You’re viewing a text-only version of this website that uses less data. View the main version of the website including all images and videos.
ਛੱਤੀਸਗੜ੍ਹ ਨਕਸਲ ਹਮਲਾ: ਸੁਰੱਖਿਆ ਦਸਤਿਆਂ ਤੋਂ ਕਿੱਥੇ ਭੁੱਲ ਹੋਈ
ਭਾਰਤ ਵਿੱਚ ਇਸ ਸਮੇਂ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਸਿਰਫ਼ 41 ਰਹਿ ਗਈ ਹੈ ਜੋ ਕਿ ਕਦੇ 223 ਜ਼ਿਲ੍ਹਿਆਂ ਵਿੱਚ ਆਪਣੀ ਹੋਂਦ ਰੱਖਦਾ ਸੀ ਇਸ ਲਈ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਸ ਖ਼ਿਲਾਫ਼ ਕਾਮਯਾਬੀ ਨਹੀਂ ਮਿਲ ਰਹੀ ਹੈ।"
"ਕਦੇ 20 ਸੂਬਿਆਂ ਵਿੱਚ ਫੈਲਿਆ ਹੋਇਆ ਨਕਸਲਵਾਦ ਹੁਣ ਨੌਂ ਸੂਬਿਆਂ ਵਿੱਚ ਹੀ ਰਹਿ ਗਿਆ ਹੈ ਅਤੇ ਉਸ ਵਿੱਚੋਂ ਵੀ ਜੇ ਗੰਭੀਰ ਰੂਪ ਨਾਲ ਨਕਸਲ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰੀਏ ਤਾਂ ਇਹ ਤਿੰਨ ਹੀ ਜ਼ਿਲ੍ਹਿਆਂ ਵਿੱਚ ਸੀਮਤ ਹੈ।"
ਦਿੱਲੀ ਦੇ ਇੰਸਟੀਚਿਊਟ ਆਫ਼ ਕਨਫਲਿਕਟ ਮੈਨੇਜਮੈਂਟ ਦੇ ਕਾਰਜਾਰੀ ਨਿਰਦੇਸ਼ਕ ਅਜੈ ਸਾਹਨੀ ਨੇ ਬੀਬੀਸੀ ਪੱਤਰਕਾਰ ਫ਼ੈਜ਼ਲ ਮੁਹੰਮਦ ਅਲੀ ਨੂੰ ਇਹ ਆਂਕੜੇ ਇੱਕ ਸਵਾਲ ਦੇ ਜਵਾਬ ਵਿੱਚ ਪੇਸ਼ ਕੀਤੇ।
ਇਸ ਸਵਾਲ ਵਿੱਚ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਦੀ ਨਕਸਲਵਾਦ ਨਾਲ ਲੜਾਈ ਲਈ ਕੋਈ ਠੋਸ ਨੀਤੀ ਹੈ ਅਤੇ ਉਸ ਵਿੱਚ ਕਿਸ ਹੱਦ ਤੱਕ ਸਫ਼ਲਤਾ ਜਾਂ ਅਸਫ਼ਲਤਾ ਹਾਸਲ ਹੋ ਸਕੀ ਹੈ।
ਇਹ ਵੀ ਪੜ੍ਹੋ:
ਅਜੇ ਸਾਹਨੀ ਹਾਲਾਂਕਿ ਮੰਨਦੇ ਹਨ ਕਿ ਬੀਜਾਪੁਰ ਨਕਸਲੀ ਹਮਲੇ ਵਿੱਚ ਪਹਿਲੇ ਨਜ਼ਰੇ ਤਾਂ ਇਹੀ ਲਗਦਾ ਹੈ ਕਿ ਜਵਾਨਾਂ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਨੂੰ ਅੱਖੋਂ ਪਰੋਖੇ ਕੀਤਾ ਹੈ।
ਮਾਓਵਾਦੀਆਂ ਦੇ ਇਸ ਹਮਲੇ ਵਿੱਚ 22 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਜਵਾਨਾਂ ਦੀਆਂ ਲਾਸ਼ਾਂ ਨੇੜੇ-ਨੇੜੇ ਮਿਲੀਆਂ, ਉਸ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਫੈਲ ਕੇ ਤੁਰਨ ਦੀ ਹਦਾਇਤ ਦਾ ਪਾਲਣ ਨਹੀਂ ਕੀਤਾ ਸੀ।
ਪੂਰੀ ਗੱਲ ਹਾਲਾਂਕਿ ਉਨ੍ਹਾਂ ਦੇ ਮੁਤਾਬਕ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ ਪਰ ਅਪਰੇਸ਼ਨ ਦੇ ਦੌਰਾਨ ਜ਼ਿਆਦਾਤਰ ਸੁਰੱਖਿਆ ਕਰਮੀਆਂ ਦੀ ਮੌਤ ਦੇ ਪਿੱਛੇ ਐੱਸਓਪੀ ਦੀ ਉਲੰਘਣਾ ਇੱਕ ਵੱਡੀ ਵਜ੍ਹਾ ਰਹੀ ਹੈ।
ਸੂਹੀਆ ਤੰਤਰ ਦੀ ਨਾਕਾਮੀ?
