ਕੋਰੋਨਾਵਾਇਰਸ ਵੇਰੀਐਂਟ : ਵਿਅਤਨਾਮ ਵਿਚ ਮਿਲੇ ਨਵੇਂ ਹਾਈਬ੍ਰਿਡ ਵਾਇਰਸ ਬਾਰੇ WHO ਨੇ ਕੀ ਕਿਹਾ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਦੇ ਰਹੇ ਹਾਂ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿੱਚ ਬਲੈਕ ਫੰਗਸ ਨਾਲ 50 ਲੋਕਾਂ ਦੀ ਮੌਤ ਹੋਈ ਹੈ ਅਤੇ 650 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਖੱਟਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਸੂਬੇ ਵਿੱਚ ਕਾਲੀ ਫੰਗਸ ਦੇ 750 ਤੋਂ ਜ਼ਿਆਦਾ ਮਰੀਜ਼ ਹਨ। 58 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਜਦਕਿ 50 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 650 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।''

ਇਹ ਵੀ ਪੜ੍ਹੋ:

ਇੱਕ ਵਰਚੂਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਖੱਟਰ ਨੇ ਕਿਹਾ, ''ਸਰਕਾਰ ਨੇ ਬਲੈਕ ਫੰਗਸ ਦੇ ਇਲਾਜ 'ਚ ਵਰਤੇ ਜਾਣ ਵਾਲੇ ਇੰਜੈਕਸ਼ਨ ਦੀ ਵਿਵਸਥਾ ਕੀਤੀ ਹੈ ਅਤੇ ਇਲਾਜ 'ਚ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।''

ਖੱਟਰ ਨੇ ਅੱਗੇ ਕਿਹਾ, ''ਸਾਨੂੰ ਇੰਜੈਕਸ਼ਨ ਦੀ 6,000 ਸ਼ੀਸ਼ੀਆਂ ਮਿਲੀਆਂ ਹਨ। ਅਗਲੇ ਦੋ ਦਿਨਾਂ 'ਚ ਸਾਨੂੰ 2,000 ਹੋਰ ਸ਼ੀਸ਼ੀਆਂ ਮਿਲ ਜਾਣਗੀਆਂ ਜਦਕਿ ਅਸੀਂ ਹੋਰ 5,000 ਸ਼ੀਸ਼ੀਆਂ ਦੇ ਲਈ ਆਰਡਰ ਕੀਤਾ ਹੈ।''

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾਈ ਜਾਵੇ।

ਸੂਬੇ ਵਿੱਚ ਕੋਰੋਨਾ ਦੇ ਕਾਰਨ ਲੌਕਡਾਊਨ 7 ਜੂਨ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਦੁਕਾਨਾਂ ਅਤੇ ਮਾਲਜ਼ ਨੂੰ ਲੈ ਕੇ ਛੋਟ ਦਿੱਤੀ ਗਈ ਹੈ।

ਵੀਅਤਨਾਮ ਵਿੱਚ ਮਿਲਿਆ ਨਵਾਂ ਵੇਰੀਐਂਟ, ਜੋ ਹਵਾ ਜ਼ਰੀਏ ਤੇਜ਼ੀ ਨਾਲ ਫੈਲਦਾ ਹੈ

ਵੀਅਤਨਾਮ ਵਿੱਚ ਮਿਲਿਆ ਕੋਰੋਨਾਵਾਇਰਸ ਦਾ ਇੱਕ ਨਵਾਂ ਰੂਪ ਜੋ ਭਾਰਤੀ ਅਤੇ ਬ੍ਰਿਟਿਸ਼ ਰੂਪਾਂ ਦਾ ਮਿਲਿਆ-ਜੁਲਿਆ ਰੂਪ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਵਾ ਰਾਹੀਂ ਫ਼ੈਲਦਾ ਹੈ।

ਵੀਅਤਨਾਮ ਦੇ ਸਿਹਤ ਮੰਤਰੀ ਗੁਯੇਨ ਯਾਨਹ ਲਾਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਇਹ ਵੇਰੀਐਂਟ ਬਹੁਤ ਹੀ ਖ਼ਤਰਨਾਕ ਹੈ।

