ਭਾਰਤ ਵਲੋਂ ਜਾਰੀ ਕੀਤੀ ਗਈ ਪਹਿਲੀ ਕੋਰੋਨਾ ਦਵਾਈ ਕੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਡੀਆਰਡੀਓ ਵੱਲੋਂ ਡਾ. ਰੈਡੀਜ਼ ਲੈਬੋਰਟਰੀਜ਼ ਨਾਲ ਮਿਲ ਕੇ ਬਣਾਈ ਗਈ ਐਂਟੀ ਕੋਰੋਨਾ ਡਰੱਗ 2 ਡੀਜੀ ਦੀ ਪਹਿਲੀ ਖੇਪ ਅੱਜ ਰਿਲੀਜ਼ ਕੀਤੀ ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, “ਇਹ ਕੋਰੋਨਾ ਨਾਲ ਲੜਨ ਲਈ ਦੇਸ਼ ਵੱਲੋਂ ਬਣਾਇਆ ਗਿਆ ਪਹਿਲਾ ਡਰੱਗ ਹੈ। ਇਸ ਨਾਲ ਮਰੀਜ਼ਾਂ ਦੇ ਠੀਕ ਹੋਣ ਦਾ ਸਮਾਂ ਹੋਰ ਘੱਟੇਗਾ ਅਤੇ ਆਕਸੀਜਨ ਸੰਕਟ ਨਾਲ ਨੱਜਿਠਣ ’ਚ ਵੀ ਮਦਦ ਮਿਲੇਗੀ।”

ਉਨ੍ਹਾਂ ਕਿਹਾ, “ਇਹ ਸਿਰਫ਼ ਸਾਡੇ ਦੇਸ਼ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਇੱਕ ਵੱਡੀ ਖੋਜ ਸਾਬਤ ਹੋਵੇਗਾ।”

ਇਹ ਵੀ ਪੜ੍ਹੋ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਇਸ ਦੀ ਵਰਤੋਂ ਨਾਲ ਕੋਰੋਨਾ ਮਰੀਜ਼ ਆਮ ਇਲਾਜ ਨਾਲੋਂ ਢਾਈ ਦਿਨ ਪਹਿਲਾ ਠੀਕ ਹੋਏ ਹਨ, ਨਾਲ ਹੀ, ਆਕਸੀਜਨ ਨਿਰਭਰਤਾ ਵੀ ਲਗਭਗ 40% ਘੱਟ ਵੇਖਣ ਨੂੰ ਮਿਲੀ ਹੈ। ਇਸ ਦਾ ਪਾਊਡਰ ਰੂਪ ਵੀ ਇਸ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ। ਲੋਕ ਇਸ ਨੂੰ ਆਸਾਨੀ ਨਾਲ ਓਆਰਐਸ ਘੋਲ ਵਾਂਗ ਪੀ ਸਕਣਗੇ।

ਕੀ ਹੈ 2ਡੀਜੀ ਐਂਟੀ ਕੋਰੋਨਾ ਡਰੱਗ

2 ਡੀਜੀ ਐਂਟੀ ਕੋਰੋਨਾ ਡਰੱਗ। ਇਹ ਭਾਰਤ 'ਚ ਬਣਾਈ ਗਈ ਪਹਿਲੀ ਅਜਿਹੀ ਦਵਾਈ ਹੈ ਜੋ ਕਿ ਕੋਰੋਨਾਵਾਇਰਸ ਨੂੰ ਮਾਤ ਦੇ ਸਕਦੀ ਹੈ। ਇਸ ਦਾ ਪੂਰਾ ਨਾਮ ਹੈ 2 ਡੀਆਕਸੀ-ਡੀ-ਗੁਲੂਕੋਜ਼।

ਕਿਹਾ ਜਾ ਰਿਹਾ ਹੈ ਕਿ ਇਹ ਦਵਾਈ ਆਕਸੀਜਨ ਸੰਕਟ ਝੱਲ ਰਹੇ ਕੋਰੋਨਾ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ।

ਇਸ ਦਵਾਈ ਨੂੰ ਡੀਫੈਂਸ ਰਿਸਰਚ ਐਂਡ ਡਿਵੈਲਪਮੇਂਟ ਆਰਗਨਾਈਜ਼ੇਸ਼ਨ ਯਾਨੀ ਡੀਆਰਡੀਓ ਦੀ ਆਈਐਨਐਮਏਐਸ ਲੈਬ ਨੇ ਡਾ. ਰੈਡੀਜ਼ ਲੈਬੋਰਟਰੀਜ਼ ਨਾਲ ਮਿਲ ਕੇ ਬਣਾਇਆ ਹੈ। 1 ਮਈ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਯਾਨੀ ਡੀਜੀਸੀਆਈ ਨੇ ਇਸ ਦੀ ਐਮਰਜੇਂਸੀ ਵਰਤੋਂ ਲਈ ਮੰਨਜ਼ੂਰੀ ਦਿੱਤੀ ਸੀ।

ਇਸ ਦਵਾਈ ਨੂੰ ਬਣਾਇਆ ਹੈ ਡੀਆਰਡੀਓ ਦੇ ਦੋ ਵਿਗਿਆਨਕਾਂ ਡਾ. ਸੁਧੀਰ ਚਾਂਦਨਾ ਅਤੇ ਡਾ. ਅਨੰਤ ਭੱਟ ਨੇ। ਇਸ ਨੂੰ 3 ਕਲੀਨਿਕਲ ਟ੍ਰਾਇਲਾ ਤੋਂ ਬਾਅਦ ਮਨਜ਼ੂਰੀ ਮਿਲੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਹ ਕੰਮ ਕਿਵੇਂ ਕਰਦੀ ਹੈ?

ਕਿਹਾ ਜਾ ਰਿਹਾ ਹੈ ਕਿ ਇਹ ਦਵਾਈ ਕੋਰੋਨਾ ਮਰੀਜ਼ਾਂ ਦੇ ਅੰਦਰ ਵਾਇਰਸ ਦੇ ਪ੍ਰਸਾਰ ਨੂੰ ਰੋਕਦੀ ਹੈ।

ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਡਾ. ਸੁਧੀਰ ਚਾਂਦਨਾ ਨੇ ਦੱਸਿਆ ਕਿ ਜਦੋਂ ਵਾਇਰਸ ਸਰੀਰ ਵਿੱਚ ਨਾੜੀਆਂ ਨੂੰ ਲਾਗ ਲਗਾ ਰਿਹਾ ਹੁੰਦਾ ਹੈ ਤਾਂ ਇਹ ਦਵਾਈ ਉਨ੍ਹਾਂ ਨਾੜੀਆਂ 'ਚ ਜਾ ਕੇ ਵਾਇਰਸ ਦੀ ਐਨਰਜੀ ਨੂੰ ਘੱਟ ਕਰ ਦਿੰਦੀ ਹੈ ਅਤੇ ਇਸ ਤਰ੍ਹਾਂ ਵਾਇਰਸ ਦੇ ਪ੍ਰਸਾਰ ਨੂੰ ਰੋਕਦੀ ਹੈ।

ਡਾ. ਚਾਂਦਨਾ ਮੁਤਾਬਕ ਇਹ ਦਵਾਈ ਹਸਪਤਾਲ 'ਚ ਭਰਤੀ ਮੌਡਰੇਟ ਤੋਂ ਸਵੇਅਰ ਮਰੀਜ਼ ਯਾਨੀ ਬੀਮਾਰ ਤੋਂ ਗੰਭੀਰ ਮਰੀਜ਼ਾਂ 'ਤੇ ਇਸਤੇਮਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਆਕਸੀਜਨ ਸਪੋਰਟ 'ਤੇ ਹਸਪਤਾਲਾਂ ਜਾਂ ਦੂਜੇ ਕੇਅਰ ਯੂਨਿਟ ਵਿੱਚ ਭਰਤੀ ਹਨ, ਉਨ੍ਹਾਂ 'ਤੇ ਟ੍ਰਾਇਲ ਦੌਰਾਨ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ।

ਇਹ ਦਵਾਈ ਪਾਉਚ ਦੇ ਰੂਪ 'ਚ ਮਿਲੇਗੀ ਅਤੇ ਇਸ ਨੂੰ ਪਾਣੀ 'ਚ ਘੋਲ ਕੇ ਮਰੀਜ਼ ਨੂੰ ਪੀਣਾ ਹੋਵੇਗਾ। ਮਰੀਜ਼ ਨੂੰ ਇਸ ਦੀ ਜ਼ਰੂਰਤ 5-7 ਵਾਰ ਪੈ ਸਕਦੀ ਹੈ।

ਕੀ ਹੋਵੇਗੀ ਇਸ ਦੀ ਕੀਮਤ?

ਹੁਣ ਸਵਾਲ ਹੈ ਕਿ ਕੀ ਇਹ ਦਵਾਈ ਆਸਾਨੀ ਨਾਲ ਹਰ ਮਰੀਜ਼ ਨੂੰ ਮਿਲ ਸਕੇਗੀ ਅਤੇ ਇਸ ਦੀ ਕੀ ਕੀਮਤ ਹੋਵੇਗੀ?

ਇਸ ਦਾ ਜਵਾਬ ਹੈ ਕਿ ਇਹ ਦਵਾਈ ਸਿਰਫ਼ ਡਾਕਟਰ ਦੀ ਹਿਦਾਇਤ 'ਤੇ ਹੀ ਮਿਲੇਗੀ। ਇਹ ਦਵਾਈ ਸਿੱਧੇ ਤੌਰ 'ਤੇ ਹਾਲੇ ਬਾਜ਼ਾਰ 'ਚ ਉਪਲਬਧ ਨਹੀਂ ਹੋਵੇਗੀ।

ਜਿੱਥੋ ਤੱਕ ਦਵਾਈ ਦੀ ਕੀਮਤ ਦਾ ਸਵਾਲ ਹੈ, ਡਾ. ਚੰਦਨਾ ਕਹਿੰਦੇ ਹਨ ਕਿ ਇਸ ਦੀ ਕੀਮਤ ਡਾ. ਰੈਡੀਜ਼ ਲੈਬੋਰਟਰੀ ਵੱਲੋਂ ਹੀ ਜਾਰੀ ਕੀਤੀ ਜਾਵੇਗੀ। ਉੰਝ ਇਸ ਦੇ ਕੱਚੇ ਮਾਲ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਡੋਜ਼ 500-600 ਰੁਪਏ 'ਚ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਇਸ ਦਾ ਜ਼ਿਆਦਾ ਮਾਤਰਾ 'ਚ ਨਿਰਮਾਣ ਹੋਵੇਗਾ ਤਾਂ ਕੀਮਤ ਘੱਟ ਵੀ ਸਕਦੀ ਹੈ।

ਕਿਹੜੇ ਮਰੀਜ਼ ਕਰ ਸਕਗੇ ਇਸਤੇਮਾਲ

ਪਰ ਇੱਕ ਗੱਲ ਸਾਫ਼ ਹੈ ਕਿ ਇਸ ਦਵਾਈ ਦਾ ਇਸਤੇਮਾਲ ਕੋਵਿਡ-19 ਦੇ ਹਰ ਕੈਟੇਗਰੀ ਦੇ ਮਰੀਜ਼ ਨਹੀਂ ਕਰ ਸਕਣਗੇ।

ਮੌਡਰੇਟ ਤੋਂ ਸਵੀਅਰ ਮਰੀਜ਼ ਹੀ ਡਾਕਟਰ ਦੀ ਸਲਾਹ 'ਤੇ ਇਹ ਦਵਾਈ ਲੈ ਸਕਣਗੇ।

ਪਰ ਸਵਾਲ ਉੱਠਦਾ ਹੈ ਕਿ ਕੀ ਗਰਭਵਤੀ ਔਰਤਾਂ ਅਤੇ ਕਿਡਨੀ ਦੇ ਮਰੀਜ਼ਾਂ ਲਈ ਵੀ ਇਹ ਦਵਾਈ ਇਸਤੇਮਾਲ ਕੀਤੀ ਜਾ ਸਕਦੀ ਹੈ।

ਇਸ ਬਾਰੇ ਡਾ. ਅਨੰਤ ਭੱਟ ਦਾ ਕਹਿਣਾ ਹੈ ਕਿ ਟ੍ਰਾਇਲ ਦੌਰਾਨ ਗਰਭਵਤੀ ਔਰਤਾਂ ਅਤੇ ਕਿਡਨੀ ਦੇ ਗੰਭੀਰ ਮਰੀਜ਼ਾਂ 'ਤੇ ਇਸ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਲਈ ਫਿਲਹਾਲ ਇੰਨਾਂ ਮਰੀਜ਼ਾਂ 'ਤੇ ਇਹ ਦਵਾਈ ਨਹੀਂ ਵਰਤੀ ਜਾ ਸਕਦੀ।

ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦਵਾਈ ਕੋਰੋਨਾ ਮਰੀਜ਼ਾਂ 'ਤੇ ਕਾਰਗਰ ਸਿੱਧ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਆਕਸੀਜਨ ਦਾ ਸੰਕਟ ਝੱਲ ਰਹੇ ਮਰੀਜ਼ਾਂ ਲਈ ਇਹ ਦਵਾਈ ਰਾਮਬਾਣ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)