ਸੂਹੀਆ ਤੰਤਰ ਦੀ ਨਾਕਾਮੀ ਨੂੰ ਵੀ ਅਜੇ ਸਾਹਨੀ ਸਹੀ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਹਮਲਿਆਂ ਵਿੱਚ ਹਮੇਸ਼ਾ ਇੱਕੋ ਪੈਮਾਨਾ ਕੰਮ ਨਹੀ ਕਰ ਸਕਦਾ।
ਸੂਹੀਆ ਤੰਤਰ ਦੀ ਨਾਕਾਮੀ ਦਾ ਮੁੱਦਾ ਕਈ ਪਾਸਿਆਂ ਤੋਂ ਚੁੱਕਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਸੀਆਰਪੀਐੱਫ਼ ਦੇ ਮੁਖੀ ਕੁਲਦੀਪ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜੇ ਕਿਸੇ ਤਰ੍ਹਾਂ ਦਾ ਕੋਈ ਇੰਟੈਲੀਜੈਂਸ ਫੇਲੀਅਰ ਹੁੰਦਾ ਤਾਂ ਨਕਸਲੀਆਂ ਨੂੰ ਇਸ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਪਹੁੰਚਦਾ।
ਐੱਨਡੀਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਹਮਲੇ ਵਿੱਚ ਜ਼ਖ਼ਮੀ ਹੋਏ ਜਵਾਨ ਨੇ ਦੱਸਿਆ ਸੀ ਕਿ ਜਦੋਂ ਉਹ ਤਿੰਨ ਅਪਰੈਲ ਨੂੰ ਅਪਰੇਸ਼ਨ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਉੱਪਰ ਘਾਤ ਲਾ ਕੇ ਹਮਲਾ ਕੀਤਾ ਗਿਆ। ਅਜਿਹਾ ਲਗਦਾ ਹੈ ਕਿ ਮਾਓਵਾਦੀਆਂ ਨੂੰ ਉਨ੍ਹਾਂ ਦੀ ਹਰਕਤ ਦੀ ਸੂਹ ਮਿਲੀ ਹੋਈ ਸੀ।
ਸੁਰੱਖਿਆ ਦਸਤੇ ਮਾਓਵਾਦੀਆਂ ਦੀ ਪੀਪੀਲਜ਼ ਲਿਬੇਰਸ਼ਨ ਗੁਰੀਲਾ ਆਰਮੀ ਦੇ ਬਟਾਲੀਅਨ ਕਮਾਂਡਰ ਹਿੜਮਾ ਨੂੰ ਨਾਲ ਲਗਦੇ ਜੰਗਲਾਂ ਵਿੱਚ ਭਾਲਣ ਨਿਕਲੇ ਸਨ।
ਇਹ ਵੀ ਪੜ੍ਹੋ:
ਵਾਪਸੀ ’ਤੇ ਨਕਸਲ ਵਿਦਰੋਹੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ 22 ਜਵਾਨਾਂ ਦੀ ਜਾਨ ਚਲੀ ਗਈ ਸੀ ਅਤੇ 30 ਜਣੇ ਫਟੱੜ ਹੋਏ ਸਨ। ਉੱਥੇ ਹੀ ਇੱਕ ਹੋਰ ਜਵਾਨ ਨੂੰ ਨਕਸਲੀਆਂ ਨੇ ਬੰਦੀ ਬਣਾ ਲਿਆ ਸੀ, ਜਿਸ ਨੂੰ ਬਾਅਦ ਵਿੱਚ ਰਿਹਾਅ ਕੀਤਾ ਗਿਆ।
