You’re viewing a text-only version of this website that uses less data. View the main version of the website including all images and videos.
‘ਕੋਰੋਨਵਾਇਰਸ ਛੇਤੀ ਖ਼ਤਮ ਨਹੀਂ ਹੋ ਰਿਹਾ, ਦੁਨੀਆਂ ਨੂੰ ਇਸ ਨਾਲ ਜਿਉਣਾ ਸਿੱਖਣਾ ਪਵੇਗਾ’ - ਅਹਿਮ ਖ਼ਬਰਾਂ
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼ ਅਤੇ ਦੁਨੀਆਂ ਦੀਆਂ ਤਮਾਮ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਡੇਵਿਡ ਨਬੈਰੋ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਅੰਤ ਹੋਣ ਨੂੰ ਅਜੇ ਲੰਬਾ ਸਮਾਂ ਹੈ।
ਉਨ੍ਹਾਂ ਕਿਹਾ, "ਦੁਨੀਆਂ ਲਈ ਕੋਰੋਨਾਵਾਇਰਸ ਦਾ ਖਾਤਮਾ ਮੌਜੂਦਾ ਦੌਰ ਵਿੱਚ ਟੀਚਾ ਨਹੀਂ ਹੈ।"
"ਮਨੁੱਖਤਾ ਹੁਣ ਵਾਇਰਸ ਦੇ ਨਾਲ ਰਹਿਣਾ ਸਿੱਖੇਗੀ ਤੇ ਉਸ ਦੇ ਫੈਲਾਅ ਤੇ ਉਸ ਨੂੰ ਹੌਟਸਪੋਟ ਬਣਾਉਣ ਤੋਂ ਰੋਕੇਗੀ। ਅਸੀਂ ਭਵਿੱਖ ਵਿੱਚ ਇਹ ਕਰਨ ਵਿੱਚ ਕਾਮਯਾਬ ਹੋ ਸਕਾਂਗੇ। ਅਜੇ ਹੋਰ ਵੇਰੀਅੰਟ ਆ ਰਹੇ ਹਨ ਇਸ ਲਈ ਵਾਇਰਸ ਜਾਣ ਨਹੀਂ ਵਾਲਾ ਹੈ।"
ਇਹ ਵੀ ਪੜ੍ਹੋ:
'ਸੋਸ਼ਲ ਮੀਡੀਆ ਕੰਪਨੀਆਂ ਨੂੰ ਭਾਰਤ ਦੇ ਕਾਨੂੰਨ ਮੰਨਣੇ ਪੈਣਗੇ'
ਭਾਰਤ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇ ਸੋਸ਼ਲ ਮੀਡੀਆ ਕੰਪਨੀਆਂ ਨੇ ਭਾਰਤ ਵਿੱਚ ਕਾਰੋਬਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਇੱਥੋਂ ਦੇ ਕਾਨੂੰਨ ਵੀ ਮੰਨਣੇ ਪੈਣਗੇ।
ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ-
- "ਭਾਰਤ ਇੱਕ ਗਣਰਾਜ ਹੈ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਇੱਥੇ ਆ ਕੇ ਕਾਰੋਬਾਰ ਕਰਨ ਤੇ ਮੁਨਾਫ਼ਾ ਕਮਾਉਣ ਲਈ ਅਜ਼ਾਦ ਹਨ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਸਸ਼ਕਤ ਬਣਾਇਆ ਹੈ ਪਰ ਸਾਡਾ ਨਜ਼ਰੀਆ ਵੀ ਸਾਫ਼ ਹੈ। ਜੇ ਤੁਸੀਂ ਇੱਥੇ ਕੰਮ ਕਰਨਾ ਹੈ ਤਾਂ ਇੱਥੋਂ ਦੇ ਸੰਵਿਧਾਨ ਅਤੇ ਕਾਨੂੰਨ ਨੂੰ ਵੀ ਮੰਨਣਾ ਪਵੇਗਾ।"
- "ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਦੀ ਆਗਿਆ ਅਸੀਂ ਦਿੰਦੇ ਹਾਂ ਪਰ ਇੱਥੇ ਮਾਮਲਾ ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਦਾ ਹੈ। ਜੇ ਕਿਸੇ ਨੇ ਸ਼ਿਕਾਇਤ ਕਰਨੀ ਹੈ ਤਾਂ ਕੀ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਏ।"
