ਕੋਰੋਨਾਵਾਇਰਸ: ਕੇਰਲ ਵਿਚ ਆਕਸੀਜਨ ਦਾ ਸੰਕਟ ਕਿਉਂ ਨਹੀਂ ਹੈ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਹਿੰਦੀ ਲਈ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਬਹੁਤੇ ਰਾਜ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ, ਪਰ ਕੇਰਲ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਇਥੇ 'ਸਾਹ ਲੈਣਾ' ਬਾਕੀ ਸੂਬਿਆਂ ਨਾਲੋਂ ਥੋੜਾ ਸੌਖਾ ਹੈ।

ਜੇ ਅਸੀਂ ਮੌਜੂਦਾ ਸਥਿਤੀ ਨੂੰ ਵੇਖੀਏ, ਤਾਂ ਇਹ ਲੱਗਦਾ ਹੈ ਕਿ ਇੱਥੇ ਇਸ ਅਨਮੋਲ ਸਾਹ ਦੀ ਕੋਈ ਘਾਟ ਨਹੀਂ ਹੈ ਅਤੇ ਜੇ ਆਉਣ ਵਾਲੇ ਸਮੇਂ ਵਿਚ ਜ਼ਰੂਰਤ ਪੈਦਾ ਹੋ ਜਾਂਦੀ ਹੈ, ਤਾਂ ਇਸ ਸੂਬੇ ਦੀ ਇੰਨੀ ਸਮਰੱਥਾ ਹੈ ਕਿ ਉਹ ਇਸ ਨੂੰ ਹੋਰ ਪੈਦਾ ਵੀ ਕਰ ਸਕੇਗਾ।

ਇਹ ਕਹਿਣ ਦੇ ਪਿੱਛੇ ਇੱਕ ਠੋਸ ਕਾਰਨ ਹੈ। ਮੌਜੂਦਾ ਅੰਕੜਿਆਂ ਅਤੇ ਤੱਥਾਂ ਬਾਰੇ ਗੱਲ ਕਰਦਿਆਂ, ਕੇਰਲ ਅਜੇ ਵੀ ਨਿਯਮਤ ਤੌਰ 'ਤੇ ਹਰ ਰੋਜ਼ ਤਾਮਿਲਨਾਡੂ ਨੂੰ 70 ਮੀਟ੍ਰਿਕ ਟਨ ਆਕਸੀਜਨ ਅਤੇ ਕਰਨਾਟਕ ਨੂੰ 16 ਮੀਟ੍ਰਿਕ ਟਨ ਆਕਸੀਜਨ ਨਿਰਯਾਤ ਕਰ ਰਿਹਾ ਹੈ।

ਇਹ ਵੀ ਪੜ੍ਹੋ

ਲੋੜ ਤੋਂ ਵੱਧ ਮੌਜੂਦ ਹੈ ਆਕਸੀਜਨ

ਡਾ. ਆਰ ਵੇਣੂਗੋਪਾਲ, ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਅਤੇ ਮੈਡੀਕਲ ਆਕਸੀਜਨ ਮੌਨੀਟਰਿੰਗ ਦੇ ਨੋਡਲ ਅਧਿਕਾਰੀ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਕੋਵਿਡ ਕੇਅਰ ਲਈ ਹਰ ਰੋਜ਼ 35 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ ਅਤੇ ਗੈਰ-ਕੋਵਿਡ ਕੇਅਰ ਲਈ 45 ਮੀਟ੍ਰਿਕ ਟਨ ਆਕਸੀਜਨ ਪ੍ਰਤੀ ਦਿਨ ਚਾਹੀਦੀ ਹੈ। ਸਾਡੀ ਕੁੱਲ ਸਮਰੱਥਾ 199 ਮੀਟ੍ਰਿਕ ਟਨ ਪ੍ਰਤੀ ਦਿਨ ਹੈ ਅਤੇ ਜੇ ਲੋੜ ਪਈ ਤਾਂ ਅਸੀਂ ਆਪਣੀ ਉਤਪਾਦਨ ਸਮਰੱਥਾ ਹੋਰ ਵੀ ਵਧਾ ਸਕਦੇ ਹਾਂ।"

ਕੇਰਲਾ ਵਿੱਚ ਆਕਸੀਜਨ ਦੀ ਘਾਟ ਨਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇੱਥੇ ਮਰੀਜ਼ਾਂ ਦੀ ਗਿਣਤੀ ਤਾਂ ਹੈ, ਪਰ ਇੱਥੇ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਦੇਸ਼ ਦੇ ਦੂਜੇ ਸੂਬਿਆਂ ਵਾਂਗ ਨਹੀਂ ਹੈ।

ਦੇਸ਼ ਦੇ ਕਈ ਹਿੱਸਿਆਂ ਵਿਚ, ਮਰੀਜ਼ ਆਕਸੀਜਨ ਦੀ ਘਾਟ ਕਾਰਨ ਆਪਣੀ ਜਾਨ ਗੁਆ ਰਹੇ ਹਨ।

ਇੱਥੇ ਹਾਲਾਤ ਕਿਵੇਂ ਬਿਹਤਰ ਹਨ

ਕੇਰਲ ਕੋਵਿਡ ਟਾਸਕ ਫੋਰਸ ਦੇ ਮੈਂਬਰ ਡਾ. ਮੁਹੰਮਦ ਅਸ਼ੀਲ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਮੁੱਢਲੇ ਪੜਾਅ 'ਤੇ ਕੇਸਾਂ ਦੀ ਪਛਾਣ ਕਰਨ ਦੇ ਯੋਗ ਹਾਂ ਅਤੇ ਅਸੀਂ ਜਲਦੀ ਇਲਾਜ ਸ਼ੁਰੂ ਕਰ ਪਾ ਰਹੇ ਹਾਂ, ਇਸ ਲਈ ਹਰ ਮਰੀਜ਼ ਨੂੰ ਆਕਸੀਜਨ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ।"

ਦੇਸ਼ ਦੇ ਕਈ ਹਿੱਸਿਆਂ ਦੀ ਤਰ੍ਹਾਂ, ਆਸ਼ਾ ਵਰਕਰ ਅਤੇ ਪੰਚਾਇਤ ਦੇ ਚੁਣੇ ਗਏ ਸਥਾਨਕ ਮੈਂਬਰ ਕੇਰਲਾ ਵਿਚ ਜਨ ਸਿਹਤ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ।

ਡਾ. ਅਸ਼ੀਲ ਕਹਿੰਦੇ ਹਨ, "ਅਸੀਂ ਵਾਰਡ ਕਮੇਟੀ ਨੂੰ ਮੁੜ ਸੁਰਜੀਤ ਕੀਤਾ ਹੈ। ਵਾਰਡ ਕਮੇਟੀ ਦੇ ਮੈਂਬਰ ਜਿਵੇਂ ਹੀ ਕਿਸੀ ਨੂੰ ਬੁਖਾਰ ਹੁੰਦਾ ਹੈ ਜਾਂ ਉਸ ਵਿੱਚ ਕੋਈ ਲੱਛਣ ਦੇਖਦੇ ਹਨ, ਉਹ ਉਨ੍ਹਾਂ ਦੀ ਪਛਾਣ ਕਰ ਲੈਂਦੇ ਹਨ।"

"ਬੁਖ਼ਾਰ ਭਾਵੇਂ ਕੁਝ ਵੀ ਹੋਵੇ, ਉਨ੍ਹਾਂ ਦਾ ਕੈਵਿਡ ਟੈਸਟ ਜ਼ਰੂਰ ਕੀਤਾ ਜਾਂਦਾ ਹੈ। ਅਤੇ ਫਿਰ ਉਸੇ ਅਨੁਸਾਰ ਇਲਾਜ ਕੀਤਾ ਜਾਂਦਾ ਹੈ।"

ਡਾ. ਅਸ਼ੀਲ ਨੇ ਦੱਸਿਆ ਕਿ ਰੋਜ਼ਾਨਾ ਵਰਤੋਂ ਲਈ ਮੈਡੀਕਲ ਆਕਸੀਜਨ ਦੀ ਮੰਗ ਪਿਛਲੇ ਹਫ਼ਤੇ 73 ਮੀਟ੍ਰਿਕ ਟਨ ਤੋਂ ਵਧ ਕੇ 84 ਮੀਟ੍ਰਿਕ ਟਨ ਹੋ ਗਈ ਹੈ।

