ਕੋਰੋਨਾਵਾਇਰਸ: 'ਦਿੱਲੀ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ ਤੇ ਆਕਸੀਜਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ'

    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਲਗਾਤਾਰ ਕੋਰੋਨਾਵਾਇਰਸ ਲਾਗ ਦੀ ਗਿਣਤੀ ਲਈ ਇੱਕ ਅਣਚਾਹਿਆ ਵਿਸ਼ਵ ਰਿਕਾਰਡ ਬਣਾ ਰਿਹਾ ਹੈ।

ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।

ਇੱਥੇ ਹਸਪਤਾਲਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ ਅਤੇ ਨਾਗਰਿਕ ਬੇਹੱਦ ਨਿਰਾਸ਼ ਹੋ ਚੁੱਕੇ ਹਨ।

ਇਹ ਵੀ ਪੜ੍ਹੋ:

ਜਦੋਂ ਇੱਕ ਹਫ਼ਤਾ ਪਹਿਲਾਂ ਅਸ਼ਵਿਨ ਮਿੱਤਲ ਦੀ ਦਾਦੀ ਦਾ ਆਕਸੀਜਨ ਲੈਵਲ ਘਟਿਆ ਸੀ, ਤਾਂ ਉਸ ਨੇ ਦਿੱਲੀ ਵਿੱਚ ਇੱਕ ਹਸਪਤਾਲ ਵਿੱਚ ਬੈੱਡ ਲੈਣ ਲਈ ਭਾਲ ਕੀਤੀ।

ਅਸ਼ਵਿਨ ਨੇ ਹਰੇਕ ਉਸ ਵਿਅਕਤੀ ਤੋਂ ਮਦਦ ਮੰਗੀ, ਜਿਸ ਤੋਂ ਉਹ ਮੰਗ ਸਕਦਾ ਸੀ, ਪਰ ਹਰ ਹਸਪਤਾਲ ਤੋਂ ਉਸ ਦੇ ਪੱਲੇ ਨਿਰਾਸ਼ਾ ਹੀ ਪਈ।

ਉਸ ਦੀ ਦਾਦੀ ਦੀ ਵੀਰਵਾਰ 22 ਅਪ੍ਰੈਲ ਨੂੰ ਹਾਲਤ ਹੋਰ ਵਿਗੜ ਗਈ ਅਤੇ ਉਹ ਉਸ ਨੂੰ ਕਈ ਹਸਪਤਾਲਾਂ ਦੇ ਐਮਰਜੈਂਸੀ ਕਮਰਿਆਂ ਵਿੱਚ ਲੈ ਗਿਆ, ਪਰ ਉਸ ਨੂੰ ਹਰ ਜਗ੍ਹਾ ਭਰੀ ਹੋਈ ਹੀ ਮਿਲੀ।

ਅਸ਼ਵਿਨ ਨੇ ਕਿਸਮਤ ਨੂੰ ਸਵੀਕਾਰ ਕਰ ਲਿਆ ਕਿ ਦਾਦੀ ਬਿਨਾਂ ਕੋਈ ਇਲਾਜ ਕਰਵਾਏ ਮਰਨ ਜਾ ਰਹੀ ਹੈ, ਪਰ ਉਹ ਹਰ ਸਾਹ ਲੈਣ ਲਈ ਤੜਫ਼ ਰਹੀ ਸੀ ਅਤੇ ਅਸ਼ਵਿਨ ਥੋੜ੍ਹੀ ਦੇਰ ਬਾਅਦ ਇਸ ਸਭ ਨੂੰ ਸਹਿ ਨਹੀਂ ਸਕਿਆ।

ਉਹ ਉਸ ਨੂੰ ਆਪਣੀ ਕਾਰ ਵਿੱਚ ਲੈ ਗਿਆ ਅਤੇ ਕਈ ਘੰਟਿਆਂ ਤੱਕ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਉਦੋਂ ਤੱਕ ਭਟਕਦਾ ਰਿਹਾ ਜਦੋਂ ਤੱਕ ਕੋਈ ਉਸ ਨੂੰ ਉੱਤਰੀ ਦਿੱਲੀ ਵਿੱਚ "ਕੁਝ ਘੰਟਿਆਂ ਲਈ" ਐਮਰਜੈਂਸੀ ਵਾਰਡ ਵਿੱਚ ਲਿਜਾਣ ਲਈ ਸਹਿਮਤ ਨਹੀਂ ਹੋਇਆ, ਪਰ ਉਸ ਨੂੰ ਬੈੱਡ ਦੀ ਤਲਾਸ਼ ਅਜੇ ਵੀ ਜਾਰੀ ਰੱਖਣੀ ਪੈਣੀ ਸੀ।

ਅਸ਼ਵਿਨ, ਜੋ ਖੁਦ ਵੀ ਕੋਰੋਨਾਵਾਇਰਸ ਪੌਜ਼ੀਟਿਵ ਆਇਆ, ਉਸ ਨੇ ਤੇਜ਼ ਬੁਖਾਰ ਅਤੇ ਸਰੀਰ ਵਿੱਚ ਗੰਭੀਰ ਦਰਦ ਨਾਲ ਜੂਝਦਿਆਂ ਆਪਣੀ ਭਾਲ ਜਾਰੀ ਰੱਖੀ। ਪਰ ਉਸ ਨੂੰ ਇੱਕ ਬੈੱਡ ਨਹੀਂ ਮਿਲਿਆ ਅਤੇ ਹਸਪਤਾਲ ਨੇ ਉਸ ਦੀ ਦਾਦੀ ਨੂੰ ਹਮਦਰਦੀ ਦੇ ਆਧਾਰ 'ਤੇ ਐਮਰਜੈਂਸੀ ਵਾਰਡ ਵਿੱਚ ਰੱਖਿਆ।

ਉੱਥੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਦਾਦੀ ਨੂੰ ਆਈਸੀਯੂ ਦੀ ਜ਼ਰੂਰਤ ਹੈ ਅਤੇ ਉਸ ਦੇ ਬਚਣ ਦੇ ਚੰਗੇ ਆਸਾਰ ਹਨ।

ਇੱਕ ਪਰਿਵਾਰਕ ਦੋਸਤ ਨੇ ਮੈਨੂੰ ਦੱਸਿਆ ਕਿ ਹਸਪਤਾਲ ਐਤਵਾਰ 25 ਅਪ੍ਰੈਲ ਨੂੰ ਉਸ ਨੂੰ ਡਿਸਚਾਰਜ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਆਕਸੀਜਨ ਖ਼ਤਮ ਹੋ ਰਹੀ ਹੈ।

ਦੋਸਤ ਨੇ ਕਿਹਾ, "ਪਰਿਵਾਰ ਉੱਥੇ ਹੀ ਵਾਪਸ ਆ ਗਿਆ ਜਿੱਥੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਅਤੇ ਕਿਸਮਤ ਨੂੰ ਸਵੀਕਾਰ ਕਰ ਲਿਆ। ਉਹ ਜਾਣਦੇ ਹਨ ਕਿ ਜੇ ਉਹ ਬਚ ਜਾਂਦੀ ਹੈ, ਤਾਂ ਇਹ ਕਿਸੇ ਚਮਤਕਾਰ ਕਰਕੇ ਹੋਵੇਗਾ, ਨਾ ਕਿ ਕਿਸੇ ਇਲਾਜ ਕਾਰਨ।"

ਚਮਤਕਾਰ ਉਹ ਹੈ ਜਿਸ 'ਤੇ ਦਿੱਲੀ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਨਿਰਭਰ ਹੋਣਾ ਪੈ ਰਿਹਾ ਹੈ। ਬਹੁਤੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਕਸੀਜਨ ਸਪਲਾਈ ਦੀ ਅਨਿਸ਼ਚਿਤਤਾ ਕਾਰਨ ਨਵੇਂ ਮਰੀਜ਼ ਦਾਖਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ।