- "ਸਰਕਾਰ ਚਾਹੁੰਦੀ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਸ਼ਿਕਾਇਤਾਂ ਦਾ ਨਿਪਟਾਰਾ 15 ਦਿਨਾਂ ਵਿੱਚ ਕਰਨ ਅਤੇ ਇਸ ਬਾਰੇ ਸਰਕਾਰ ਨੂੰ ਰਿਪੋਰਟ ਦੇਣ, ਸਰਕਾਰ ਦੇ ਨਿਯਮਾਂ ਦਾ ਪਾਲਣ ਕਰਨ ਲਈ ਕੰਪਲਾਇੰਸ ਅਫ਼ਸਰ ਦੀ ਨਿਯੁਕਤੀ ਕਰਨ।"
- "ਅਸੀਂ ਸਿਰਫ਼ (ਵਟਸਐਪ) ਦੇ ਉਨ੍ਹਾਂ ਸੁਨੇਹਿਆਂ ਦੀ ਜਾਣਕਾਰੀ ਮੰਗਦੇ ਹਾਂ ਜੋ ਪਹਿਲਾਂ ਹੀ ਪੋਸਟ ਹੋ ਚੁੱਕੇ ਹਨ ਅਤੇ ਜਨਤਕ ਤੌਰ 'ਤੇ ਉਪਲਭਦ ਹਨ। ਅਜਿਹੇ ਸੰਦੇਸ਼ ਜੋ ਦੰਗੇ ਫੈਲਾਅ ਸਕਦੇ ਹਨ, ਜੋ ਮੌਬ ਲਿੰਚਿੰਗ ਨਾਲ ਜੁੜੇ ਹੋ ਸਕਦੇ ਹਨ, ਜੋ ਔਰਤਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦੇ ਹੋਣ, ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਹੋਣ ਜਾਂ ਫਿਰ ਦੇਸ਼ ਦੀ ਏਕਤਾ ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹੋਣ।"
- ਉਨ੍ਹਾਂ ਸਵਾਲ ਕੀਤਾ,"ਜੇ ਕੋਈ ਔਰਤ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਜਾ ਰਹੀ ਆਪਣੀ ਮਾਰਫ਼ਡ ਤਸਵੀਰ ਬਾਰੇ ਸ਼ਿਕਾਇਤ ਕਰਨੀ ਚਾਹੁੰਦੀ ਹੋਵੇ, ਜਾਂ ਕੋਈ ਮਾਂ ਇਹ ਸ਼ਿਕਾਇਤ ਕਰਨੀ ਚਾਹੇ ਕਿ ਉਸ ਦੀ ਬੇਟੀ ਦਾ ਪਿਛਲਾ ਬੌਇਫਰੈਂਡ ਉਸ ਦੀਆਂ ਗ਼ਲਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ ਤਾਂ ਕੀ ਉਹ ਅਮਰੀਕਾ ਜਾ ਕੇ ਸ਼ਿਕਾਇਤ ਕਰੇ।"
- "ਸਰਕਾਰ ਜਾਨਣਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਸੁਨੇਹਿਆਂ ਦੀ ਸ਼ੁਰੂਆਤ ਕਿੱਥੋਂ ਹੋਈ ਕਿਤੇ ਅਜਿਹਾ ਤਾਂ ਨਹੀਂ ਕਿ ਇਹ ਸੁਨੇਹੇ ਸਭ ਤੋਂ ਪਹਿਲਾਂ ਸਰਹੱਦ ਤੋਂ ਪਾਰੋਂ ਭੇਜੇ ਗਏ ਹੋਣ।"
- ਟਵਿੱਟਰ ਵੱਲੋਂ ਆਪਣੇ ਮੁਲਾਜ਼ਾਮਾਂ ਦੀ ਚਿੰਤਾ ਜਤਾਏ ਜਾਣ ਬਾਰੇ ਉਨ੍ਹਾਂ ਨੇ ਕਿਹਾ,"ਜੇ ਉਨ੍ਹਾਂ ਨੂੰ ਵਾਕਈ ਫ਼ਿਕਰ ਹੈ ਤਾਂ ਉਹ ਆਪਣੇ ਯੂਜ਼ਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਪਹਿਲਾਂ ਇੱਕ ਢੁਕਵਾਂ ਫੋਰਮ ਤਾਂ ਬਣਾਉਣ। ਪੁਲਿਸ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਕਾਨੂੰਨ ਦੇ ਤਹਿਤ ਜਾਂਚ ਵਿੱਚ ਸਹਿਯੋਗ ਕਰਨਾ ਹਰ ਵਿਅਕਤੀ ਅਤੇ ਸੰਸਥਾ ਦਾ ਫ਼ਰਜ਼ ਹੈ। ਪੁਲਿਸ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਜਿਸ ਦੇ ਜਵਾਬ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਅਮਰੀਕਾ ਜਾਓ। ਇਸ ਲਈ ਪੁਲਿਸ ਉਨ੍ਹਾਂ ਨੂੰ ਸੰਮਣ ਦੇਣ ਗਈ ਸੀ। ਟਵਿੱਟਰ ਜਾਂ ਉਸ ਦੇ ਕਰਮਚਾਰੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।"
ਮਿਲਖਾ ਸਿੰਘ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ
ਦੌੜਾਕ ਮਿਲਖਾ ਸਿੰਘ ਚੰਡੀਗੜ੍ਹ 'ਚ PGI ਹਸਪਤਾਲ ਦੇ ICU ਵਾਰਡ ਵਿੱਚ ਦਾਖਲ ਹਨ। ਉਨ੍ਹਾਂ ਨੂੰ ਇੱਥੇ 3 ਜੂਨ ਨੂੰ ਕੋਰੋਨਾ ਦੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਪੀਜੀਆਈ ਚੰਡੀਗੜ੍ਹ ਤੋਂ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ ਮਿਲਖਾ ਸਿੰਘ ਦੀ ਹਾਲਤ ਅੱਜ ਪਹਿਲਾਂ ਦੇ ਦਿਨਾਂ ਨਾਲੋਂ ਬਿਹਤਰ ਹੈ।
ਕੋਰੋਨਾ ਵੈਕਸੀਨ ਲਈ ਲੋਕਾਂ ਨੂੰ ਜਾਗਰੂਕ ਕਰਦੀਆਂ ਗੱਡੀਆਂ 'ਤੇ ਲਿਖੀਆਂ ਸੱਤਰਾਂ
ਮੱਧ ਪ੍ਰਦੇਸ਼ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਕਰਨ ਦੇ ਇਰਾਦੇ ਨਾਲ ਟਰੱਕਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ਉੱਤੇ ਸਲੋਗਨ ਲਿਖੇ ਜਾ ਰਹੇ ਹਨ।
ਖ਼ਬਰ ਏਜੰਸੀ ਏਐਨਆਈ ਰਾਹੀਂ ਆਈਆਂ ਇਹ ਤਸਵੀਰਾਂ ਸੂਬੇ ਦੀ ਰਾਜਧਾਨੀ ਭੋਪਾਲ ਦੀਆਂ ਹਨ।
ਹਰਿਆਣਾ ਨੇ ਵੈਕਸੀਨ ਲੈਣ ਲਈ ਲਿਆਂਦਾ ਗਲੋਬਲ ਟੈਂਡਰ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਮੁਤਾਬਕ ਉਨ੍ਹਾਂ ਦੇ ਸੂਬੇ ਨੇ ਵੈਕਸੀਨ ਲੈਣ ਲਈ ਗਲੋਬਰ ਟੈਂਡਕ ਲਿਆਂਦਾ ਹੈ ਤੇ ਇਸ ਦੀ ਆਖਰੀ ਤਾਰੀਖ 4 ਜੂਨ ਸੀ।
ਅਨਿਲ ਵਿਜ ਮੁਤਾਬਕ ਤੈਅ ਮਿਤੀ ਤੋਂ ਬਾਅਦ ਮਾਰਟਾ ਦੀ ਇੱਕ ਦਵਾਈ ਕੰਪਨੀ ਵੱਲੋਂ ਸਪੁਤਨੀਕ ਵੈਕਸੀਨ ਹਰਿਆਣਾ ਨੂੰ ਦੇਣ ਲਈ ਇੱਕ ਪੇਸ਼ਕਸ਼ ਆਈ ਹੈ ਅਤੇ ਇਸ ਉੱਤੇ ਉਹ ਵਿਚਾਰ ਕਰਨਗੇ।
ਉਨ੍ਹਾਂ ਮੁਤਾਬਕ ਇਸ ਪੇਸ਼ਕਸ਼ ਨੂੰ ਕੈਬਿਨੇਟ ਵਿੱਚ ਰੱਖਣਗੇ ਅਤੇ ਫ਼ਿਰ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।
ਦਿਲੀਪ ਕੁਮਾਰ ਸਾਹ ਵਿੱਚ ਦਿੱਕਤ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਭਰਤੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਖਾਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਿਲੀਪ ਕੁਮਾਰ ਦੇ ਕਰੀਬੀ ਬਸ਼ੀਰ ਕੋਲੰਬੋਵਾਲਾ ਨੇ ਬੀਬੀਸੀ ਪੱਤਰਕਾਰ ਸੁਪ੍ਰਿਆ ਸੋਗਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਾਢੇ 8 ਵਜੇ ਦੇ ਕਰੀਬ ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਉਨ੍ਹਾਂ ਨੇ ਦੱਸਿਆ,''ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਇਸ ਲਈ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ। ਫਿਲਹਾਲ ਚਿੰਤਾ ਦੀ ਕੋਈ ਗੱਲ ਨਹੀਂ। ਪਰ ਉਨ੍ਹਾਂ ਦੀ ਉਮਰ ਕਾਫ਼ੀ ਜ਼ਿਆਦਾ ਹੈ ਅਤੇ ਅਸੀਂ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ: