇ ਮੰਨਦੀ ਹੈ ਤਾਂ ਇਸ ਖਿਲਾਫ਼ ਆਪਣੀ ਹੀ ਨੀਤੀ ਨੂੰ ਲਾਗੂ ਕਿਉਂ ਨਹੀਂ ਕਰਦੀ।

ਵੀਡੀਓ ਕੈਪਸ਼ਨ, ਜਗਤਾਰ ਸਿੰਘ ਜੌਹਲ: ‘ਮੇਰੇ ਕੱਪੜੇ ਉਤਾਰੇ ਗਏ ਮੈਨੂੰ ਕੁੱਟਿਆ ਤੇ ਬਿਜਲੀ ਦੇ ਝਟਕੇ ਦਿੱਤੇ’

4 ਸਾਲਾ ਤੋਂ ਭਾਰਤ ਵਿਚ ਬੰਦ ਹੈ ਜੱਗੀ ਜੌਹਲ

ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ 'ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਹੈ।

ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਜੋ ਕਿ ਅਪਰਾਧ ਸਾਬਤ ਹੋਏ ਬਿਨਾਂ ਹੀ ਭਾਰਤੀ ਜੇਲ੍ਹ 'ਚ ਬੰਦ ਹੈ, ਨੇ ਆਪਣੇ ਵਕੀਲ ਜ਼ਰੀਏ ਬੀਬੀਸੀ ਨੂੰ ਦੱਸਿਆ ਸੀ ਕਿ ਉਸ ਤੋਂ ਕੋਰੇ ਹਲਫੀਆਂ ਬਿਆਨ ਵਾਲੇ ਕਾਗਜ਼ ਉੱਤੇ ਹਸਤਾਖ਼ਰ ਕਰਵਾਉਣ ਲਈ ਤਸ਼ੱਦਦ ਢਾਹੇ ਗਏ।

ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ 'ਦਹਿਸ਼ਤਗਰਦੀ ਗਿਹੋਰ' ਦੇ ਮੈਂਬਰ ਸਨ।

ਸਕੌਟਲੈਂਡ ਦੇ ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।

ਜੌਹਲ 'ਤੇ ਭਾਰਤ ਵਿੱਚ ਆਰਮਜ਼ ਐਕਟ, ਯੂਏਪੀਏ, ਕਤਲ ਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ 11 ਕੇਸ ਦਰਜ ਹਨ।

ਮਈ-ਜੂਨ 2019 ਵਿੱਚ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਤੋਂ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ।

ਜੱਗੀ ਜੌਹਲ ਨੂੰ ਕਦੋਂ ਕੀਤਾ ਸੀ ਗ੍ਰਿਫ਼ਤਾਰ ?

ਜਗਤਾਰ ਸਿੰਘ ਜੌਹਲ ਆਪਣੇ ਵਿਆਹ ਲਈ 2ਅਕਤੂਬਰ, 2017 ਨੂੰ ਭਾਰਤ ਆਇਆ ਸੀ। 4 ਨਵੰਬਰ 2017 ਨੂੰ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਜੌਹਲ ਦੀ ਗ੍ਰਿਫ਼ਤਾਰੀ ਉਸ ਦੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੋਈ ਸੀ।

ਜਗਤਾਰ ਜੱਗੀ 'ਤੇ ਕਿਹੜੇ ਕੇਸ ਅਤੇ ਹੁਣ ਤੱਕ ਕੀ ਕੁਝ ਹੋਇਆ?

ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੌਹਲ 'ਤੇ ਭਾਰਤ ਵਿੱਚ 11 ਕੇਸ ਦਰਜ ਹਨ।

ਇਨ੍ਹਾਂ ਵਿੱਚੋਂ ਛੇ ਕੇਸ ਟਾਰਗੇਟ ਕਿੰਲਿੰਗ, ਦੋ ਕੇਸ ਕਤਲ ਦੀ ਕੋਸ਼ਿਸ਼ ਦੇ ਹਨ ਅਤੇ ਆਰਮਜ਼ ਐਕਟ, ਯੂਏਪੀਏ ਦੀਆਂ ਧਾਰਾਵਾਂ ਤਹਿਤ ਵੀ ਕੇਸ ਦਰਜ ਹਨ।

ਜੌਹਲ ਖਿਲਾਫ ਪਹਿਲਾ ਕੇਸ ਮੋਗਾ ਦੇ ਬਾਘਾ ਪੁਰਾਣਾ ਵਿੱਚ ਆਰਮਜ਼ ਐਕਟ, ਯੂਏਪੀਏ ਅਤੇ ਦਹਿਸ਼ਤਗਰਦੀ ਸਾਜਿਸ਼ ਦੀਆਂ ਧਾਰਾਵਾਂ ਤਹਿਤ ਦਰਜ ਹੋਇਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸੇ ਕੇਸ ਵਿੱਚ ਜੌਹਲ ਨੂੰ 4 ਨਵੰਬਰ, 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ਵਿੱਚ ਚਾਰਜਿਜ਼ ਫਰੇਮ ਹੋ ਚੁੱਕੇ ਹਨ ਅਤੇ ਗਵਾਹੀਆਂ ਹੋ ਰਹੀਆਂ ਹਨ।

ਉਪਰੋਕਤ ਕੇਸ ਵਿੱਚ ਜਗਤਾਰ ਜੌਹਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲ ਚੁੱਕੀ ਹੈ।

ਇਸੇ ਕੇਸ ਦੌਰਾਨ ਦੋ ਮਹੀਨੇ ਦੀ ਪੁਲਿਸ ਰਿਮਾਂਡ ਦੌਰਾਨ ਜਗਤਾਰ ਜੌਹਲ 'ਤੇ ਟਾਰਗੇਟ ਕਿਲਿੰਗਜ਼ ਅਤੇ ਕਤਲ ਦੀ ਕੋਸ਼ਿਸ਼ ਦੇ ਅੱਠ ਕੇਸ ਦਰਜ ਹੋਏ, ਜਿੰਨ੍ਹਾਂ ਦੀ ਜਾਂਚ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ(NIA) ਕੋਲ ਹੈ।

ਜੱਗੀ ਬਾਰੇ ਬੀਬੀਸੀ ਪੰਜਾਬੀ ਦੀਆਂ ਹੋਰ ਖ਼ਬਰਾਂ

ਕਿਹੜੇ ਕੇਸ ਦਾ ਕੀ ਹੈ ਸਟੇਟਸ

ਇਨ੍ਹਾਂ ਅੱਠ ਵਿੱਚੋਂ ਦੋ ਕੇਸ ਮੁਹਾਲੀ ਦੀ ਸਪੈਸ਼ਲ ਕੋਰਟ NIA ਕੋਲ ਪੈਂਡਿੰਗ ਹਨ ਅਤੇ ਛੇ ਕੇਸ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਲਟਕ ਰਹੇ ਹਨ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚੱਲ ਰਹੇ ਛੇ ਕੇਸਾਂ ਦੀ 30 ਜੂਨ, 2021 ਨੂੰ ਸੁਣਵਾਈ ਹੋਈ।

ਹੁਣ 6,7,8 ਅਕਤੂਬਰ ਨੂੰ ਇਨ੍ਹਾਂ ਕੇਸਾਂ ਦੀ ਅਗਲੀ ਸੁਣਵਾਈ ਲਈ ਤਾਰੀਖ ਤੈਅ ਹੋਈ ਹੈ। ਉਸ ਵੇਲੇ ਇਲਜਾਮ ਤੈਅ ਕਰਨ ਨੂੰ ਲੈ ਕੇ ਬਹਿਸ ਹੋਣੀ ਹੈ। ਇਨ੍ਹਾਂ ਵਿੱਚ ਪੰਜ ਕੇਸ ਕਤਲ ਅਤੇ ਇੱਕ ਕੇਸ ਕਤਲ ਦੀ ਕੋਸ਼ਿਸ਼ ਦਾ ਹੈ।

ਜੱਗੀ

ਤਸਵੀਰ ਸਰੋਤ, PAl singh nauli/bbc

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚੱਲ ਰਹੇ ਕੇਸਾਂ ਵਿੱਚ ਆਰ.ਐਸ.ਐਸ ਨੇਤਾ ਰਵਿੰਦਰ ਗੋਸਾਈਂ ਕਤਲ ਕੇਸ, ਹਿੰਦੂ ਤਖਤ ਦੇ ਅਮਿਤ ਸ਼ਰਮਾ ਦੇ ਕਤਲ ਦਾ ਕੇਸ ਸ਼ਾਮਲ ਹੈ।

ਇਸ ਦੇ ਨਾਲ ਲੁਧਿਆਣਾ ਵਿੱਚ ਹੋਏ ਪਾਦਰੀ ਕਤਲ ਕੇਸ, ਖੰਨਾ ਵਿੱਚ ਸ਼ਿਵਸੇਨਾ ਲੀਡਰ ਦੁਰਗਾ ਪ੍ਰਸਾਦ ਦੇ ਕਤਲ ਦਾ ਕੇਸ, ਲੁਧਿਆਣਾ ਜਿਲ੍ਹੇ ਵਿੱਚ ਡੇਰਾ ਸਿਰਸਾ ਦੀ ਕੰਟੀਨ 'ਤੇ ਹੋਏ ਪਿਓ-ਪੁੱਤ ਦੇ ਕਤਲ ਦਾ ਕੇਸ, ਆਰ.ਐਸ.ਐਸ ਦੀ ਸ਼ਾਖਾ 'ਤੇ ਹਮਲੇ ਦਾ ਕੇਸ ਜਿਸ ਵਿੱਚ ਕਤਲ ਦੀ ਕੋਸ਼ਿਸ਼ ਦੀ ਧਾਰਾ ਲੱਗੀ, ਸ਼ਾਮਲ ਹਨ।

  • ਮੁਹਾਲੀ ਦੀ ਸਪੈਸ਼ਲ NIA ਕੋਰਟ ਵਿੱਚ ਚੱਲ ਰਹੇ ਦੋ ਕੇਸਾਂ ਦੀ ਅਗਲੀ ਤਾਰੀਖ਼ 15 ਜੁਲਾਈ, 2021 ਹੈ। ਇਨ੍ਹਾਂ ਕੇਸਾਂ ਵਿੱਚ ਇਲਜ਼ਾ ਤੈਅ ਕਰਨ ਸਬੰਧੀ ਬਹਿਸ ਪੂਰੀ ਹੋ ਚੁੱਕੀ ਹੈ। ਇੱਥੇ ਚੱਲ ਰਹੇ ਕੇਸਾਂ ਵਿੱਚੋਂ ਇੱਕ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਦਾ ਹੈ।
  • ਮੁਹਾਲੀ ਦੀ ਸਪੈਸ਼ਲ NIA ਕੋਰਟ ਵਿੱਚ ਚੱਲ ਰਹੇ ਕੇਸਾਂ ਵਿੱਚ ਜਲੰਧਰ 'ਚ ਹੋਏ ਆਰ.ਐਸ.ਐਸ ਨੇਤਾ ਜਗਦੀਸ਼ ਗਗਨੇਜਾ ਦੇ ਕਤਲ ਅਤੇ -ਸ਼ਿਵਸੇਨਾ ਲੀਡਰ ਅਮਿਤ ਅਰੋੜਾ ਦੇ ਕਤਲ ਦੀ ਕੋਸ਼ਿਸ਼ ਦਾ ਕੇਸ ਹਨ।
  • ਜੌਹਲ ਖਿਲਾਫ ਇੱਕ ਕੇਸ ਫਰੀਦਕੋਟ ਦੇ ਬਾਜਾਖਾਨਾ ਵਿੱਚ ਦਰਜ ਹੋਇਆ ਸੀ, ਇਸ ਕੇਸ ਵਿੱਚ ਇੱਕ ਸਾਲ ਦੇ ਅੰਦਰ ਆਰੋਪ ਤੈਅ ਹੋ ਗਏ ਸੀ ਅਤੇ ਜਗਤਾਰ ਸਿੰਘ ਜੌਹਲ ਇਸ ਕੇਸ ਵਿੱਚ ਡਿਸਚਾਰਜ ਹੋ ਚੁੱਕਿਆ ਹੈ।
  • ਇੱਕ ਨਵਾਂ ਕੇਸ ਜਨਵਰੀ 2021 ਵਿੱਚ ਜੌਹਲ ਖਿਲਾਫ ਦਰਜ ਹੋਇਆ। ਦਿੱਲੀ ਸਪੈਸ਼ਲ ਸੈਲ ਨੇ ਸੁਖਮੀਤਪਾਲ ਸਿੰਘ ਨਾਮ ਦਾ ਇੱਕ ਸ਼ਖਸ ਦੁਬਈ ਤੋਂ ਲਿਆਂਦਾ ਸੀ, ਉਸ ਨੇ ਛੇ ਮਹੀਨੇ ਤੋਂ ਜਗਤਾਰ ਸਿੰਘ ਜੌਹਲ ਦੇ ਸੰਪਰਕ ਵਿੱਚ ਹੋਣ ਬਾਰੇ ਕਿਹਾ ਜਿਸ ਤੋਂ ਬਾਅਦ ਜੌਹਲ ਨੂੰ ਨਾਮਜ਼ਦ ਕੀਤਾ ਗਿਆ। ਚਾਰਜਸ਼ੀਟ ਤੈਅ ਦਿਨਾਂ ਅੰਦਰ ਦਾਇਰ ਨਾ ਹੋਣ ਕਾਰਨ ਇਸ ਕੇਸ ਵਿੱਚੋਂ ਜੌਹਲ ਨੂੰ ਲਾਜ਼ਮੀ ਜ਼ਮਾਨਤ ਮਿਲ ਗਈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਨੌਜਵਾਨ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ। ਕੇਸਾਂ ਦੀ ਸੁਣਵਾਈ ਵੀ ਬਹੁਤ ਮੱਠੀ ਰਫਤਾਰ ਵਿੱਚ ਚੱਲ ਰਹੀ ਹੈ,ਜਿਸ ਕਾਰਨ ਜੌਹਲ ਨੂੰ ਜੇਲ੍ਹ ਵਿੱਚ ਰਹਿਣਾ ਪੈ ਰਿਹਾ ਹੈ।

ਇਹ ਮਾਨਸਿਕ ਤਸ਼ੱਦਦ ਤੋਂ ਘੱਟ ਨਹੀਂ ਹੈ। ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੌਹਲ ਦਾ ਪਰਿਵਾਰ ਇਸ ਵੇਲੇ ਯੂਕੇ ਹੀ ਹੈ।

ਵੀਡੀਓ ਕੈਪਸ਼ਨ, ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨਾਲ ਗੱਲਬਾਤ

ਤਸ਼ੱਦਦ ਦੇ ਇਲਜ਼ਾਮ

ਇਸ ਸਾਲ ਦੇ ਸ਼ੁਰੂ ਵਿੱਚ ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਰਾਹੀਂ ਬੀਬੀਸੀ ਨੇ ਉਨ੍ਹਾਂ ਦੇ ਵਕੀਲ ਤੋਂ ਕੁਝ ਸਵਾਲਾਂ ਦੇ ਜਵਾਬ ਹਾਸਲ ਕੀਤੇ।

ਇਨ੍ਹਾਂ ਜਵਾਬਾਂ ਵਿੱਚ 33 ਸਾਲਾਂ ਦੇ ਜੌਹਲ ਨੇ ਕਿਹਾ ਕਿ ਉਸ ਨੂੰ ਇੱਕ ਕੋਰੇ ਹਲਫ਼ਨਾਮੇ 'ਤੇ ਦਸਤਖ਼ਤ ਕਰਨ ਲਈ ਸਰੀਰਕ ਤਸੀਹੇ ਦਿੱਤੇ ਗਏ।

ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ।

ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ।

ਇਸ ਪੱਤਰ ਵਿੱਚ ਜੱਗੀ ਨੂੰ ਦਿੱਤੇ ਗਏ ਤਸੀਹਿਆਂ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਹੈ।

ਜੱਗੀ

ਪੱਤਰ ਵਿੱਚ ਕਿਹਾ ਗਿਆ ਹੈ, "ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ 'ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।"

"ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਅਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।"

"ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈ ਕੇ ਜਾਣਾ ਪਿਆ।"

ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਹੈ

ਅਧਿਕਾਰੀਆਂ ਮੁਤਾਬਕ, "ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।"

ਜੌਹਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਕਈ ਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਜੱਗੀ ਜੌਹਲ ਉੱਤੇ ਤਸ਼ੱਦਦ ਕਰਨ ਦੇ ਦੋਸ਼ ਵੀ ਲਗਾਏ ਗਏ ਜਿਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਸਿਰੇ ਤੋਂ ਖ਼ਾਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)