ਆਕਸੀਜਨ ਨਾਲ ਲੈਸ ਐਂਬੂਲੈਂਸਾਂ ਦੀ ਘੱਟ ਸਪਲਾਈ ਹੈ ਅਤੇ ਜੇਕਰ ਪਰਿਵਾਰਾਂ ਨੂੰ ਹਸਪਤਾਲ ਵਿੱਚ ਬੈੱਡ ਮਿਲ ਵੀ ਜਾਵੇ ਤਾਂ ਉਨ੍ਹਾਂ ਲਈ ਮਰੀਜ਼ਾਂ ਨੂੰ ਹਸਪਤਾਲ ਲਿਜਾਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਸੰਕਟ ਵਿੱਚ ਭਾਰਤ

  • ਦਿੱਲੀ ਨੇ ਲੌਕਡਾਊਨ ਦੂਜੇ ਹਫ਼ਤੇ ਲਈ ਵਧਾ ਦਿੱਤਾ ਹੈ
  • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਟੀਕਾਕਰਨ ਦੀ ਅਪੀਲ ਕਰਦਿਆਂ ਕਿਹਾ ਹੈ, "ਇਸ ਤੂਫ਼ਾਨ ਨੇ ਦੇਸ਼ ਨੂੰ ਹਿਲਾ ਦਿੱਤਾ ਹੈ।"
  • ਦਿੱਲੀ ਦੇ ਨਿੱਜੀ ਹਸਪਤਾਲ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਨੇ ਐਤਵਾਰ ਨੂੰ ਕਿਹਾ ਕਿ ਉਹ ਆਕਸੀਜਨ ਦੀ ਘਾਟ ਕਾਰਨ ਹੋਰ ਮਰੀਜ਼ਾਂ ਨੂੰ ਦਾਖਲ ਨਹੀਂ ਕਰੇਗਾ।
  • ਆਕਸੀਜਨ ਦੀ ਘਾਟ ਕਾਰਨ ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ 20 ਲੋਕਾਂ ਦੀ ਮੌਤ ਹੋ ਗਈ।

ਮੈਂ ਕੁਝ ਅਜਿਹੇ ਮਾਮਲਿਆਂ ਨੂੰ ਜਾਣਦਾ ਹਾਂ ਜਿੱਥੇ ਮਰੀਜ਼ਾਂ ਦੀ ਮੌਤ ਹੋ ਗਈ ਕਿਉਂਕਿ ਉਨ੍ਹਾਂ ਨੂੰ ਹਾਈ ਫਲੋਅ ਆਕਸੀਜਨ ਦੀ ਸਹਾਇਤਾ ਪ੍ਰਾਪਤ ਨਹੀਂ ਹੋਈ।

ਹਰ ਸਵੇਰ ਦੋਸਤ, ਪਰਿਵਾਰ ਅਤੇ ਸਹਿਕਰਮੀਆਂ ਵੱਲੋਂ ਬੈੱਡ, ਆਕਸੀਜਨ ਸਿਲੰਡਰ ਜਾਂ ਦਵਾਈਆਂ ਦੀ ਮੰਗ ਕਰਨ ਵਾਲੇ ਫੋਨਾਂ ਨਾਲ ਸ਼ੁਰੂਆਤ ਹੁੰਦੀ ਹੈ।

ਬੇਵਸੀ ਦਾ ਆਲਮ

ਉਨ੍ਹਾਂ ਲੋਕਾਂ ਦੀ ਗਿਣਤੀ ਜਿਨ੍ਹਾਂ ਦੀ ਮੈਂ ਮਦਦ ਕਰ ਸਕਦਾ ਹਾਂ, ਹਰ ਦਿਨ ਘੱਟ ਰਹੀ ਹੈ ਕਿਉਂਕਿ ਡਾਕਟਰ ਅਤੇ ਅਧਿਕਾਰੀ ਜਿਨ੍ਹਾਂ ਤੋਂ ਪਹਿਲਾਂ ਸਹਾਇਤਾ ਲਈ ਜਾ ਸਕਦੀ ਸੀ, ਉਹ ਹੁਣ ਫੋਨ 'ਤੇ ਗੱਲ ਕਰਨ ਲਈ ਉਪਲੱਬਧ ਨਹੀਂ ਹਨ।

ਹੈਲਪਲਾਈਨ ਕੰਮ ਨਹੀਂ ਕਰ ਰਹੀਆਂ ਅਤੇ ਦੁਕਾਨਦਾਰ ਜੋ ਪਹਿਲਾਂ ਮਦਦ ਕਰ ਸਕਦੇ ਸਨ, ਸਪਲਾਈ ਖਤਮ ਹੋਣ ਕਾਰਨ ਹੁਣ ਉਹ ਇਸ ਤੋਂ ਬਾਹਰ ਹੋ ਗਏ ਹਨ।

ਮੈਂ ਹਾਰ ਦੀ ਭਾਵਨਾ ਨਾਲ ਹਰ ਰਾਤ ਸੌਣ ਲਈ ਜਾਂਦਾ ਹਾਂ, ਪਰ ਫਿਰ ਆਪਣੇ ਆਪ ਨੂੰ ਸੰਭਾਲਦਾ ਹਾਂ ਅਤੇ ਸਵੇਰੇ ਦੁਬਾਰਾ ਸ਼ੁਰੂ ਕਰਦਾ ਹਾਂ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਹਾਇਤਾ ਲਈ ਫੋਨ ਕਰਦੇ ਹਨ।

ਮੈਂ ਉਨ੍ਹਾਂ ਦੀ ਬੇਵਸੀ ਨੂੰ ਸਮਝ ਸਕਦਾ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਇੱਕ ਚਚੇਰੇ ਭਰਾ ਨੂੰ ਸ਼ਹਿਰ ਦੇ ਇੱਕ ਚੋਟੀ ਦੇ ਹਸਪਤਾਲ ਵਿੱਚ ਗੁਆ ਦਿੱਤਾ ਸੀ।

ਉਸ ਨੇ 18 ਘੰਟੇ ਵੈਂਟੀਲੇਟਰ ਲਈ ਇੰਤਜ਼ਾਰ ਕੀਤਾ, ਪਰ ਹਸਪਤਾਲ ਕੋਲ ਵੈਂਟੀਲੇਟਰ ਨਹੀਂ ਸੀ। ਅਜਿਹੇ ਹਾਲਾਤ ਵਿੱਚ ਦਿੱਲੀ ਕਿਵੇਂ ਕੰਮ ਕਰ ਰਹੀ ਹੈ।

ਦੋਸਤ ਮਿੱਤਰ ਬੁਲਾ ਰਹੇ ਹਨ; ਸੋਸ਼ਲ ਮੀਡੀਆ ਮਦਦ ਲਈ ਹਤਾਸ਼ ਬੇਨਤੀਆਂ ਨਾਲ ਭਰਿਆ ਪਿਆ ਹੈ।

ਪਰ ਹੁਣ ਇੱਥੇ ਹਸਪਤਾਲ ਵਿੱਚ ਬੈੱਡ ਲੱਭਣਾ ਲਗਭਗ ਅਸੰਭਵ ਹੈ। ਆਕਸੀਜਨ ਸਿਲੰਡਰ ਅਤੇ ਦਵਾਈਆਂ ਦੀ ਸਪਲਾਈ ਘੱਟ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼ਨੀਵਾਰ ਨੂੰ ਸਰੋਜ ਹਸਪਤਾਲ ਅਤੇ ਬਤਰਾ ਹਸਪਤਾਲ ਨੇ ਪਰਿਵਾਰਾਂ ਨੂੰ ਕਿਹਾ ਕਿ ਉਹ ਆਪਣੇ ਮਰੀਜ਼ਾਂ ਨੂੰ ਆਪਣੇ ਨਾਲ ਲੈ ਜਾਣ ਕਿਉਂਕਿ ਉਨ੍ਹਾਂ ਕੋਲ ਆਕਸੀਜਨ ਖਤਮ ਹੋ ਗਈ ਹੈ।

ਸਿਹਤ ਢਾਂਚਾ ਤੇ ਕਰਮੀਆਂ ਦੇ ਹਾਲਾਤ

ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ 24,000 ਤੋਂ ਵੱਧ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਹਸਪਤਾਲ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਸਿਹਤ ਕਰਮਚਾਰੀ ਥੱਕ ਗਏ ਹਨ।

ਕੁਝ ਲੋਕ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਆਪਣੇ ਗੰਭੀਰ ਰੂਪ ਨਾਲ ਬਿਮਾਰ ਸਕੇ ਸਬੰਧੀਆਂ ਨੂੰ ਹੋਰਨਾਂ ਸ਼ਹਿਰਾਂ ਵਿੱਚ ਲੈ ਕੇ ਜਾ ਰਹੇ ਹਨ, ਜੋ 300-500 ਕਿਲੋਮੀਟਰ ਦੂਰ ਹਨ।

ਸਿਵੇਸ਼ ਰਾਣਾ ਦੇ ਭਰਾ ਦੀ ਹਾਲਤ ਗੰਭੀਰ ਸੀ, ਪਰ ਉਹ ਦਿੱਲੀ ਵਿੱਚ ਬੈੱਡ ਨਹੀਂ ਲੱਭ ਸਕਿਆ ਅਤੇ ਉਸ ਨੂੰ ਐਂਬੂਲੈਂਸ ਵਿੱਚ ਗੁਆਂਢੀ ਰਾਜ ਹਰਿਆਣਾ ਦੇ ਇੱਕ ਸ਼ਹਿਰ ਵਿੱਚ ਲਿਜਾਣ ਦਾ ਫੈਸਲਾ ਕੀਤਾ।

ਪਰ ਸਫ਼ਰ ਦੌਰਾਨ ਉਸ ਦੀ ਸਥਿਤੀ ਵਿਗੜ ਗਈ ਅਤੇ ਐਂਬੂਲੈਂਸ ਵਿੱਚ ਗੰਭੀਰ ਮਰੀਜ਼ ਦੀ ਸਥਿਤੀ ਨਾਲ ਨਜਿੱਠਣ ਲਈ ਉਪਕਰਨ ਨਹੀਂ ਸਨ। ਹਸਪਤਾਲ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।

ਕੇਰਲ ਰਾਜ ਦੀ ਕੋਵਿਡ ਟਾਸਕ ਫੋਰਸ ਦਾ ਹਿੱਸਾ ਰਹੇ ਡਾ. ਏ ਫਤਿਹੂਦੀਨ ਦਾ ਕਹਿਣਾ ਹੈ ਕਿ ਇਹ ਸੰਕਟ ਅਣਕਿਆਸਿਆ ਹੈ ਅਤੇ ਜੇ ਆਕਸੀਜਨ ਦੀ ਸਪਲਾਈ ਦੀ ਗਰੰਟੀ ਨਾ ਹੋਵੇ ਤਾਂ ਡਾਕਟਰ ਜ਼ਿਆਦਾ ਕੁਝ ਨਹੀਂ ਕਰ ਸਕਦੇ।

ਉਹ ਕਹਿੰਦੇ ਹਨ, "ਤੁਹਾਨੂੰ ਵੈਂਟੀਲੇਟਰਾਂ ਅਤੇ ਬਾਈ-ਪੈਪ ਮਸ਼ੀਨਾਂ ਦੇ ਨਿਰਵਿਘਨ ਕੰਮਕਾਜ ਲਈ ਉੱਚ ਦਬਾਅ ਵਾਲੇ ਤਰਲ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਦਬਾਅ ਘੱਟ ਜਾਂਦਾ ਹੈ ਤਾਂ ਮਸ਼ੀਨਾਂ ਫੇਫੜਿਆਂ ਵਿੱਚ ਢੁਕਵੀਂ ਆਕਸੀਜਨ ਪਹੁੰਚਾਉਣ ਵਿੱਚ ਅਸਫਲ ਹੋ ਜਾਂਦੀਆਂ ਹਨ ਅਤੇ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ।"

ਉਹ ਅੱਗੇ ਕਹਿੰਦੇ ਹਨ ਕਿ ਆਕਸੀਜਨ ਮਰੀਜ਼ ਨੂੰ ਸਥਿਰ ਕਰਨ ਦਾ ਸਭ ਤੋਂ ਪ੍ਰਮੁੱਖ ਇਲਾਜ ਹੈ, ਜਿਸ ਨਾਲ ਡਾਕਟਰਾਂ ਨੂੰ ਉਨ੍ਹਾਂ ਦਾ ਮੁਲਾਂਕਣ ਕਰਨ ਅਤੇ ਭਵਿੱਖ ਵਿੱਚ ਇਲਾਜ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲਦੀ ਹੈ।

ਕੋਰੋਨਾ ਅੰਕੜੇ ਅਤੇ ਹਕੀਕਤ

ਡਾ. ਫਤਿਹੂਦੀਨ ਦਾ ਕਹਿਣਾ ਹੈ ਕਿ ਤੁਰੰਤ ਉਪਾਵਾਂ ਦੀ ਜ਼ਰੂਰਤ ਹੈ ਕਿਉਂਕਿ ਮਰੀਜ਼ ਬਿਨਾਂ ਲੋੜੀਂਦਾ ਇਲਾਜ ਲਏ ਹੀ ਮਰ ਰਹੇ ਹਨ।

ਉਨ੍ਹਾਂ ਕਿਹਾ, ''ਭਾਰਤੀ ਫੌਜ ਥੋੜ੍ਹੇ ਸਮੇਂ ਵਿੱਚ ਹੀ ਅਸਥਾਈ ਹਸਪਤਾਲ ਅਤੇ ਆਈ.ਸੀ.ਯੂ. ਬੈੱਡ ਬਣਾਉਣ ਲਈ ਦੁਨੀਆ ਵਿੱਚ ਉੱਤਮ ਮੰਨੀ ਜਾਂਦੀ ਹੈ। ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।''

ਪੁਣੇ, ਨਾਸਿਕ, ਲਖਨਊ, ਭੋਪਾਲ, ਇੰਦੌਰ ਅਤੇ ਇਲਾਹਾਬਾਦ ਸਣੇ ਦੂਸਰੇ ਸ਼ਹਿਰਾਂ ਵਿੱਚ ਸਥਿਤੀ ਬਹੁਤੀ ਵੱਖਰੀ ਨਹੀਂ ਹੈ ਕਿਉਂਕਿ ਦੂਜੀ ਕੋਵਿਡ ਲਹਿਰ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।

ਭਾਰਤ ਵਿੱਚ ਸ਼ੁੱਕਰਵਾਰ ਨੂੰ 349,000 ਕੇਸ ਰਿਪੋਰਟ ਕੀਤੇ ਗਏ ਹਨ - ਇਹ ਰੋਜ਼ਾਨਾ ਵਾਧੇ ਦਾ ਰਿਕਾਰਡ ਹੈ। ਇਸ ਵਿੱਚ 2,767 ਮੌਤਾਂ ਹੋਈਆਂ। ਪਰ ਮਾਹਰ ਕਹਿੰਦੇ ਹਨ ਕਿ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਬਹੁਤ ਸਾਰੇ ਸ਼ਹਿਰਾਂ ਵਿੱਚ ਟੈਸਟ ਕਰਵਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਲੈਬਾਂ ਵਿੱਚ ਭਰਮਾਰ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਬਹੁਤ ਸਾਰੇ ਲੋਕ ਘਰ ਵਿੱਚ ਮਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ ਹਨ ਜਾਂ ਉਹ ਕੋਵਿਡ ਲਈ ਟੈਸਟ ਨਹੀਂ ਕਰਵਾ ਪਾ ਰਹੇ ਹਨ। ਇਸ ਲਈ, ਉਨ੍ਹਾਂ ਨੂੰ ਵੱਖੋ ਵੱਖਰੇ ਰਾਜਾਂ ਦੁਆਰਾ ਪ੍ਰਬੰਧਿਤ ਡੇਟਾਬੇਸ ਵਿੱਚ ਕੋਵਿਡ ਮਰੀਜ਼ ਵਜੋਂ ਜਗ੍ਹਾ ਨਹੀਂ ਮਿਲਦੀ।

ਇਸ ਦੌਰਾਨ ਦੁੱਖਾਂ ਨਾਲ ਭਰੇ ਫੋਨ ਆਉਣੇ ਜਾਰੀ ਹਨ - ਹਰ ਇੱਕ ਪਿਛਲੇ ਨਾਲੋਂ ਵੱਧ ਦਿਲ ਦੁਖਾਉਣ ਵਾਲਾ ਹੁੰਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)