ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਅਹਿਮ ਖ਼ਬਰਾਂ ਦੀ ਜਾਣਕਾਰੀ ਦੇਵਾਂਗੇ। ਸੁਪਰੀਮ ਕੋਰਟ ਨੇ ਕੁਰਾਨ ਦੀਆਂ 26 ਆਇਤਾਂ ਨੂੰ ਹਟਾਉਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ।

ਅਦਾਕਾਰ ਤੋਂ ਸਮਾਜਿਕ ਕਾਰਕੁਨ ਬਣੇ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਅਮਰੀਕਾ ਵਿੱਚ ਇੱਕ ਅਫ਼ਰੀਕੀ-ਅਮਰੀਕੀ ਨੌਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਭੜਕੇ ਲੋਕਾਂ ਨੂੰ ਕਾਬੂ ਕਰਨ ਲਈ ਸ਼ਹਿਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ।

ਦੀਪ ਸਿੱਧੂ ਦੀ ਜ਼ਮੀਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ

ਦਿੱਲੀ ਦੀ ਇੱਕ ਅਦਾਲਤ ਨੇ ਲਾਲ ਕਿਲੇ ਵਿੱਚ ਹਿੰਸਾ ਦੇ ਇੱਕ ਮਾਮਲੇ ਵਿੱਚ ਅਦਾਕਾਰ ਤੋਂ ਸਮਾਜਿਕ ਕਾਰਕੁਨ ਬਣੇ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਹੈ।

ਵਧੀਕ ਸੈਸ਼ਨ ਜੱਜ ਨੀਲੋਫਰ ਅਬੀਦਾ ਪਰਵੀਨ ਹੁਣ 15 ਅਪ੍ਰੈਲ ਨੂੰ ਦੀਪ ਸਿੱਧੂ ਦੀ ਅਰਜ਼ੀ 'ਤੇ ਆਪਣਾ ਫੈਸਲਾ ਸੁਣਾਉਣਗੇ।

ਦੀਪ ਸਿੱਧੂ ਉੱਤੇ ਇਸ ਸਾਲ ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਨੇੜੇ ਹਿੰਸਾ ਭੜਕਾਉਣ ਦਾ ਇਲਜ਼ਾਮ ਹੈ। ਉਸ ਨੇ 30 ਮਾਰਚ ਨੂੰ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।

ਇਸ ਤੋਂ ਪਹਿਲਾਂ ਅਦਾਲਤ ਵਿੱਚ ਦੋਹਾਂ ਧਿਰਾਂ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ। ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ 26 ਜਨਵਰੀ ਨੂੰ ਦੀਪ ਸਿੱਧੂ ਨੇ ਭੀੜ ਨੂੰ ਹਿੰਸਾ ਲਈ ਉਕਸਾਇਆ ਅਤੇ ਤਿਰੰਗੇ ਦੀ ਬੇਇਜ਼ਤੀ ਕੀਤੀ।

ਦਿੱਲੀ ਪੁਲਿਸ ਦੇ ਵਕੀਲ ਕੇਪੀ ਸਿੰਘ ਨੇ ਅਦਾਲਤ ਨੂੰ ਦੀਪ ਸਿੱਧੂ ਦੇ ਮੀਡੀਆ ਨੂੰ ਦਿੱਤੇ ਕਈ ਇੰਟਰਵਿਊ ਦਿਖਾਏ, ਜਿਸ ਵਿੱਚ ਉਸਦੀ ਕਥਿਤ ਸ਼ਮੂਲੀਅਤ ਦੇ ਸਬੂਤ ਮਿਲਦੇ ਹਨ।

ਇੱਕ ਵੀਡੀਓ ਵਿੱਚ ਦੀਪ ਸਿੱਧੂ ਕਥਿਤ ਤੌਰ ਤੇ ਜੁਗਰਾਜ ਸਿੰਘ ਨੂੰ ਨਿਸ਼ਾਨ ਸਾਹਿਬ ਲਹਿਰਾਉਣ ਲਈ ਕਹਿੰਦਾ ਨਜ਼ਰ ਆ ਰਿਹਾ ਹੈ।

ਅਫ਼ਰੀਕੀ-ਅਮਰੀਕੀ ਨੌਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਹਾਲਾਤ

ਮਿਨੀਪੋਲਿਸ ਦੇ ਉੱਤਰ ਵਿੱਚ ਅਮਰੀਕਾ ਦੇ ਬਰੁਕਲਿਨ ਸੈਂਟਰ ਵਿੱਚ ਇੱਕ ਅਫ਼ਰੀਕੀ-ਅਮਰੀਕੀ ਵਿਅਕਤੀ ਨੂੰ ਟ੍ਰੈਫਿਕ ਦੌਰਾਨ ਪੁਲਿਸ ਨੇ ਗੋਲੀ ਮਾਰਨ ਦਾ ਮਾਮਲਾ ਕਾਫੀ ਵਿਵਾਦਮਈ ਹੋ ਗਿਆ ਹੈ।

ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਨੂੰ ਰੋਕਣ ਲਈ ਪੁਲਿਸ ਨੇ ਹੰਝੂ ਗੈਸ ਦੀ ਵਰਤੋਂ ਕੀਤੀ ਅਤੇ ਕਰਫ਼ਿਊ ਲਗਾ ਦਿੱਤਾ ਹੈ।

ਵਿਅਕਤੀ ਦੀ ਪਛਾਣ 20 ਸਾਲਾ ਡੌਨਟ ਰਾਈਟ ਵਜੋਂ ਹੋਈ ਹੈ।

ਬਰੁਕਲਿਨ ਸੈਂਟਰ ਦੇ ਮੇਅਰ ਨੇ ਪੂਰੇ ਸ਼ਹਿਰ ਵਿੱਚ 06:00 ਵਜੇ (11:00 ਜੀਐੱਮਟੀ) ਤੱਕ ਕਰਫ਼ਿਊ ਲਗਾ ਦਿੱਤਾ ਅਤੇ ਲੋਕਾਂ ਨੂੰ "ਸੁਰੱਖਿਅਤ ਰਹਿਣ ਅਤੇ ਘਰ ਜਾਣ" ਲਈ ਕਿਹਾ ਹੈ।

ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਦਾ ਕਹਿਣਾ ਹੈ ਕਿ ਉਹ "ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਰਾਈਟ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ।"

ਐਤਵਾਰ ਦੇਰ ਰਾਤ ਨੂੰ ਪੁਲਿਸ ਹੈੱਡਕੁਆਟਰ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਡੌਨਟ ਰਾਈਟ ਦਾ ਨਾਮ ਲੈਂਦੇ ਹੋਏ ਪਹੁੰਚ ਗਏ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਤਣਾਅ ਉਦੋਂ ਵਧਿਆ ਜਦੋਂ ਪੁਲਿਸ ਨੇ ਰਾਇਟ ਗੀਅਰ ਪਾ ਲਏ ਤੇ ਦੋ ਪੁਲਿਸ ਗੱਡੀਆਂ 'ਤੇ ਪੱਥਰਬਾਜ਼ੀ ਕੀਤੀ ਗਈ।

ਕੁਰਾਨ ਦੀਆਂ 26 ਆਇਤਾਂ ਨੂੰ ਹਟਾਉਣ ਵਾਲੀ ਪਟੀਸ਼ਨ ਰੱਦ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਯੂਪੀ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਵੱਲੋਂ ਕੁਰਾਨ ਦੀਆਂ 26 ਆਇਤਾਂ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੁਪਰੀਮ ਕੋਰਟ ਨੇ ਇਸ ਨੂੰ 'ਬਹੁਤ ਵਿਅੰਗਾਤਮਕ' ਕਰਾਰ ਦਿੱਤਾ ਅਤੇ 50,000 ਰੁਪਏ ਦੇ ਜੁਰਮਾਨੇ ਨਾਲ ਖਾਰਜ ਕਰ ਦਿੱਤਾ ਹੈ।

ਜਸਟਿਸ ਆਰਐੱਫ਼ ਨਰੀਮਨ ਬੀਆਰ ਗਵਾਈ ਅਤੇ ਰਿਸ਼ੀਕੇਸ਼ ਰਾਏ ਦੇ ਬੈਂਚ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਪਟੀਸ਼ਨ ਵਿੱਚ ਰਿਜ਼ਵੀ ਨੇ ਇਲਜ਼ਾਮ ਲਗਾਇਆ ਸੀ ਕਿ ਕੁਰਾਨ ਦੀਆਂ ਇਨ੍ਹਾਂ 26 ਆਇਤਾਂ ਅੱਤਵਾਦ ਨੂੰ ਉਤਸ਼ਾਹਤ ਕਰਦੀਆਂ ਹਨ।

ਪਟੀਸ਼ਨ ਵਿੱਚ ਦਲੀਲ

ਆਪਣੀ ਪਟੀਸ਼ਨ ਵਿੱਚ ਰਿਜ਼ਵੀ ਨੇ ਕਿਹਾ ਸੀ ਕਿ ਇਸਲਾਮ ਨਿਰਪੱਖ, ਬਰਾਬਰੀ, ਮੁਆਫ਼ੀ ਅਤੇ ਸਹਿਣਸ਼ੀਲਤਾ ਦੀਆਂ ਧਾਰਨਾਵਾਂ 'ਤੇ ਅਧਾਰਤ ਹੈ ਪਰ ਪਵਿੱਤਰ ਕਿਤਾਬ ਦੀਆਂ ਕੁਝ ਆਇਤਾਂ ਦੀ ਸਖ਼ਤ ਵਿਆਖਿਆ ਕਾਰਨ ਧਰਮ ਮੁੱਢਲੇ ਸਿਧਾਂਤਾਂ ਤੋਂ ਭਟਕਦਾ ਜਾ ਰਿਹਾ ਹੈ।

ਇਸ ਪਟੀਸ਼ਨ ਕਾਰਨ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੂੰ ਕਈ ਮੁਸਲਿਮ ਜਥੇਬੰਦੀਆਂ ਅਤੇ ਇਸਲਾਮੀ ਮੌਲਵੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਖ਼ਿਲਾਫ਼ ਕਈ ਰੋਸ ਮੁਜ਼ਾਹਰੇ ਵੀ ਹੋਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਰਬਉੱਚ ਅਦਾਲਤ ਵਿੱਚ ਪਟੀਸ਼ਨ ਕਾਰਨ ਪਿਛਲੇ ਮਹੀਨੇ ਰਿਜ਼ਵੀ ਖ਼ਿਲਾਫ਼ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਬਰੇਲੀ ਵਿੱਚ ਇੱਕ ਐੱਫ਼ਆਈਆਰ ਵੀ ਦਰਜ ਕੀਤੀ ਗਈ ਸੀ।

ਅੰਜੁਮਨ ਖੁੱਦਮ-ਏ-ਰਸੂਲ ਦੇ ਸਕੱਤਰ ਸ਼ਾਨ ਅਹਿਮਦ ਅਤੇ ਇੱਤੇਹਾਦ-ਏ-ਮਿੱਲਤ ਕੌਂਸਲ ਨਾਮ ਦੀ ਇੱਕ ਸੰਸਥਾ ਦੀ ਸ਼ਿਕਾਇਤਾਂ 'ਤੇ ਇਹ ਐੱਫ਼ਆਈਆਰ ਕੋਤਵਾਲੀ ਥਾਣੇ ਵਿੱਚ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)