ਕੋਰੋਨਾਵਾਇਰਸ: ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਆਕਸੀਜਨ ਸਲੈਂਡਰ ਫਟਣ ਨਾਲ ਮੌਤ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਤੇ ਹੋਰ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ।

ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਬਹਿਣੀਵਾਲ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਈਵਰ 19 ਸਾਲਾ ਸਤਨਾਮ ਸਿੰਘ ਮਰੀਜ਼ ਦੇ ਘਰ ਪਏ ਆਕਸੀਜਨ ਸਲੈਂਡਰ ਫਟਣ ਨਾਲ ਮੌਤ ਹੋ ਗਈ ਹੋਣ ਦੀ ਖ਼ਬਰ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਤਨਾਮ ਸਿੰਘ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇੱਕ ਨਿੱਜੀ ਐਂਬੂਲੈਂਸ ਦਾ ਡਰਾਇਵਰ ਸੀ ਅਤੇ ਕੱਲ੍ਹ ਰਾਤ 9 30 ਵਜੇ ਦੇ ਕਰੀਬ ਓਨਾ ਨੂੰ ਫੋਨ ਆਇਆ ਸੀ ਕਿ ਇੱਕ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਮੋਗੇ ਦੇ ਕੋਲ ਲੱਗਦੇ ਪਿੰਡ ਵਿੱਚ ਛੱਡ ਕੇ ਆਉਣਾ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਾਅਦ ਸਾਨੂੰ 11:30 ਦੇ ਕਰੀਬ ਫੋਨ ਆਉਂਦਾ ਹੈ ਦੀ ਸਲੈਂਡਰ ਫਟਣ ਦੇ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਮੌਕੇ 'ਤੇ ਪਹੁੰਚੇ ਡੀਐੱਸਪੀ ਬ੍ਰਜੇਂਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੋਗੇ ਦੇ ਥਾਣੇ ਅਜੀਤਵਾਲ ਦੀ ਪੁਲਿਸ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਸਲੈਂਡਰ ਫਟਣ ਕਾਰਨ ਐਂਬੂਲੈਂਸ ਡਰਾਇਵਰ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜਖ਼ਮੀ ਹੋਏ ਹੈ।

ਪਰਿਵਾਰ ਵਾਲਿਆਂ ਮੁਤਾਬਕ ਪਹਿਲਾਂ ਤੋਂ ਹੀ ਆਕਸੀਜਨ ਸਲੈਂਡਰ ਘਰ ਵਿੱਚ ਪਿਆ ਸੀ ਅਤੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਪਰਿਵਾਰ ਨੇ ਸਤਨਾਮ ਸਿੰਘ ਨੂੰ ਆਕਸੀਜਨ ਸਲੈਂਡਰ ਠੀਕ ਕਰਨ ਲਈ ਕਿਹਾ ਸੀ ਤਾਂ ਉਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ।

ਰਾਮਦੇਵ ਦੀ ਕੋਰੋਨਿਲ ਬਾਰੇ ਹਰਿਆਣਾ ਸਰਕਾਰ ਮੁੜ ਕਰੇ ਵਿਚਾਰ - ਡਾ. ਪੂਨੀਆ

ਯੋਗ ਗੁਰੂ ਰਾਮਦੇਵ ਦੇ ਪਤੰਜਲੀ ਪੀਠ ਵੱਲੋਂ ਬਣਾਈ ਗਈ ਕੋਰੋਨਿਲ ਕਿੱਟ ਨੂੰ ਹਰਿਆਣਾ ਦੇ ਸਿਹਤ ਮੰਤਰੀ ਨੇ ਮੁਫ਼ਤ ਵੰਢਣ ਦਾ ਐਲਾਨ ਕੀਤਾ ਹੈ।