ਰਾਹੁਲ ਗਾਂਧੀ ਦਾ ਨਿਸ਼ਾਨਾ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮਾਓਵਾਦੀਆਂ ਦੇ ਖ਼ਿਲਾਫ਼ ਇਸ ਨੂੰ 'ਕੱਚੇ ਤਰੀਕੇ ਨਾਲ ਬਣਾਈ ਵਿਉਂਤਬੰਦੀ' ਦੱਸਿਆ ਅਤੇ ਕਿਸੇ ਇਸ ਨੂੰ 'ਬਹੁਤ ਖ਼ਰਾਬ ਢੰਗ ਨਾਲ ਅਮਲ ਵਿੱਚ ਲਿਆਂਦਾ ਗਿਆ' ਦੱਸਿਆ।
ਹਾਲਾਂਕਿ ਅਜੇ ਸਾਹਨੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਲੰਬੇ ਚੱਲਣ ਵਾਲੇ ਅਪਰੇਸ਼ਨ ਵਿੱਚ ਹਮੇਸ਼ਾ ਇੱਕ ਹੀ ਪੱਖ ਨੂੰ ਸਫ਼ਲਤਾ ਨਹੀਂ ਮਿਲਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇੰਟੈਲੀਜੈਂਸ ਦੀ ਕਾਮਯਾਬੀ ਅਤੇ ਨਾਕਾਮੀ ਦਾ ਲੇਖਾ-ਜੋਖਾ ਕਰਨਾ ਹੈ ਤਾਂ ਕਸ਼ਮੀਰ ਦੇ ਇਲਾਕਿਆਂ ਵਿੱਚ ਵੀ ਨਜ਼ਰ ਮਾਰਨੀ ਪਵੇਗੀ, ਜਿੱਥੇ ਹਰ ਦਿਨ ਸੂਹੀਆ ਤੰਤਰ ਦੀ ਸੂਚਨਾ ਦੇ ਅਧਾਰ ’ਤੇ ਹੀ ਅਪਰੇਸ਼ਨ ਕੀਤੇ ਜਾਂਦੇ ਹਨ। ਉੱਥੇ ਕਦੇ ਮੌਤਾਂ ਦੀ ਗਿਣਤੀ 4000 ਹੋਇਆ ਕਰਦੀ ਸੀ ਜੋ ਹੁਣ 300-350 ਰਹਿ ਗਈ ਹੈ।
ਨਕਸਲੀ ਹਿੰਸਾ ਵਿੱਚ ਵੀ ਹੁਣ ਮੌਤਾਂ ਦੀ ਗਿਣਤੀ ਹੁਣ 1100 ਤੋਂ ਘਟ ਕੇ 239 ਤੱਕ ਰਹਿ ਗਈ ਹੈ।
ਇਸੰਟੀਚਿਊਟ ਆਫ਼ ਕਨਫਲਿਕਟ ਮੈਨੇਜਮੈਂਟ ਨੇ ਨਕਸਲਵਾਦ ਦੇ ਫੈਲਣ ਦਾ ਜੋ ਗਰਾਫ਼ ਤਿਆਰ ਕੀਤਾ ਹੈ ਉਸ ਦੇ ਮੁਤਾਬਕ 41 ਜਿਲ੍ਹਿਆਂ ਵਿੱਚ ਬਾਗ਼ੀ ਹਾਲੇ ਵੀ ਕਾਇਮ ਹਨ, ਉਨ੍ਹਾਂ ਵਿੱਚੋਂ 24 ਅਜਿਹੇ ਜਿਲ੍ਹੇ ਹਨ ਜਿੱਥੇ ਇਨ੍ਹਾਂ ਦਾ ਅਸਰ ਬਸ ਨਾਂਅ ਮਾਤਰ ਹੀ ਰਹਿ ਗਿਆ ਹੈ।
ਦੇਸ਼ ਦੇ 14 ਜਿਲ੍ਹਿਆਂ ਵਿੱਚ ਇਸ ਦਾ ਅਸਰ ਔਸਤ ਹੈ ਅਤੇ ਸਿਰਫ਼ ਤਿੰਨ ਜਿਲ੍ਹੇ ਬਚੇ ਹਨ ਜਿੱਥੇ ਉਹ ਗੰਭੀਰ-ਰੂਪ ਵਿੱਚ ਇਨ੍ਹਾਂ ਦਾ ਦਬਦਬਾ ਕਾਇਮ ਹੈ।
ਇਹ ਵੀ ਪੜ੍ਹੋ: