ਕਿਸਾਨ ਅੰਦੋਲਨ: ਉਗਰਾਹਾਂ ਨੇ ਕਿਹਾ, '21 ਅਪ੍ਰੈਲ ਨੂੰ ਔਰਤਾਂ ਅਤੇ ਕਾਰਕੁਨਾਂ ਵੱਲੋਂ ਦਿੱਲੀ ਵੱਲ ਵੱਡੇ ਪੱਧਰ 'ਕੇ ਕੀਤਾ ਜਾਵੇਗਾ ਕੂਚ' - ਪ੍ਰੈੱਸ ਰਿਵੀਊ

ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਕਾਰਕੁਨ ਅਤੇ ਮੁਜ਼ਾਹਰਾਕਾਰੀ ਔਰਤਾਂ ਵੱਲੋਂ ਦਿੱਲੀ ਵੱਲ ਵੱਡੇ ਪੱਧਰ 'ਤੇ ਮਾਰਚ ਸ਼ੁਰੂ ਕੀਤੇ ਜਾਣਗੇ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵਿਸਾਖੀ ਕਾਨਫਰੰਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਇਸ ਮਾਰਚ ਦੀ ਅਗਵਾਈ ਯੂਨੀਅਨ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀਵਕਲਾਂ ਅਤੇ ਖਜ਼ਾਨਚੀ ਝੰਡਾ ਸਿੰਘ ਜੇਠੂਕੇ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

ਉਗਰਾਹਾਂ ਨੇ ਕਿਹਾ ਜਲਿਆਂਵਾਲਾ ਬਾਗ਼ ਕਾਂਡ ਤੋਂ ਬਾਅਦ ਲੋਕ ਜਾਤ-ਪਾਤ, ਧਰਮ ਤੋਂ ਉਪਰ ਉਠ ਕੇ ਬਰਤਨਾਵੀ ਸਰਕਾਰ ਖ਼ਿਲਾਫ਼ ਇਕਜੁੱਟ ਹੋਏ ਸਨ ਅਤੇ ਇਸੇ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਜੰਗ ਵਿੱਚ ਕਿਸਾਨ, ਮਜ਼ਦੂਰ, ਔਰਤਾਂ ਅਤੇ ਹੋਰ ਦੇਸ਼ਵਾਸੀ ਇਕੱਠੇ ਹੋ ਕੇ ਲੜਨਗੇ।

ਯੂਨੀਅਨ ਦੀ ਔਰਤ ਵਿੰਗ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਵੀ ਮੋਦੀ ਸਰਕਾਰ ਖ਼ਿਲਾਫ਼ ਡੱਟ ਕੇ ਖੜ੍ਹੀਆਂ ਹਨ।

ਗੁਜਰਾਤ ਦੰਗਿਆਂ 'ਤੇ ਪੀਐੱਮ ਮੋਦੀ ਨੂੰ ਕਲੀਨ ਚਿੱਟ ਖ਼ਿਲਾਫ਼ ਪਾਈ ਪਟੀਸ਼ਨ 'ਤੇ ਸੁਣਵਾਈ ਟਲੀ

ਦਿ ਹਿੰਦੂ ਦੀ ਖ਼ਬਰ ਮੁਤਾਬਕ 2002 ਵਿੱਚ ਹੋਏ ਗੁਜਰਾਤ ਦੰਗਿਆਂ ਵਿੱਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਐੱਸਆਈਟੀ ਵੱਲੋਂ ਦਿੱਤੀ ਗਈ ਕਲੀਨ ਚਿਟ ਖ਼ਿਲਾਫ਼ ਜ਼ਾਕੀਆ ਜਾਫ਼ਰੀ ਵੱਲੋਂ ਪਾਈ ਗਈ ਪਟੀਸ਼ਨ 'ਤੇ ਮੁੜ ਸੁਣਵਾਈ ਟਲ ਗਈ ਹੈ।

ਜ਼ਾਕੀਆ ਜਾਫ਼ਰੀ ਦੇ ਪਤੀ ਕਾਂਗਰਸੀ ਐੱਮਪੀ ਅਹਿਸਾਨ ਜਾਫ਼ਰੀ ਦੰਗਿਆਂ ਵਿੱਚ ਮਾਰੇ ਗਏ ਸਨ।

ਬੈਂਚ ਦੀ ਅਗਵਾਈ ਕਰਨ ਵਾਲੇ ਜਸਟਿਸ ਏਐੱਮ ਖਾਨਵਿਲਕਰ ਨੇ ਸੁਣਵਾਈ ਦੋ ਹਫ਼ਤਿਆਂ ਬਾਅਦ ਰੱਖੀ ਹੈ। ਕੇਸ ਦੀ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਵਾਰ ਸੁਣਵਾਈ ਟਲੀ ਹੈ।

ਇੱਕ ਵਾਰ ਤਾਂ ਜਸਟਿਸ ਖਾਨਵਿਲਕਰ ਨੇ ਮੌਖਿਕ ਤੌਰ 'ਤੇ ਕਹਿ ਹੀ ਦਿੱਤਾ, "ਅਸੀਂ ਕਿੰਨੀ ਕੁ ਵਾਰ ਇਸ ਨੂੰ ਟਾਲਦੇ ਰਹਾਂਗੇ, ਇੱਕ ਦਿਨ ਤਾਂ ਸੁਣਵਾਈ ਕਰਨੀ ਪਵੇਗੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹੋਰਨਾਂ ਦੇਸਾਂ ਨੂੰ ਟੀਕੇ ਦੀ ਸਪਲਾਈ ਜਾਰੀ ਰਹੇਗੀ: ਮੋਦੀ

ਹੋਰਨਾਂ ਦੇਸ਼ਾਂ ਨੂੰ ਟੀਕੇ ਦੀ ਸਪਲਾਈ ਜਾਰੀ ਰੱਖਣ ਬਾਰੇ ਸੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਖ਼ਿਲਾਫ਼ ਜੰਗ ਵਿੱਚ ਭਾਰਤ ਆਪਣੇ ਸੰਸਾਧਨਾਂ ਨੂੰ ਸਾਂਝਾ ਕਰਦਾ ਰਹੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਹੋਰਨਾਂ ਦੇਸ਼ਾਂ ਵਿੱਚ ਕੋਵਿਡ ਟੀਕਿਆਂ ਦੀ ਪੂਰਤੀ ਲਈ ਭਾਰਤ ਦੇ ਫ਼ੈਸਲੇ ਦਾ ਪੱਖ ਲੈਣ ਤੋਂ ਬਾਅਦ ਆਈ।

ਜੈਸ਼ੰਕਰ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਦੁਨੀਆਂ ਵਿੱਚ ਟੀਕੇ ਦੀ ਇਕਸਾਰ ਪਹੁੰਚ ਮਹੱਤਵਪੂਰਨ ਹੈ। ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੋ ਜਾਂਦਾ, ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ।"

ਪੀਐੱਮ ਮੋਦੀ ਨੇ ਕਿਹਾ ਹੈ ਆਪਣੇ ਦੇਸ਼ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਨੂੰ ਵੀ ਸਹਿਯੋਗ ਦੀ ਕੋਸ਼ਿਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)