''ਮੋਦੀ ਅਸਤੀਫ਼ਾ ਦਿਓ'', ਹੈਸ਼ਟੈਗ ਨੂੰ ਲੈ ਕੇ ਕੀ ਚੱਲ ਰਹੀ ਹੈ ਸੋਸ਼ਲ ਮੀਡੀਆ ਉੱਤੇ ਜੰਗ

ਫੇਸਬੁੱਕ ਉੱਤੇ ਜਦੋਂ ਇੱਕ ਹੈਸ਼ਟੈਗ #ResignModi ਪੌਪੁਲਰ ਹੋ ਰਿਹਾ ਸੀ ਤਾਂ ਇਸ ਦੀ ਵਰਤੋਂ ਲੋਕਾਂ ਨੇ ਭਾਰਤ ਵਿੱਚ ਕੋਵਿਡ-19 ਦੇ ਬਦਹਾਲ ਹੁੰਦੇ ਹਾਲਾਤ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ਾ ਦੇਣ ਦੀ ਗੱਲ ਨਾਲ ਕੀਤੀ।

ਇਸ ਵੇਲੇ ਵੀ ਇਹ ਹੈਸ਼ਟੈਗ ਟਵਿੱਟਰ ਉੱਤੇ ਟਰੈਂਡ ਕਰ ਰਿਹਾ ਹੈ। ਇਸ ਪਿੱਛੇ ਵਜ੍ਹਾ ਹੈ, ਇਸ ਹੈਸ਼ਟੈਗ ਨੂੰ ਪਹਿਲਾਂ ਫੇਸਬੁੱਕ ਵੱਲੋਂ ਬਲੌਕ ਕੀਤਾ ਜਾਣਾ ਤੇ ਬਾਅਦ ਵਿੱਚ ਮੁੜ ਇਸ ਨੂੰ ਰੀਸਟੋਰ ਕਰਨਾ।

ਦਰਅਸਲ ਫੇਸਬੁੱਕ ਨੇ 28 ਅਪ੍ਰੈਲ ਦੀ ਰਾਤ ਨੂੰ ਦੁਨੀਆਂ ਭਰ ਵਿੱਚ ਵਰਤੇ ਜਾ ਰਹੇ #ResignModi ਟਰੈਂਡ ਨੂੰ ਬਲੌਕ ਕਰ ਦਿੱਤਾ।

ਹਾਲਾਂਕਿ ਇਸ ਬਾਬਤ ਜਦੋਂ ਲੋਕਾਂ ਨੇ ਫੇਸਬੁੱਕ ਦੀ ਹੀ ਨਿਖੇਧੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਜ਼ ਉੱਤੇ ਸ਼ੁਰੂ ਕਰ ਦਿੱਤੀ ਤਾਂ ਫੇਸਬੁੱਕ ਨੇ ਟਰੈਂਡ ਮੁੜ ਚਾਲੂ ਕਰ ਦਿੱਤਾ।

ਇਸ ਵਿਵਾਦ ਵਿਚਾਲੇ ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਫੇਸਬੁੱਕ ਇਹ ਦੇਖ ਰਿਹਾ ਸੀ ਕਿ ''ਹੋਇਆ ਕੀ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਟਵੀਟ ਵਿੱਚ ਕਿਹਾ, ''ਇਹ ਹੈਸ਼ਟੈਗ ਰੀਸਟੋਰ ਕਰ ਦਿੱਤਾ ਗਿਆ ਹੈ ਅਤੇ ਅਸੀਂ ਦੇਖ ਰਹੇ ਹਾਂ ਕਿ ਅਸਲ ਵਿੱਚ ਹੋਇਆ ਕੀ ਸੀ।''

ਦਰਅਸਲ ਜਦੋਂ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਫੇਸਬੁੱਕ ਉੱਤੇ ਪੋਸਟ ਪਾਉਣੀ ਚਾਹੀ ਤਾਂ ਉਨ੍ਹਾਂ ਨੂੰ ਅੱਗੋ ਨੋਟੀਫਿਕੇਸ਼ਨ ਦਿਖੀ ਕਿ ''ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਇਹ ਹੈਸ਼ਟੈਗ ਬੰਦ ਕੀਤਾ ਗਿਆ ਹੈ।''

ਸੋਸ਼ਲ ਮੀਡੀਆ ਯੂਜ਼ਰਜ਼ ਕੀ ਕਹਿ ਰਹੇ?

#ResignModi ਹੈਸ਼ਟੈਗ ਦੀ ਵਰਤੋਂ ਕਰਦਿਆਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਇਹ ਟਰੈਂਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਇਸ ਦੀ ਵਰਤੋਂ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕਈ ਯੂਜ਼ਰਜ਼ ਨੇ ਤਾਂ ਇੱਕ ਹੋਰ ਹੈਸ਼ਟੈਗ #AntiIndiaFacebook ਦੀ ਵਰਤੋਂ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਸੁਭਰਾਂਸ਼ੂ ਲਿਖਦੇ ਹਨ, ''ਫੇਸਬੁੱਕ ਨੇ #ResignModi ਵਾਲੀਆਂ ਸਾਰੀਆਂ ਪੋਸਟਾਂ ਬਲੌਕ ਕਰ ਦਿੱਤੀਆਂ ਹਨ।''

ਅਨਵਰ ਪਾਸ਼ਾ ਲਿਖੇ ਹਨ, ''ਮੋਦੀ ਤਾਂ ਹੀ ਅਸਤੀਫ਼ਾ ਦੇਣਗੇ ਜੇ ਚੋਣਾਂ ਹਾਰਨਗੇ।''

ਮੁਹੰਮਦ ਅਲੀ ਲਿਖਦੇ ਹਨ, ''ਫੇਸਬੁੱਕ ਨਹੀਂ ਚਾਹੁੰਦਾ ਕਿ ਤੁਸੀਂ #ResignModi ਸਰਚ ਕਰੋ।''

ਸਨਸ਼ਾਈਨ ਟਵਿੱਟਰ ਹੈਂਡਰਲ ਲਿਖਦੇ ਹਨ, ''ਹਸਪਤਾਲਾਂ ਦੀ ਥਾਂ ਸ਼ਮਸ਼ਾਨ ਘਾਟ ਮੁਹੱਈਆ ਕਰਵਾਉਣ ਲਈ ਤੁਹਾਡਾ ਸ਼ੁਕਰੀਆ ਮੋਦੀ ਜੀ।''

ਧਨਾ ਸਿੰਘ ਲਿਖਦੇ ਹਨ, ''ਪ੍ਰਗਟਾਵੇ ਦੀ ਆਜ਼ਾਦੀ ਕਿੱਥੇ ਹੈ?''

ਭੂਪਾ ਸਵਾਮੀ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਪਹਿਲਾਂ ਟਵਿੱਟਰ ਤੇ ਹੁਣ ਫੇਸਬੁੱਕ ਪੋਸਟਾਂ ਬਲੌਕ....ਵਾਹ ਮੋਦੀ ਜੀ ਵਾਹ।''

ਸ੍ਰੀਵਾਸਤ ਲਿਖਦੇ ਹਨ, ''ਅਮਰੀਕਾ ਵਿੱਚ ਟਵਿੱਟਰ ਤੇ ਫੇਸਬੁੱਕ ਰਾਸ਼ਟਰਪਤੀ ਦੇ ਅਕਾਊਂਟ ਝੂਠ ਬੋਲਣ ਤੇ ਬਲੌਕ ਕਰਦੇ ਹਨ ਤੇ ਭਾਰਤ ਵਿੱਚ ਫੇਸਬੁੱਕ ਤੇ ਟਵਿੱਟਰ ਸੱਚ ਬੋਲਣ ਲਈ #ResignModi ਬਲੌਕ ਕਰਦੇ ਹਨ ਤੇ ਟਵੀਟ ਡਿਲੀਟ ਕਰਦੇ ਹਨ।''

ਭਾਰਤ ਦੇ ਇਲੈਕਟ੍ਰਾਨਿਕ ਅਤੇ ਆਈਟੀ ਮੰਤਰਾਲੇ ਨੇ ਦਿੱਤਾ ਸਪੱਸ਼ਟੀਕਰਨ

ਇਸ ਮਾਮਲੇ ਵਿੱਚ ਭਾਰਤ ਦੇ ਇਲੈਕਟ੍ਰਾਨਿਕ ਅਤੇ ਆਈਟੀ ਮੰਤਰਾਲੇ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਮੰਤਰਾਲੇ ਵੱਲੋਂ ਦਿ ਵਾਲ ਸਟਰੀਟ ਜਰਨਲ ਦੀ ਖ਼ਬਰ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਜਿਸ ਵਿੱਚ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਨੇ ਫੇਸਬੁੱਕ ਨੂੰ ਇੱਕ ਹੈਸ਼ਟੈਗ ਹਟਾਉਣ ਨੂੰ ਕਿਹਾ ਸੀ ਜੋ ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਨੂੰ ਦਰਸਾ ਰਿਹਾ ਸੀ।

ਮੰਤਰਾਲੇ ਨੇ ਕਿਹਾ ਕਿ ਇਸ ਖ਼ਬਰ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇੱਕ ਹੈਸ਼ਟੈਗ ਫੇਸਬੁੱਕ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ ਜੋ ਕਿ ਗਲਤ ਹੈ ਅਤੇ ਫੇਸਬੁੱਕ ਨੇ ਵੀ ਇਸ ਬਾਰੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਇਹ ਗਲਤੀ ਨਾਲ ਹਟ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਖ਼ਬਰ ਆਧਾਰਹੀਣ ਹੈ ਅਤੇ ਇਸ ਤੋਂ ਪਹਿਲਾਂ 5 ਮਾਰਚ 2021 ਨੂੰ ਵੀ ਦਿ ਵਾਲ ਸਟ੍ਰੀਟ ਜਰਨਲ ਨੇ ਇਕ ਗਲਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਸਿਰਲੇਖ ਵਿਚ ਕਿਹਾ ਗਿਆ ਸੀ ਕਿ ਭਾਰਤ ਦੁਆਰਾ ਫੇਸਬੁੱਕ, ਵਾਟਸਐਪ ਅਤੇ ਟਵਿੱਟਰ ਦੇ ਕਰਮਚਾਰੀਆਂ ਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਸ ਸਮੇਂ ਵੀ ਵਾਲ ਸਟ੍ਰੀਟ ਜਰਨਲ ਦੀ ਇਸ ਖ਼ਬਰ ਦਾ ਅਧਿਕਾਰਿਕ ਰੂਪ ਵਿੱਚ ਖੰਡਨ ਕੀਤਾ ਸੀ।

ਮੰਤਰਾਲੇ ਨੇ ਆਪਣੇ ਟਵੀਟ ਵਿੱਚ ਮੀਡੀਆ ਦੀ ਭੂਮਿਕਾ ਉਪਰ ਵੀ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਮਹਾਂਮਾਰੀ ਦੇ ਸੰਵੇਦਨਸ਼ੀਲ ਮੌਕੇ ਮੀਡੀਆ ਨੂੰ ਕਰੋੜਾਂ ਆਮ ਭਾਰਤੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਫਰੰਟਲਾਈਨ ਕਾਮੇ, ਸਿਹਤ ਕਰਮਚਾਰੀਆਂ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)