ਦੀਪ ਸਿੱਧੂ ਨੂੰ 26 ਜਨਵਰੀ ਮੌਕੇ ਹੋਈ ਹਿੰਸਾ ਦੇ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਮੁੜ ਕੀਤਾ ਗਿਆ ਗ੍ਰਿਫਤਾਰ

ਦੀਪ ਸਿੱਧੂ

ਤਸਵੀਰ ਸਰੋਤ, fb/deep sidhu

26 ਜਨਵਰੀ ਮੌਕੇ ਲਾਲ ਕਿਲੇ 'ਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ। ਪਰ ਇੱਕ ਹੋਰ ਮਾਮਲੇ ਵਿੱਚ ਉਸ ਨੂੰ ਦਿੱਲੀ ਪੁਲਿਸ ਵੱਲੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਉਣ ਤੇ ਤਿਰੰਗੇ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ।

9 ਫਰਵਰੀ ਨੂੰ ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਗ੍ਰਿਫ਼ਤਾਰੀ ਵੇਲੇ ਕਿਹਾ ਸੀ ਕਿ 26 ਜਨਵਰੀ ਨੂੰ ਲਾਲ ਕਿਲੇ 'ਤੇ ਜੋ ਘਟਨਾ ਵਾਪਰੀ ਸੀ, ਦੀਪ ਸਿੱਧੂ ਉਸਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ-

ਅਦਾਲਤ ਨੇ ਕੀ ਕਿਹਾ

ਅਦਾਲਤ ਨੇ ਉਨ੍ਹਾਂ ਨੂੰ 30,000 ਰੁਪਏ ਦਾ ਜ਼ਮਾਨਤ ਬਾਂਡ ਅਤੇ ਇੰਨੀ ਹੀ ਰਾਸ਼ੀ ਦੀਆਂ ਦੋ ਜ਼ਮਾਨਤਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਦਾਲਤ ਨੇ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਾਂਚ ਅਧਿਕਾਰੀ ਕੋਲ ਜਮ੍ਹਾ ਕਰਵਾਉਣ ਲਈ ਕਿਹਾ ਹੈ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਫੋਨ ਨੰਬਰਾਂ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਹੈ।

ਨਾਲ ਹੀ ਅਦਾਲਤ ਨੇ ਕਿਹਾ ਕਿ ਉਹ ਆਪਣੇ ਫੋਨ ਦੀ ਲੋਕੇਸ਼ਨ ਹਮੇਸ਼ਾ ਚਾਲੂ ਰੱਖਣਗੇ ਅਤੇ ਮਹੀਨੇ ਦੀ ਹਰ 1 ਅਤੇ 15 ਤਾਰੀਖ਼ ਨੂੰ ਆਪਣੇ ਜਾਂਚ ਅਧਿਕਾਰੀ ਨੂੰ ਫੋਨ ਕਰਕੇ ਆਪਣੀ ਲੋਕੇਸ਼ਨ ਬਾਰੇ ਦੱਸਣਗੇ।

ਅਦਾਲਤ ਨੇ ਕਿਹਾ ਕਿ ਸਿੱਧੂ ਇਹ ਯਕੀਨੀ ਬਣਾਉਣਗੇ ਕਿ ਜਦੋਂ ਵੀ ਜਾਂਚ ਅਧਿਕਾਰੀ ਪੁੱਛਗਿੱਛ ਲਈ ਬੁਲਾਉਣਗੇ, ਉਨ੍ਹਾਂ ਨੂੰ ਜ਼ਰੂਰ ਆਉਣਾ ਪਵੇਗਾ।

ਅਦਾਲਤ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਗਵਾਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਜਾਂ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨਗੇ।

ਨਾਲ ਹੀ ਬਿਨਾਂ ਜਾਣਕਾਰੀ ਦੇ ਉਹ ਆਪਣਾ ਫੋਨ ਨੰਬਰ ਅਤੇ ਰਜਿਸਟਰਡ ਪਤਾ ਨਹੀਂ ਬਦਲ ਸਕਦੇ। ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ 10 ਦਿਨ ਪਹਿਲਾਂ ਜਾਣਕਾਰੀ ਦੇਣੀ ਪਵੇਗੀ।