ਅਨਿਲ ਵਿਜ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਸੂਬੇ ਵਿੱਚ ਇੱਕ ਲੱਖ ਕੋਰੋਨਿਲ ਕਿੱਟਾਂ ਕੋਰੋਨਾ ਮਰੀਜ਼ਾਂ ਨੂੰ ਦਿੱਤੀਆਂ ਜਾਣਗਾਈ ਅਤੇ ਇਸ ਦਾ ਅੱਧਾ ਖ਼ਰਚਾ ਸੂਬੇ ਸਰਕਾਰ ਚੁੱਕੇਗੀ ਤੇ ਅੱਧਾ ਖ਼ਰਚਾ ਪਤੰਜਲੀ।

ਇਸ ਤੋਂ ਪਹਿਲਾਂ ਰਾਮਦੇਵ ਦੇ ਆਪਣੇ ਇੱਕ ਕੈਂਪ ਦੌਰਾਨ ਐਲੋਪੈਥੀ ਨੂੰ ਬਕਵਾਸ ਸਾਇੰਸ ਕਹਿਣ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਇਤਰਾਜ਼ ਜਤਾਉਂਦਿਆਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਚਿੱਠੀ ਲਿੱਖ ਕੇ ਰਾਮਦੇਵ ਉੱਤੇ ਮੁਕੱਦਮਾ ਕਰਨ ਦੀ ਗੁਜ਼ਾਰਿਸ਼ ਕੀਤੀ ਸੀ।

ਹੁਣ ਭਿਵਾਨੀ ਵਿੱਚ ਮੌਜੂਦ IMA ਦੇ ਸਾਬਕਾ ਪ੍ਰਧਾਨ ਡਾ. ਕਰਨ ਪੂਨੀਆ ਨੇ ਕੋਰੋਨਿਲ ਉੱਤੇ ਆਪਣੀ ਨਾਰਾਜ਼ਗੀ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਕੋਰੋਨਿਲ ਨਾਲ ਕੋਰੋਨਾ ਠੀਕ ਨਹੀਂ ਹੁੰਦਾ।

ਡਾ. ਪੂਨੀਆ ਮੁਤਾਬਕ ਕੋਰੋਨਿਲ ਨੂੰ WHO ਨੇ ਮਾਨਤਾ ਨਹੀਂ ਦਿੱਤੀ ਹੈ ਅਤੇ ਸਰਕਾਰ ਨੂੰ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਡਾ. ਪੂਨੀਆ ਮੁਤਾਬਕ ਕੋਰੋਨਿਲ ਲੈਣ ਨਾਲ ਮਰੀਜ਼ਾਂ ਦੀ ਹਾਲਤ ਵਿਗੜੇਗੀ ਅਤੇ ਜਾਨ ਬਚਾਉਣ ਵਿੱਚ ਦੇਰੀ ਵੀ ਹੋਵੇਗੀ।

ਉਧਰ ਸੂਬੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਡਾ. ਵੰਦਨਾ ਪੂਨੀਆ ਨੇ ਇਸ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਡਰੱਗ ਕੰਟਰੋਲਰ ਆਫ਼ ਇੰਡੀਆ ਨੇ ਵੀ ਕੋਰੋਨਿਲ ਨੂੰ ਗ਼ਲਤ ਦੱਸਿਆ ਹੈ।

ਡਾ. ਵੰਦਨਾ ਮੁਤਾਬਤ ਕੋਰੋਨਿਲ ਖ਼ਰੀਦਣਾ ਪੈਸੇ ਦੀ ਬਰਬਾਦੀ ਅਤੇ ਜਾਨ ਨੂੰ ਖ਼ਤਰਾ ਹੈ।

ਕੋਰੋਨਾਵਾਇਰਸ ਨਾਲ ਮਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਪਰਿਵਾਰਾਂ ਨੂੰ ਮਿਲਦੀ ਰਹੇਗੀ-ਟਾਟਾ ਸਟੀਲ

ਟਾਟਾ ਸਟੀਲ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਆਪਣੇ ਉਨ੍ਹਾਂ ਕਰਮੀਆਂ ਦੇ ਪਰਿਵਾਰਾਂ ਨੂੰ ਰੇਗੂਲਰ ਤਨਖ਼ਾਹ ਦਿੰਦਾ ਰਹੇਗਾ, ਜਿਨ੍ਹਾਂ ਦੀ ਮੌਤ ਕੋਵਿਡ-19 ਕਰਕੇ ਹੋਈ ਹੈ।

