ਸ਼ਾਹ-ਨੱਢਾ ਦੀ ਪੰਜਾਬ ਭਾਜਪਾ ਨੂੰ ਨਸੀਹਤ, 'ਘਰੋਂ ਬਾਹਰ ਨਿਕਲ ਕੇ ਲੋਕਾਂ ਨੂੰ ਕਿਸਾਨ ਭਲਾਈ ਲਈ ਚੁੱਕੇ ਕਦਮਾਂ ਬਾਰੇ ਦੱਸੋ' - ਪ੍ਰੈੱਸ ਰਿਵੀਊ

ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਕੇਂਦਰ ਨਾਲ ਚੱਲ ਰਹੇ ਰੇੜਕੇ ਵਿਚਾਲੇ ਭਾਜਪਾ ਨੇ ਆਪਣੇ ਪੰਜਾਬ ਆਗੂਆਂ ਨੂੰ ਨਸੀਹਤਾਂ ਦਿੱਤੀਆਂ ਹਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਜਪਾ ਦੇ ਲੀਡਰਾਂ ਅਮਿਤ ਸ਼ਾਹ ਅਤੇ ਜੇ ਪੀ ਨੱਢਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਲੋਕਾਂ ਕੋਲ ਜਾ ਕੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਦੱਸਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਨੂੰ ਇਸ ਬਾਰੇ ਫੀਡਬੈਕ ਜੁਲਾਈ ਦੇ ਅਖ਼ੀਰ ਤੱਕ ਦੇਣ ਨੂੰ ਕਿਹਾ ਗਿਆ ਹੈ।

ਖ਼ਬਰ ਮੁਤਾਬਕ ਕੇਂਦਰੀ ਲੀਡਰਸ਼ਿੱਪ ਵੱਲੋਂ ਇਹ ਦਿਸ਼ਾ-ਨਿਰਦੇਸ਼ ਪੰਜਾਬ ਦੇ ਭਾਜਪਾ ਆਗੂਆਂ ਨੂੰ ਦਿੱਲੀ ਵਿੱਚ ਹੋਈ ਅਹਿਮ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੇ ਦਿੱਤੇ ਹਨ।

ਪੰਜਾਬ ਦੇ ਕਈ ਸਿੱਖ ਚਿਹਰੇ ਭਾਜਪਾ 'ਚ ਸ਼ਾਮਲ

ਭਾਜਪਾ ਦੇ ਦਿੱਲੀ ਵਿੱਚ ਕੌਮੀ ਦਫ਼ਤਰ ਵਿਖੇ ਪੰਜਾਬ ਦੇ ਕਈ ਨਾਮੀਂ ਸਿੱਖ ਚਿਹਰਿਆਂ ਨੇ ਪਾਰਟੀ ਦਾ ਲੜ ਫੜ ਲਿਆ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਆਗੂਆਂ ਸਣੇ ਪੰਜਾਬ ਨਾਲ ਸਬੰਧਤ ਕਈ ਸਿੱਖ ਸ਼ਖ਼ਸੀਅਤਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈਆਂ।

ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਜਸਵਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਕਾਹਲੋਂ, ਜਗਮੋਹਨ ਸਿੰਘ ਸੈਣੀ ਅਤੇ ਨਿਰਮਲ ਸਿੰਘ ਮੁਹਾਲੀ ਸ਼ਾਮਲ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤੋਂ ਇਲਾਵਾ ਕੁਲਦੀਪ ਸਿੰਘ ਕਾਹਲੋਂ ਅਤੇ ਰਿਟਾਇਰਡ ਕਰਨਲ ਜੈਬੰਸ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋਏ।

ਭਾਰਤੀ ਵਿਗਿਆਨੀ ਕਹਿੰਦੇ, ''ਅਸੀਂ ਵੈਕਸੀਨ ਦੇ ਦੁੱਗਣੇ ਵਕਫ਼ੇ ਦੀ ਹਮਾਇਤ ਨਹੀਂ ਕੀਤੀ''

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਭਾਰਤ ਸਰਕਾਰ ਨੇ ਐਸਟਰਾਜ਼ੈਨੇਕਾ ਦੀਆਂ ਦੋ ਡੋਜ਼ਿਜ਼ ਵਿਚਾਲੇ ਬਿਨਾਂ ਕਿਸੇ ਐਗਰੀਮੈਂਟ ਦੇ ਦੁੱਗਣਾ ਵਕਫ਼ਾ ਪਾ ਦਿੱਤਾ ਹੈ।

ਰਾਇਟਰਜ਼ ਨਾਲ ਗੱਲ ਕਰਦਿਆਂ ਇਹ ਖ਼ੁਲਾਸਾ ਐਡਵਾਇਜ਼ਰੀ ਬੋਰਡ ਦੇ ਤਿੰਨ ਮੈਂਬਰਾਂ ਨੇ ਕੀਤਾ ਹੈ।

13 ਮਈ ਨੂੰ ਸਿਹਤ ਮੰਤਰਾਲੇ ਨੇ ਪਹਿਲੀ ਤੇ ਦੂਜੀ ਕੋਰੋਨਾ ਵੈਕਸੀਨ ਡੋਜ਼ ਵਿਚਾਲੇ ਵਕਫ਼ਾ 6 ਤੋਂ 8 ਹਫ਼ਤਿਆਂ ਦੀ ਥਾਂ 12 ਤੋਂ 16 ਹਫ਼ਤੇ ਕਰ ਦਿੱਤਾ ਸੀ। ਅਜਿਹਾ ਉਦੋਂ ਹੋਇਆ ਸੀ ਜਦੋਂ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਘੱਟ ਹੋ ਰਹੀ ਸੀ।

ਨੈਸ਼ਨਲ ਇੰਸਟੀਚਿਊਟ ਆਫ਼ ਐਪੀਡਿਮਿਓਲਿਜੀ ਦੇ ਸਾਬਕਾ ਨਿਰਦੇਸ਼ਕ ਐਮ ਡੀ ਗੁਪਤੇ ਨੇ ਕਿਹਾ ਕਿ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮੁਨਾਇਜ਼ੇਸ਼ਨ (NTAGI) ਨੇ ਪਹਿਲੀ ਦੇ ਦੂਜੀ ਡੋਜ਼ ਵਿਚਾਲੇ 8 ਤੋਂ 12 ਹਫ਼ਤਿਆਂ ਦੇ ਵਕਫ਼ੇ ਦੀ ਪ੍ਰਪੋਜ਼ਲ ਦਿੱਤੀ ਸੀ, ਜੋ ਕੀ WHO ਵੱਲੋਂ ਸੁਝਾਅ 'ਤੇ ਅਧਾਰਤ ਸੀ। ਪਰ ਗੁਪਤੇ ਮੁਤਾਬਕ 12 ਹਫ਼ਤਿਆਂ ਤੋਂ ਉੱਤੇ ਵਕਫ਼ੇ ਬਾਰੇ NTAGI ਨੂੰ ਨਹੀਂ ਪਤਾ।

ਉਨ੍ਹਾਂ ਕਿਹਾ, ''ਅਸੀਂ ਸਾਰੇ 8 ਤੋਂ 12 ਹਫ਼ਤਿਆਂ ਦੇ ਵਕਫ਼ੇ 'ਤੇ ਰਾਜ਼ੀ ਸੀ, ਪਰ ਸਰਕਾਰ 12 ਤੋਂ 16 ਹਫ਼ਤਿਆਂ ਦੀ ਗੱਲ ਉੱਤੇ ਆਈ। ਇਹ ਸ਼ਾਇਦ ਸਹੀ ਹੈ ਜਾਂ ਸ਼ਾਇਦ ਨਹੀਂ, ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।''

ਪਾਕਿਸਤਾਨ 'ਚ 13 ਸਾਲ ਦੀ ਇਸਾਈ ਕੁੜੀ ਦਾ ਜਬਰਨ ਧਰਮ ਬਦਲਿਆ

ਡਾਨ ਦੀ ਖ਼ਬਰ ਮੁਤਾਬਕ ਪਾਕਿਸਤਾਨ 13 ਸਾਲ ਦੀ ਇਸਾਈ ਕੁੜੀ ਦੇ ਜਬਰਨ ਧਰਮ ਬਦਲਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੁੜੀ ਦੇ ਪਿਤਾ ਸ਼ਾਹਿਦ ਗਿੱਲ ਮੁਤਾਬਕ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਦੀ 13 ਸਾਲ ਦੀ ਕੁੜੀ ਨੂੰ ਮਨਿਆਰੀ ਦੀ ਦੁਕਾਨ ਉੱਤੇ ਕੰਮ ਦੇਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਸ਼ਾਹਿਦ ਮੁਤਾਬਕ ਉਨ੍ਹਾਂ ਨੇ ਕੁੜੀ ਨੂੰ ਦੁਕਾਨ 'ਤੇ ਭੇਜਣ ਤੋਂ ਮਨ੍ਹਾ ਕਰ ਦਿੱਤਾ।

ਕੁੜੀ ਦੇ ਪਿਤਾ ਮੁਤਾਬਕ ਮੁਸਲਿਮ ਗੁਆਂਢੀ ਅਕਸਰ ਉਨ੍ਹਾਂ ਨੂੰ ਮਦਦ ਦੇਣ ਦੀ ਪੇਸ਼ਕਸ਼ ਕਰਦਾ ਸੀ ਕਿਉਂਕਿ ਉਨ੍ਹਾਂ ਦੀ ਹਾਲਤ ਮਾੜੀ ਸੀ ਤੇ ਉਨ੍ਹਾਂ ਇਸ ਦਰਮਿਆਨ ਕੁੜੀ ਨੂੰ ਗੁਆਂਢੀ ਦੀ ਦੁਕਾਨ 'ਤੇ ਕੰਮ ਕਰਨ ਭੇਜ ਦਿੱਤਾ।

ਸ਼ਾਹਿਦ ਮੁਤਾਬਕ ਉਨ੍ਹਾਂ ਦੀ ਕੁੜੀ ਲਾਪਤਾ ਹੋ ਗਈ ਤੇ ਰਿਪੋਰਟ ਲਿਖਵਾਈ ਗਈ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਗੁਆਂਢੀ ਨਾਲ ਵਿਆਹ ਹੋ ਗਿਆ ਹੈ।

ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਹਾਲ ਜਾਂਚ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)