ਕੈਪਟਨ ਅਮਰਿੰਦਰ ਨੇ ਕਿਉਂ ਬਦਲਿਆ ਸੀ ਨਵਜੋਤ ਸਿੱਧੂ ਮੰਤਰਾਲਾ ਤੇ ਕਿਹਾ 'ਹੁਣ ਮੇਰੇ ਦਰਵਾਜ਼ੇ ਬੰਦ ਹਨ' - ਪ੍ਰੈੱਸ ਰਿਵੀਊ

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਬਦੀ ਤੋਂ ਬਾਅਦ ਹੋਏ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਐਸਆਈਟੀ ਰਿਪੋਰਟ ਰੱਦ ਹੋਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਦਰਮਿਆਨ ਗੱਲਾਂ-ਗੱਲਾਂ ਵਿੱਚ ਇੱਕ ਦੂਜੇ ਉੱਤੇ ਸ਼ਬਦੀ ਵਾਰ ਵੀ ਜਾਰੀ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਨਾਲ ਤਾਜ਼ਾ ਗੱਲਬਾਤ ਵਿੱਚ ਇੱਥੋਂ ਤੱਕ ਕਿਹਾ ਕਿ ਹੁਣ ਸਿੱਧੂ ਲਈ ਮੇਰੇ ਬੂਹੇ ਬੰਦ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''ਨਵਜੋਤ ਸਿੰਘ ਸਿੱਧੂ ਇੱਕ ਮੌਕਾਪ੍ਰਸਤ ਵਿਅਕਤੀ ਹੈ ਤੇ ਉਹ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ਼ ਕੇ ਚੋਣ ਲੜਨ ਦੇ ਸੁਪਨੇ ਦੇਖ ਰਿਹਾ ਹੈ।''

''ਲੜ ਲਵੇ ਪਟਿਆਲਾ ਤੋਂ ਚੋਣ, ਜ਼ਮਾਨਤ ਜ਼ਬਤ ਹੋਵੇਗੀ।''

ਉਨ੍ਹਾਂ ਕਿਹਾ, ''ਮੈਨੂੰ ਕਾਂਗਰਸ ਨੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਉਹ ਮੇਰੇ ਤੇ ਨਹੀਂ ਅਸਿੱਧੇ ਤੌਰ ਉੱਤੇ ਮੇਰੀ ਲੀਡਰਸ਼ਿੱਪ ਉੱਤੇ ਹਮਲਾ ਕਰ ਰਿਹਾ ਹੈ।''

ਇਸ ਤੋਂ ਇਲਾਵਾ ਕੈਪਟਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਦੇ ਅਹੁਦੇ ਤੋਂ ਕਿਉਂ ਲਾਹਿਆ

ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ , '' ਮੈਂ ਸਾਫ਼ ਤੇ ਸਪੱਸ਼ਟਤਾ ਨਾਲ ਇਹ ਤੱਥ ਦੱਸਣਾ ਚਾਹੁੰਦਾ ਹਾਂ ਕਿ ਇਹ ਮੇਰੀ ਜਾਣਕਾਰੀ ਹੈ ਕਿ ਇਹ 3 ਜਾਂ 4 ਵਾਰ ਕੇਜਰੀਵਾਲ ਨੂੰ ਮਿਲਿਆ ਹੈ, ਹੁਣ ਕਿਆ ਮਿਲਿਆ ਕਿਆ ਨਹੀਂ ਮਿਲਿਆ.. ਹੁਣ ਤਿਆਰੀ ਕਰ ਰਿਹਾ ਹੈ, ਆਪਣੇ ਇਲੈਕਸ਼ਨ ਦੀ।''

ਉਨ੍ਹਾਂ ਕਿਹਾ, ''ਮੈਂ ਪਟਿਆਲੇ ਤੋਂ ਕਾਂਗਰਸ ਦਾ ਉਮੀਦਵਾਰ ਹਾਂ, ਉਹ ਕਿਵੇਂ ਲੜੇਗਾ ਕਾਂਗਰਸ ਪਾਰਟੀ ਚੋਂ , ਕਿਸੀ ਹੋਰ ਪਾਰਟੀ ਤੋਂ ਲੜੇਗਾ ਨਾ।''

ਕੈਪਟਨ ਅਮਰਿੰਦਰ ਨੇ ਕਿਹਾ, '' ਇਸ ਦੇ ਦਫ਼ਤਰ ਵਿਚੋਂ 7-7 ਮਹੀਨੇ ਫਾਇਲਾ ਉੱਠਦੀਆਂ ਨਹੀਂ ਸੀ, ਇਹ ਕਿਉਂ ਸੀ, ਸ਼ਹਿਰੀ ਇਲ਼ਾਕਾ ਸਾਡਾ ਸਪੋਰਟ ਬੇਸ ਸੀ, ਉੱਥੇ ਪ੍ਰੋਜੈਕਟ ਪਾਸ ਨਹੀਂ ਹੋਣੇ ਤਾਂ ਕਾਂਗਰਸ ਪਾਰਟੀ ਕਿਵੇਂ ਇਨ੍ਹਾਂ ਇਲਾਕਿਆਂ ਵਿਚ ਸਫ਼ਲ ਹੁੰਦੀ ਇਸੇ ਕਰਕੇ ਮੈਂ ਇਸ ਦਾ ਮਹਿਕਮਾ ਬਦਲਿਆ ਸੀ ਕਿ ਜਾਂ ਕਿਸੇ ਹੋਰ ਪਾਵਰ ਵਗੈਰਾ ਵਿਚ ।''

ਦਿੱਲੀ ਹਾਈ ਕੋਰਟ ਦੀ ਕੇਂਦਰ ਨੂੰ ਸਿੱਧੀ ਗੱਲ - 'ਲੋਕਾਂ ਨੂੰ ਮਰਦੇ ਦੇਖਣਾ ਚਾਹੁੰਦੀ ਸਰਕਾਰ'

ਭਾਰਤੀ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਅਤੇ ਬਦਹਾਲ ਹੁੰਦੀ ਵਿਵਸਥਾ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਤਕ ਕੋਰਟ ਨੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇੰਝ ਲੱਗਦਾ ਹੈ ਕਿ ''ਸਰਕਾਰ ਲੋਕਾਂ ਨੂੰ ਮਰਦੇ ਹੋਏ ਦੇਖਣਾ ਚਾਹੁੰਦੀ'' ਹੈ।

ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ ਰੈਮਡੇਸਿਵੀਰ ਦੀ ਵਰਤੋਂ ਲਈ ਜਾਰੀ ਨਵੀਆਂ ਗਾਈਡਲਾਈਨਜ਼ ਦੇ ਮੁਤਾਬਕ ਇਸ ਨੂੰ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜੋ ਆਕਸੀਜਨ ਸਪੋਰਟ ਉੱਤੇ ਹਨ। ਇੰਝ ਲੱਗਦਾ ਹੈ ਕਿ ਪ੍ਰੋਟੋਕੌਲ ਤਿਆਰ ਕਰਦੇ ਵੇਲੇ ਦਿਮਾਗ ਦੀ ਵਰਤੋਂ ਨਹੀਂ ਹੋਈ।

ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਕੋਲ ਆਕਸੀਜਨ ਦਾ ਇੰਤਜ਼ਾਮ ਨਹੀਂ ਹੈ ਤਾਂ ਉਸ ਨੂੰ ਰੈਮਡੇਸਿਵੀਰ ਵੀ ਨਹੀਂ ਮਿਲੇਗੀ। ਇਸ ਨਾਲ ਤਾਂ ਲੱਗਦਾ ਹੈ ਕਿ ਤੁਸੀਂ ਲੋਕਾਂ ਨੂੰ ਮਰਦੇ ਦੇਖਣਾ ਚਾਹੁੰਦੇ ਹੋ।

ਬੰਗਾਲ: TMC ਉਮੀਦਵਾਰ ਦੀ ਪਤਨੀ ਦਾ ਉਪ ਚੋਣ ਕਮਿਸ਼ਨਰ 'ਤੇ ਕੇਸ

ਦਿ ਹਿੰਦੂ ਦੀ ਖ਼ਬਰ ਮੁਤਾਬਕ ਤ੍ਰਿਣਮੂਲ ਕਾਂਗਰਸ (TMC) ਦੇ ਉਮੀਦਵਾਰ ਕਾਜਲ ਸਿਨ੍ਹਾ ਜਿਨ੍ਹਾਂ ਦੀ ਕੋਵਿਡ-19 ਕਾਰਨ ਮੌਤ ਹੋਈ, ਉਨ੍ਹਾਂ ਦੀ ਪਤਨੀ ਨੇ ਉਪ ਚੋਣ ਕਮਿਸ਼ਨਰ ਸੁਦੀਪ ਜੈਨ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸੁਦੀਪ ਪੱਛਮੀ ਬੰਗਾਲ ਵਿੱਚ ਚੋਣ ਇੰਚਾਰਜ ਹਨ।

ਕਾਜਲ ਸਿਨ੍ਹਾ ਦੀ ਪਤਨੀ ਨੇ ਭਾਰਤੀ ਚੋਣ ਕਮਿਸ਼ਨ ਉੱਤੇ ਇਹ ਸਭ 'ਜਾਣ ਬੁੱਝ' ਕੇ ਕਰਨ ਦੇ ਇਲਜ਼ਾਮ ਲਗਾਏ ਹਨ, ਜਿਸ ਕਾਰਨ ਉਨ੍ਹਾਂ ਦੇ ਪਤੀ ਦੀ ਮੌਤ ਹੋਈ।

ਕਾਜਲ ਸਿਨ੍ਹਾ ਖਰਦਾਹਾ ਹਲਕੇ ਤੋਂ ਟੀਐਮਸੀ ਉਮੀਦਵਾਰ ਸਨ।

ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਦੇ CEO ਨੂੰ Y ਕੈਟੇਗਰੀ ਦੀ ਸੁੱਰਖਿਆ

ਕੋਰੋਨਾ ਰੋਕੂ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਆਦਾਰ ਪੁਨਾਵਾਲਾ ਨੂੰ ਪੂਰੇ ਭਾਰਤ ਵਿੱਚ ਵਾਈ ਕੈਟੇਗਰੀ ਦੀ ਸੁਰੱਖਿਆ ਦਿੱਤੀ ਗਈ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਬਾਰੇ ਬਕਾਇਦਾ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ।

ਵਾਈ ਕੈਟੇਗਰੀ ਦੀ ਸੁਰੱਖਿਆ ਵਿੱਚ ਕੁੱਲ 11 ਲੋਕ ਹੁੰਦੇ ਹਨ, ਜਿਨ੍ਹਾਂ ਵਿੱਚ ਦੋ ਕਮਾਂਡੋ ਅਤੇ ਇੱਕ ਪੁਲਿਸ ਕਰਮੀ ਵੀ ਸ਼ਾਮਿਲ ਹੁੰਦਾ ਹੈ।

ਖ਼ਬਰ ਮੁਤਾਬਕ ਸੁਰੱਖਿਆ ਦਾ ਫੈਸਲਾ ਵੈਕਸੀਨੇਸ਼ਨ ਦੇ ਤੀਜੇ ਫੇਜ਼ ਤੋਂ ਪਹਿਲਾਂ ਆਇਆ ਹੈ।

ਇਸ ਸੁਰੱਖਿਆ ਸਬੰਧੀ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਗ੍ਰਹਿ ਮੰਤਰਾਲੇ ਨੂੰ ਆਦਾਰ ਪੂਨਾਵਾਲਾ ਦੀ ਸਿਕਿਓਰਿਟੀ ਬਾਬਤ ਪੱਤਰ ਲਿਖਿਆ ਸੀ।

ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਆਦਾਰ ਪੂਨਾਵਾਲਾ ਨੂੰ ਕੋਵਿਡ-19 ਵੈਕਸੀਨ ਬਾਬਤ ਧਮਕੀਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)