You’re viewing a text-only version of this website that uses less data. View the main version of the website including all images and videos.
ਲੁਧਿਆਣਾ ਦੇ ਯੂਟਿਊਬਰ ਦੀ ਗ੍ਰਿਫ਼ਤਾਰੀ ਮਗਰੋਂ ਕੀ ਹੈ ਉਸਦੇ ਘਰ ਦਾ ਹਾਲ, ਪੂਰਾ ਮਾਮਲਾ
ਲੁਧਿਆਣਾ ਦੇ ਰਹਿਣ ਵਾਲੇ ਯੂਟਿਊਬਰ ਪਾਰਸ ਸਿੰਘ ਨੂੰ ਆਪਣੀ ਇੱਕ ਯੂਟਿਊਬ ਵੀਡੀਓ ਵਿੱਚ ਕਥਿਤ ਤੌਰ 'ਤੇ ਇੱਕ ਨਸਲੀ ਟਿੱਪਣੀ ਕਾਰਨ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ।
ਪਾਰਸ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਨਿਨੌਂਗ ਅਰਿੰਗ ਖਿਲਾਫ਼ ਕਥਿਤ ਨਸਲੀ ਟਿੱਪਣੀ ਕੀਤੀ ਸੀ।
ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਰੁਣਾਚਲ ਪ੍ਰਦੇਸ਼ ਦੀ ਐੱਸਆਈਟੀ ਟੀਮ ਲੁਧਿਆਣਾ ਗਈ ਅਤੇ ਅਦਾਲਤ ਤੋਂ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਮੰਗਿਆ।
ਜਿਸ ਤੋਂ ਬਾਅਦ ਵੀਰਵਾਰ ਨੂੰ ਐੱਸਆਈਟੀ ਟੀਮ ਪਾਰਸ ਨੂੰ ਈਟਾਨਗਰ ਲੈ ਗਈ ਜਿੱਥੇ ਸ਼ੁੱਕਰਵਾਰ ਨੂੰ ਰਿਮਾਂਡ 'ਤੇ ਲੈ ਲਿਆ ਗਿਆ।
ਇਹ ਵੀ ਪੜ੍ਹੋ:
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਵੱਲੋਂ ਉਸਦੀ ਮਾਂ ਨਾਲ ਗੱਲਬਾਤ ਕਰਕੇ ਉਸਦੇ ਘਰ ਦਾ ਹਾਲ ਜਾਣਿਆ ਗਿਆ।
ਪਾਰਸ ਦੀ ਮਾਂ ਅੰਕਿਤਾ ਮੁਤਾਬਕ ਗ਼ਲਤੀ ਅਣਜਾਣੇ ਵਿੱਚ ਹੋਈ, ਇਸ ਲਈ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਮਾਂ ਨੇ ਕਿਹਾ, “ਉਹ ਤਾਂ ਜਿਸ ਦਿਨ ਦਾ ਪਹੁੰਚਿਆ ਹੈ, ਉਸੇ ਦਿਨ ਤੋਂ ਮਾਫ਼ੀ ਮੰਗ ਰਿਹਾ ਹੈ ਕਿ ਅਣਜਾਣੇ ਵਿੱਚ ਭੁੱਲ ਹੋ ਗਈ। ਮੈਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਕਿ ਮੈਂ ਅਜਿਹਾ ਬੋਲਾਂਗਾ ਅਤੇ ਅਜਿਹਾ ਹੋ ਜਾਵੇਗਾ।"
ਪਾਰਸ ਦੇ ਪਿਤਾ ਦੀ 2008 ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹ ਅਤੇ ਉਸ ਦੀ ਮਾਂ ਇੱਥੇ ਇਕੱਲੇ ਰਹਿੰਦੇ ਸਨ।
ਪਾਰਸ ਦਸਵੀਂ ਕਲਾਸ ਤੱਕ ਪੜ੍ਹਿਆ ਹੈ। ਮਾਂ ਮੁਤਾਬਕ ਬਹੁਤਾ ਪੜ੍ਹਿਆ-ਲਿਖਿਆ ਨਾ ਹੋਣ ਕਰਕੇ ਉਸ ਨੂੰ ਇਹ ਸਭ ਪਤਾ ਨਹੀਂ ਸੀ।
ਪਾਰਸ ਦੀ ਮਾਤਾ ਨੇ ਦੱਸਿਆ ਕਿ ਪਿਤਾ ਦੇ ਜਾਣ ਤੋਂ ਬਾਅਦ ਪਾਰਸ ਹੀ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ।
ਪੀਟੀਆਈ ਮੁਤਾਬਕ ਨਿਨੌਂਗ ਅਰਿੰਗ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਪਬਜੀ ਗੇਮ ਦੇ ਨਵੇਂ ਵਰਜ਼ਨ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਬਾਰੇ ਹੀ ਪਾਰਸ ਨੇ ਟਿੱਪਣੀ ਕੀਤੀ ਸੀ।
ਜਿਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਵਿੱਚ ਉਸ ਖਿਲਾਫ਼ ਸੋਮਵਾਰ ਨੂੰ ਵਿਧਾਇਕ ਖਿਲਾਫ਼ ਨਸਲੀ ਟਿੱਪਣੀ ਕਰਨ ਅਤੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਖਿਲਾਫ਼ ਨਫਰਤ ਭੜਕਾਉਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਲਈ ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਪੁਲਿਸ ਦੀ ਮਦਦ ਕੀਤੀ।
ਪੁਲਿਸ ਨੇ ਕੀ ਕਿਹਾ?