ਵਾਇਰਸ ਹਮੇਸ਼ਾ ਆਪਣਾ ਰੂਪ ਵਟਾਉਂਦਾ ਰਹਿੰਦਾ ਹੈ, ਭਾਵ ਮਿਊਟੇਟ ਕਰਦਾ ਹੈ।

ਜਨਵਰੀ 2020 ਵਿੱਚ ਕੋਵਿਡ-19 ਵਾਇਰਸ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਦੇ ਕਈ ਮਿਊਟੇਸ਼ਨ ਸਾਹਮਣੇ ਆ ਚੁੱਕੇ ਹਨ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸਿਹਤ ਮੰਤਰੀ ਨੇ ਇੱਕ ਸਰਕਾਰੀ ਬੈਠਕ ਵਿੱਚ ਕਿਹਾ,"ਵੀਅਤਨਾਮ ਵਿੱਚ ਕੋਰੋਨਾਵਾਇਰਸ ਦਾ ਇੱਕ ਨਵਾਂ ਵਾਇਰਸ ਮਿਲਿਆ ਹੈ, ਜੋ ਬ੍ਰਿਟੇਨ ਅਤੇ ਭਾਰਤ ਵਿੱਚ ਸਭ ਤੋਂ ਪਹਿਲਾਂ ਮਿਲੇ ਵਾਇਰਸ ਵੇਰੀਐਂਟ ਦਾ ਮਿਲਿਆ-ਜੁਲਿਆ ਰੂਪ ਹੈ।"

ਉਨ੍ਹਾਂ ਨੇ ਕਿਹਾ, "ਨਵਾਂ ਵੇਰੀਐਂਟ ਪਹਿਲਾ ਵਾਲੇ ਦੀ ਤੁਲਨਾ ਵਿੱਚ ਜ਼ਿਆਦਾ ਲਾਗਸ਼ੀਲ ਹੈ। ਉਹ ਹਵਾ ਵਿੱਚ ਤੇਜ਼ੀ ਨਾਲ ਫ਼ੈਲਦਾ ਹੈ। ਨਵੇਂ ਮਰੀਜ਼ਾਂ ਦੀ ਜਾਂਚ ਵਿੱਚ ਇਹ ਵੇਰੀਐਂਟ ਸਾਹਮਣੇ ਆਇਆ ਹੈ। ਇਸ ਵੇਰੀਐਂਟ ਦਾ ਜੈਨੇਟਿਕ ਕੋਡ ਜਲਦੀ ਹੀ ਉਪਲਬਧ ਹੋਵੇਗਾ।"

ਭਾਰਤ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਕੋਰੋਨਾਵਇਰਸ ਦਾ ਇੱਕ ਵੇਰੀਐਂਟ ਮਿਲਿਆ ਸੀ। ਇਸ ਵੇਰੀਐਂਟ ਨੂੰ B.1.617 ਕਿਹਾ ਜਾ ਰਿਹਾ ਹੈ। ਇਸ ਨੂੰ ਯੂਕੇ ਦੇ ਕੋਰੋਨਾ ਵੇਰੀਐਂਟ B.1.1.7 ਤੋਂ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ।

ਰਿਸਰਚ ਦੇ ਮੁਤਾਬਕ ਫਾਈਜ਼ਰ ਅਤੇ ਐਸਟਰਾਜ਼ੈਨਿਕਾ ਵੈਕਸੀਨ ਦੀਆਂ ਦੋ ਖ਼ੁਰਾਕਾਂ ਭਾਰਤ ਵਿੱਚ ਮਿਲੇ ਵੇਰੀਐਂਟ ਦੇ ਖ਼ਿਲਾਫ਼ ਜ਼ਿਆਦਾ ਕਾਰਗਰ ਹਨ।

ਹਾਲਾਂਕਿ ਵੈਕਸੀਨ ਦੀ ਇੱਕ ਡੋਜ਼ ਇਸ ਖ਼ਿਲਾਫ਼ ਕਾਰਗਰ ਨਹੀਂ ਹੈ।

WHO ਨੇ ਕੀ ਕਿਹਾ

ਰਾਇਟਰਜ਼ ਮੁਤਾਬਕ ਵਿਸ਼ਵ ਸਿਹਤ ਸੰਗਠਨ (WHO) ਅਜੇ ਵਿਅਤਨਾਮ ਦੇ ਇਸ ਦਾਅਵੇ ਦਾ ਅਧਿਐਨ ਕਰ ਰਿਹਾ ਹੈ।

ਖ਼ਬਰ ਏਜੰਸੀ ਮੁਤਾਬਕ ਕੋਵਿਡ-19 ਦੇ ਲਈ WHO ਦੀ ਤਕਨੀਕੀ ਪ੍ਰਮੁੱਖ ਮਾਰੀਆ ਵੈਨ ਕੇਰਖੋਵਾ ਨੇ ਈਮੇਲ ਰਾਹੀ ਦੱਸਿਆ, ''ਇਸ ਸਮੇਂ ਅਸੀਂ ਵਿਅਤਨਾਮ ਵਿਚ ਰਿਪੋਰਟ ਕੀਤੇ ਗਏ ਵਾਇਰਸ ਵੈਂਰੀਐਂਟ ਦਾ ਪੂਰੀ ਤਰ੍ਹਾਂ ਅਧਿਐਨ ਨਹੀਂ ਕੀਤਾ ਹੈ।''

ਉਨ੍ਹਾਂ ਕਿਹਾ, ''ਸਾਡਾ ਦਫ਼ਤਰ ਵਿਅਤਨਾਮ ਦੇ ਸਿਹਤ ਮੰਤਰਾਲੇ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਇਸ ਬਾਰੇ ਹੋਰ ਵੱਧ ਜਾਣਕਾਰੀ ਮਿਲਣ ਦੀ ਉਮੀਦ ਹੈ।''

ਸਾਊਦੀ ਅਰਬ ਨੇ 11 ਦੇਸਾਂ ਤੋਂ ਟਰੈਵਲ ਬੈਨ ਹਟਾਇਆ

ਸਾਊਦੀ ਅਰਬ ਨੇ 11 ਦੇਸਾਂ ਤੋਂ ਟਰੈਵਲ ਬੈਨ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਅਮਰੀਕਾ ਅਤੇ ਬ੍ਰਿਟੇਨ ਵੀ ਸ਼ਾਮਲ ਹੈ। ਸਾਊਦੀ ਅਰਬ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹ ਪਾਬੰਦੀ ਲਗਾਈ ਸੀ।

ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਉੱਥੋਂ ਦੀ ਸਰਕਾਰੀ ਸਮਾਚਾਰ ਏਜੰਸੀ ਐਸਪੀਏ ਨੂੰ 29 ਮਈ ਨੂੰ ਕਿਹਾ ਕਿ ਜਿਨ੍ਹਾਂ ਮੁਲਕਾਂ ਤੋਂ ਟਰੈਵਲ ਬੈਨ ਹਟਾਇਆ ਗਿਆ ਹੈ, ਉਨ੍ਹਾਂ ਦੇਸਾਂ ਵਿੱਚ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਗ੍ਰਹਿ ਮੰਤਰਾਲੇ ਮੁਤਾਬਕ ਇਨ੍ਹਾਂ ਦੇਸਾਂ ਵਿੱਚ ਕੋਰੋਨਾ ਕਾਬੂ ਵਿੱਚ ਹੈ।

ਸਾਊਦੀ ਨੇ ਕੁੱਲ 20 ਦੇਸਾਂ 'ਤੇ ਟਰੈਵਲ ਬੈਨ ਲਗਾਇਆ ਸੀ ਪਰ ਹੁਣ 11 ਦੇਸਾਂ ਤੋਂ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਇਹ ਦੇਸ ਹਨ- ਯੂਏਈ, ਜਰਮਨੀ, ਅਮਰੀਕਾ, ਆਇਰਲੈਂਡ, ਇਟਲੀ, ਪੁਰਤਗਾਲ, ਯੂਕੇ, ਸਵੀਡਨ, ਸਵਿੱਟਜ਼ਰਲੈਂਡ, ਫਰਾਂਸ ਅਤੇ ਜਪਾਨ। ਹਾਲਾਂਕਿ ਇਨ੍ਹਾਂ ਦੇਸਾਂ ਤੋਂ ਵੀ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਰਹਿਣਾ ਪਵੇਗਾ।

ਇਹ ਫੈਸਲਾ ਅੱਜ ਯਾਨਿ 30 ਮਈ ਤੋਂ ਲਾਗੂ ਹੋ ਗਿਆ ਹੈ।

ਕੋਰੋਨਾ: 24 ਘੰਟੇ 'ਚ 1,65,553 ਨਵੇਂ ਮਾਮਲੇ, 3,460 ਲੋਕਾਂ ਨੇ ਗੁਆਈ ਜਾਨ

ਪਿਛਲੇ 24 ਘੰਟੇ ਵਿੱਚ ਭਾਰਤ 'ਚ ਕੋਰੋਨਾ ਦੇ 1,65,553 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 3,460 ਲੋਕਾਂ ਦੀ ਮੌਤ ਹੋਈ ਹੈ।

ਇਸੇ ਦੇ ਨਾਲ ਦੇਸ ਵਿੱਚ ਕੋਰੋਨਾ ਦੇ ਕੁੱਲ ਮਾਮਲੇ 2,78,94,800 ਹੋ ਗਏ ਹਨ ਜਿਨ੍ਹਾਂ ਵਿੱਚੋਂ 21,14,508 ਐਕਟਿਵ ਮਾਮਲੇ ਹਨ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਮੁਤਾਬਕ ਪਿਛਲੇ 24 ਘੰਟੇ ਵਿੱਚ 20,63,839 ਸੈਂਪਲਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)