ਕੋਰੋਨਾਵਾਇਰਸ ਮਹਾਂਮਾਰੀ: ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ ਅਤੇ ਕਿਵੇਂ ਇਹ ਕੋਰੋਨਾ ਮਰੀਜ਼ਾਂ ਦੀ ਮਦਦ ਕਰਦਾ ਹੈ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਆਉਣ 'ਤੇ ਕੋਵਿਡ ਨਾਲ ਜੁੜੇ ਕਈ ਤਰ੍ਹਾਂ ਦੀ ਸਵਾਲ ਫਿਰ ਉੱਠਣ ਲੱਗੇ ਹਨ।

ਇੱਥੇ ਅਸੀਂ ਗੱਲ ਕਰਾਂਗੇ ਕੋਵਿਡ ਮਰੀਜ਼ਾਂ ਲਈ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਡੋਨੇਟ ਕਰਨ ਸਬੰਧੀ ਉੱਠ ਰਹੇ ਸਵਾਲਾਂ ਦੀ। ਅਜਿਹੇ ਸਵਾਲਾਂ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਕਈ ਅਫ਼ਵਾਹਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਅਜਿਹੇ ਕਈ ਸਵਾਲਾਂ ਦੇ ਜਵਾਬ ਜਾਨਣ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਲਾਜ਼ਮਾ ਕੀ ਹੁੰਦਾ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਪਲਾਜ਼ਮਾ, ਕਿਸੇ ਦੂਜੇ ਮਰੀਜ਼ ਨੂੰ ਠੀਕ ਕਰਨ ਲਈ ਕਿਉਂ ਵਰਤਿਆ ਜਾਂਦਾ ਹੈ?

ਇਹ ਵੀ ਪੜ੍ਹੋ

ਪਲਾਜ਼ਮਾ ਕੀ ਹੈ ?

ਸਾਡੇ ਸਰੀਰ ਦੇ ਖੂਨ ਵਿੱਚ ਅੱਧ ਤੋਂ ਜਿਆਦਾ ਪਲਾਜ਼ਮਾ ਹੁੰਦਾ ਹੈ। ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਅਤੇ ਪਲੈਟਲੇਸ ਨੂੰ ਛੱਡ ਕੇ ਇਹ ਖੂਨ ਦਾ ਤਕਰੀਬਨ 55 ਫੀਸਦ ਹਿੱਸਾ ਹੁੰਦਾ ਹੈ।

ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਬਿਮਾਰੀ ਨਾਲ ਲੜਨ ਲਈ ਸਰੀਰ ਐਂਟੀ-ਬੌਡੀਜ਼ ਪੈਦਾ ਕਰਦਾ ਹੈ ਜੋ ਕਿ ਖੂਨ ਦੇ ਪਲਾਜ਼ਮਾ ਵਿੱਚ ਰਹਿੰਦੀਆਂ ਹਨ।

ਜਿਸ ਇਨਸਾਨ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਉਸ ਦੇ ਸਰੀਰ ਵਿੱਚ ਇਹ ਪਲਾਜ਼ਮਾ ਟਰਾਂਸਫਰ ਕਰਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਕੌਨਵਾਲੇਸੈਂਟ ਪਲਾਜ਼ਮਾ ਥੈਰੇਪੀ(Convalescent Plasma Therapy)

ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਪਲਾਜ਼ਮਾ ਜ਼ਰੀਏ ਕੋਵਿਡ-19 ਦੇ ਮਰੀਜਾਂ ਦੇ ਇਲਾਜ ਦੀ ਇਸ ਕੋਸ਼ਿਸ਼ ਨੂੰ ਕੌਨਵਾਲੇਸੈਂਟ ਪਲਾਜ਼ਮਾ ਥੈਰੇਪੀ ਕਿਹਾ ਜਾਂਦਾ ਹੈ।

ਇਹ ਥੈਰੇਪੀ ਇਸ ਤੋਂ ਪਹਿਲਾਂ H1N1, EBOLA ਅਤੇ ਸਾਰਸ ਜਿਹੀਆਂ ਵਾਇਰਸ ਇਨਫੈਕਸ਼ਨਜ਼ ਦੇ ਇਲਾਜ ਲਈ ਵੀ ਵਰਤੀ ਜਾ ਚੁੱਕੀ ਹੈ ਅਤੇ ਹੁਣ ਕੋਵਿਡ-19 ਦੇ ਕਈ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾ ਰਹੀ ਹੈ।

ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਮੁਤਾਬਕ, ਇਹ ਪਲਾਜ਼ਮਾ 8-24 ਘੰਟਿਆਂ ਦੇ ਅੰਦਰ ਮਨਫੀ 30 ਡਿਗਰੀ ਸੈਲਸੀਅਸ ਦੇ ਤਾਪਮਾਨ ਤੋਂ ਹੇਠਾਂ ਸਟੋਰ ਕੀਤਾ ਜਾਂਦਾ ਹੈ ਅਤੇ 12 ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ।

ਖੂਨ ਵਿੱਚੋਂ ਵੀ ਪਲਾਜ਼ਮਾ ਅਲੱਗ ਕੀਤਾ ਜਾ ਸਕਦਾ ਹੈ ਅਤੇ ਮਨੁੱਖੀ ਸਰੀਰ ਵਿੱਚੋਂ ਸਿੱਧੇ ਪਲਾਜ਼ਮਾ ਵੀ ਲਿਆ ਜਾ ਸਕਦਾ ਹੈ।

ਆਈਸੀਐੱਮਆਰ ਦਾ ਇੱਕ ਅਧਿਐਨ ਇਹ ਵੀ ਕਹਿੰਦਾ ਹੈ ਕਿ ਇਹ ਥੈਰੇਪੀ ਹਾਸਿਲ ਕਰਨ ਵਾਲੇ ਕੋਵਿਡ ਮਰੀਜਾਂ ਵਿੱਚ ਪਲਾਜ਼ਮਾ ਥੈਰੇਪੀ ਨਾ ਮਿਲਣ ਵਾਲੇ ਮਰੀਜਾਂ ਦੇ ਮੁਕਾਬਲੇ ਬਿਮਾਰੀ ਦੀ ਗੰਭੀਰਤਾ ਵਧਣ ਦੀ ਦਰ ਜਾਂ ਮੌਤ ਦਰ ਵਿੱਚ ਕਮੀ ਦੇਖੀ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੌਣ ਪਲਾਜ਼ਮਾ ਡੋਨੇਟ ਕਰ ਸਕਦਾ ਹੈ?

ਚੰਡੀਗੜ੍ਹ ਸਥਿਤ ਪੀਜੀਆਈ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਰਤੀ ਰਾਮ ਸ਼ਰਮਾ ਨੇ ਪਲਾਜ਼ਮਾ ਡੋਨੇਸ਼ਨ ਬਾਰੇ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੀਆਂ ਹਦਾਇਤਾਂ ਅਧਾਰਿਤ ਤੱਥ ਸਾਡੇ ਨਾਲ ਸਾਂਝੇ ਕੀਤੇ।

  • 18-60 ਸਾਲ ਦੀ ਉਮਰ ਵਿਚਕਾਰ ਦਾ ਕੋਵਿਡ ਤੋਂ ਰਿਕਵਰ ਹੋਇਆ ਸਿਹਤਮੰਦ ਇਨਸਾਨ ਪਲਾਜ਼ਮਾ ਡੋਨੇਟ ਕਰ ਸਕਦਾ ਹੈ।
  • ਪਹਿਲਾਂ RT-PCR ਜਾਂ ਰੈਪਿਡ ਐਂਟੀਜਨ ਟੈਸਟ ਵਿੱਚ ਪੌਜ਼ੀਟਿਵ ਆਉਣ ਵਾਲੇ ਸ਼ਖਸ ਦੇ ਸਰੀਰ ਵਿੱਚੋਂ ਕੋਵਿਡ ਦੇ ਲੱਛਣ ਗਾਇਬ ਹੋਣ ਦੇ 28 ਦਿਨ ਬਾਅਦ ਅਤੇ ਚਾਰ ਤੋਂ ਛੇ ਮਹੀਨਿਆਂ ਦੇ ਅੰਦਰ ਪਲਾਜ਼ਮਾ ਲਿਆ ਜਾ ਸਕਦਾ ਹੈ।
  • ਕੋਵਿਡ ਵੈਕਸੀਨ ਲਗਵਾਉਣ ਵਾਲਾ ਸ਼ਖਸ ਹਰ ਡੋਜ਼ ਦੇ 28 ਦਿਨਾਂ ਤੱਕ ਪਲਾਜ਼ਮਾ ਡੋਨੇਟ ਨਹੀਂ ਕਰ ਸਕਦਾ। ਉਸ ਤੋਂ ਬਾਅਦ ਪਲਾਜ਼ਮਾ ਦੇ ਸਕਦਾ ਹੈ।
  • ਇੱਕ ਤੋਂ ਵੱਧ ਵਾਰ ਪਲਾਜ਼ਮਾ ਡੋਨੇਟ ਕਰਨ ਵਾਲੇ ਸ਼ਖਸ ਦੀ ਹਰ ਪਲਾਜ਼ਮਾ ਡੋਨੇਸ਼ਨ ਵਿਚਕਾਰ ਦੋ ਹਫ਼ਤੇ ਦਾ ਸਮਾਂ ਹੋਣਾ ਚਾਹੀਦਾ ਹੈ।
  • ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੀਆਂ ਹਦਾਇਤਾਂ ਮੁਤਾਬਕ, ਇੱਕ ਵਾਰ ਵੀ ਗਰਭਵਤੀ ਨਾ ਹੋਈ ਮਹਿਲਾ ਪਲਾਜ਼ਮਾ ਡੋਨੇਟ ਕਰ ਸਕਦੀ ਹੈ।
  • ਪਲਾਜ਼ਮਾ ਡੋਨੇਟ ਕਰਨ ਵਾਲਾ ਆਮ ਖੂਨਦਾਨ ਕਰਨ ਦੀ ਸਮਰਥਾ ਵਾਲੀ ਯੋਗਤਾ ਪੂਰੀ ਕਰਦਾ ਹੋਵੇ, ਜਿਵੇਂ ਕਿ ਖੂਨ ਵਿੱਚ ਉਚਿਤ ਹੀਮੋਗਲੋਬਿਨ, ਪ੍ਰੋਟੀਨ ਵਗੈਰਾ ਹੋਣੇ ਚਾਹੀਦੇ ਹਨ।
  • ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਇਨਸਾਨ ਦਾ ਪਲਾਜ਼ਮਾ ਨਹੀਂ ਲਿਆ ਜਾਂਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)