ਲੁਧਿਆਣਾ ਦੀ ਏਡੀਜੀਪੀ ਡਾ਼ ਪ੍ਰਗਿਆ ਨੇ ਦੱਸਿਆ,"ਪੰਜਾਬ ਪੁਲਿਸ ਕੋਲ ਅਰੁਣਾਚਲ ਪ੍ਰਦੇਸ਼ ਪੁਲਿਸ ਦੀ ਬੇਨਤੀ ਆਈ ਕਿ ਸਬੰਧਤ ਬੰਦਾ ਜਿਸ ਦਾ ਨਾਂ ਪਾਰਸ ਹੈ ਅਤੇ ਸਾਡੇ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੂੰ ਫੜਨਾ ਹੈ।
ਅਰੁਣਾਚਲ ਪ੍ਰਦੇਸ਼ ਪੁਲਿਸ ਕੋਲ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਟ੍ਰਾਜ਼ਿੰਟ ਵਾਰੰਟ ਸੀ ਅਤੇ ਪੁਲਿਸ ਉਸ ਨੂੰ ਨਾਲ ਲੈ ਗਈ।
ਪਾਰਸ ਯੂਟਿਊਬ 'ਤੇ ਪਬਜੀ ਗੇਮ ਖੇਡਣੀ ਸਿਖਾਉਂਦਾ ਹੈ ਅਤੇ ਇਸੇ ਤਰ੍ਹਾਂ ਹੀ ਪੈਸੇ ਕਮਾਉਂਦਾ ਹੈ।
ਐੱਸਆਈਟੀ ਮੁਖੀ ਮੁਤਾਬਕ ਪਾਰਸ ਇਸ ਲਈ ਨਰਾਜ਼ ਸੀ ਕਿਉਂਕਿ ਜੇ ਗੇਮ ਬੈਨ ਹੋ ਜਾਵੇਗੀ ਤਾਂ ਉਸ ਦੀ ਆਮਦਨ ਨਹੀਂ ਹੋ ਸਕੇਗੀ।
ਗੁਆਂਢੀਆਂ ਮੁਤਾਬਕ ਪਾਰਸ ਦੇ ਘਰ ਦਾ ਗੁਜ਼ਾਰਾ ਉਸ ਦੀਆਂ ਵੀਡੀਓਜ਼ ਰਾਹੀਂ ਹੀ ਹੁੰਦਾ ਸੀ।
ਇੰਡੀਅਨ ਐਕਸਪ੍ਰੈੱਸ ਨੇ ਲੁਧਿਆਣਾ ਪੁਲਿਸ ਦੇ ਹਵਾਲੇ ਨਾਲ ਲਿਖਿਆ ਕਿ ਪਾਰਸ ਦੇ ਦੋ ਯੂਟਿਊਬ ਚੈਨਲ ਹਨ, ਪਾਰਸ ਔਫ਼ੀਸ਼ੀਅਲ (4.60 ਲੱਖ ਫੌਲੋਅਰਜ਼), ਅਤੇ ਟੈਕ-ਗੁਰੂ ਹਿੰਦੀ (5.30 ਲੱਖ ਫੌਲੋਅਰਜ਼)।
ਪਾਰਸ ਵੱਲੋਂ ਯੂਟਿਊਬ 'ਤੇ ਪਾਈ ਜਾਣ ਵਾਲੀ ਜ਼ਿਆਦਾਤਰ ਸਮੱਗਰੀ ਪਬਜੀ ਗੇਮ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: