ਕੈਪਟਨ ਅਮਰਿੰਦਰ ਦੀ ਹਾਈ ਕਮਾਨ ਨਾਲ ਮੀਟਿੰਗ, ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕੀ ਕਿਹਾ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦੇਸ-ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੱਸਾਂਗੇ।

ਪੰਜਾਬ ਕਾਂਗਰਸ ਦੀ ਦਿੱਲੀ ਵਿੱਚ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਕਈ ਆਗੂ ਬਾਹਰ ਆ ਕੇ ਮੀਡੀਆ ਨੂੰ ਮੁਖ਼ਾਤਬ ਹੋਏ।

ਕਾਂਗਰਸ ਦੇ ਬੁਲਾਰੇ ਹਰੀਸ਼ ਰਾਵਤ ਨੇ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਕਿਹਾ, ''ਕੈਪਟਨ ਅਮਰਿੰਦਰ ਸਿੰਘ ਕਮੇਟੀ ਦੇ ਸਾਹਮਣੇਆਏ ਅਤੇ ਉਨ੍ਹਾਂ ਨੇ ਜੋ ਜਾਣਕਾਰੀ ਦਿੱਤੀ ਉਸ ਦਾ ਸਿੱਧਾ ਸਬੰਧ ਸਮਾਜ ਦੇ ਕਮਜ਼ੋਰ ਤਬਕਿਆਂ ਨਾਲ ਹੈ। ਉਨ੍ਹਾਂ ਨੇ ਬਿਜਲੀ ਵਿੱਚ ਰਿਆਇਤ ਦੇਣ ਦੀ ਗੱਲ ਆਖੀ ਹੈ, ਸਾਲਾਂ ਤੋਂ ਕੱਚੇ ਲੋਕਾਂ ਨੂੰ ਰੈਗੂਲਰ ਕਰਨ ਦੀ ਗੱਲ ਕਹੀ ਹੈ।''

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਪੈਨਲ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਕਿਹੜੇ ਮੁੱਦਿਆਂ ਬਾਰੇ ਵਿਚਾਰ ਕੀਤੀ ਗਈ, ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਮੁੱਦੇ ਕਈ ਵਾਰ ਚੁੱਕੇ ਗਏ ਹਨ, ਉਨ੍ਹਾਂ ਬਾਰੇ ਹੀ ਉਨ੍ਹਾਂ ਨੇ ਹਾਈਕਮਾਨ ਨੂੰ ਦੱਸਿਆ ਹੈ।

ਪਰਗਟ ਸਿੰਘ ਨੇ ਦਿੱਲੀ ਵਿਖੇ ਰਾਹੁਲ ਗਾਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ''ਮੈਂ ਉਨ੍ਹਾਂ ਮਸਲਿਆਂ ਨੂੰ ਦੁਹਰਾਇਆ ਹੈ ਜੋ ਮੈਂ ਪਹਿਲਾਂ ਚੁੱਕੇ ਸਨ। ਇਨ੍ਹਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ। ਜੇ ਇਨ੍ਹਾਂ ਮਸਲਿਆਂ ਨੂੰ ਕੈਪਟਨ ਅਮਰਿੰਦਰ ਦੇਖਦੇ ਹਨ ਤਾਂ ਮੈਨੂੰ ਕੋਈ ਇਤਰਾਜ਼ ਨਹੀਂ।''

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ SIT ਨੇ ਪੁੱਛ-ਗਿੱਛ ਕੀਤੀ, ਸੁਖਬੀਰ ਬਾਦਲ ਨੇ ਕੀ ਕਿਹਾ

2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਤੋਂ ਬਾਅਦ ਕੋਟਕਪੂਰਾ ਵਿਖੇ ਪ੍ਰਦਰਸ਼ਨਕਾਰੀਆਂ ਉਪਰ ਫਾਇਰਿੰਗ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਐਸਆਈਟੀ ਵੱਲੋਂ ਪੁੱਛ ਗਿੱਛ ਕੀਤੀ ਗਈ।

ਚੰਡੀਗਡ਼੍ਹ ਵਿਖੇ ਦੋ ਘੰਟੇ ਤੋਂ ਵੱਧ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਕਾਂਗਰਸ ਦਾ ਨਿਸ਼ਾਨਾ ਦੋਸ਼ੀ ਫੜਨਾ ਨਹੀਂ ਬਲਕਿ ਰਾਜਨੀਤੀ ਕਰਨਾ ਹੈ। ਅਸੀਂ ਸਾਢੇ ਚਾਰ ਸਾਲ ਤੋਂ ਕਹਿ ਰਹੇ ਸੀ ਕਿ ਇਹ ਸਿਰਫ਼ ਰਾਜਨੀਤੀ ਹੈ।"

ਸੁਖਬੀਰ ਸਿੰਘ ਬਾਦਲ ਨੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਬਾਰੇ ਕਿਹਾ, "ਉਨ੍ਹਾਂ ਦਾ ਮਕਸਦ ਵੀ ਰਾਜਨੀਤੀ ਕਰਨਾ ਹੈ। ਦੁਨੀਆਂ ਅਤੇ ਪੰਜਾਬ ਦੇ ਲੋਕ ਇਸ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਨ ਪਰ ਇਨਸਾਫ ਦੇਣ ਦੀ ਬਜਾਏ ਇਸ ਵਿੱਚ ਕੇਵਲ ਰਾਜਨੀਤੀ ਹੋ ਰਹੀ ਹੈ।"

ਕੋਟਕਪੂਰਾ ਫਾਇਰਿੰਗ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਹੇਠ ਬਣੀ ਐਸਆਈਟੀ ਨੇ ਪਹਿਲਾਂ 16 ਜੂਨ ਨੂੰ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਇਸ ਨੂੰ 22 ਜੂਨ ਲਈ ਤੈਅ ਕੀਤਾ ਗਿਆ ਸੀ।

ਕੈਪਟਨ ਦੀ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਖੇ ਕਾਂਗਰਸ ਦੇ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕੀਤੀ। ਪੰਜਾਬ ਕਾਂਗਰਸ ਵਿੱਚ ਧੜੇਬਾਜ਼ੀ ਅਤੇ ਆਪਸੀ ਮਤਭੇਦ ਨੂੰ ਖ਼ਤਮ ਕਰਨ ਲਈ ਬਣੇ ਇਸ ਪੈਨਲ ਦੀ ਅਗਵਾਈ ਮਲਿਕਾਰਜੁਨ ਖੜਗੇ ਕਰ ਰਹੇ ਹਨ। ਸੰਸਦ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਇਹ ਬੈਠਕ ਦੋ ਘੰਟੇ ਤੋਂ ਵੱਧ ਚੱਲੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।

ਖ਼ਬਰ ਏਜੰਸੀ ਏਐਨਆਈ ਨੂੰ ਖੜਗੇ ਨੇ ਦੱਸਿਆ, "ਸਭ ਮਿਲ ਕੇ ਚੋਣਾਂ ਲੜਨਗੇ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਜਾਣਗੀਆਂ।"

ਏਐਨਆਈ ਅਨੁਸਾਰ ਅੱਜ ਸ਼ਾਮ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਹੋਵੇਗੀ।

ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਪੰਜਾਬ ਕੈਬਨਿਟ ਵੱਲੋਂ ਸਰਕਾਰੀ ਨੌਕਰੀ ਲਈ ਹਰੀ ਝੰਡੀ ਦੇਣ ਤੋਂ ਬਾਅਦ ਕਈ ਆਗੂਆਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪੰਜਾਬ ਕਾਂਗਰਸ ਦੇ ਆਗੂਆਂ ਵਿਚ ਆਪਣੀ ਸਰਕਾਰ ਪ੍ਰਤੀ ਨਾਰਾਜ਼ਗੀ ਹੈ।

ਮਨੀਸ਼ ਸਿਸੋਦੀਆ ਤੇ ਹਰਦੀਪ ਪੁਰੀ ਵਿਚਾਲੇ ਸ਼ਬਦੀ ਜੰਗ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਨਿਸ਼ਾਨਾ ਲਗਾਇਆ ਤਾਂ ਉਧਰ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਟਵਿੱਟਰ 'ਤੇ ਜਵਾਬ ਦੇਣ ਲਈ ਮੋਰਚਾ ਸਾਂਭ ਲਿਆ।

ਦਰਅਸਲ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਕਿ ਇੱਕ ਦਿਨ ਵਿੱਚ ਭਾਰਤ 'ਚ 84 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ, ਦੂਜੇ ਪਾਸੇ ਦਿੱਲੀ 'ਚ 11 ਲੱਖ ਡੋਜ਼ ਉਪਲਬਧ ਹਨ ਪਰ ਦਿੱਲੀ ਨੇ ਸਿਰਫ਼ 76,259 ਲੋਕਾਂ ਨੂੰ ਹੀ ਵੈਕਸੀਨ ਲਗਾਈ ਹੈ, ਆਖਿਰ ਕਿਉਂ?

ਹਰਦੀਪ ਪੁਰੀ ਨੇ ਇਸ ਦੇ ਨਾਲ ਹੀ ਕੇਜਰੀਵਾਲ 'ਤੇ ਤੰਜ ਕਰਦਿਆਂ ਲਿਖਿਆ ਕਿ ਦਿੱਲੀ ਦੇ ਲੋਕਾਂ ਦੀ ਸਿਹਤ ਤੇ ਭਲਾਈ ਉੱਤੇ ਧਿਆਨ ਦੇਣ ਦੀ ਥਾਂ ਕੇਜਰੀਵਾਲ ਜੀ ਪੰਜਾਬ ਵਿੱਚ ਆਪਣੀ ਪਾਰਟੀ ਲਈ ਸਿੱਖ ਚਿਹਰਾ ਮੁੱਖ ਮੰਤਰੀ ਵਜੋਂ ਲੱਭਣ ਵਿੱਚ ਮਸਰੂਫ਼ ਹਨ।

ਇਸੇ ਟਵੀਟ ਦੇ ਜਵਾਬ ਵਿੱਚ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਹਰਦੀਪ ਪੁਰੀ ਨੂੰ ਮੁਖਾਤਬ ਹੁੰਦਿਆਂ ਲਿਖਿਆ ਕਿ ਹਰਦੀਪ ਜੀ, ਕਿਰਪਾ ਕਰਕੇ ਅਰਵਿੰਦ ਕੇਜਰੀਵਾਲ ਨੂੰ ਹਰ ਵੇਲੇ ਭੰਡਣ ਦੀ ਥਾਂ ਨੌਜਵਾਨਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ 'ਤੇ ਫੋਕਸ ਕਰੋ।

ਸਿਸੋਦੀਆ ਨੇ ਅੱਗੇ ਲਿਖਿਆ ਕਿ ਕੇਂਦਰ ਸਰਕਾਰ ਦੀ ਵੈਕਸੀਨੇਸ਼ਨ ਦੀ ਉਠਕ-ਬੈਠਕ ਨੇ ਪੂਰੇ ਦੇਸ਼ ਵਿੱਚ ਸੰਕਟ ਪੈਦਾ ਕੀਤਾ ਹੈ।

ਮਹਿਬੂਬਾ ਮੂਫ਼ਤੀ ਦਾ ਭਾਰਤ ਸਰਕਾਰ ਦੇ ਨਾਮ ਸੁਨੇਹਾ

ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੂਫ਼ਤੀ ਨੇ ਭਾਰਤ ਸਰਕਾਰ ਦੇ ਨਾਮ ਸੁਨੇਹਾ ਦਿੱਤਾ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਮਹਿਬੂਬਾ ਮੂਫ਼ਤੀ ਨੇ ਆਖਿਆ ਹੈ ਕਿ ਸਰਕਾਰ ਦੋਹਾ ਵਿੱਚ ਤਾਲੀਬਾਨ ਨਾਲ ਸੰਵਾਦ ਕਰਨ ਵਾਲੀ ਹੈ। ਸਰਕਾਰ ਨੂੰ ਜੰਮੂ ਤੇ ਕਸ਼ਮੀਰ ਵਿੱਚ ਸੰਵਾਦ ਕਰਨਾ ਚਾਹੀਦਾ ਹੈ। ਸਰਕਾਰ ਨੂੰ ਪਾਕਿਸਤਾਨ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਮਸਲਿਆਂ ਦਾ ਹੱਲ ਹੋ ਸਕੇ।

'ਦਰਬਾਰ ਸਾਹਿਬ ਸੈਰ ਸਪਾਟੇ ਵਾਲੀ ਥਾਂ ਨਹੀ' - ਸਿਰਸਾ

ਦਿੱਲੀ ਦੇ ਪੰਜਾਬੀ ਬਾਗ ਦੇ ਪਾਰਕ ਵਿੱਚ ਲੱਗਣਾ ਵਾਲਾ ਦਰਬਾਰ ਸਾਹਿਬ ਦਾ ਮਾਡਲ ਹਟਾ ਦਿੱਤਾ ਗਿਆ ਹੈ।

ਦਰਅਸਲ ਇਸ ਮਾਡਲ ਨੂੰ ਪਾਰਕ ਵਿੱਚ ਲਗਾਉਣ ਨੂੰ ਲੈ ਕੇ ਰਾਜਧਾਨੀ ਵਿੱਚ ਸਿਆਸਤ ਤੇਜ਼ ਹੋ ਗਈ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਘ ਸਿਰਸਾ ਨੇ ਟਵੀਟ ਕਰਦਿਆਂ ਇਸ ਮਾਡਲ ਨੂੰ ਹਟਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਸਿਰਸਾ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਦਿੱਲੀ ਕਮੇਟੀ ਲਈ ਵੱਡੀ ਜਿੱਤ ਹੈ, ਸੰਗਤ ਦਾ ਧੰਨਵਾਦ ਕਰਦੇ ਹਾਂ।

ਉਨ੍ਹਾਂ ਮੁਤਾਬਕ ਉਹ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਪੰਜਾਬੀ ਬਾਗ ਪਾਰਕ ਵਿੱਚੋਂ ਹਟਵਾਉਣ ਲਈ ਕਾਮਯਾਬ ਹੋਏ ਹਨ ਤੇ ਇਹ ਮਾਡਲ ਸਿੱਖ ਮਰਿਆਦਾ ਦੇ ਖਿਲਾਫ਼ ਹੈ ਕਿਉਂਕਿ ਦਰਬਾਰ ਸਾਹਿਬ ਕੋਈ ਸੈਰ-ਸਪਾਟੇ ਵਾਲੀ ਥਾਂ ਨਹੀਂ ਹੈ।

ਵੈਬ ਸੀਰੀਜ਼ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਕਿਉਂ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੀਆਂ ਘਟਨਾਵਾਂ 'ਤੇ ਆਧਾਰਿਤ ਵੈੱਬ ਸੀਰੀਜ਼ 'ਗ੍ਰਹਿਣ' ਬਾਰੇ ਇਤਰਾਜ਼ ਜਤਾਇਆ ਹੈ।

ਡਿਜ਼ਨੀ ਹੌਟਸਟਾਰ ਉੱਪਰ 24 ਜੂਨ ਤੋਂ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਉਪਰ ਤੁਰੰਤ ਰੋਕ ਦੀ ਮੰਗ ਕਰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, "1984 ਵਿੱਚ ਕਾਂਗਰਸ ਸਰਕਾਰ ਦੌਰਾਨ ਹੋਏ ਸਿੱਖ ਕਤਲੇਆਮ ਉੱਤੇ ਆਧਾਰਿਤ 'ਗ੍ਰਹਿਣ' ਨਾਮ ਦੀ ਇਸ ਸੀਰੀਜ਼ ਵਿੱਚ ਸਿੱਖ ਪਾਤਰ ਨੂੰ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ।"

ਬੀਬੀ ਜਗੀਰ ਕੌਰ ਨੇ ਦੱਸਿਆ ਕਿ 1984 ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਇਸ ਸੀਰੀਜ਼ ਦੇ ਪ੍ਰੋਡਿਊਸਰ ਅਤੇ ਡਿਜ਼ਨੀ ਹੌਟਸਟਾਰ ਦੇ ਮੁਖੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਉਨ੍ਹਾਂ ਅਨੁਸਾਰ ਜੇਕਰ ਇਹ ਵੈੱਬ ਸੀਰੀਜ਼ ਰਿਲੀਜ਼ ਕੀਤੀ ਗਈ ਤਾਂ ਐੱਸਜੀਪੀਸੀ ਵੱਲੋਂ ਵੀ ਇਸ ਦੇ ਖ਼ਿਲਾਫ਼ ਕਾਨੂੰਨੀ ਐਕਸ਼ਨ ਲਿਆ ਜਾਵੇਗਾ।

ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਖ਼ਤ ਇਨਫਰਮੇਸ਼ਨ ਟੈਕਨਾਲੋਜੀ ਨਿਯਮ ਬਣਾਏ ਜਾਣ ਤਾਂ ਜੋ ਇਸ ਤਰ੍ਹਾਂ ਦੇ ਸ਼ੋਅ ਨਾ ਬਣਾਏ ਜਾਣ।

ਇਸੇ ਨਾਲ ਹੀ ਸੈਂਸਰ ਬੋਰਡ ਵਿੱਚ ਸਿੱਖ ਨੁਮਾਇੰਦੇ ਰੱਖਣ ਦੀ ਮੰਗ ਵੀ ਕੀਤੀ ਗਈ ਤਾਂ ਜੋ ਅਜਿਹੇ ਵਿਵਾਦ ਪੂਰਨ ਦ੍ਰਿਸ਼ ਕਿਸੇ ਵੀ ਸੂਰਤ ਵਿੱਚ ਇਹ ਫ਼ਿਲਮ ਵਿੱਚ ਨਾ ਹੋਣ।

ਕੋਟਕਪੂਰਾ ਗੋਲੀਬਾਰੀ ਕਾਂਡ: ਸਿਟ ਪਹੁੰਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਕੋਲ ਪੁੱਛਗਿੱਛ ਲਈ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਕੋਟਕਪੂਰਾ ਗੋਲੀ ਕਾਂਡ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਪੈਸ਼ਲ ਜਾਂਚ ਟੀਮ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐੱਮਐੱਲਏ ਦੇ ਫਲੈਟਸ ਪਹੁੰਚ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)