ਕੰਪਨੀ ਨੇ ਕਿਹਾ ਹੈ ਕਿ ਉਹ ਮ੍ਰਿਤ ਕਰਮੀਆਂ ਦੇ ਨਿਰਭਰ ਪਰਿਵਾਰ ਵਾਲਿਆਂ ਨੂੰ ਉਸ ਵੇਲੇ ਤੱਕ ਤਨਖ਼ਾਹ, ਘਰ ਅਤੇ ਮੈਡੀਕਲ ਸੁਵਿਧਾਵਾਂ ਤੱਕ ਦਿੰਦਾ ਰਹੇਗਾ, ਜਦੋਂ ਤੱਕ ਉਹ ਕਰਮੀ ਜਿਸਦੀ ਮੌਤ ਹੋਈ ਹੈ, ਉਹ 60 ਸਾਲ ਦੇ ਨਹੀਂ ਹੋ ਗਏ ਹੁੰਦੇ ਯਾਨਿ ਰਿਟਾਇਰ ਨਹੀਂ ਹੋ ਗਏ ਹੁੰਦੇ।

ਕੰਪਨੀ ਨੇ ਉਨ੍ਹਾਂ ਕਰਮੀਆਂ ਦੇ ਬੱਚਿਆਂ ਦੀ ਗ੍ਰੇਜੂਏਸ਼ਨ ਤੱਕ ਦੀ ਸਿੱਖਿਆ ਦਾ ਖਰਚ ਚੁੱਕਣ ਦਾ ਐਲਾਨ ਵੀ ਕੀਤਾ ਹੈ।

ਟਾਟਾ ਸਟੀਲ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਹੋ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਲਹਿਰਾਇਆ ਕਾਲਾ ਝੰਡਾ

ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਅੰਦੋਲਨ ਦੀ ਹਮਾਇਤ ਵਿੱਚ ਪਟਿਆਲਾ ਵਿੱਚ ਆਪਣੇ ਘਰ 'ਤੇ ਕਾਲਾ ਝੰਡਾ ਲਹਿਰਾਇਆ। ਇਸ ਵੇਲੇ ਉਨ੍ਹਾਂ ਦੀ ਪਤਨੀ ਡਾ. ਨਵਜੌਤ ਕੌਰ ਵੀ ਨਾਲ ਸਨ।

ਝੰਡਾ ਲਹਿਰਾਉਣ ਵੇਲੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਇਸ ਵੇਲੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਲੜ ਰਿਹਾ ਹੈ, ਜੋ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਲਿਆਂਦੇ ਗਏ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਕਾਨੂੰਨ ਬੱਦ ਨਾਲੋਂ ਬਦਤਰ ਬਣਾਉਣ ਲਈ, ਮਜ਼ਦੂਰ ਤੇ ਛੋਟੇ ਵਪਾਰੀ ਦੇ ਪੇਟ ਲੱਤ ਮਾਰਨ ਲਈ ਲਿਆਂਦੇ ਗਏ ਹਨ।"

ਦਰਅਸਲ, 29 ਮਈ ਨੂੰ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਧਰਨੇ ਬੈਠਿਆਂ 6 ਮਹੀਨੇ ਪੂਰੇ ਹੋ ਰਹੇ ਹਨ ਅਤੇ ਇਸ ਦਿਨ ਨੂੰ ਕਿਸਾਨ ਕਾਲੇ ਦਿਵਸ ਵਜੋਂ ਮਨ੍ਹਾਂ ਰਹੇ ਹਨ।

ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਵਾਲੇ ਘਰ ਵਿੱਚ ਉਨ੍ਹਾਂ ਦੀ ਕੁੜੀ ਵੱਲੋਂ ਵੀ ਝੰਡੇ ਨੂੰ ਲਹਿਰਾਇਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)