ਹਾਲਾਂਕਿ, ਡਾ. ਵੇਣੂਗੋਪਾਲ ਇਸ ਵਧੀ ਹੋਈ ਮੰਗ ਤੋਂ ਚਿੰਤਤ ਨਹੀਂ ਹਨ।

ਉਹ ਕਹਿੰਦੇ ਹਨ, "ਫਿਲਹਾਲ ਸਾਰੇ ਫਿਲਿੰਗ ਪਲਾਂਟ 100 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ ਹਨ। ਜੇਕਰ ਮੰਗ ਵੱਧਦੀ ਹੈ ਤਾਂ ਇਹ ਸਾਰੇ ਫਿਲਿੰਗ ਪਲਾਂਟ 100 ਪ੍ਰਤੀਸ਼ਤ ਸਮਰੱਥਾ ਦੇ ਨਾਲ ਆਕਸੀਜਨ ਪੈਦਾ ਕਰਨਾ ਸ਼ੁਰੂ ਕਰ ਦੇਣਗੇ। ਰਾਜ ਵਿੱਚ 11 ਏਅਰ ਸੈਪਰੇਸ਼ਨ ਯੁਨਿਟ ਹਨ।"

ਇਹ ਵੀ ਪੜ੍ਹੋ

ਆਕਸੀਜਨ ਦਾ ਉਤਪਾਦਨ

ਵਰਤਮਾਨ ਵਿੱਚ, ਆਈਨੌਕਸ ਇਕੱਲੇ ਰੋਜ਼ਾਨਾ 149 ਮੀਟ੍ਰਿਕ ਟਨ ਪੈਦਾ ਕਰਦਾ ਹੈ। ਇਸ ਤੋਂ ਬਾਅਦ ਏਏਯੂ ਪਲਾਂਟ ਪ੍ਰਤੀ ਦਿਨ 44 ਮੀਟ੍ਰਿਕ ਟਨ ਅਤੇ ਕੇਐਮਐਮਐਲ 6 ਮੀਟ੍ਰਿਕ ਟਨ ਪ੍ਰਤੀ ਦਿਨ ਪੈਦਾ ਕਰ ਰਿਹਾ ਹੈ।

ਕੋਚਿਨ ਸ਼ਿਪਯਾਰਡ ਤੋਂ 5.45 ਮੀਟ੍ਰਿਕ ਟਨ, ਬੀਪੀਸੀਐਲ ਤੋਂ 0.322 ਮੀਟ੍ਰਿਕ ਟਨ ਹਰ ਰੋਜ਼ ਉਤਪਾਦਨ ਕੀਤਾ ਜਾ ਰਿਹਾ ਹੈ।

ਡਾ. ਵੇਣੂਗੋਪਾਲ ਕਹਿੰਦੇ ਹਨ, "ਜੇ ਲੋੜ ਪਈ ਤਾਂ ਅਸੀਂ ਛੇ ਮਹੀਨਿਆਂ ਵਿਚ ਸਮਰੱਥਾ ਵਧਾਉਣ ਦੀ ਸਥਿਤੀ ਵਿਚ ਹਾਂ।"

ਆਈਨੋਕਸ, ਕੇਐਮਐਮਐਲ, ਬੀਪੀਸੀਐਲ ਅਤੇ ਏਐਸਯੂ ਪਲਾਂਟ ਦੀ ਰੋਜ਼ਾਨਾ ਉਤਪਾਦਨ ਸਮਰੱਥਾ 204 ਮੀਟ੍ਰਿਕ ਟਨ ਹੈ।

ਪਲਕੱਕੜ ਵਿੱਚ ਲਗਭਗ ਇੱਕ ਮਹੀਨੇ ਦੇ ਅੰਦਰ ਇੱਕ ਏਐਸਯੂ ਪਲਾਂਟ ਲਗਾਇਆ ਜਾਣਾ ਹੈ। ਇਹ ਪਲਾਂਟ ਪ੍ਰਤੀ ਦਿਨ ਲਗਭਗ ਚਾਰ ਮੀਟ੍ਰਿਕ ਟਨ ਆਕਸੀਜਨ ਪੈਦਾ ਕਰ ਸਕਦਾ ਹੈ।

ਡਾ. ਵੇਣੂਗੋਪਾਲ ਦਾ ਕਹਿਣਾ ਹੈ ਕਿ ਜੇ ਅਜਿਹਾ ਕੋਈ ਸੰਕਟ ਆਉਂਦਾ ਹੈ ਤਾਂ ਸਾਰੇ ਪਲਾਂਟ ਦੀ ਸਮਰੱਥਾ ਸੱਤੋਂ ਦਿਨ 24 ਘੰਟੇ ਹੋਵੇਗੀ ਅਤੇ ਫਿਰ ਰਾਜ ਦੇ ਹਰ ਕੋਨੇ ਵਿਚ ਸਿਲੰਡਰ ਤੋਂ ਆਕਸੀਜਨ ਦੀ ਸਪਲਾਈ ਕੀਤੀ ਜਾਏਗੀ।

ਇਹ ਆਪਣੇ ਆਪ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਰਾਜ ਅੱਜ ਦੂਜੇ ਰਾਜਾਂ ਨੂੰ ਆਕਸੀਜਨ ਪ੍ਰਦਾਨ ਕਰ ਰਿਹਾ ਹੈ, ਉਹ ਪਿਛਲੇ ਸਾਲ ਤੱਕ ਖੁਦ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਸੀ।

ਪਰ ਸਿਰਫ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਹੀ ਕੇਰਲਾ ਨੇ ਢੁੱਕਵੇਂ ਕਦਮ ਚੁੱਕੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼ੁਰੂ ਤੋਂ ਹੀ ਚੁੱਕੇ ਸਖ਼ਤ ਕਦਮ

ਜਦੋਂ ਦੇਸ਼ ਵਿਚ ਕੋਰੋਨਾ ਮਹਾਂਮਾਰੀ ਵੱਧਣ ਲੱਗੀ ਸੀ ਉਸ ਵੇਲੇ ਹੀ ਡਾਕਟਰ ਵੇਣੂਗੋਪਾਲ ਨੇ ਸਾਰੇ ਬਲਕ ਪਲਾਂਟਸ ਅਤੇ ਮੈਡੀਕਲ ਆਕਸੀਜਨ ਨਿਰਮਾਤਾਵਾਂ ਨੂੰ ਇਕ ਪੱਤਰ ਲਿਖਿਆ ਸੀ ਅਤੇ ਮੇਡੀਕਲ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਦਾ ਪ੍ਰਸਤਾਵ ਦਿੱਤਾ ਸੀ।

ਡਾ. ਵੇਣੂਗੋਪਾਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੋ ਉਪਰਾਲੇ ਕੀਤੇ ਗਏ ਹਨ, ਉਸ ਦੇ ਨਤੀਜੇ ਅਜੇ ਵੀ ਮਿਲ ਰਹੇ ਹਨ।

ਇਕ ਅਧਿਕਾਰਤ ਪੱਤਰ ਦੇ ਅਨੁਸਾਰ, ਸੋਮਵਾਰ ਨੂੰ ਰਾਜ ਵਿੱਚ 21 ਹਜ਼ਾਰ ਤੋਂ ਵੱਧ ਕੋਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਅਤੇ 28 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ।

ਸਰਕਾਰ ਵੱਲੋਂ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਹੈ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਤੁਲਨਾਤਮਕ ਕਮੀ ਵੇਖੀ ਗਈ ਹੈ।

ਕੇਰਲ ਵਿਚ ਇਕ ਮੁਕੰਮਲ ਲੌਕਡਾਊਨ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਇਕ ਸਰਬ ਪਾਰਟੀ ਬੈਠਕ ਵਿਚ, ਸੂਬੇ ਦੀਆਂ ਸਾਰੀਆਂ ਪਾਰਟੀਆਂ ਇਸ ਗੱਲ 'ਤੇ ਸਹਿਮਤ ਹੋ ਗਈਆਂ ਕਿ ਮੁਕੰਮਲ ਲੌਕਡਾਊਨ ਇਸ ਸਮੱਸਿਆ ਦਾ ਹੱਲ ਨਹੀਂ ਹੈ। ਹਾਲਾਂਕਿ, ਚੇਨ-ਬਰੇਕ ਲਈ ਸਖ਼ਤ ਪਾਬੰਦੀਆਂ ਲਾਗੂ ਕਰਨ ਲਈ ਜ਼ਰੂਰ ਸਹਿਮਤ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)