ਗੁਰਚਰਨ ਸਿੰਘ ਚੰਨੀ: ਉੱਘੇ ਰੰਗਕਰਮੀ ਦੇ ਫਿਲਮ ਅਦਾਕਾਰ ਦਾ ਕੋਰੋਨਾ ਨਾਲ ਦੇਹਾਂਤ

ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਵੀਰਵਾਰ ਸਵੇਰ ਕੋਰੋਨਾ ਕਾਰਨ ਦੇਹਾਂਤ ਹੋ ਗਿਆ।

ਸੀਨੀਅਰ ਪੱਤਰਕਾਰ ਤੇ ਜਾਣੀ ਪਛਾਈ ਲੇਖਿਆ ਨਿਰੂਪਮਾ ਦੱਤ ਨੇ ਫੇਸਬੁੱਕ ਪੇਜ ਉੱਤੇ ਚੰਨੀ ਦੀ ਤਸਵੀਰ ਨਾਲ ਇਹ ਖ਼ਬਰ ਸਾਂਝੀ ਕੀਤੀ ਹੈ।

ਫਿਲਮ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਗੁਰਚਰਨ ਸਿੰਘ ਚੰਨੀ ਦੇ ਦੇਹਾਂਤ ਉੱਤੇ ਦੁੱਖ ਜ਼ਾਹਿਰ ਕਰਦਿਆਂ ਇਸ ਨੂੰ ਕਲਾ ਤੇ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

ਪਿਛਲੇ ਮਹੀਨੇ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਵੀਰਵਾਰ ਸਵੇਰ ਉਨ੍ਹਾਂ ਨੇ ਆਖ਼ਰੀ ਸਾਹ ਲਏ।

ਚੰਨੀ ਚੰਡੀਗੜ੍ਹ ਦੇ ਸੈਕਟਰ-35 ਵਿੱਚ ਆਪਣੇ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ।

ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਨੈਸ਼ਨਲ ਐਵਾਰਡ ਜੇਤੂ ਸਨ ਅਤੇ ਸੈਂਟਰ ਫਾਰ ਐਜੂਕੇਸ਼ਨ ਅਤੇ ਵਲੰਟਰੀ ਐਕਸ਼ਨ (CEVA) ਦੇ ਨਿਰਦੇਸ਼ਕ ਸਨ।

ਪਿਛਲੇ ਚਾਲੀ ਸਾਲਾਂ ਤੋਂ ਰੰਗਮੰਚ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਬਹੁਤ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਤੇ ਟੀਵੀ ਸੀਰੀਅਲਾਂ ਵਿਚ ਕਿਰਦਾਰ ਨਿਭਾਏ ਸਨ।

ਗੁਰਚਰਨ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥਿਏਟਰ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਸਮੇਤ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਵੀ ਪੁਰਾਣੇ ਵਿਦਿਆਰਥੀ ਸਨ।

ਚੰਨੀ ਬਾਰੇ ਉਨ੍ਹਾਂ ਦੇ ਸਾਥੀ ਕਲਾਕਾਰ ਕੀ ਕਹਿੰਦੇ

ਕਰੀਅਰ ਤੇ ਇਨਸਾਨ ਵਜੋਂ

ਗੁਰਚਰਨ ਸਿੰਘ ਚੰਨੀ ਦੀ ਸ਼ਖ਼ਸ਼ੀਅਤ ਬਾਰੇ ਜਾਨਣ ਲਈ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਸੀਨੀਅਰ ਥੀਏਟਰ ਕਲਾਕਾਰ ਨੀਲਮ ਮਾਨ ਸਿੰਘ ਨਾਲ ਗੱਲਬਾਤ ਕੀਤੀ।

ਨੀਲਮ ਮਾਨ ਸਿੰਘ ਨੇ ਕਿਹਾ ਕਿ ਕੋਵਿਡ ਦੇ ਇਸ ਦੌਰ ਵਿੱਚ ਇੰਝ ਲਗਦਾ ਹੈ ਜਿਵੇਂ “ਹਰ ਕੋਈ ਬਸ ਲਾਈਨ ਵਿੱਚ ਰਿਹਾ ਹੋਵੇ।”

ਨੀਲਮ ਨੇ ਦੱਸਿਆ ਕਿ ਚੰਨੀ ਨਾਲ ਉਨ੍ਹਾਂ ਦੀ ਗੱਲ ਤਿੰਨ ਚਾਰ ਹਫ਼ਤੇ ਪਹਿਲਾਂ ਹੋਈ ਸੀ ਜਦੋਂ ਉਨ੍ਹਾਂ ਦੀ ਪਤਨੀ ਨੂੰ ਕੋਵਿਡ ਹੋਇਆ ਸੀ।

ਚੰਨੀ ਮੈਨੂੰ ਪੁੱਛ ਰਹੇ ਸਨ ਕਿਉਂਕਿ ਮੈਂ ਵੀ ਕੋਵਿਡ ਤੋਂ ਠੀਕ ਹੋਈ ਸੀ। ਉਹ ਪੁੱਛ ਰਹੇ ਸਨ ਕਿ ਮੈਂ ਕਿਵੇਂ ਇਲਾਜ ਲਿਆ। ਉਨ੍ਹਾਂ ਦੀ ਪਤਨੀ ਨੂੰ ਸਾਹ ਵਿੱਚ ਮੁਸ਼ਕਲ ਆ ਰਹੀ ਸੀ ਉਨ੍ਹਾਂ ਦਾ ਆਕਸੀਜ਼ਨ ਲੈਵਲ ਠੀਕ ਸੀ, ਬੁਖ਼ਾਰ ਨਹੀਂ ਸੀ ਪਰ ਸਾਹ ਵਿੱਚ ਮੁਸ਼ਕਲ ਸੀ।

ਮੈਂ ਉਨ੍ਹਾਂ ਨੂੰ ਰੋਜ਼ ਪੁੱਛਦੀ ਸੀ ਫਿਰ ਮੈਂ ਮੈਸੇਜ ਕਰਨੇ ਸ਼ੁਰੂ ਕੀਤੇ। ਫਿਰ ਮੇਰੇ ਕਿਸੇ ਹੋਰ ਜਾਣਕਾਰ ਨੂੰ ਕੋਵਿਡ ਹੋ ਗਿਆ, ਮੈਂ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਤਾਂ ਠੀਕ ਨਹੀਂ ਹਾਂ ਪਰ ਚੰਨੀ ਦੀ ਤਬੀਅਤ ਠੀਕ ਨਹੀਂ ਹੈ। ਉਹ ਵੈਂਟੀਲੇਟਰ ਉੱਪਰ ਹੈ।

ਚੰਨੀ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਮੇਰੇ ਤੋਂ ਇੱਕ ਸਾਲ ਜੂਨੀਅਰ ਸਨ। ਇਸ ਲਈ ਮੈਂ ਉਨ੍ਹਾਂ ਨੂੰ 1964-65 ਤੋਂ ਜਾਣਦੀ ਹਾਂ। ਫਿਰ ਜਦੋਂ ਮੈਂ ਚੰਡੀਗੜ੍ਹ ਆਈ ਤਾਂ ਉਨ੍ਹਾਂ ਦੇ ਮੁੜ ਸੰਪਰਕ ਵਿੱਚ ਆਈ। ਕਦੇ-ਕਦੇ ਗੱਲ ਹੋ ਜਾਂਦੀ ਸੀ। ਕਦੇ-ਕਦੇ ਬਹੁਤ ਰੈਗੂਲਰ ਹੋ ਜਾਂਦੀ ਸੀ, ਕਦੇ ਬਹੁਤ ਸਮਾਂ ਲੰਘ ਜਾਂਦਾ ਸੀ।

ਚੰਨੀ ਨੂੰ ਸਾਈਕਿਕ ਪੋਇਟਰੀ ਪਸੰਦ ਸੀ। ਸ਼ਿਵ ਕੁਮਾਰ ਦੀ, ਪਾਤਰ ਦੀ। ਉਨ੍ਹਾਂ ਕੋਲ ਹਰ ਮੌਕੇ ਲਈ ਹਮੇਸ਼ਾ ਕੋਈ ਨਾ ਕੋਈ ਕਵਿਤਾ ਹੁੰਦੀ ਸੀ।

ਉਨ੍ਹਾਂ ਨੇ ਫਿਲਮਾਂ ਲਈ ਕੰਮ ਜ਼ਿਆਦਾ ਕੀਤਾ ਹੈ ਪਰ ਮੇਰਾ ਖੇਤਰ ਥਿਏਟਰ ਨਾਲ ਰਿਹਾ ਹੈ। ਫਿਰ ਵੀ ਜਦੋਂ ਅਸੀਂ ਕਿਸੇ ਮੌਕੇ 'ਤੇ ਮਿਲਦੇ ਤਾਂ ਗੱਲਬਹਾਤ ਹੁੰਦੀ।

ਉਨ੍ਹਾਂ ਨੇ ਜੋ ਵੀ ਕੀਤੀ ਉਹ ਕਾਬਲੀਅਤ ਨਾਲ ਕੀਤਾ। ਉਨ੍ਹਾਂ ਨੇ ਦਸਤਾਵੇਜ਼ੀ ਫਿਲਮਾਂ ਵਿੱਚ ਥਿਏਟਰ ਦੇ ਤੱਤ ਪਾਏ। ਉਨ੍ਹਾਂ ਦੀ ਪਹੁੰਚ ਵਿੱਚ ਦੂਜੇ ਦਸਤਾਵੇਜ਼ੀ ਫਿਲਮਕਾਰਾਂ ਨਾਲੋਂ ਤਾਂ ਨਿਸ਼ਚਿਤ ਹੀ ਫ਼ਰਕ ਸੀ।

ਉਹ ਹਮੇਸ਼ਾ ਹਸਮੁਖ ਰਹਿੰਦੇ ਸਨ। ਨੈਸ਼ਲਨ ਸਕੂਲ ਆਫ਼ ਡਰਾਮਾ ਦੇ ਸਮੇਂ ਦੌਰਾਨ ਵੀ ਉਹ ਹਸਾਉਂਦੇ ਰਹਿੰਦੇ ਸਨ।

ਉਹ ਮਾਹੌਲ ਨੂੰ ਸੁਖਾਵਾਂ ਰਖਦੇ ਸਨ। ਥਿਏਟਰ ਦੇ ਇਤਿਹਾਸ ਵਿੱਚ ਉਨ੍ਹਾਂ ਨੂੰ ਕਿਵੇਂ ਯਾਦ ਕੀਤਾ ਜਾਵੇਗਾ ਇਸ ਬਾਰੇ ਕਹਿਣਾ ਮੁਸ਼ਕਲ ਹੈ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)