ਕੀ ਬੋਲੇ ਦੀਪ ਸਿੱਧੂ ਦੇ ਵਕੀਲ

ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਸਾਬਤ ਕਰ ਸਕੇ ਕਿ ਦੀਪ ਸਿੱਧੂ ਨੇ ਭੀੜ ਨੂੰ ਉਕਸਾਇਆ ਸੀ। ਉਨ੍ਹਾਂ ਕਿਹਾ ਕਿ ਉਹ ਇੱਕ ਇਮਾਨਦਾਰ ਨਾਗਰਿਕ ਹਨ ਅਤੇ ਪ੍ਰਦਰਸ਼ਨ ਕਰਨਾ ਦਾ ਉਨ੍ਹਾਂ ਦਾ ਹੱਕ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦੀਪ ਸਿੱਧੂ ਦਾ ਜੁਗਰਾਜ ਸਿੰਘ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਅਤੇ ਉਹ ਜੁਗਰਾਜ ਨੂੰ ਜਾਣਦੇ ਵੀ ਨਹੀਂ ਹਨ।

deep sidhu

ਕਿਸਾਨੀ ਅੰਦੋਲਨ ਵਿੱਚ ਦੀਪ ਸਿੱਧੂ ਦੀ ਭੂਮਿਕਾ

ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਦੀਪ ਸਿੱਧੂ ਇਹੀ ਕਹਿ ਰਹੇ ਸਨ ਕਿ ਉਹ ਇਹ ਅੰਦੋਲਨ ਕਿਸਾਨਾਂ ਲਈ ਅਤੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਅਤੇ ਯੂਨੀਅਨਾਂ ਦੇ ਝੰਡੇ ਥੱਲੇ ਲੜ ਰਹੇ ਹਨ।

ਕੁਝ ਸਮੇਂ ਬਾਅਦ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੇ ਫ਼ੈਸਲਿਆਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬਾਰਡਰ ਉੱਪਰ ਆਪਣਾ ਵੱਖਰਾ ਸਟੇਜ ਲਗਾ ਲਿਆ।

ਹਾਲਾਂਕਿ ਉਨ੍ਹਾਂ ਦੇ ਭਾਸ਼ਣ ਜ਼ਿਆਦਾਤਰ ਤਿੰਨ ਖੇਤੀ ਕਾਨੂੰਨਾਂ ਦੀ ਥਾਂ ਭਾਰਤ ਦੇ ਸੰਵਿਧਾਨ ਵਿੱਚ ਨਿਹਿੱਕ ਸੰਘੀ ਢਾਂਚੇ ਦੁਆਲੇ ਕੇਂਦਰਿਤ ਹੁੰਦੇ ਸਨ।

ਖੇਤੀ ਕਾਨੂੰਨਾਂ ਬਾਰੇ ਗੱਲ ਨਾ ਕਰਨ ਕਰਕੇ ਕਿਸਾਨ ਸੰਗਠਨਾਂ ਨੇ ਉਨ੍ਹਾਂ ਉੱਪਰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਬੋਲਣ 'ਤੇ ਰੋਕ ਲਗਾ ਦਿੱਤੀ।

ਵੀਡੀਓ ਕੈਪਸ਼ਨ, ਦੀਪ ਸਿੱਧੂ: ਵਿਵਾਦਾਂ ਵਿੱਚ ਆਏ ਸਿੱਧੂ ਬਾਰੇ ਜਾਣੋ

ਇਨ੍ਹਾਂ ਯੂਨੀਅਨਾਂ ਵਿੱਚ ਉਗਰਾਂਹਾਂ ਗਰੁੱਪ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਦਿਸ਼ਾ ਬਦਲ ਰਹੇ ਹਨ।

ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਉੱਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੋਸਟਾਂ ਕਰਦੇ ਰਹਿੰਦੇ ਹਨ ਜਿਸ ਦੀ ਵਜ੍ਹਾ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਤੋਂ ਹੋਰ ਦੂਰੀ ਬਣਾ ਲਈ ਗਈ।

ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਵਧਣ ਦਾ ਸੱਦਾ ਦਿੱਤਾ ਗਿਆ ਤਾਂ ਦੀਪ ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਉਹ ਵਾਪਸ ਮੁੜ ਜਾਣ ਕਿਉਂਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਆਪਣੇ ਹਿੱਤਾਂ ਲਈ ਵਰਤੋਂ ਕਰ ਰਹੀਆਂ ਹਨ।

ਛੱਬੀ ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਦੀਪ ਸਿੱਧੂ ਫਿਰ ਸਰਗਰਮ ਹੋਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮਾਰਚ ਲਈ ਲਾਮਬੰਦ ਕਰਨਾ ਸ਼ੁਰੂ ਕੀਤਾ। ਹਾਲਾਂਕਿ ਉਹ ਇਹ ਲਾਮਬੰਦੀ ਆਊਟਰ ਰਿੰਗ ਰੋਡ ਉੱਪਰ ਮਾਰਚ ਲਈ ਕਰ ਰਹੇ ਸਨ।

ਦੀਪ ਸਿੱਧੂ ਦਾ ਪਰਿਵਾਰਕ ਪਿਛੋਕੜ

ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।

ਦੀਪ ਦੇ ਬਠਿੰਡਾ ਰਹਿੰਦੇ ਸਕੇ ਚਾਚਾ ਬਿਧੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਛੇ ਭਰਾ ਸਨ ਅਤੇ ਦੀਪ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਸਨ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ, ਜਿੰਨਾ ਵਿੱਚ ਨਵਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਅਤੇ ਮਨਦੀਪ ਵਕਾਲਤ ਕਰਦਾ ਹੈ ਅਤੇ ਦੀਪ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਹੈ।

ਦੀਪ ਸਿੱਧੂ

ਤਸਵੀਰ ਸਰੋਤ, Deep Sidhu/FB

ਦੀਪ ਦੇ ਚਾਚਾ ਬਿਧੀ ਸਿੰਘ ਮੁਤਾਬਕ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਹੈ ਪਰ ਦੀਪ ਦੇ ਪਿਤਾ ਵਕੀਲ ਹੋਣ ਕਰ ਕੇ ਲੁਧਿਆਣਾ ਵਿੱਚ ਆਪਣੀ ਵਕਾਲਤ ਕਰਦੇ ਸਨ ਅਤੇ ਉਨ੍ਹਾਂ ਕਰੀਬ ਤਿੰਨ ਸਾਲ ਪਹਿਲਾ ਦੇਹਾਂਤ ਹੋ ਗਿਆ।

ਦੀਪ ਬਾਰੇ ਗੱਲ ਕਰਦਿਆਂ ਬਿਧੀ ਸਿੰਘ ਨੇ ਕਿਹਾ, ''ਉਹ ਮਹਾਸ਼ਟਰ ਦੇ ਪੂਣੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਮੁੰਬਈ ਵਿਖੇ ਸੈੱਟ ਹੋ ਗਿਆ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।''

ਉਨ੍ਹਾਂ ਦੱਸਿਆ ਕਿ ਪਹਿਲਾਂ ਦੀਪ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਹੌਲੀ-ਹੌਲੀ ਉਸ ਦੀ ਦਿਓਲ ਪਰਿਵਾਰ ਨਾਲ ਨੇੜਤਾ ਹੋ ਗਈ ਅਤੇ ਇੱਥੋਂ ਹੀ ਉਸ ਦੀ ਫ਼ਿਲਮੀ ਦੁਨੀਆ ਵਿੱਚ ਐਂਟਰੀ ਹੋ ਗਈ। ਦੀਪ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਇੱਕ ਬੇਟੀ ਵੀ ਹੈ।

ਬਿਧੀ ਸਿੰਘ ਮੁਤਾਬਕ ਦਿਓਲ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਜਦੋਂ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਿਆ ਤਾਂ ਦੀਪ ਸਿੱਧੂ ਨੇ ਪੂਰੀ ਮਦਦ ਕੀਤੀ। ਬਿਧੀ ਸਿੰਘ ਮੁਤਾਬਕ ਦੀਪ ਮੁੰਬਈ ਵਿੱਚ ਚੰਗੀ ਤਰਾਂ ਸੈੱਟ ਹੋ ਗਿਆ ਸੀ।

ਬਿਧੀ ਸਿੰਘ ਮੁਤਾਬਕ ਲਾਲ ਕਿਲੇ ਉੱਤੇ ਘਟਨਾ ਹੋਈ, ਉਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)